ਬਰੱਸਲਜ਼ (ਸਮਾਜ ਵੀਕਲੀ): ‘ਨਾਟੋ’ ਸਿਖ਼ਰ ਸੰਮੇਲਨ ਦਾ 30 ਮੈਂਬਰੀ ਗੱਠਜੋੜ ਭਵਿੱਖੀ ਚੁਣੌਤੀਆਂ ਨਾਲ ਨਜਿੱਠਣ ਲਈ ਨਵੇਂ ਏਜੰਡੇ ਉਤੇ ਸਹਿਮਤ ਹੋ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਪਹਿਲੀ ਵਾਰ ਇਸ ਸਿਖ਼ਰ ਸੰਮੇਲਨ ਵਿਚ ਹਿੱਸਾ ਲੈ ਰਹੇ ਹਨ। ਪਿਛਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਫ਼ੌਜੀ ਗੱਠਜੋੜ ਨੂੰ ‘ਅਲੋਪ’ ਹੋਇਆ ਕਰਾਰ ਦਿੱਤਾ ਸੀ। ਬਾਇਡਨ ਮੁੜ ਤੋਂ ਅਮਰੀਕਾ ਦੇ ਅੰਧ ਮਹਾਸਾਗਰ ਤੋਂ ਪਾਰ ਦੇ ਰਿਸ਼ਤਿਆਂ ਨੂੰ ਲੀਹ ਉਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜੀ-7 ਸਿਖ਼ਰ ਸੰਮੇਲਨ ਵਿਚ ਉਨ੍ਹਾਂ ਕਿਹਾ ਸੀ ਕਿ ‘ਅਮਰੀਕਾ ਹੁਣ ਵਾਪਸ ਆ ਗਿਆ ਹੈ।’ ਸੋਮਵਾਰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਆਗੂ ‘ਨਾਟੋ 2030’ ਏਜੰਡੇ ਉਤੇ ਸਹਿਮਤ ਹੋ ਗਏ ਹਨ। ਭਵਿੱਖੀ ਚੁਣੌਤੀਆਂ ਨਾਲ ਨਜਿੱਠਣ ਲਈ ਇਹ ਇਕ ਵਿਆਪਕ ਉੱਦਮ ਹੈ। ਏਜੰਡੇ ਮੁਤਾਬਕ ‘ਨਾਟੋ’ ਸਿਆਸੀ ਤਾਲਮੇਲ ਨੂੰ ਮਜ਼ਬੂਤ ਕਰੇਗਾ, ਰੱਖਿਆ ਖੇਤਰ ਨੂੰ ਮੁੜ ਪਹਿਲਾਂ ਵਾਲੀ ਮਜ਼ਬੂਤੀ ਦੇਵੇਗਾ ਤੇ ਤਕਨੀਕੀ ਪੱਖ ਤੋਂ ਵੀ ਸੁਧਾਰ ਕਰੇਗਾ। ਆਗੂਆਂ ਨੇ ਨਵੇਂ ਖੇਤਰਾਂ ਵਿਚ ਬਿਹਤਰੀ ਉਤੇ ਵੀ ਵਿਚਾਰ-ਚਰਚਾ ਕੀਤੀ। ਇਹ ਖੇਤਰ ਸਾਈਬਰ ਤੇ ਪੁਲਾੜ ਹਨ। ‘ਨਾਟੋ’ ਮੁਲਕਾਂ ਨੇ ਨਵੀਂ ਸਾਈਬਰ ਸੁਰੱਖਿਆ ਨੀਤੀ ਨੂੰ ਵੀ ਆਪਣੀ ਸਹਿਮਤੀ ਦਿੱਤੀ।
ਪਹਿਲੀ ਵਾਰ ‘ਨਾਟੋ’ ਮੁਲਕਾਂ ਨੇ ਚੀਨ ਨੂੰ ਗੱਲਬਾਤ ਦੇ ਕੇਂਦਰ ਵਿਚ ਰੱਖਿਆ ਹੈ। ‘ਨਾਟੋ’ ਮੁਲਕਾਂ ਦੇ ਆਗੂਆਂ ਨੇ ਚੀਨ ਨੂੰ ਆਲਮੀ ਸੁਰੱਖਿਆ ਲਈ ਚੁਣੌਤੀ ਕਰਾਰ ਦਿੱਤਾ ਹੈ। ਚੀਨ ਨੇ ‘ਨਾਟੋ’ ਦੇ ਉਸ ਬਿਆਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਸੰਗਠਨ ਨੇ ‘ਆਲਮੀ ਸੁਰੱਖਿਆ ਲਈ ਪੇਈਚਿੰਗ ਨੂੰ ਚੁਣੌਤੀ ਕਰਾਰ ਦਿੱਤਾ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly