
12 ਮਾਰਚ ਨੂੰ ਨੈਸ਼ਨਲ ਹਾਈਵੇ ਅਥਾਰਟੀ, ਡਿਪਟੀ ਕਮਿਸ਼ਨਰ ਅਤੇ ਰੋਡ ਸੰਘਰਸ਼ ਕਮੇਟੀ ਦੀ ਹੋਵੇਗੀ ਅਹਿਮ ਮੀਟਿੰਗ
ਕਪੂਰਥਲਾ ,(ਸਮਾਜ ਵੀਕਲੀ) ( ਕੌੜਾ )– ਦਿੱਲੀ ਅੰਮ੍ਰਿਤਸਰ ਕਟੜਾ ਅਤੇ ਜਾਮਨਗਰ ਬਠਿੰਡਾ ਟਿੱਬਾ ਐਕਸਪ੍ਰੈਸ ਵੇਅ ਲਈ ਕਪੂਰਥਲਾ ਜ਼ਿਲ੍ਹੇ ਅੰਦਰ ਐਕਵਾਇਰ ਕੀਤੀਆਂ ਜਮੀਨਾਂ ਦਾ ਮੁਆਵਜ਼ਾ ਘੱਟ ਦਿੱਤੇ ਜਾਣ ਤੇ ਕਿਸਾਨਾਂ ਵੱਲੋਂ ਲੜੀ ਗਈ ਕਾਨੂੰਨੀ ਲੜਾਈ ਤੋਂ ਬਾਅਦ ਆਰਬੀਟੇਟਰ ਵੱਲੋਂ ਮੁਆਵਜ਼ਾ ਵਧਾਉਣ ਸਬੰਧੀ ਦਿੱਤੇ ਦੇ ਫੈਸਲੇ ਵਿਰੁੱਧ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਇਤਰਾਜ਼ ਕੀਤੇ ਜਾਣ ਤੇ ਭੜਕੇ ਹੋਏ ਕਿਸਾਨਾਂ ਨੇ ਰੋਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਹੰਗਾਮੀ ਮੀਟਿੰਗ ਕਰਦਿਆਂ ਨੈਸ਼ਨਲ ਹਾਈਵੇ ਅਥਾਰਟੀ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਇਸ ਮੌਕੇ ਰੋਡ ਸੰਘਰਸ਼ ਕਮੇਟੀ ਅਤੇ ਪ੍ਰਭਾਵਿਤ ਹੋ ਰਹੇ ਕਿਸਾਨਾਂ ਨੇ ਐਲਾਨ ਕੀਤਾ ਕਿ ਜੇ 12 ਮਾਰਚ ਨੂੰ ਕਮੇਟੀ ਦੀ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਲਾਏ ਗਏ ਇਤਰਾਜ਼ ਵਾਪਸ ਨਾ ਲਏ ਗਏ ਤਾਂ ਅਗਲੇ ਦਿਨ ਹੀ ਦਿੱਲੀ ਕਟੜਾ ਅਮ੍ਰਿੰਤਸਰ ਅਤੇ ਜਾਮਨਗਰ ਬਠਿੰਡਾ ਐਕਸਪ੍ਰੈਸ ਵੇਅ ਦਾ ਜਿਲੇ ਅੰਦਰ ਮੁਕੰਮਲ ਰੂਪ ਵਿੱਚ ਕੰਮ ਬੰਦ ਕਰ ਦਿੱਤਾ ਜਾਵੇਗਾ।ਇਸ ਮੌਕੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰਭਦਿਆਲ ਸਿੰਘ ਜੋਸਨ, ਬਖਸ਼ੀਸ਼ ਸਿੰਘ ਤਲਵੰਡੀ ਚੌਧਰੀਆਂ,ਭਾਰਤ ਗਾਬਾ ਨਡਾਲਾ, ਤਰਸੇਮ ਸਿੰਘ ਰਣਧੀਰ ਪੁਰ,ਹਰਿੰਦਰ ਸਿੰਘ ਕਾਲੇਵਾਲ ਆਦਿ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਅਤੇ ਪ੍ਰਸ਼ਾਸਨ ਨੇ 2020 ਵਿੱਚ ਐਕਵਾਇਰ ਕੀਤੀਆਂ ਜਮੀਨਾਂ ਦਾ ਬੇਸਿਕ ਮੁੱਲ ਤੈਅ ਕਰਨ ਸਮੇਂ ਕਿਸਾਨਾਂ ਨਾਲ਼ ਵੱਡਾ ਧੱਕਾ ਕੀਤਾ ਸੀ।ਉਸ ਸਮੇਂ ਇਨ੍ਹਾਂ ਨੇ ਬੇਸਿਕ ਕੀਮਤ ਦਸ ਲੱਖ ਪ੍ਰਤੀ ਏਕੜ ਤੈਅ ਕੀਤੀ ਸੀ ਜੋ ਬਾਜ਼ਾਰੀ ਕੀਮਤ ਤੋਂ ਘੱਟ ਸੀ। ਰੋਡ ਸੰਘਰਸ਼ ਕਮੇਟੀ ਨੇ ਐਕਵਾਇਰ ਕੀਤੀਆਂ ਜਮੀਨਾਂ ਦਾ ਸਹੀ ਮੁਆਵਜ਼ਾ ਲੈਣ ਲਈ ਆਰਬੀਟੇਟਰ ਕੋਲ਼ ਅਪੀਲ ਕੀਤੀ, ਜਿਸ ਨੇ ਨਿਯਮਾਂ ਅਨੁਸਾਰ ਕਪੂਰਥਲਾ ਜ਼ਿਲ੍ਹੇ ਅੰਦਰ ਜਮੀਨ ਦੀ ਬੇਸਿਕ ਕੀਮਤ ਵੀਹ ਲੱਖ ਪ੍ਰਤੀ ਏਕੜ ਤੈਅ ਕੀਤੀ।ਪਰ ਨੈਸ਼ਨਲ ਹਾਈਵੇ ਅਥਾਰਟੀ ਨੇ ਇਸ ਤੇ ਇਤਰਾਜ਼ ਪ੍ਰਗਟ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇ ਹਰਿਆਣਾ ਅਤੇ ਹੋਰ ਸੂਬਿਆਂ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਐਕਵਾਇਰ ਕੀਤੀਆਂ ਜਮੀਨਾਂ ਦਾ 90 ਲੱਖ ਪ੍ਰਤੀ ਏਕੜ ਦਿੱਤਾ ਜਾ ਸਕਦਾ ਹੈ ਤਾਂ ਫਿਰ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਨਹੀਂ।ਉਹਨਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਤਿਹਾਸਕ ਫੈਸਲਾ ਲੈਂਦਿਆਂ ਐਕਵਾਇਰ ਕੀਤੀਆਂ ਜਾਣ ਵਾਲੀਆਂ ਜਮੀਨਾਂ ਦਾ ਮੁਆਵਜ਼ਾ ਬਾਜ਼ਾਰੀ ਕੀਮਤ ਦਾ ਚਾਰ ਗੁਣਾ ਦੇਣ ਦਾ ਐਲਾਨ ਕੀਤਾ ਸੀ ਪਰ ਮੌਜੂਦਾ ਸਰਕਾਰ ਨੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ। ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ।ਇਸ ਮੌਕੇ ਉਨ੍ਹਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੇ ਐਕਸਪ੍ਰੈਸ ਵੇਅ ਦੇ ਕੰਮ ਬੰਦ ਕੀਤੇ ਜਾਣ ਸਮੇਂ ਕੋਈ ਧੱਕੇਸ਼ਾਹੀ ਕੀਤੀ ਤਾਂ ਉਨ੍ਹਾਂ ਨੂੰ ਕਿਸਾਨ ਮੂੰਹ ਤੋੜਵਾਂ ਜਵਾਬ ਦੇਣਗੇ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ।ਇਸ ਮੌਕੇ ਜਸਵਿੰਦਰ ਸਿੰਘ ਟਿੱਬਾ,ਦਿਆਲ ਸਿੰਘ ਦੀਪੇਵਾਲ, ਰਣਜੀਤ ਸਿੰਘ ਰਾਣਾ ਕਾਲਰੂ, ਮੁਖਤਿਆਰ ਸਿੰਘ ਭਗਤਪੁਰ, ਨੰਬਰਦਾਰ ਮਲਕੀਤ ਸਿੰਘ, ਰੇਸ਼ਮ ਸਿੰਘ ਅਮਾਨੀਪੁਰ, ਇੰਦਰਜੀਤ ਸਿੰਘ ਲਿਫਟਰ,ਸੀਤਲ ਸਿੰਘ ਟਿੱਬਾ, ਤੇਜਿੰਦਰਪਾਲ ਮੱਟਾ, ਸੁਖਦੇਵ ਸਿੰਘ ਟਿੱਬਾ, ਹਰਜਿੰਦਰ ਸਿੰਘ ਕਾਲਰੂ, ਬੱਗਾ ਸਿੰਘ,ਜਗਦੀਪ ਸਿੰਘ ਗਾਂਧਾ ਸਿੰਘ ਵਾਲਾ, ਸੁਖਜਿੰਦਰ ਸਿੰਘ, ਜਗਤਾਰ ਸਿੰਘ ਅਤੇ ਹੋਰ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj