ਨਾਟਕ-ਐਸੀ ਦਸ਼ਾ ਹਮਾਰੀ (3)

ਐਸ ਐਲ ਵਿਰਦੀ ਐਡਵੋਕੇਟ
ਐਸ ਐਲ ਵਿਰਦੀ ਐਡਵੋਕੇਟ
(ਸਮਾਜ ਵੀਕਲੀ) ਸੀਨ 2- ਜੋ ਜ਼ਮੀਨ ਸਰਕਾਰੀ ਹੈ, ਉਹ ਜ਼ਮੀਨ ਹਮਾਰੀ ਹੈ/ਧੰਨ ਔਰ ਧਰਤੀ ਵੰਡ ਕੇ ਰਹਾਂਗੇ
ਕਮੈਂਟਰੀ- ਪੰਜਾਬ ਤੇ ਖਾਸ ਕਰ ਮਾਲਵੇ ਦੇ ਪਿੰਡਾਂ ’ਚ ਪਿੱਛਲੇ ਦਹਾਕੇ ਤੋਂ ਬੇਘਰੇ ਲੋਕਾਂ ਲਈ ਪਲਾਟ, ਮਹਿੰਗਾਈ ਕਾਰਨ ਮਜ਼ਦੂਰੀ ’ਚ ਵਾਧਾ ਤੋਂ ਪੰਚਾਇਤੀ ਜ਼ਮੀਨ ਵਿਚੋਂ ਤੀਜਾ ਹਿੱਸੇਾ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਚੱਲ ਰਿਹਾ ਹੈ। ਬਾਉਪੁਰ, ਬਾਲਦ ਕਲਾਂ, ਮਤੋਈ ਤੇ ਨਮੋਲ ਆਦਿ ਪਿੰਡਾਂ ਦੇ ਦਲਿਤ ਆਪਣੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਲੈਣ ਵਿਚ ਸਫ਼ਲ ਹੋਏ ਹਨ। ਹੁਣ ਘੁਮਾਮ ਪਿੰਡ ਵਿਚ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਲੈਣ ਲਈ ਸ਼ੰਘਰਸ਼ ਚਲ ਰਿਹਾ ਹੈ। ਸੀਨ ਤਿਆਰ ਹੈ, ਲਓ ਫਿਰ ਅੱਖੀ ਦੇਖੋ।
( ਫਲੈਕਸ ਫੋਟੋ ਜੰਜ ਘਰ )
ਦੀਪ ਸਿੰਘ- ਭੈਣੋ ਤੇ ਭਰਾਵੋ, ਅੱਜ ਸਾਡੇ ਨਗਰ ਵਿੱਚ ਅੰਬੇਡਕਰੀ ਆਗੂ ਵੀਰ ਜੀ ਆਏ ਆ, ਉਹ ਹੁਣ ਆਪਾਂ ਨੂੰ ਪੰਚਾਇਤੀ ਜ਼ਮੀਨ ਵਿਚ ਤੀਜਾ ਹਿੱਸੇਾ ਜ਼ਮੀਨ ਦੀ ਅਲਾਟਮੈਂਟ ਬਾਰੇ ਵਿਸਥਾਰ ਪੂਰਵਕ ਦੱਸਣਗੇ। ਮੈਂ ਉਹਨਾਂ ਨੂੰ ਬੇਨਤੀ ਕਰਦਾਂ ਕਿ ਉਹ ਮੰਚ ’ਤੇ ਆਉਣ ਤੇ ਆਪਣੇ ਵਿਚਾਰ ਪੇਸ਼ ਕਰਨ।
ਵੀਰ ਜੀ- ਭੈਣੋ ਤੇ ਭਰਾਵੋ, ਡਾ. ਬਾਬਾ ਸਾਹਿਬ ਅੰਬੇਡਕਰ, ਭਾਰਤ ਦਾ ਸੰਵਿਧਾਨ ਕਿਹੋ ਜਿਹਾ ਬਣਾਉਣਾ ਚਾਹੁੰਦੇ ਸੀ, ਉਸ ਬਾਰੇ ਲੋਕਾਂ ਨੂੰ ਦੱਸਿਆ ਨਹੀ ਜਾ ਰਿਹਾ, ਬਾਬਾ ਸਾਹਿਬ ਕਿਹੋ ਜਿਹਾ ਸੰਵਿਧਾਨ ਬਣਾਉਣਾ ਚਾਹੁੰਦੇ ਸੀ ਲਓ ਸੁਣੋ-
      – ਡਾ. ਅੰਬੇਡਕਰ, ਭਾਰਤ ਵਿਚੋਂ ਭੁੱਖ ਮਰੀ, ਗਰੀਬੀ ਅਤੇ ਨਾਬਰਾਬਰਤਾ ਨੂੰ ਖਤਮ ਕਰਨ ਲਈ ਦੇਸ਼ ਦਾ ਉਦਯੋਗੀਕਰਨ ਕਰਕੇ ਬੇਗ਼ਮਪੁਰਾ ਵਰਗਾ, ਰਾਜਯ ਸਮਾਜਵਾਦ ਸਥਾਪਤ ਕਰਨਾ ਚਾਹੁੰਦੇ ਸੀ।
– ਇਸ ਦੀ ਪੂਰਤੀ ਲਈ, ਉਹਨਾਂ ਕਿਹਾ, ਉਦਯੋਗ ਰਾਜ ਦੀ ਮਲਕੀਅਤ ਹੋਣੇ ਚਾਹੀਦੇ ਹਨ ਤੇ ਰਾਜ ਦੁਆਰਾ ਹੀ ਚਲਾਏ ਜਾਣੇ ਚਾਹੀਦੇ ਹਨ। ਕਿਉਕਿ ਅੱਜ ਦੇਸ਼ ਦੇ ਦਲਿਤ ਮਜ਼ਦੂਰ ਮੁਜ਼ਾਰੇ ਗਰੀਬ ਕਿਸਾਨਾਂ ਤੇ ਔਰਤਾਂ ਦਾ ਜੀਵਨ ਨਿਰਬਾਹ ਲੈਂਡਲਾਰਡ ਜ਼ਿਮੀਦਾਰਾਂ ’ਤੇ ਨਿਰਭਰ ਹੈ। ਜਿਸ ਕਾਰਨ ਉਹ ਗੁਲਾਮਾਂ ਵਰਗੀ ਜ਼ਿੰਦਗੀ ਜਿਊਂਦੇ ਹਨ ਅਤੇ ਜਿਮੀਂਦਾਰਾਂ ਦੇ ਅੱਤਿਆਚਾਰਾਂ ਦਾ ਸ਼ਿਕਾਰ ਹਨ।
– ਉਹਨਾਂ ਕਿਹਾ, ਜ਼ਮੀਨ ਦੀ ਨਿੱਜੀ ਮਾਲਕੀ ਹੀ ਸਮਾਜਿਕ ਆਰਥਿਕ ਅਸਮਾਨਤਾ, ਗਰੀਬੀ ਅਤੇ ਅਨਿਆਂ ਦਾ ਮੁੱਖ ਕਾਰਨ ਹੈ।
– ਸਾਰੇ ਲੋਕ ਅਜ਼ਾਦੀ ਦਾ ਆਨੰਦ ਮਾਣ ਸਕਣ, ਇਸ ਲਈ ਜ਼ਮੀਨ ਦਾ ਕੌਮੀਕਰਨ ਹੋਣਾ ਜਰੂਰੀ ਹੈ। ਸਰਕਾਰ ਰਾਜੇ-ਰਜ਼ਵਾੜਿਆਂ ਤੋਂ ਜ਼ਮੀਨ ਖੋਹਕੇ, ਆਪਣੇ ਹੱਥ ਵਿਚ ਲੈ ਕੇ 20-20 ਹਜ਼ਾਰ ਏਕੜ ਜ਼ਮੀਨ ਦੇ ਵੱਡੇ ਵੱਡੇ ਫਾਰਮ ਬਣਾਕੇ ਉਹਨਾਂ ’ਤੇ ਆਧੂਨਿਕ ਮਸ਼ੀਨਰੀ ਨਾਲ ਸਮੂਹਿਕ ਤੌਰ ’ਤੇ ਖੇਤੀ ਕਰਵਾਏ,
ਅਜਿਹਾ ਹੋਣ ਨਾਲ ਨਾ ਕੋਈ ਜਿਮੀਦਾਰ ਹੋਵੇਗਾ ਅਤੇ ਨਾ ਹੀ ਕੋਈ ਮਜ਼ਾਰਾ ਹੋਵੇਗਾ। ਸਭ ਲੋਕ ਰਲ ਮਿਲ ਕੇ ਕੰਮ ਕਰਨਗੇ, ਸਭ ਨੂੰ ਬਰਾਬਰ ਤਨਖਾਹ ਮਿਲੇਗੀ। ਸਮਾਨਤਾ ਕਾਰਨ ਕਿਸੇ ਨੂੰ ਕੋਈ ਵੀ ਦਬਾ ਨਹੀਂ ਸਕੇਗਾ।
–  ਉਹਨਾਂ ਕਿਹਾ, ਭਾਰਤ ਇਕ ਪੈਂਡੂ ਪ੍ਰਧਾਨ, ਖੇਤੀ ਅਧਾਰਤ ਦੇਸ਼ ਹੈ। ਪਿੰਡਾਂ ਵਿਚ ਲੋਕਾਂ ਨੂੰ ਸਿਰਫ਼ ਹਾੜੀ-ਛਾਉਣੀ ਕੰਮ ਮਿਲਦਾ ਹੈ ਬਾਕੀ ਸਾਰਾ ਸਾਲ ਉਹ ਵਿਹਲੇ ਰਹਿੰਦੇ ਹਨ। ਜਿਸ ਕਾਰਨ ਉਹ ਗਰੀਬ ਹਨ।
–  ਜੇ ਸਰਕਾਰ 50-50 ਪਿੰਡਾਂ ਨੂੰ ਇਕ ਯੂਨਿਟ ਮੰਨਕੇ ਉਹਨਾਂ ਦੇ ਦਰਮਿਆਨ ਇਕ ਵੱਡੀ ਇੰਡਸਟਰੀ/ਮਿੱਲ੍ਹ ਲਾਵੇ ਤਾਂ ਉਥੇ ਪਿੰਡਾਂ ਦੇ 20-25 ਹਜ਼ਾਰ ਲੋਕਾਂ ਨੂੰ ਕੰਮ ਮਿਲੇਗਾ ਤਾਂ ਜਿਥੇ ਬੇਰੋਜ਼ਗਾਰੀ ਤੇ ਗਰੀਬੀ ਨੂੰ ਠਿੱਲ੍ਹ ਪਵੇਗੀ ਉਥੇ ਲੋਕ ਖੁਸ਼ਹਾਲ ਵੀ ਹੋਣਗੇ ਅਤੇ ਦੇਸ਼ ਤਰੱਕੀ ਵੀ ਕਰੇਗਾ।
–   ਉਹਨਾਂ ਕਿਹਾ, ਬੀਮਾ ਰਾਜ ਦੀ ਅਜਾਰਾਦਾਰੀ ਹੋਣੀ ਚਾਹੀਦੀ ਹੈ ਅਤੇ ਹਰੇਕ ਨਾਗਰਿਕ ਨੂੰ ਮਜ਼ਬੂਰ ਕੀਤਾ ਜਾਵੇ ਕਿ
ਉਹ ਆਪਣੀ ਉਜਰਤ ਮੁਤਾਬਿਕ ਜਿਵੇਂ ਕਾਨੂੰਨ ਰਾਹੀਂ ਤੈਅ ਹੋਵੇ, ਜੀਵਨ ਬੀਮਾ ਕਰਵਾਏ।
–  ਉਹਨਾਂ ਕਿਹਾ, ਭਰਾਵੋ, ਦਲਿਤ ਮਜ਼ਦੂਰ ਮੁਜ਼ਾਰੇ ਗਰੀਬ ਕਿਸਾਨ, ਔਰਤਾਂ ਅਤੇ ਹੋਰ ਪੀੜਤ ਲੋਕਾਂ ਨੂੰ ਸਮਝਾਇਆ
ਜਾਣਾ ਚਾਹੀਦਾ ਹੈ ਕਿ ਉਹ ਸਿਰਫ ਇਸ ਲਈ ਗ਼ੁਲਾਮ ਤੇ ਪੀੜਤ ਹਨ ਕਿਉਂਕਿ ਉਹ ਵਿਵਸਥਾ ਵਿਰੁੱਧ ਬਗਾਵਤ ਨਹੀ ਕਰਦੇ।
– ਉਹਨਾਂ ਨੂੰ ਬਾਰ ਬਾਰ ਇਹ ਸਮਝਾਉਣਾ ਪੈਣਾ ਹੈ ਕਿ ਆਪਣੇ ਚੰਗੇਰੇ ਭਵਿੱਖ ਲਈ, ਸਾਨੂੰ ਇਸ ਲੁੱਟਮਈ ਵਿਵਸਥਾ
    ਵਿਰੁੱਧ ਅੰਦੋਲਨ ਤੇ ਅੰਦੋਲਨ ਕਰਨਾ ਹੀ ਪਵੇਗਾ, ਜਿਵੇਂ ਗੁਰੂ ਰਵਿਦਾਸ, ਸਤਿਗੁਰੂ ਕਬੀਰ, ਗੁਰੂ ਘਾਸੀ ਦਾਸ, ਜੋਤੀ ਰਾਓ ਫੂਲ, ਡਾ. ਅੰਬੇਡਕਰ ਤੇ ਕਾਂਸ਼ੀ ਰਾਮ ਜੀ ਨੇ ਕੀਤਾ ਹੈ।
ਦੀਪ ਸਿੰਘ- ਵੀਰ ਜੀ, ਮਹਾਂਪੁਰਸ਼ਾਂ ਵਾਂਗ ਦਲਿਤ ਮਜ਼ਦੂਰਾਂ ਵੀ ਕੋਈ ਅੰਦੋਲਨ ਕੀਤਾ?
ਵੀਰ ਜੀ- ਹਾਂ, ਦਲਿਤ ਲੋਕ ਸਮੇਂ ਸਮੇਂ ਅੰਦੋਲਨ ਕਰਦੇ ਰਹੇ ਹਨ। ਇੱਕ ਵਾਰ ਪੰਜਾਬ ਦੇ ਸਿਰ ਕੱਢ ਦਲਿਤ ਆਗੂ ਸੇਠ ਕਿਸ਼ਨ ਦਾਸ, ਚਾਨਣ ਰਾਮ ਘੁੱਗ, ਚਰਨ ਦਾਸ ਨਿਧੜਕ, ਡਾਕਟਰ ਅੰਬੇਡਕਰ ਨੂੰ ਦਿੱਲੀ ਮਿਲਣ ਗਏ ਅਤੇ ਬੇਨਤੀ ਕੀਤੀ ਕਿ ਦੇਸ਼ ਦੇ ਬਟਵਾਰੇ ਕਾਰਨ ਪੰਜਾਬ ਵਿਚੋਂ ਲੱਖਾਂ ਮੁਸਲਮਾਨ ਪਾਕਿਸਤਾਨ ਚਲੇ ਗਏ ਹਨ ਅਤੇ ਉਹਨਾਂ ਦੀ 40 ਲੱਖ ਏਕੜ ਜ਼ਮੀਨ ਹੁਣ ਖਾਲੀ ਪਈ ਹੈ। ਬਾਬਾ ਸਾਹਿਬ ਜੀ, ਤੁਸੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਕਹਿਕੇ ਇਹ ਲੱਖਾਂ ਏਕੜ ਖਾਲੀ ਪਈ ਜ਼ਮੀਨ ਵਿਚੋਂ ਪੰਜਾਬ ਦੇ ਦਲਿਤ ਮਜ਼ਦੂਰਾਂ ਨੂੰ ਵੀ ਜ਼ਮੀਨ ਅਲਾਟ ਕਰਾ ਦਿਉ ਤਾਂ ਜੋ ਕਿ ਦਲਿਤ ਵੀ ਉਸ ’ਤੇ ਖੇਤੀ ਕਰਕੇ ਆਪਣਾ ਜੀਵਨ ਨਿਰਬਾਹ ਕਰ ਸਕਣ।
ਦੀਪ ਸਿੰਘ- ਵੀਰ ਜੀ, ਫਿਰ ਦਲਿਤ ਮਜ਼ਦੂਰਾਂ ਨੂੰ ਕੋਈ ਜ਼ਮੀਨ ਮਿਲੀ?
ਵੀਰ ਜੀ- ਡਾਕਟਰ ਅੰਬੇਡਕਰ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਕੋਲ ਪੰਜਾਬ ਦੇ ਦਲਿਤਾਂ ਦਾ ਇਹ ਮੁੱਦਾ ਉਠਾਇਆ ਤੇ ਨਹਿਰੂ ਤੋਂ ਇਸ ਵਿਚੋਂ 4 ਲੱਖ ਏਕੜ ਜ਼ਮੀਨ ਦਲਿਤਾਂ ਵਾਸਤੇ ਪਾਸ ਕਰਾ ਲਈ ਸੀ। ਨਹਿਰੂ ਜੀ ਨੇ ਪੰਜਾਬ ਦੇ ਉਸ ਸਮੇਂ ਦੇ ਮਾਲ ਮੰਤਰੀ ਤੇ ਫਿਰ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਂਰੋ ਨੂੰ ਦਿੱਲੀ ਬੁਲਾਇਆ। ਗੱਲ-ਬਾਤ ਹੋਈ,
ਨਹਿਰੂ ਕਿਹਾ,  ਮੁੱਖ ਮੰਤਰੀ ਪ੍ਰਤਾਪ ਸਿੰਘ ਕੈਂਰੋ ਜੀ ! ਡਾਕਟਰ ਅੰਬੇਡਕਰ ਚਾਹੁੰਦੇ ਆ ਕਿ ਪੰਜਾਬ ਵਿਚ ਮੁਸਲਮਾਨ ਜ਼ਿਮੀਦਾਰ ਜੋ ਜ਼ਮੀਨ ਛੱਡਕੇ ਗਏ ਹਨ ਉਸ ਵਿਚੋਂ 4 ਲੱਖ ਏਕੜ ਜ਼ਮੀਨ ਪੰਜਾਬ ਦੇ ਦਲਿਤ ਮਜ਼ਦੂਰਾਂ ਨੂੰ ਅਲਾਟ ਕਰ ਦਿੱਤੀ ਜਾਵੇ, ਤਾਂ ਕਿ ਉਹ ਵੀ ਖੇਤੀ ਕਰਕੇ ਆਪਣਾ ਜੀਵਨ ਨਿਰਬਾਹ ਕਰ ਸਕਣ।
ਕੈਰੋਂ ਯਕਦਮ ਉਠਦੇ ਹੋਏ ਕਹਿੰਦੇ, ਜੇ ਜ਼ਮੀਨ ਜੱਟਾਂ ਦੀ ਬਜਾਏ ਦਲਿਤਾਂ ਨੂੰ ਦਿੱਤੀ ਗਈ, ਤਾਂ ਜੱਟ ਫਿਰ ਡਾਕੇ ਮਾਰਨਗੇ।
ਪ੍ਰਤਾਪ ਸਿੰਘ ਕੈਂਰੋ ਜ਼ਿਮੀਦਾਰਾਂ ਦੇ ਪੱਖ ਵਿਚ ਡੱਟ ਗਏ, ਇਹ ਨਹੀ ਹੋ ਸਕਦਾ, ਕਹਿ ਉਹ ਉਠਕੇ ਚਲੇ ਗਏ।
ਕਿਰਨ ਕੌਰ- ਵੀਰ ਜੀ ਫਿਰ ਦਲਿਤ ਮਜ਼ਦੂਰਾਂ ਨੂੰ ਕੋਈ ਜ਼ਮੀਨ ਨਹੀ ਮਿਲੀ?
ਵੀਰ ਜੀ- ਹਾਂ, ਨਹੀ ਮਿਲੀ,
ਕਿਰਨ ਕੌਰ- ਕਿਉਂ ਨਹੀ ਮਿਲੀ?
ਵੀਰ ਜੀ- ਕਿਉਕਿ ਉਦੋ ਰਿਜ਼ਰਬ ਸੀਟਾਂ ਉਤੇ ਬਣੇ ਆਪਣੇ ਐਮ ਐਲ ਏ, ਐਮ ਪੀ ਤੇ ਮੰਤਰੀ, ਆਪਣੇ ਨਿੱਜੀ ਹਿੱਤਾਂ ਤੇ ਸਵਾਰਥਾਂ ਲਈ ਡਾ. ਅੰਬੇਡਕਰ ਨਾਲ ਖੜੇ ਨਹੀ ਹੋਏ, ਬਲਕਿ ਉਹ ਕੈਂਰੋਂ ਸਾਥ ਡੱਟਕੇ ਖੜੇ ਹੋ ਗਏ, ਜਿਸ ਕਾਰਨ ਦਲਿਤਾਂ ਨੂੰ ਜ਼ਮੀਨ ਨਹੀ ਮਿਲ ਸਕੀ। ਹਰੀਜਨ ਮੰਤਰੀਆਂ ਦੀ ਗਦਾਰੀ ਕਾਰਨ, ਦਲਿਤ ਹੁਣ ਤਕ ਜ਼ਿਮੀਦਾਰਾਂ ਦੇ ਗੁਲਾਮ ਤੇ ਬੇਗਾਰੀ ਚਲੇ ਆ ਰਹੇ ਹਨ।
ਦੀਪ ਸਿੰਘ- ਡਾ. ਅੰਬੇਡਕਰ ਦੇ ਜ਼ਮੀਨ ਸੁਧਾਰਾਂ ਸਬੰਧੀ ਸੁਝਾਅ ਨੂੰ ਜਦ ਸੰਵਿਧਾਨ ਸਭਾ ਨੇ ਨਹੀਂ ਮੰਨਿਆ ਤਾਂ ਬਾਬਾ ਸਾਹਿਬ ਨੇ ਦਲਿਤ ਮਜ਼ਦੂਰਾਂ ਦੇ ਉਥਾਨ ਲਈ ਕੋਈ ਹੋਰ ਵੀ ਸੁਝਾਅ ਤਾਂ ਦਿੱਤਾ ਹੋਵੇਗਾ?
ਵੀਰ ਜੀ- ਡਾ. ਅੰਬੇਡਕਰ ਨੇ ਸੰਵਿਧਾਨ ਵਿਚ ਇਹ ਵਿਵਸਥਾ ਕੀਤੀ ਕਿ ਜਿਹੜੀ ਸਰਕਾਰੀ, ਬੰਜਰ, ਦਰਿਆ, ਜੰਗਲ ਖਾਲੀ ਪਈ ਜ਼ਮੀਨ ਹੈ ਉਹ ਬੇਜ਼ਮੀਨੇ ਦਲਿਤ ਮਜ਼ਦੂਰਾਂ ਨੂੰ ਦਿੱਤੀ ਜਾਵੇ।
ਦੀਪ ਸਿੰਘ- ਫਿਰ ਸਰਕਾਰ ਨੇ ਦਿੱਤੀ?
ਵੀਰ ਜੀ- ਜਿਹਨਾਂ ਰਿਜ਼ਰਬ ਸੀਟਾਂ ਉਤੇ ਬਣੇ ਹਰੀਜਨ ਐਮ ਐਲ ਏ, ਐਮ ਪੀ ਤੇ ਮੰਤਰੀਆਂ ਨੇ ਜ਼ਮੀਨ ਦੁਆਉਣੀ ਸੀ ਉਹ ਤਾਂ ਆਪਣੇ ਨਿੱਜੀ ਸਵਾਰਥਾਂ ਲਈ ਆਪਣੇ ਆਕਿਆਂ ਦੇ ਗੁਣ ਗਾਉਦੇ ਰਹੇ। ਇੰਨਾ ਹੀ ਨਹੀ ਉਹਨਾਂ ਤਾਂ ਸਰਮਾਏਦਾਰਾਂ ਤੇ ਧਨਾਡਾਂ ਨਾਲ ਮਿਲਕੇ 1952 ਦੀਆਂ ਪਹਿਲੀਆਂ ਲੋਕ ਸਭਾ ਚੋਣਾਂ ਵਿਚ ਡਾ. ਅੰਬੇਡਕਰ ਨੂੰ ਇਲੈਕਸ਼ਨ ਵਿਚ ਹਰਾ ਦਿੱਤਾ ਸੀ।
ਕਿਰਨ ਕੌਰ- ਵੀਰ ਜੀ, ਮਹਾਂਪੁਰਸ਼ਾਂ ਵਾਂਗ ਫਿਰ ਦਲਿਤ ਮਜ਼ਦੂਰਾਂ ਕੋਈ ਅੰਦੋਲਨ ਕੀਤਾ?
ਵੀਰ ਜੀ- ਹਾਂ ਕੀਤਾ, ਡਾ. ਅੰਬੇਡਕਰ ਦੀ ਬਣਾਈ ਰਿਪਬਲਿਕਨ ਪਾਰਟੀ ਨੇ 1964 ਵਿਚ 14 ਮੰਗਾਂ ਨੂੰ ਲੇ ਕੇ ਜੇਲ੍ਹ ਭਰੋ ਅੰਦੋਲਨ ਕੀਤਾ। ਉਪਰੋਕਤ ਮੰਗਾਂ ਦੀ ਪੂਰਤੀ ਲਈ ਪੂਰੇ ਦੇਸ਼ ਵਿਚੋਂ ਪਾਰਟੀ ਦੇ 3 ਲੱਖ 57 ਹਜ਼ਾਰ 764 ਵਰਕਰ ਜੇਲ੍ਹਾਂ ਵਿਚ ਗਏ। ਕਮਿਉਨਿਸਟਾਂ ਜੇਲ੍ਹ ਭਰੋ ਅੰਦੋਲਨ ਦੀ ਸਿਰਫ ਹਮਾਇਤ ਹੀ ਕੀਤੀ, 50 ਹਜ਼ਾਰ ਕਮਿਉਨਿਸਟ ਵੀ ਜ਼ੇਲ੍ਹਾਂ ’ਚ ਗਏ।
ਪੰਜਾਬ ਵਿਚੋਂ ਕਰੀਬ ਤਿੰਨ ਹਜ਼ਾਰ ਵਰਕਰ ਗਿ੍ਰ੍ਰਫਤਾਰ ਕੀਤੇ ਗਏ ਜਦ ਕਿ ਗਿ੍ਰਫਤਾਰੀ ਕਰੀਬ ਦਸ ਹਜਾਰ ਵਰਕਰਾਂ ਨੇ ਦਿੱਤੀ। ²ਕੁਝ ਦਿਨਾਂ ’ਚ ਹੀ ਦੇਸ਼ ਭਰ ਦੀਆਂ ਜ਼ੇਲ੍ਹਾਂ ਭਰ ਗਈਆਂ। ਅੰਦੋਲਨ ਨੂੰ ਦਿਨੋ-ਦਿਨ ਭਖਦਾ ਦੇਖ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਨੇ ਪਾਰਟੀ ਦੇ ਆਗੂਆਂ ਨੂੰ ਬੁਲਾਇਆ ਤੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਅਤੇ ਜੇਲ੍ਹ ਭਰੋ ਅੰਦੋਲਨ ਨੂੰ ਵਾਪਸ ਲੈਣ ਦੀ ਬੇਨਤੀ ਕੀਤੀ ਸੀ।
ਕਿਰਨ ਕੌਰ- ਵੀਰ ਜੀ, ਜੇਲ੍ਹ ਭਰੋ ਅੰਦੋਲਨ ਤੋਂ ਕੋਈ ਪ੍ਰਾਪਤੀ ਹੋਈ?
ਵੀਰ ਜੀ- ਹਾਂ ਹੋਈ, ਰਿਪਬਲਿਕਨ ਪਾਰਟੀ ਵਰਕਰਾਂ ਦੀਆਂ ਸ਼ਹੀਦੀਆਂ ਅਤੇ ਅੰਦੋਲਨ ਸਦਕਾ ਸਰਕਾਰੀ ਤੌਰ ’ਤੇ 26 ਲੱਖ ਏਕੜ ਬੰਜ਼ਰ, ਜੰਗਲੀ, ਵਾਧੂ ਜ਼ਮੀਨ, ਬੇਜ਼ਮੀਨਿਆ, ਮਜ਼ਦੂਰਾਂ ਤੇ ਗਰੀਬਾਂ ਵਿਚ ਵੰਡ ਗਈ, ਬੈਂਕਾਂ ਰਾਜਿਆ ਪਾਸੋਂ ਖੋਹਕੇ ਕੌਮੀ ਕੀਤੀਆ ਗਈਆ। ਸਿੱਟੇ ਵਜੋਂ 3 ਲੱਖ 34 ਹਜ਼ਾਰ ਦਲਿਤਾਂ ਨੂੰ ਬੈਂਕਾਂ ’ਚ ਨੌਕਰੀ ਮਿਲੀ। ਜਦਕਿ ਉਦੋਂ ਬੈਂਕਾਂ ਵਿਚ ਦਲਿਤ ਕੋਈ ਚਪੜਾਸੀ ਵੀ ਨਹੀ ਹੁੰਦਾ ਸੀ।
ਕਾਂਤੀ ਦਾ ਐਲਾਨ ਕਰ ਰਿਹਾ ਡਾਕਟਰ ਅੰਬੇਡਕਰ ਦਾ ਬੁੱਤ ਪਾਰਲੀਮੈਂਟ ਦੇ ਸਾਹਮਣੇ ਲੱਗਾ। ਆਈ ਏ ਐਸ, ਪੀ ਸੀ ਐਸ ਤੇ ਹੋਰ ਉੱਚ ਕੰਪੀਟੀਸ਼ਟਾਂ ਲਈ ਸਾਰੀਆਂ ਸਟੇਟਾ ਵਿਚ ਕੋਟਿੰਗ ਸੈਂਟਰ ਸਥਾਪਤ ਕੀਤੇ ਗਏ। ਬੇਜ਼ਮੀਨੇ ਦਲਿਤ ਸ਼ੋਸਿਤ ਗਰੀਬ ਮਜ਼ਦੂਰ ਕਿਸਾਨਾਂ ਨੂੰ ਆਪਣੇ ਕਾਰੋਬਾਰ ਤੇ ਕੰਮ ਧੰਦੇ ਖੋਲਣ ਲਈ ਘੱਟ ਤੋਂ ਘੱਟ ਵਿਆਜ ਦੀ ਦਰ ’ਤੇ ਕਰਜੇ ਮਿਲਣੇ ਸ਼ੁਰੂ ਹੋਏ।
ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ ਕੇਂਦਰ ਬਰਾਬਰ ਸਕੇਲ ਦਿੱਤੇ ਗਏ। ਬੁਢਾਪਾ, ਵਿਧਵਾ, ਅਪੰਗ ਪੈਨਸ਼ਨ ਸਕੀਮਾਂ ਚਾਲੂ ਹੋਈਆਂ। ਗਰੀਬਾਂ ਲਈ ਪਿੰਡਾਂ ਤੇ ਮਹੱਲਿਆ ਵਿਚ ਸਸਤੇ ਭਾਅ ਦੇ ਰਾਸ਼ਨ ਡੀਪੂ ਖੋਲ੍ਹੋ ਗਏ।
ਇਕੱਲੇ ਪੰਜਾਬ ਵਿਚ ਹੀ ਰਿਪਬਲਿਕਨ ਪਾਰਟੀ ਨੇ ਇਕ ਲੱਖ ਏਕੜ ਜ਼ਮੀਨ ਦਲਿਤ ਸ਼ੋਸਿਤ, ਮਜ਼ਦੂਰ ਗਰੀਬ ਕਿਸਾਨਾਂ ਨੂੰ ਦਿੇਤੀ ਗਈ  ਦਰਿਆਵਾਂ, ਜੰਗਲਾਂ ਕੰਢੇ ਵਸੇ ਨਵੇਂ ਪਿੰਡ ਇਸ ਦਾ ਅੱਜ ਵੀ ਪ੍ਰਤੱਖ ਪ੍ਰਮਾਣ ਹਨ।
ਕਿਰਨ ਕੌਰ- ਵੀਰ ਜੀ ਕਹਿੰਦੇ, ਇਸ ਰਿਪਬਲਿਕਨ ਅੰਦੋਲਨ ਵਿਚ ਕਈ ਵਰਕਰ ਪੁਲਸ ਜਬਰ ਦਾ ਸ਼ਿਕਾਰ ਵੀ ਹੋਏ ਸੀ?
ਵੀਰ ਜੀ- ਹਾਂ ਹੋਏ, ਜੇਲ੍ਹ ਭਰੋ ਅੰਦੋਲਨ ਵਿਚ 25 ਇਸਤਰੀ-ਪੁਰਸ਼, ਪੁਲਸ ਜਬਰ ਦਾ ਸ਼ਿਕਾਰ ਹੋੋ ਕੇ ਸ਼ਹੀਦ ਹੋਏ। ਇਨ੍ਹਾਂ ਚੋਂ ਪੰਜਾਬ ਦੇ 22 ਸਾਲਾ ਸ਼ਹੀਦ ਰਾਮ ਪ੍ਰਕਾਸ਼ ਵਾਸੀ ਅਬਾਦਪੁਰਾ, ਜਲੰਧਰ ਦਾ ਨਾਂ ਵਿਸ਼ੇਸ਼ ਹੈ।
ਦੀਪ ਸਿੰਘ- ਵੀਰ ਜੀ, ਰੀਪਬਲਿੰਕਨ ਤੇ ਕਮਿਉਨਿਸਟ ਜੇਲ੍ਹ ਭਰੋ ਅੰਦੋਲਨ ਵਿਚ ਇਕੱਠੇ ਹੋਏ, ਕੀ ਉਹ ਫਿਰ ਵੀ ਕਦੇ ਇਕੱਠੇ ਹੋਏੇ?
ਵੀਰ ਜੀ- ਹਾਂ ਹੋਏ, ਪੰਜਾਬ ’ਚ 1967 ਦੀਆਂ ਜਨਰਲ ਚੋਣਾਂ ਰਿਪਬਲਿਕਨ ਪਾਰਟੀ, ਕਮਿਊਨਿਸਟ ਅਤੇ ਸੋਸ਼ਲਿਸਟਾਂ ਨੇ ਸਾਂਝਾ ਮੋਰਚਾ ਬਣਾ ਕੇ ਲੜੀਆਂ। ਆਰ. ਪੀ. ਆਈ. ਦੇ ਤਿੰਨ ਉਮੀਦਵਾਰ ਡਾ. ਗੁਰਚਰਨ ਸਿੰਘ, ਪਿਆਰਾ ਲਾਲ ਧੰਨੋਵਾਲੀ ਤੇ ਡਾ. ਜਗਜੀਤ ਸਿੰਘ ਚੌਹਾਨ ਸਫਲ ਹੋਏ। ਸਾਂਝਾ ਫਰੰਟ ਸਰਕਾਰ ਬਣੀ, ਡਾ. ਗੁਰਚਰਨ ਸਿੰਘ ਉਸ ਵਿਚ ਮਾਲ ਮੰਤਰੀ ਬਣੇ। ਉਹਨਾਂ ਦੇ ਯਤਨਾਂ ਸਦਕਾ ਪੰਜਾਬ ਸ਼ਡਿਊਲਡ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਇਨੈਂਸ ਕਾਰਪੋਰੇਸ਼ਨ ਸਥਾਪਿਤ ਹੋਈ।
ਆਰ. ਪੀ. ਆਈ ਦੇ ਲੋਕ ਸਭਾ ’ਚ ਐਮ ਪੀ ਬਣੇ। ਮੋਰਚੇ ਦੀ ਫਤਿਹ ਤੋਂ ਬਾਅਦ  ਸਾਂਝਾ ਫਰੰਟ ਸਰਕਾਰ ਨੇ ਇਕ ਲੱਖ ਏਕੜ ਜ਼ਮੀਨ ਪੰਜਾਬ ਵਿਚ ਦਲਿਤ ਮਜ਼ਦੂਰਾਂ ਨੂੰ ਦਿੱਤੀ।
ਫਿਰ ਜਦੋਂ ਯੂ ਪੀ ਵਿਚ ਐਸ ਪੀ ਤੇ ਬੀ ਐਸ ਪੀ ਦੀ ਸਾਂਝੀ ਸਰਕਾਰ ਬਣੀ ਤਾਂ ਮਾਨਯੋਗ ਕਾਂਸ਼ੀ ਰਾਮ ਨੇ ਲੱਖਾਂ ਪਹਿਵਾਰਾਂ, ਜਿਹਨਾਂ ਨੂੰ 1966-67 ਵਿਚ ਜ਼ਮੀਨ ਅਲਾਟ ਤਾਂ ਹੋ ਗਈ ਸੀ, ਪਰ ਠਾਕਰਾਂ ਨੇ ਕਬਜ਼ੇ ਨਹੀ ਛੱਡੇ ਸੀ, ਉਹਨਾਂ ਪਰਿਵਾਰਾਂ ਨੂੰ ਕਬਜੇ ਲੈ ਕੇ ਦਿੱਤੇ।
ਕਿਰਨ ਕੌਰ- ਵੀਰ ਜੀ ਕਹਿੰਦੇ, ਗੁਜਰਾਤ ਤੇ ਮਹਾਂਰਾਸ਼ਟਰ ਦੇ ਨੰਦੇੜ, ਪਰਬਨੀ, ਔਰੰਗਬਾਦ, ਅਕੋਲਾ ਜਿਲਿਆਂ ਵਿਚ ਦਲਿਤ ਪੈਂਥਰਾ ਨੇ ਲੱਖਾਂ ਬੇਜ਼ਮੀਨਿਆਂ ਨੂੰ ਲੱਖਾਂ ਏਕੜ ਜ਼ਮੀਨ, ਤੇ ਲੱਖਾਂ ਬੇਘਰਿਆਂ ਨੂੰ ਘਰ ਦੁਆਏ ਹਨ?
ਵੀਰ ਜੀ- ਕਿਰਨ ਭੈਣ, ਉਥੇ ਦਲਿਤ ਸ਼ੋਸ਼ਿਤ ਮਜ਼ਦੂਰ ਗਰੀਬ ਸਮਾਜਿਕ-ਆਰਥਿਕ ਤੌਰ ’ਤੇ ਸੰਗਠਤ ਹਨ, ਦਲਿਤ ਪੈਂਥਰਾ ਇਹ ਸਭ ਸੰਘਰਸ਼ ਤੇ ਸੰਘਰਸ਼ ਤੇ ਅੰਦੋਲਨ ਤੇ ਅੰਦੋਲਨ ਕਰਕੇ ਪ੍ਰਾਂਪਤ ਕੀਤਾ ਹੈ।
ਦੀਪ ਸਿੰਘ- ਵੀਰ ਜੀ, ਫਿਰ ਪੰਜਾਬ ਵਿਚ ਅਜਿਹਾ ਅੰਦੋਲਨ ਕਿਉ ਨਹੀ ਹੋ ਰਿਹਾ?
ਵੀਰ ਜੀ- ਦੀਪ ਸਿੰਘ ਇੱਥੇ ਆਗੂਆਂ ਦੇ ਨਿੱਜੀ ਸਵਾਰਥਾਂ ਅਤੇ ਮੌਕਾਪ੍ਰਸਤੀ ਨੇ ਅੰਬੇਡਕਰੀ ਤੇ ਦਲਿਤ ਅੰਦੋਲਨ ਨੂੰ ਮਸਲ ਦਿੱਤਾ ਹੈ। ਇਸ ਵਕਤ ਕੋਈ ਵੀ ਅੰਦੋਲਨਕਾਰੀ ਸੰਸਥਾ ਨਜ਼ਰ ਨਹੀਂ ਆ ਰਹੀ। ਪਰ ਇਸ ਦਾ ਮਤਲਵ ਇਹ ਨਹੀਂ ਕਿ ਹੁਣ ਕੁਝ ਹੋ ਨਹੀਂ ਸਕਦਾ। ਅੰਦੋਲਨਾਂ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ, ਜਿਵੇਂ ਪਤਝੜ ਤੋਂ ਬਾਅਦ ਬਸੰਤ ਬਹਾਰ ਆਉਂਦੀ ਹੈ, ਉਵੇਂ ਹੀ ਅੰਦੋਲਨ ਫਿਰ ਉਠਣਗੇ, ਜਿਵੇਂ ਹੁਣ ਮਾਲਵੇ ਵਿਚ ਦਲਿਤ ਮਜ਼ਦੂਰ ਪੰਚਾਇਤੀ ਜ਼ਮੀਨਾਂ ਲਈ ਸੰਘਰਸ਼ ਕਰ ਰਹੇ ਹਨ। ਸਿਰਫ ਯੋਗ ਅਗਵਾਈ ਦੀ ਲੋੜ ਹੈ।
ਕਿਰਨ ਕੌਰ- ਵੀਰ ਜੀ, ਖਾਣਾ ਬਣਕੇ ਆ ਗਿਆ ਹੈ, ਇਸ ਲਈ ਪਹਿਲਾਂ ਖਾਣਾ ਹੋ ਜਾਵੇ?
ਵੀਰ ਜੀ- ਭੈਣ ਜੀ, ਠੀਕ ਆ, ਖਾਣੇ ਤੋਂ ਬਾਅਦ ਪੰਚਾਇਤੀ ਜ਼ਮੀਨਾਂ ਦੀ ਅਲਾਟਮੈਂਟ ਬਾਰੇ ਵਿਚਾਰ-ਵਿਟਾਂਦਰਾ ਕਰਾਂਗੇ।
-ਪਰਦਾ
( ਫੋਟੋ ਫਲੈਕਸ, ਧੰਨ ਔਰ ਧਰਤੀ ਵੰਡ ਕੇ ਰਹਾਂਗੇ)
ਦੀਪ ਸਿੰਘ- ਵੀਰ ਜੀ, ਜਿਹੜੀ ਪੰਚਾਇਤੀ ਜ਼ਮੀਨ ਹੈ, ਉਹਦੇ ਵਾਸਤੇ ਹੁਣ ਪੰਜਾਬ ਸਰਕਾਰ ਦਾ ਕੀ ਕਾਨੂੰਨ ਹੈ? ਇਸ ਬਾਰੇ ਵਿਸਥਾਰਪੂਰਬਕ ਚਾਨਣਾ ਪਾਓ?
ਵੀਰ ਜੀ- ਕਾਨੂੰਨ ਮੁਤਾਬਿਕ ਵਾਹੀਯੋਗ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਰਿਜ਼ਰਵ ਹੈ, ਜੋ ਦਲਿਤਾਂ ਨੂੰ ਹੀ ਖੇਤੀ ਲਈ ਦਿੱਤਾ ਜਾ ਸਕਦੀ ਹੈ।
ਦੀਪ ਸਿੰਘ- ਪੰਚਾਇਤਾਂ ਦਲਿਤਾਂ ਨੂੰ ਤੀਜਾ ਹਿੱਸਾ ਜ਼ਮੀਨ ਦਿੰਦੀਆਂ ਨਹੀਂ?
ਵੀਰ ਜੀ- ਦੀਪ ਸਿੰਘ ਜੀ, ਕਾਗਜੀ ਕਾਰਵਾਈ ਵਿੱਚ ਤੀਜਾ ਹਿੱਸਾ ਜ਼ਮੀਨ ਸ਼ਡੂਲਡਕਾਸਟਾਂ ਨੂੰ ਦਿੱਤੀ ਜਾਂਦੀ ਹੈ।
ਦੀਪ ਸਿੰਘ- ਕਿਧਰੇ ਦਿੱਤੀ ਹੋਈ ਜ਼ਮੀਨ ਨਜ਼ਰ ਤਾਂ ਆਉਂਦੀ ਨਹੀ?
ਵੀਰ ਜੀ- ਅਨਪੜ੍ਹਤਾ ਅਤੇ ਲੀਡਰਾਂ ਦੇ ਸਵਾਰਥੀ ਹਿੱਤਾਂ ਕਾਰਨ ਇਹ ਸਭ ਅਨਿਆਂ ਹੋ ਰਿਹਾ ਹੈ।
ਦੀਪ ਸਿੰਘ- ਉਹ ਕਿਵੇਂ?
ਵੀਰ ਜੀ- ਜ਼ਿੰਮੀਦਾਰ ਆਪਣੇ ਸੀਰੀ, ਜਿਹਨਾਂ ’ਚ ਅੱਜ ਕਲ ਜ਼ਿਆਦਾਤਰ ਯੂ.ਪੀ ਬਿਹਾਰ ਦੇ ਖੇਤ ਮਜ਼ਦੂਰ ਆ ਕੇ ਕੰਮ ਕਰਦੇ ਹਨ। ਜ਼ਿੰਮੀਦਾਰ ਅਫ਼ਸਰਾਂ ਨਾਲ ਮਿਲੀਭੁਗਤ ਕਰਕੇ, ਉਹਨਾਂ ਦੇ ਐਸ.ਸੀ ਸਰਟੀਫਿਕੇਟ ਬਣਾ ਲੈਂਦੇ ਹਨ।
ਕਿਉਂਕਿ ਪੰਚਾਇਤਾਂ ਉਤੇ ਧਨਾਢ ਜ਼ਿੰਮੀਦਾਰ ਕਾਬਜ ਹਨ, ਇਸ ਕਰਕੇ ਜ਼ਿੰਮੀਦਾਰ ਅਫਸਰਾਂ ਨਾਲ ਮਿਲੀਭੁਗਤ ਕਰਕੇ ਜ਼ਮੀਨ ਦੀ ਬੋਲੀ ਵੇਲੇ ਉਹਨਾਂ ਸੀਰੀਆਂ ਦੇ ਨਾਂ ’ਤੇ ਚਾੜਕੇ, ਦਲਿਤਾਂ ਦੀ ਤੀਜਾ ਹਿੱਸਾ ਰਿਜ਼ਰਵ ਜ਼ਮੀਨ ਨੂੰ ਹੜੱਪ ਕਰ ਜਾਂਦੇ ਹਨ।
ਜਦ ਕਿ ਯੂ.ਪੀ ਬਿਹਾਰ ਦੇ ਖੇਤ ਮਜ਼ਦੂਰ ਵਿਚਾਰੇ ਸੀਰੀਆਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਹੁੰਦਾ ਹੈ ਕਿ ਜ਼ਮੀਨ ਉਹਨਾਂ ਦੇ ਨਾਮ ਉਤੇ ਅਲਾਟ ਕੀਤੀ ਹੋਈ ਹੈ।
ਦੀਪ ਸਿੰਘ- ਇਸ ਘਪਲੇਬਾਜੀ ਦੇ ਵਿਰੁੱਧ ਸਾਡੇ ਆਗੂ ਸੰਘਰਸ਼ ਕਿਉਂ ਨਹੀਂ ਕਰਦੇ?
ਵੀਰ ਜੀ- ਇਹ ਬੇਇਨਸਾਫੀ, ਦਲਿਤ ਲੋਕਾਂ ਨਾਲ ਇਸ ਕਰਕੇ ਹੋ ਰਹੀ ਹੈ, ਕਿਉਂਕਿ ਆਪਣੇ ਆਗੂਆਂ ਨੇ ਅੰਬੇਡਕਰੀ ਤੇ ਦਲਿਤ ਅੰਦੋਲਨ ਨੂੰ ਵੋਟਾਂ ਨਾਲ ਜੋੜ ਲਿਆ ਹੈ। ਉਹ ਗਰੀਬ ਦਲਿਤ ਮਜ਼ਦੂਰਾਂ ਦੇ ਹਿੱਤ ਨਹੀਂ ਦੇਖਦੇ ਬਲਕਿ ਆਪਣੇ ਹਿਤ ਤੇ ਵੋਟ ਦੇਖਦੇ ਹਨ। ਉਚ ਜਾਤੀਆਂ, ਖਾਸਕਰ ਜ਼ਿਮੀਦਾਰਾਂ ਦੇ ਵੋਟ ਉਹਨਾਂ ਨਾਲ ਨਰਾਸ਼ ਨਾ ਹੋ ਜਾਣ, ਇਸ ਕਰਕੇ ਉਹ ਚੁੱਪ ਸਾਧੀ ਰੱਖਦੇ ਹਨ।
ਦੀਪ ਸਿੰਘ-  ਵੀਰ ਜੀ, ਇਸ ਪਿੰਡ ਦੀ 750 ਏਕੜ ਪੰਚਾਇਤੀ ਜ਼ਮੀਨ ਹੈ, ਜਿਸ ਵਿੱਚੋਂ 250 ਏਕੜ ਜ਼ਮੀਨ ਦਲਿਤਾਂ ਲਈ ਰਿਜ਼ਰਵ ਹੈ, 20 ਦਿਨ ਬਾਅਦ ਬੋਲੀ ਹੋਣੀ ਆ, ਜਿਵੇ ਤੁਸੀ ਦੱਸਿਆ ਕਿ ਹਰ ਸਾਲ ਜਿਮੀਦਾਰ ਅਫ਼ਸਰਾਂ ਨਾਲ ਮਿਲੀਭੁਗਤ ਕਰਕੇ ਦਲਿਤਾਂ ਦੇ ਤੀਜੇ ਹਿੰਸੇ ਦੀ ਜ਼ਮੀਨ ਯੂ.ਪੀ ਬਿਹਾਰ ਦੇ ਖੇਤ ਮਜ਼ਦੂਰਾਂ ਦੇ ਨਾਮ ਉਤੇ ਅਲਾਟ ਕਰਾ ਲੈਂਦੇ ਹਨ, ਜਦਕਿ ਉਹਨਾਂ ਨੂੰ ਪਤਾ ਵੀ ਨਹੀ ਹੁੰਦਾ, ਫਿਰ ਦਲਿਤਾਂ ਨੂੰ ਇਸ ਬਾਰੇ ਕੀ ਕਰਨਾ ਚਾਹੀਦਾ ਹੈ?
ਵੀਰ ਜੀ- ਤੁਸੀ ਪਹਿਲਾਂ ਤਾਂ ਉਹਨਾਂ ਦੇ ਸੀਰੀਆਂ ਦੇ, ਜਿਹਨਾਂ ਦੇ ਜ਼ਿਮੀਦਾਰ ਐਸ ਸੀ ਸਰਟੀਫੀਕੇਟ ਬਣਵਾਉਦੇ ਹਨ, ਉਹਨਾਂ ਦੀਆਂ ਨਕਲਾ ਕੱਢਵਾਉ, ਆਪੇ ਬਿੱਲੀ ਥੈਲੇ ’ਚੋ ਬਾਹਰ ਆ ਜਾਓ।
ਦੀਪ ਸਿੰਘ-  ਉਹ ਕਿਵੇ?
ਵੀਰ ਜੀ- ਯੂ.ਪੀ, ਬਿਹਾਰ ਵਾਲੀਆਂ ਜਾਤੀਆਂ ਪੰਜਾਬ ਵਿਚ ਸ਼ਡੂਲਡਕਾਸਟ ਨਹੀ ਹਨ। ਜੇ ਉਹ ਜਾਹਲੀ ਨਿਕਲਣ, ਤਾਂ ਬਣਾਉਣ ਵਾਲਿਆ ਉਤੇ 420 ਦੀਆਂ ਸ਼ਕਾਇਤਾਂ ਦਰਜ ਕਰਾਓ, ਸਭ ਛੋਰ ਨੰਗੇ ਹੋ ਜਾਣਗੇ ਤੇ ਭੁਗਤਣਗੇ?
ਦੀਪ ਸਿੰਘ-  ਦਲਿਤਾਂ ਨੂੰ ਰਿਜ਼ਰਵ ਜ਼ਮੀਨ ਪ੍ਰਾਪਤੀ ਲਈ ਹੋਰ ਕੀ ਕਰਨਾ ਚਾਹੀਦਾ ਹੈ?
ਵੀਰ ਜੀ- ਪਹਿਲਾਂ ਤਾਂ ਸਾਰੇ ਪਿੰਡ ਦੇ ਦਲਿਤ ਮਜ਼ਦੂਰ ਏਕਾ ਕਰੋ, ਇਕ ਸ਼ੰਘਰਸ਼ ਕਮੇਟੀ ਬਣਾਓ, ਅਗਵਾਈ ਕਰੋ, ਫਿਰ ਰਿਜ਼ਰਵ ਜ਼ਮੀਨ ਵਾਲੇ ਨੰਬਰਾਂ ਦੀਆਂ ਨਕਲਾਂ ਲਓ, ਫਿਰ ਜ਼ਮੀਨ ਚੰਗੀ-ਮਾੜੀ ਦੀ ਪੜਚੋਲ ਕਰੋ, ਨਹੀ ਤਾਂ ਜ਼ਿਮੀਦਾਰ ਅਫ਼ਸਰਾਂ ਨਾਲ ਮਿਲੀਭੁਗਤ ਕਰਕੇ ਮਾੜੀ ਜ਼ਮੀਨ ਰਿਜ਼ਰਬ ਕਰਾਂ ਦਿੰਦੇ ਹਨ,
ਜਾਂ ਫਿਰ ਕੋਈ ਨੰਬਰ ਕਿਤੇ ਤੇ ਦੂਜਾ ਕਿਤੇ ਪੁਆ ਦਿੰਦੇ ਹਨ ਤਾਂ ਜੋ ਕਿ ਪਾਣੀ ਖੁਣੋ, ਉਥੇ ਕੁੱਝ ਪੈਦਾ ਹੀ ਨਾ ਹੋਵੇ, ਤੇ ਜ਼ਮੀਨ ਛੱਡਕੇ ਚਲੇ ਜਾਣ।
ਅਫ਼ਸਰਾਂ ਨੂੰ ਮਿਲਕੇ, ਸਾਰੀ ਰਿਜਰਬ ਜ਼ਮੀਨ ਦੇ ਨੰਬਰ ਇਕ ਟੱਕ ਵਿਚ ਪੁਆਓ।
ਸਮਝਦਾਰੀ ਦੀ ਗੱਲ ਇਹ ਹੈ ਕਿ ਸਾਰੀ ਰਿਜ਼ਰਬ ਜ਼ਮੀਨ ਦੀ ਬੋਲੀ ਇਕ ਹੀ ਸੰਸਥਾ ਦੇਵੇ, ਫਿਰ ਬੋਲੀ ਨਹੀ ਵਧੇਗੀ, ਰਿਜ਼ਰਵ ਜ਼ਮੀਨ, ਰਿਜ਼ਰਵ ਪ੍ਰਾਈਸ ਉਤੇ ਹੀ ਮਿਲ ਜਾਵੇਗੀ ਤਾਂ ਫਾਇਦਾ ਸਾਰੇ ਦਲਿਤ ਮਜ਼ਦੂਰਾਂ ਨੂੰ ਹੋਵੇਗਾ।
ਕਿਰਨ ਕੌਰ- ਉਠਦਿਆਂ, ਸਾਰੇ ਹੱਥ ਖੜੇ ਕਰੋ ਕਿ ਸਾਨੂੰ ਇਹ ਸਭ ਸੁਝਾਅ ਮਨਜੂਰ ਹਨ।
ਦੀਪ ਸਿੰਘ-  ਤੇ ਸਭ ਨੇ ਹੱਥ ਖੜੇ ਕਰਕੇ, ਸਰਬਸੰਮਤੀ ਨਾਲ ਮਤਾ ਪਾਸ ਕਰ ਲਿਆ।
-ਪਰਦਾ
( ਫਲੈਕਸ ਫੋਟੋ ਪੰਚਾਇਤ ਘਰ )
ਬੀ.ਡੀ.ਓ- ਬੋਲੀ ਸਾਰੀ ਜ਼ਮੀਨ ਦੀ ਇਕੱਠੀ ਹੋਣੀ ਹੈ। ਜਿਸ ਨੇ ਵੀ ਬੋਲੀ ਦੇਣੀ ਹੈ, ਉਹ ਦੇ ਸਕਦਾ ਹੈ।
ਦੀਪ ਸਿੰਘ- ਦਰਖਾਸਤ ਫੜਾਉਂਦੇ ਹੋਏ, ਬੀ.ਡੀ.ਓ ਸਾਹਿਬ, ਨਹੀ ਜੀ, ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਰਿਜ਼ਰਵ ਜ਼ਮੀਨ ਦੀ ਬੋਲੀ ਰਿਜ਼ਰਵੇਸ਼ਨ ਦੇ ਨਿਯਮਾਂ ਅਨੁਸਾਰ ਹੋਣੀ ਚਾਹੀਦੀ ਹੈ।
ਜਨਰਲ ਬੋਲੀ ਪ੍ਰਤੀ ਏਕੜ 40,000/ ਤੋਂ ਸ਼ੁਰੂ ਹੋਣੀ ਹੈ ਤੇ ਰਿਜ਼ਰਵ ਜ਼ਮੀਨ ਦੀ ਬੋਲੀ 20,000/ ਪ੍ਰਤੀ ਏਕੜ ਤੋਂ ਸ਼ੁਰੂ ਹੋਣੀ ਹੈ।
ਅਸੀਂ ਦਲਿਤ ਮਜ਼ਦੂਰ ਸਮਾਜ ਨਾਲ ਸਬੰਧਤ ਹਾਂ। ਸਰਕਾਰ ਦੀ ਸਕੀਮ ਅਨੁਸਾਰ ਪੰਚਾਇਤੀ ਜ਼ਮੀਨ ਦੀ ਤੀਜਾ ਹਿੱਸਾ ਰਿਜ਼ਰਬ ਜ਼ਮੀਨ ਦੀ ਅਲੱਗ ਬੋਲੀ ਹੋਣੀ ਹੈ, ਜਿਸ ਵਿੱਚ ਸਿਰਫ ਸ਼ਡੂਲਡਕਾਸਟ ਹੀ ਬੋਲੀ ਦੇ ਸਕਦਾ ਹੈ। ਅਸੀਂ ਇਸੇ ਪਿੰਡ ਦੇ ਵਾਸੀ, ਅਸੀਂ ਬੋਲੀ ਦੇਣ ਆਏ ਹਾਂ।
ਬੀ.ਡੀ.ਓ- ਰੋਹਬ ਨਾਲ, ਮੈਂ ਬਲਾਕ ਅਫਸਰ ਹਾਂ, ਮੈਨੂੰ ਨਹੀਂ ਪਤਾ, ਕਿੱਦਾਂ ਬੋਲੀ ਕਰਾਉਣੀ ਆਂ?
ਥਾਣੇਦਾਰ, ਇਹਨੂੰ ਧੱਕੇ ਮਾਰ ਕੇ ਪਰੇ ਕਰ।
ਥਾਣੇਦਾਰ- ਦੀਪ ਸਿੰਘ ਨੂੰ ਧੱਕੇ ਮਾਰ-ਮਾਰ ਕੇ ਪਰੇ ਧੱਕਦੇ ਹੋਏ, ਜੇ ਹੁਣ ਅੱਗੇ ਆਇਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ।
ਦੀਪ ਸਿੰਘ- ਥਾਣੇਦਾਰ, ਤੁਸੀ ਗਰੀਬਾਂ ਦੀ ਰੱਖਿਆ ਕਰਨ ਆਇ ਆਂ ਜਾਂ ਗਰੀਬਾਂ ਨੂੰ ਦਬਾਉਣ ਆਇਆਂ? ਅਸੀਂ ਧੱਕੇਸ਼ਾਹੀ ਨਹੀਂ ਹੋਣ ਦੇਣੀ, ਕਹਿ ਦਲਿਤਾਂ ਨੂੰ ਸਾਥ ਲੈ, ਅਫਸਰ ਮੋਹਰੇ ਜਾ ਕੇ ਫਿਰ ਖੜ੍ਹ ਗਿਆ।
ਜ਼ਿਮੀਦਾਰ- ਇਹਨਾਂ ਚ…ਦੇ ਡਾਂਗ ਫੇਰੋ, ਇਹਨਾਂ ਉਦਾ ਨਹੀ ਬੰਦੇ ਬਣਨਾ?
ਪੁਲਿਸ- ਲਾਠੀਚਾਰਜ ਲਈ ਜਿਓ ਹੀ ਅੱਗੇ ਵਧੀ… ਤਾਂ ਨਾਹਰੇ-
ਡਾਕਟਰ ਅੰਬੇਡਕਰ-ਜਿੰਦਾਬਾਦ!  -ਜਿੰਦਾਬਾਦ! ਜਿੰਦਾਬਾਦ!
ਧੱਕਾਸ਼ਾਹੀ-ਮੁਰਦਾਬਾਦ! -ਮੁਰਦਾਬਾਦ! ਮੁਰਦਾਬਾਦ!
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ- ਜਿੰਦਾਬਾਦ! -ਜਿੰਦਾਬਾਦ! ਜਿੰਦਾਬਾਦ!
ਜਮੀਨ, ਇੰਡਸਟਰੀ, ਮਿੱਲ੍ਹਾਂ, ਵਿਦਿਆ-ਕੌਮੀ ਕਰੋ! ਕੌਮੀ ਕਰੋ!
ਬੀ.ਡੀ.ਓ- ਥਾਣੇਦਾਰ ਨਾਲ ਕੰਨ ’ਚ ਗੱਲ ਕਰਨ ਉਪਰੰਤ, ਉਠਦੇ ਹੋਏ, ਪੰਚਾਇਤੀ ਜ਼ਮੀਨ ਦੀ ਅੱਜ ਦੀ ਬੋਲੀ ਕੈਂਸਲ ਕੀਤੀ ਜਾਂਦੀ ਹੈ, ਕਹਿ ਉਠਕੇ ਪੰਚਾਇਤ ਘਰ ’ਚੋਂ ਬਾਹਰ ਆ, ਗੱਡੀਆਂ ਵਿੱਚ ਬੈਠ ਚਲੇ ਗਏ।
ਦੀਪ ਸਿੰਘ- ਬੀ.ਡੀ.ਓ ਤੇ ਪਲਿਸ ਨੇ ਜ਼ਿਮੀਦਾਰਾਂ ਦੀ  ਸ਼ਹਿਤੇ ਪਿੰਡ ਦੇ ਦਲਿਤ ਮਜ਼ਦੂਰਾਂ ਨਾਲ ਧੱਕਾ ਕੀਤਾ ਹੈ। ਸਾਰੇ ਦਲਿਤ ਮਜ਼ਦੂਰ ਕੱਲ੍ਹ ਨੂੰ ਸਾਡੇ ਸਾਥ ਚੱਲਣ। ਆਪਾਂ ਡੀ.ਸੀ. ਸਾਹਿਬ ਦੇ ਪੇਸ਼ ਹੋ ਕੇ ਉਥੇ ਆਪਣੀ ਗੱਲ ਕਰਾਂਗੇ।
-ਪਰਦਾ
(ਫੋਟੋ ਫਲੈਕਸ, ਡੀ.ਸੀ. ਦਫਤਰ )
ਦੀਪ ਸਿੰਘ-   ਸੇਵਾਦਾਰ ਨੂੰ ਆਪਣਾ ਆਈ ਕਾਰਡ ਦਿੰਦੇ ਹੋਏ, ਮੈਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਆਗੂ ਹਾਂ। ਅਸੀਂ ਡੀ.ਸੀ. ਸਾਹਿਬ ਨੂੰ ਮਿਲਣਾ ਹੈ।
-ਪਰਦਾ
ਸੇਵਾਦਾਰ- ਜਾਓ ਜੀ, ਅੰਦਰ ਜਾਓ।
ਡੀ.ਸੀ ਸਾਹਿਬ ਜੀ …ਜੈ ਭੀਮੇ।
ਡੀ.ਸੀ- ਬੈਠੋ ਜੀ, ਸੇਵਾਦਾਰ ਸਾਰਿਆਂ ਨੂੰ ਪਾਣੀ ਪਿਲਾਓ।
(ਸੇਵਾਦਾਰ ਨੇ ਪਾਣੀ ਪਿਲਾਇਆ)
ਡੀ.ਸੀ- ਹਾਂ ਦੀਪ ਸਿੰਘ ਜੀ, ਦੱਸੋ ਕੀ ਗੱਲ ਹੈ?
ਦੀਪ ਸਿੰਘ-  ਦਰਖਾਸਤ ਫੜਾਉਂਦੇ ਹੋਏ, ਕਲ੍ਹ ਬੀ.ਡੀ.ਓ ਸਾਹਿਬ, ਪਿੰਡ ਆਏ ਸੀ, ਅਸੀਂ ਉਹਨਾਂ ਨੂੰ ਦਰਖਾਸਤ ਦਿੱਤੀ ਸੀ ਕਿ ਸਰਕਾਰ ਦੀ ਸਕੀਮ ਅਨੁਸਾਰ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਰਿਜ਼ਰਬ ਜ਼ਮੀਨ ਦੀ ਅਲੱਗ ਬੋਲੀ ਹੋਣੀ ਹੈ, ਜਿਸ ਵਿੱਚ ਸਿਰਫ ਸ਼ਡੂਲਡਕਾਸਟ ਹੀ ਬੋਲੀ ਦੇ ਸਕਦਾ ਹੈ, ਅਸੀਂ ਬੋਲੀ ਦੇਣ ਆਏ ਹਾਂ। ਬੀ.ਡੀ.ਓ ਸਾਹਿਬ ਕਹਿੰਦੇ, ਮੈਂ ਬਲਾਕ ਅਫਸਰ ਹਾਂ, ਮੈਨੂੰ ਨਹੀਂ ਪਤਾ, ਕਿੱਦਾਂ ਬੋਲੀ ਕਰਾਉਣੀ ਆਂ? ਥਾਣੇਦਾਰ, ਇਹਨੂੰ ਧੱਕੇ ਮਾਰ ਕੇ ਪਰੇ ਕਰ। ਸਾਨੂੰ ਥਾਣੇਦਾਰ ਨੇ ਧੱਕੇ ਮਾਰ-ਮਾਰ ਕੇ ਬਾਹਰ ਕੱਢ ਦਿੱਤਾ,
ਡੀ.ਸੀ- ਐਸ.ਡੀ.ਐਮ ਨੂੰ ਟੈਲੀਫੋਨ ਕਰਦੇ ਹੋਏ, ਐਸ ਡੀ ਐਮ ਸਾਹਿਬ, ਬਲਾਕ ਪੰਚਾਇਤ ਅਫਸਰ ਨੇ ਪਿੰਡ, ਘੁਮਾਮ ਪਿੰਡ  ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨਿਯਮਾਂ ਅਨੁਸਾਰ ਨਹੀਂ ਕਰਾਈ, ਜਦੋਂ ਦਲਿਤ ਲੋਕਾਂ ਨੇ ਧੱਕੇਸ਼ਾਹੀ ਦਾ ਵਿਰੋਧ ਕੀਤਾ ਤਾਂ ਉਹ ਬੋਲੀ ਕੈਂਸਲ ਕਰਕੇ ਆ ਗਿਆ। ਤੁਸੀਂ ਆਪ ਪੰਚਾਇਤੀ ਅਫਸਰ ਨੂੰ ਸਾਥ ਲੈ ਕੇ ਰਿਜ਼ਰਵੇਸ਼ਨ ਦੇ ਨਿਯਮਾਂ ਅਨੁਸਾਰ ਆਪਣੀ ਮੌਜ਼ੂਦਗੀ ’ਚ ਬੋਲੀ ਕਰਾਕੇ ਆਓ।
-ਪਰਦਾ
ਕਮੈਂਟਰੀ- ਐਸ.ਡੀ.ਐਮ ਨੇ ਬਲਾਕ ਪੰਚਾਇਤ ਅਫਸਰ ਨੂੰ ਸਾਥ ਲੈ  ਘੁਮਾਮ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨਿਯਮਾਂ ਅਨੁਸਾਰ ਕਰਾਈ। ਸਾਰੀ ਰਿਜ਼ਰਬ ਜ਼ਮੀਨ, ਇਕ ਟਕ ’ਚ, ਰਿਜ਼ਰਵ ਪ੍ਰਾਈਸ ਉਤੇ ਦਲਿਤ ਮਜ਼ਦੂਰਾਂ ਨੂੰ ਅਲਾਟ ਕਰ ਦਿੱਤੀ ਗਈ। ਦਲਿਤ ਹੁਣ ੋਉਸ 250 ਏਕੜ ਜ਼ਮੀਨ ਉਤੇ ਸਮੂਹਿਕ ਤੌਰ ’ਤੇ ਖੇਤੀ ਕਰਦੇ ਹਨ। ਜਿਸ ਦਾ ਫਾਇਦਾ ਵੀ ਸਾਰੇ ਦਲਿਤ ਮਜ਼ਦੂਰਾਂ ਨੂੰ ਹੋ ਰਿਹਾ ਹੈ।
-ਪਰਦਾ
ਮੋ. 98145 17499 
ਜੀ ਟੀ ਰੋਡ, ਸਿਵਲ ਕੋਰਟਸ, ਫਗਵਾੜਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨਾਟਕ-ਐਸੀ ਦਸ਼ਾ ਹਮਾਰੀ (2)
Next articleਕੁੰਢੀਆਂ ਦੇ ਫਸੇ ਸਿੰਘਾਂ ਦੇ ਵਿੱਚੋਂ ਜਲੰਧਰ ਵਿੱਚ ਆਪ ਨੇ ਬਾਜ਼ੀ ਮਾਰੀ