HOME ਨਾਂਗੇਲੀ ਦੀ ਬੀਰ ਗਾਥਾ: ਪੇਸ਼ਵਾ ਰਾਜ ਦੀ ਕ੍ਰੂਰ ਵਿਵਸਥਾ ਵਿਰੁੱਧ ਇੱਕ ਅਮਰ...

ਨਾਂਗੇਲੀ ਦੀ ਬੀਰ ਗਾਥਾ: ਪੇਸ਼ਵਾ ਰਾਜ ਦੀ ਕ੍ਰੂਰ ਵਿਵਸਥਾ ਵਿਰੁੱਧ ਇੱਕ ਅਮਰ ਸੰਘਰਸ਼

2
 (ਸਮਾਜ ਵੀਕਲੀ)  ਇੱਕ ਅਜਿਹੀ ਭੂਮੀ ਜਿੱਥੇ ਨੀਲੇ ਅਸਮਾਨ ਅਤੇ ਹਰੇ ਖੇਤਾਂ ਵਿਚਕਾਰ ਜ਼ਿੰਦਗੀ ਦੀ ਲੜਾਈ ਲੜੀ ਜਾਂਦੀ ਸੀ, ਉੱਥੇ ਇੱਕ ਔਰਤ ਨੇ ਆਪਣੇ ਸਰੀਰ ਨੂੰ ਹਥਿਆਰ ਬਣਾ ਕੇ ਅਨਿਆਂ ਦੇ ਵਿਸ਼ਾਲ ਪਹਾੜ ਨੂੰ ਚੁਣੌਤੀ ਦਿੱਤੀ। ਤਰਵਿੰਦਰਮ ਦੇ ਚੇਰਥਲਾ ਪਿੰਡ ਵਿੱਚ, ਜਿੱਥੇ ਨਾਂਗੇਲੀ ਵਰਗੀ ਇੱਕ ਸਾਧਾਰਨ ਐਝਾਵਾ ਔਰਤ ਨੇ ਆਪਣੀ ਜ਼ਿੰਦਗੀ ਦੀ ਬਲੀ ਚੜ੍ਹਾ ਕੇ ਨਾ ਸਿਰਫ਼ ਆਪਣੀ ਕੌਮ ਨੂੰ ਬਲ਼ ਦਿੱਤਾ, ਸਗੋਂ ਪੂਰੀ ਮਨੁੱਖਤਾ ਨੂੰ ਇੱਕ ਅਜਿਹਾ ਸੁਨੇਹਾ ਦਿੱਤਾ ਜੋ ਅੱਜ ਵੀ ਗੂੰਜਦਾ ਹੈ। ਉਹ ਕਹਾਣੀ ਹੈ ਨਾਂਗੇਲੀ ਦੀ – ਇੱਕ ਅਜਿਹੀ ਵੀਰਾਂਗਨਾ ਜਿਸ ਨੇ ਪੇਸ਼ਵਾ ਰਾਜ ਦੀ ਕ੍ਰੂਰ ਵਿਵਸਥਾ ਵਿਰੁੱਧ ਆਪਣੇ ਖੂਨ ਨਾਲ ਇੱਕ ਨਵੀਂ ਇਬਾਰਤ ਲਿਖੀ। ਇਹ ਕਹਾਣੀ ਨਾ ਸਿਰਫ਼ ਇੱਕ ਵਿਅਕਤੀਗਤ ਬਲੀਦਾਨ ਹੈ, ਸਗੋਂ ਇੱਕ ਅੰਤਰਾਤਮਾ ਦੀ ਚੀਕ ਹੈ ਜੋ ਅੱਜ ਵੀ ਜ਼ੁਲਮ ਤੇ ਅਨਿਆਂ ਵਿਰੁੱਧ ਲੜਨ ਵਾਲਿਆਂ ਨੂੰ ਪ੍ਰੇਰਿਤ ਕਰਦੀ ਹੈ। 19ਵੀਂ ਸਦੀ ਦੇ ਆਰੰਭ ਵਿੱਚ, ਜਦੋਂ ਤਰਵਿੰਦ੍ਰਮ ਰਾਜ ਵਿੱਚ ਰਾਜਸ਼ਾਹੀ ਦੀ ਚਮਕ-ਦਮਕ ਵਿੱਚ ਲੁਕੀ ਹੋਈ ਸੀ ਇੱਕ ਭਿਆਨਕ ਅਨਿਆਂ ਦੀ ਕਾਲੀ ਛਾਇਆ। ਉੱਚ ਜਾਤੀਆਂ ਦੀਆਂ ਔਰਤਾਂ ਨੂੰ ਆਪਣੇ ਸਰੀਰ ਨੂੰ ਢੱਕਣ ਦਾ ਅਧਿਕਾਰ ਸੀ, ਪਰ ਨੀਵੀਆਂ ਜਾਤੀਆਂ ਦੀਆਂ ਔਰਤਾਂ – ਐਝਾਵਾ, ਨਾਡਰ ਅਤੇ ਹੋਰ ਦਲਿਤ ਭਾਈਚਾਰਿਆਂ ਨੂੰ ਆਪਣੀਆਂ ਛਾਤੀਆਂ ਨੂੰ ਨੰਗਾ ਰੱਖਣਾ ਪੈਂਦਾ ਸੀ। ਇਹ ਕੋਈ ਸੁਭਾਵਿਕ ਰੀਤ ਨਹੀਂ ਸੀ, ਸਗੋਂ ਇੱਕ ਵਿਸ਼ਾਲ ਵਿਵਸਥਾ ਜੋ ਜਾਤ ਪਾਤ ਨੂੰ ਵਧਾਉਣ ਲਈ ਬਣਾਈ ਗਈ ਸੀ ਅਤੇ ਇਸ ਨੂੰ ਬਣਾਈ ਰੱਖਣ ਲਈ ਸੀ ‘ਮੁਲੱਕਾਰਮ’ – ਉਹ ਵਰ੍ਹਮੀ ਟੈਕਸ ਜਿਸ ਨੂੰ ਅੰਗਰੇਜ਼ੀ ਵਿੱਚ ‘ਬ੍ਰੈਸਟ ਟੈਕਸ’ ਕਿਹਾ ਜਾਂਦਾ ਹੈ। ਨੀਵੀਆਂ ਜਾਤੀਆਂ ਦੀਆਂ ਔਰਤਾਂ ਨੂੰ ਆਪਣੇ ਵਿਕਾਸ ਵਾਲੇ ਸਰੀਰ ਨੂੰ ਢੱਕਣ ਲਈ ਟੈਕਸ ਅਦਾ ਕਰਨਾ ਪੈਂਦਾ ਸੀ ਅਤੇ ਜੇ ਨਾ ਅਦਾ ਕੀਤਾ ਤਾਂ ਉਹਨਾਂ ਨੂੰ ਨੰਗਾ ਕਰਕੇ ਕੋੜੇ ਮਾਰ ਕੇ ਘੁੰਮਾਇਆ ਜਾਂਦਾ ਸੀ। ਇਹ ਸੀ ਉਹ ਕ੍ਰੂਰ ਵਿਵਸਥਾ ਜੋ ਨਾ ਸਿਰਫ਼ ਸਰੀਰ ਨੂੰ ਲੁੱਟਦੀ ਸੀ, ਸਗੋਂ ਆਤਮਾ ਨੂੰ ਵੀ ਤਬਾਹ ਕਰਦੀ ਸੀ। ਰਾਜ ਦੇ ਪੇਸ਼ਵਾ ਅਤੇ ਉੱਚ ਅਧਿਕਾਰੀ ਇਸ ਨੂੰ ਜਾਤੀਗਤ ਬਰਾਬਰੀ ਦੇ ਨਾਂ ਤਹਿਤ ਜਾਇਜ਼ ਠਹਿਰਾਉਂਦੇ ਸਨ, ਪਰ ਅਸਲ ਵਿੱਚ ਇਹ ਸੀ ਇੱਕ ਅਜਿਹਾ ਅੱਤਿਆਚਾਰ ਜਿਸ ਤਹਿਤ ਔਰਤਾਂ ਨਾਲ ਪਸ਼ੂਆਂ ਵਾਂਗ ਵਿਵਹਾਰ  ਕੀਤਾ ਜਾਂਦਾ ਸੀ। ਐਸੀ ਅਮਨਾਵੀ ਅਤੇ ਕਰੂਰ ਵਿਵਸਥਾ ਦੇ ਖਿਲਾਫ ਆਈ ਨਾਂਗੇਲੀ – ਇੱਕ ਅਜਿਹੀ ਔਰਤ ਜੋ ਨਾ ਸਿਰਫ਼ ਆਪਣੀ ਫ਼ਸਲਾਂ ਅਤੇ ਨਾਰੀਅਲ ਦੇ ਰਸ ਨਾਲ ਜੀਵਨ ਚਲਾਉਂਦੀ ਸੀ, ਸਗੋਂ ਆਪਣੇ ਅੰਦਰ ਇੱਕ ਅੱਗ ਸਮੋਈ ਰੱਖਦੀ ਸੀ ਜੋ ਅਨਿਆਂ ਸਹਿਣ ਨਹੀਂ ਕਰ ਸਕਦੀ ਸੀ। ਉਸ ਨੇ ਆਪਣੇ ਪਤੀ ਚੀਰੂਕਾਂਡਨ ਨਾਲ ਮਿਲ ਕੇ ਉਹ ਫ਼ੈਸਲਾ ਲਿਆ ਜੋ ਇਤਿਹਾਸ ਵਿੱਚ ਅਮਰ ਹੋ ਗਿਆ।  ਉਸ ਨੇ ਵਿਵਸਥਾ ਦਾ ਵਿਰੋਧ ਕਰਦਿਆਂ ਆਪਣੀਆਂ ਛਾਤੀਆਂ ਢਕਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪੇਸ਼ਵਾ ਅਧਿਕਾਰੀ ਆਏ ਟੈਕਸ ਵਸੂਲਣ ਲਈ ਅਤੇ ਉਸ ਨੂੰ ਆਪਣੇ ਸਰੀਰ ਨੂੰ ਖੋਲ੍ਹਣ ਦਾ ਹੁਕਮ ਦਿੱਤਾ, ਤਾਂ ਨਾਂਗੇਲੀ ਨੇ ਨਹੀਂ ਮੰਨਿਆ। ਉਹ ਨੇ ਆਪਣੇ ਹੱਥ ਵਿੱਚ ਦਾਤਰੀ ਲਈ ਅਤੇ ਆਪਣੀਆਂ ਛਾਤੀਆਂ ਨੂੰ ਖੁਦ ਹੀ ਉਤਾਰ ਲਿਆ – ਉਹਨਾਂ ਨੂੰ ਬੇਲ ਪੱਤੇ ਤੇ ਰੱਖ ਕੇ ਅਧਿਕਾਰੀਆਂ ਨੂੰ ਫੜਾ ਦਿੱਤਾ। ਉਹ ਖੂਨ ਜੋ ਵਹਿਣ ਲੱਗਾ, ਉਹ ਨਾ ਸਿਰਫ਼ ਉਸ ਦੇ ਸਰੀਰ ਤੋਂ ਵਹਿ ਰਿਹਾ ਸੀ, ਸਗੋਂ ਉਹ ਰਾਜ ਦੀ ਕ੍ਰੂਰਤਾ ਖਿਲਾਫ਼ ਇੱਕ ਨਦੀ ਬਣ ਰਿਹਾ ਸੀ। ਨਾਂਗੇਲੀ ਨੇ ਆਪਣੀ ਜਾਨ ਨਾਲ ਇਹ ਸੁਨੇਹਾ ਦਿੱਤਾ ਕਿ ਮੇਰੇ ਸਰੀਰ  ਤੇ ਮੇਰਾ ਅਧਿਕਾ ਹੈ, ਤੁਹਾਡੀ ਇੱਛਾ ਨਹੀਂ। ਉਸ ਦੇ ਪਤੀ ਨੇ ਵੀ ਆਪਣੀ ਜਾਨ ਦਾ ਬਲੀਦਾਨ ਦਿੱਤਾ, ਅਤੇ ਉਹ ਖੇਤ ਜਿੱਥੇ ਉਹ ਵੱਸਦੇ ਸਨ, ਉਹ ‘ਮੁਲੱਚੀ ਪਰੰਬੂ’ – ਉਹ ਧਰਤੀ ਜੋ ਅੱਜ ਵੀ ‘ਸਤਨਾਂ (ਛਾਤੀਆਂ) ਵਾਲੀ ਔਰਤ ਦੀ ਧਰਤੀ’ ਵਜੋਂ ਜਾਣੀ ਜਾਂਦੀ ਹੈ। ਇਹ ਬਲੀਦਾਨ ਨਾ ਸਿਰਫ਼ ਵਿਅਕਤੀਗਤ ਵਿਰੋਧ ਸੀ, ਸਗੋਂ ਇੱਕ ਅੰਦੋਲਨ ਦਾ ਬੀਜ ਸੀ ਜਿਸ  ਨੇ ਪੂਰੇ ਰਾਜ ਨੂੰ ਹਿਲਾ ਕੇ ਰੱਖ ਦਿੱਤਾ। ਨਾਂਗੇਲੀ ਦੇ ਖੂਨ ਨੇ ਜੋ ਅੱਗ ਲਾਈ, ਉਹ ਫੈਲ ਗਈ ਅਤੇ ਬਣ ਗਿਆ ‘ਚੰਨਰ ਲਾਹਲਾ’ ਜਾਂ ‘ਮਾਰੂ ਮਰੱਕਲ ਸਮਾਰਮ’ – ਉਹ ਮਹਾਨ ਅੰਦੋਲਨ ਜੋ 1813 ਤੋਂ 1859 ਤੱਕ ਚੱਲਿਆ। ਨਾਡਰ ਅਤੇ ਐਝਾਵਾ ਔਰਤਾਂ ਨੇ ਆਪਣੇ ਉੱਪਰ ਵਾਲੇ ਕੱਪੜੇ ਓੜ੍ਹਣ ਦਾ ਅਧਿਕਾਰ ਮੰਗਿਆ, ਅਤੇ ਉੱਚ ਜਾਤੀਆਂ ਨੇ ਵਿਰੋਧ ਵਿੱਚ ਹਿੰਸਾ ਕੀਤੀ। ਘਰ ਤਬਾਹ ਕੀਤੇ ਗਏ, ਔਰਤਾਂ ਦੇ ਉੱਪਰਲੇ ਕੱਪੜੇ ਉਤਾਰ ਦਿੱਤੇ ਗਏ ਅਤੇ ਖੂਨ ਖਰਾਬਾ ਹੋਇਆ। ਪਰ ਔਰਤਾਂ ਨੇ ਹਾਰ ਨਾ ਮੰਨੀ। ਬ੍ਰਿਟਿਸ਼ ਮਿਸ਼ਨਰੀਆਂ ਨੇ ਵੀ ਸਹਾਇਤਾ ਕੀਤੀ ਅਤੇ ਅੰਤ ਵਿੱਚ ਰਾਜੇ ਉਥਰਮ ਥਿਰੂਨਲ ਨੇ 1859 ਵਿੱਚ ਇੱਕ ਫ਼ੈਸਲਾ ਸੁਣਾਇਆ ਜਿਸ ਨਾਲ ਨੀਵੀਆਂ ਜਾਤੀਆਂ ਦੀਆਂ ਔਰਤਾਂ ਨੂੰ ਆਪਣੇ ਸਰੀਰ ਨੂੰ ਢੱਕਣ ਦਾ ਅਧਿਕਾਰ ਮਿਲ ਗਿਆ। ਇਹ ਸੀ ਉਹ ਵੱਡੀ ਜਿੱਤ ਜੋ ਨਾਂਗੇਲੀ ਦੇ ਬਲੀਦਾਨ ਨਾਲ ਸੰਭਵ ਹੋਈ। ਉਹ ਨਾ ਸਿਰਫ਼ ਇੱਕ ਔਰਤ ਦੀ ਕਹਾਣੀ ਹੈ, ਸਗੋਂ ਇੱਕ ਸਮੁੱਚੀ ਕੌਮ ਦੇ ਸੰਘਰਸ਼ ਦਾ ਪ੍ਰਤੀਕ ਹੈ – ਜਿੱਥੇ ਔਰਤਾਂ ਨੇ ਆਪਣੇ ਸੰਘਰਸ਼ ਨਾਲ ਅਨਿਆਂ ਨੂੰ ਚੁਣੌਤੀ ਦਿੱਤੀ। ਵੀਰਾਂਗਣਾਂ ਨਾਂਗੇਲੀ ਦੀ ਬੀਰ ਗਾਥਾ ਹੀਰੇ ਵਾਂਗ ਚਮਕਦੀ ਹੈ । ਉਹ ਸਾਨੂੰ ਸਿਖਾਉਂਦੀ ਹੈ ਕਿ ਅਨਿਆਂ ਦੇ ਵਿਰੁੱਧ ਲੜਨਾ ਕੋਈ ਛੋਟੀ ਲੜਾਈ ਨਹੀਂ, ਸਗੋਂ ਇੱਕ ਅੰਤਰਾਤਮਾ ਦਾ ਵਿਦਰੋਹ ਹੈ ਜੋ ਨਾ ਡਰਦਾ ਹੈ ਅਤੇ ਨਾ ਹਾਰਦਾ ਹੈ। ਪੇਸ਼ਵਾ ਰਾਜ ਵਰਗੀ ਵਿਵਸਥਾ ਅੱਜ ਵੀ ਵੱਖਰੇ ਰੂਪ ਵਿੱਚ ਮੌਜੂਦ ਹੈ – ਜਾਤ ਪਾਤ, ਲਿੰਗ ਭੇਦਭਾਵ ਅਤੇ ਸਮਾਜਿਕ ਅੱਤਿਆਚਾਰ ਦੇ ਰੂਪ ਵਿੱਚ। ਪਰ ਨਾਂਗੇਲੀ ਵਾਂਗ ਹੀ ਅੱਜ ਦੀਆਂ ਔਰਤਾਂ ਵੀ ਅਨਿਆਂ ਵਿਰੁੱਧ ਲੜ ਰਹੀਆਂ ਹਨ ਅਤੇ ਉਸ ਦੀ ਗਾਥਾ ਇੱਕ ਬਲ਼ ਦਿੰਦੀ ਹੈ। ਉਸਨੂੰ ਭੁੱਲਣਾ ਨਹੀਂ ਚਾਹੀਦਾ – ਕਿਉਂਕਿ ਅਜਿਹੇ ਬਲੀਦਾਨ ਹੀ ਨਵੀਆਂ ਕਹਾਣੀਆਂ ਰਚਦੇ ਹਨ। ਜੋ ਅੱਜ ਵੀ ਅੰਦਰੋਂ ਅਨਿਆਂ ਵਿਰੁੱਧ ਲੜਨ ਦੀ ਅੱਗ ਜਗਾਉਂਦੀਆਂ ਹਨ।
ਲਾਲ ਸਿੰਘ ਸੁਲਹਾਣੀ 
9872155120
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ਮਸ਼ੇਰ ਸ਼ੇਰੀ ਦੀ ਬਰਸੀ ਮਨਾਉਣ ਸਬੰਧੀ ਮੀਟਿੰਗ ਹੋਈ
Next articleਮੁਸਲਮਾਨਾਂ ਤੇ ਐੱਸ ਸੀ ਵਰਗ ਦਾ ਜਿੰਨਾ ਘਾਣ ਮੰਨੂਵਾਦੀਆਂ ਨੇ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ-ਸੋਮ ਦੱਤ ਸੋਮੀ