**ਨਾਨਕ ਦਾ ਮੱਕਾ****

ਰਿਤੂ ਵਾਸੂਦੇਵ
ਰਿਤੂ ਵਾਸੂਦੇਵ
(ਸਮਾਜ ਵੀਕਲੀ) ਮੱਕਾ ਮਦੀਨਾ ਕਿਸੇ ਕੌਮ ਦੀ ਜਾਗੀਰ ਨਹੀਂ ਹੈ, ਮੱਕਾ ਕੋਈ ਜੀਵਨ ਦੀ ਮੰਜਿਲ ਵੀ ਨਹੀਂ ਹੈ, ਮੱਕਾ ਤਾਂ ਉਹ ਰਾਹਗੁਜ਼ਰ ਹੈ ਜਿਸ ਵਿੱਚੋਂ ਕਈ ਪੀਰ, ਫ਼ਕੀਰ , ਸਾਧੂ, ਸੰਤ, ਦਰਵੇਸ਼, ਗੁਰੂ, ਮੁੱਲਾਂ , ਕਾਜੀ, ਪੰਡਿਤ ਹੋ ਗੁਜਰੇ ਹਨ। ਨਾਨਕ ਜੀ ਵੀ ਉਸੇ ਰਾਹ ਦੇ ਰਾਹੀ ਸਨ ਤੇ ਸਫ਼ਰ ਦੌਰਾਨ ਹੀ ਉਨ੍ਹਾਂ ਦੇ ਰਸਤੇ ਵਿੱਚ ਮੱਕਾ ਆ ਗਿਆ ਸੀ। ਨਾਨਕ ਜੀ ਨੇ ਮੱਕੇ ਤੇ ਕੋਈ ਕਬਜ਼ਾ ਨਹੀਂ ਕਰ ਲਿਆ, ਤੇ ਨਾ ਹੀ ਕਿਸੇ ਧਰਮ ਦੀ ਉਲੰਘਣਾ ਜਾਂ ਬੇਅਦਬੀ ਕੀਤੀ, ਕਿਉਂਕਿ ਧਰਮ ਦੀ ਬੇਅਦਬੀ ਹੋ ਹੀ ਨਹੀਂ ਸਕਦੀ, ਜਿਸ ਦੀ ਬੇਅਦਬੀ ਹੋ ਜਾਵੇ ਉਹ ਧਰਮ ਕਾਹਦਾ? ਜੇ ਧਰਮ ਦੇ ਅੰਦਰ, ਐਨੀ ਵੀ ਕਾਬਲੀਅਤ ਨਹੀਂ ਕਿ ਉਹ ਆਪਣੇ ਅਦਬ ਦਾ ਖਿਆਲ ਰੱਖ ਸਕੇ ਤੇ ਕਿਸੇ ਦੇ ਕੀਤਿਆਂ ਉਸਦੀ ਬੇਅਦਬੀ ਹੋ ਜਾਵੇ, ਫਿਰ ਅਜਿਹੇ ਧਰਮ ਨੂੰ ਮੰਨਣ ਦੀ ਲੋੜ ਕੀ ਹੈ? ਅਜਿਹੇ ਧਰਮ ਤੇ ਆਸਥਾ ਕਾਹਦੀ? ਜਿਸਦੀ ਬੇਅਦਬੀ ਹੋ ਜਾਵੇ, ਉਹ ਅਦਬ ਕਾਹਦਾ? ਨਾਨਕ ਆਪਣੇ ਹਿੱਸੇ ਦਾ ਮੱਕਾ ਤਲਾਸ਼ ਕਰਦੇ ਸਨ, ਉਹਨਾਂ ਨੂੰ ਕਿਸੇ ਦੇ ਮੱਕੇ ਨਾਲ ਕੀ? ਨਾਨਕ ਤਾਂ ਬਾਹਰਮੁਖੀ ਮੱਕੇ ਦੀ ਗੱਲ ਕਰਦੇ ਹੀ ਨਹੀਂ! ਉਹ ਤਾਂ ਅੰਤਰਮੁਖੀ ਮੱਕਾ ਘੁਮਾਉਣ ਦੀ ਗੱਲ ਕਰਦੇ ਹਨ, ਨਾਨਕ ਆਪੋ ਆਪਣੇ ਹਿੱਸੇ ਦੇ ਮੱਕੇ ਦੀ ਗੱਲ ਕਰਦੇ ਹਨ। ਉਹ ਕਹਿੰਦੇ ਹਨ, “ਵਾਹਿਗੁਰੂ ਜਿੱਥੇ ਨਹੀਂ ਹਨ ਉਧਰ ਮੇਰੇ ਪੈਰ ਕਰ ਦਿਓ” ਨਾਨਕ ਦੇ ਏਨਾ ਕਹਿਣ ਤੇ ਹੀ ਮੱਕੇ ਦੀ ਇਮਾਰਤੀ ਤਾਮੀਰ ਗਿਰ ਜਾਂਦੀ ਹੈ। ਇੱਕ ਸ਼ਬਦ ਵਿੱਚ ਉਹ ਮਨ ਦਾ ਮਣਕਾ ਫੇਰ ਦਿੰਦੇ ਹਨ। ਜੇ ਸਾਰੇ ਸੰਸਾਰ ਦੇ ਲੋਕ, ਆਪੋ ਆਪਣਾ ਮੱਕਾ ਮੌਨ ਧਾਰ ਕੇ ਤਲਾਸ਼ ਕਰਨ ਤਾਂ ਹਜ਼ੂਰ ਮੁਹੰਮਦ ਸਾਹਿਬ ਜੀ ਵੀ ਰਾਜ਼ੀ ਹੋ ਜਾਣਗੇ, ਪਰ ਬਾਹਰਮੁਖੀ ਲੋਕ ਹਿੰਸਕ ਹੋ ਕੇ ਧਰਮ ਦੀ ਰਾਖੀ ਕਰਨ ਤੁਰ ਪੈਂਦੇ ਹਨ। ਨਾਨਕ ਜੀ ਦੀ ਬਾਣੀ ਵਿੱਚ ਜੀਵਨ ਦੇ ਰਹੱਸ, ਤਸਬੀਹਾਂ ਅਤੇ ਅਲੰਕਾਰਾਂ ਦਾ ਪਰਦਾ ਕਰਕੇ ਛੁਪੇ ਹੋਏ ਹਨ। ਪੀਰ ਨਾਨਕ ਜਿਸ ਧਰਤੀ ਤੇ ਕਦਮ ਰੱਖਦੇ ਹਨ ਤੇ ਜਿਸ ਦੇ ਸਿਰ ‘ਤੇ ਹੱਥ ਰੱਖਦੇ ਹਨ, ਉਸ ਧਰਤੀ ਅਤੇ ਉਸ ਇਨਸਾਨ ਦਾ ਰੂਪਾਂਤਰਣ ਹੋ ਜਾਂਦਾ ਹੈ, ਉਹ ਇਨਸਾਨ ਅਤੇ ਉਹ ਜਗ੍ਹਾ ਪੂਜਣ ਯੋਗ ਹੋ ਜਾਂਦੀ ਹੈ। ਬਿਲਕੁਲ ਏਸੇ ਤਰ੍ਹਾਂ ਹਜੂਰ ਮੁਹੰਮਦ ਸਾਹਿਬ ਜੀ, ਪੀਰ ਹਜ਼ਰਤ ਸ਼ੇਰੇ ਖ਼ੁਦਾ ਮੌਲਾ ਅਲੀ ਨੂੰ ਪੂਜਣ ਯੋਗ ਕਰ ਦਿੰਦੇ ਹਨ। ਨਾਨਕ ਕਾਅਬੇ ਦੀ ਪਰਿਕ੍ਰਮਾ ਕਰਦੇ ਹਨ ਤੇ ਆਰਤੀ ਗਾਉਂਦੇ ਹਨ, **ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ****
 ਅਸਲ ਵਿੱਚ ਇੱਕ ਮਹਾਨ ਆਤਮਾ ਦੂਜੀ ਮਹਾਨ ਆਤਮਾ ਦੀ ਪਰਿਕ੍ਰਮਾ ਕਰਦੀ ਹੈ ਤੇ **ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ***  ਮਿਲਣ ਦਾ ਗੀਤ ਹੋ ਜਾਂਦਾ ਹੈ ਨਾਨਕ ਦੇ ਹਿੱਸੇ ਦਾ ਮੱਕਾ ਕੋਈ ਨਹੀਂ ਖੋਹ ਸਕਦਾ, ਕਿਉਂਕਿ ਨਾਨਕ ਦਾ ਮੱਕਾ ਹਰ ਹਿੰਦੂ, ਸਿੱਖ, ਮੁਸਲਿਮ ਦੀ ਵਿਚਾਰਧਾਰਾ ‘ਚ ਪਿਆ ਹੋਇਆ ਹੈ, ਜਿਸਨੂੰ ਐਨੀ ਕੁ ਗੱਲ ਦੀ ਸਮਝ ਆ ਜਾਂਦੀ ਹੈ ਉਸਨੂੰ ਮੱਕੇ ਜਾਣ ਦੀ ਲੋੜ ਨਹੀਂ ਪੈਂਦੀ। ਹੁ ਬ ਹੂ ਕਾਅਬਾ ਉਸਦੇ ਅੰਦਰ ਤਾਮੀਰ ਹੋ ਜਾਂਦਾ ਹੈ ਤੇ ਏਸੇ ਤਰ੍ਹਾਂ ਉਹ ਆਪਣੇ ਹਿੱਸੇ ਦੇ ਮੱਕੇ ਦਾ ਮਾਲਕ ਹੋ ਜਾਂਦਾ ਹੈ। ਜਦੋਂ ਅਤਿਥੀ ਨਾਨਕ ਜੀ ਵਰਗੇ ਹੋਣ, ਤਾਂ ਮੱਕੇ ਮਦੀਨੇ ਵਿੱਚ ਰੌਣਕਾਂ ਲੱਗ ਜਾਂਦੀਆਂ ਹਨ ਅਤੇ ਹਜ਼ੂਰ ਮੁਹੰਮਦ ਸਾਹਿਬ ਜੀ ਦਾ ਰੁਤਬਾ ਹੋਰ ਉੱਚਾ ਹੋ ਜਾਂਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੱਖਰ ਮੰਚ ਵੱਲੋਂ ਡਾਕਟਰ ਸਰਦੂਰ ਸਿੰਘ ਔਜਲਾ ਦੀ ਅਨੁਵਾਦ ਕੀਤੀ ਪੁਸਤਕ 873 ਕਿਲੋ ਮੈਗਾਹਾਰਟਜ ਦੀ ਘੁੰਡ ਚੁਕਾਈ ਕੀਤੀ ਗਈ
Next articleਪੀ ਐਚ ਡੀ ਬਾਰੇ ਬੁੱਧ ਸਿੰਘ ਨੀਲੋਂ ਦੀ ਖ਼ੋਜ