(ਸਮਾਜ ਵੀਕਲੀ)
ਮੈਂਨੂੰ ਸੁਪਨੇ ਦੇ ਵਿੱਚ ਬਾਬਰ ਆਣ ਡਰਾਉੰਦਾ ਏ
ਨਾਨਕ ਜੀ ਮੈਂਨੂੰ ਕਿਉਂ ਇਹ ਸੁਪਨਾ ਆਉਂਦਾ ਏ?
ਤੂੰ ਅਗਮ ਨਿਗਮ ਦੀਆਂ ਬਾਤਾਂ ਜਿਹੜੀਆਂ ਪਾਉਂਦਾ ਸੀ
ਤੈਨੂੰ ਪਾਂਧਾ ਪੁੱਛੇ ਫੱਟੀ ‘ਤੇ ਕੀ ਵਾਹੁੰਦਾ ਸੀ ?
ਤੂੰ ਕਿਉਂ ਨਹੀਂ ਦੱਸੀ ਕਾਲ਼ੂ ਨੂੰ ਗੱਲ ਰਮਜ਼ਾਂ ਦੀ
ਤੇ ਮਾਂ ਨੂੰ ਕਥਾ ਸੁਣਾਈ ਉੱਚੀਆਂ ਸਮਝਾਂ ਦੀ
ਤੂੰ ਕੈਸੀ ਵਿਓਂਤ ਬਣਾ ਕੇ ਕੁਦਰਤ ਗੁੰਦੀ ਸੀ?
ਦੱਸ ਕਿਹੜੀ ਘੜੀ ਮਹੂਰਤ ਵਾਲੀ ਹੁੰਦੀ ਸੀ ?
ਦੱਸ ਉੱਤੇ ਕਿਹੜੇ ਮਾਹੀ ਦੇ ਹੱਥ ਰਹਿੰਦੇ ਸੀ?
ਜੋ ਪੱਥਰ ਹੇਠ ਪਏ ਨੂੰ ਅੰਨਜਲ ਦੇਂਦੇ ਸੀ ?
ਦੱਸ ਭਵਜਲ ਕਿਹੜੇ ਪਾਰ ਕਰੇਂਦੇ ਤਾਰੂ ਸੀ
ਜੋ ਅਵਰ ਜਨਾਂ ਦੇ ਹੌਂਸਲਿਆਂ ‘ਤੇ ਭਾਰੂ ਸੀ
ਤੂੰ ਡੀਠੇ ਨੂੰ ਕਿੰਝ ਡੀਠਾ ਗੱਲ ਸਮਝਾਈਂ ਤਾਂ
ਮੇਰੀ ਅਲਪ ਸਮਝ ਦੇ ਅੰਦਰ ਥੋੜ੍ਹਾ ਪਾਈਂ ਤਾਂ
ਤੂੰ ਗੁਰਮੁੱਖ ਹੋਣ ਦੀ ਸਿੱਖਿਆ ਦਿੱਤੀ ਪ੍ਰਾਣੀ ਨੂੰ
ਨਾਲ਼ੇ ਹਵਾ ਨੂੰ ਆਖਿਆ ਗੁਰੂ ਤੇ ਅੱਬਾ ਪਾਣੀ ਨੂੰ
ਕਿਉਂ ਗੱਲਾਂ ਕਰੇਂ ਉਦਾਸੀ ਲੰਮੀ ਜਾਣ ਦੀਆਂ ?
ਤੈਨੂੰ ਖਿੱਚਾਂ ਪਾਈਆਂ ਸੀ ਕਿਸ ਨੇ ਨਿਰਵਾਣ ਦੀਆਂ?
ਤੂੰ ਰੱਖੇਂ ਆਪਣੀ ਪੀਰੀ ਸਦਾ ਲਕੋ ਕਿੱਦਾਂ?
ਦੱਸ ਤਕੜੇ ਦਾ ਹੈ ਸੱਤੀਂ ਵੀਹੀਂ ਸੌ ਕਿੱਦਾਂ?
ਸਾਡੇ ਵੇਖ ਖ਼ੇਤ ਖ਼ਲਿਹਾਣ ਉਜਾੜੇ ਹੋਏ ਨੇ
ਘਰ ਭਾਈਆਂ ਨੇ ਭਾਈਆਂ ਦੇ ਪਾੜੇ ਹੋਏ ਨੇ
ਸਾਡੇ ਮਿੱਠੇ ਜਲ ਨੂੰ ਘੜਨ ਸਕੀਮਾਂ ਖੋਹਣ ਦੀਆਂ
ਤੇ ਹੋਵਣ ਗੱਲਾਂ ਲੂਣੇ ਰੋਟ ਪਕਾਉਣ ਦੀਆਂ
ਅਸਾਂ ਝੁੱਗੀ ਦੇ ਵਿੱਚ ਬਲ਼ਦੀ ਅੱਗ ਮਚਾ ਲਈ ਏ
ਤੇ ਬਾਲੇ ਵਾਲ਼ੀ ਸਾਖੀ ਕਿਤੇ ਗੰਵਾ ਲਈ ਏ
~ ਰਿਤੂ ਵਾਸੂਦੇਵ