ਸਮੇਂ ਸਮੇਂ ਦੇ ਹਾਕਮਾਂ ਦੇ ਨਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਥੋਡੇ ਵਾਂਗੂੰ ਮਾਫ਼ੀ ਮੰਗ ਖਹਿੜਾ ਨਾ ਛੁਡਾਇਆ ਸੀ ।
ਬੰਦੀ ਧੀਆਂ ਭੈਣਾਂ ਤਾਈਂ ਰਿਹਾ ਕਰਵਾਇਆ ਸੀ ।
ਜਿਹੜੀ ਮਰਜ਼ੀ ਲੜਾਈ ਕੱਢ ਵੇਖ ਲਓ ,
ਅਸੀਂ ਪਾਈ ਹੈ ਸ਼ਹੀਦੀ ਸਦਾ ਲੜ ਲੜ ਕੇ ।
ਸਾਨੂੰ ਅੱਤਵਾਦੀ ਵੱਖਵਾਦੀ ਕਹਿਣ ਵਾਲ਼ਿਓ ,
ਪਹਿਲਾਂ ਵੇਖੋ ਸਾਡਾ ਪੂਰਾ ਇਤਿਹਾਸ ਪੜ੍ ਕੇ ।

ਪੂਰੇ ਗੁਲਦਸਤੇ ‘ਚੋਂ ਫੁੱਲ ਜਿਉਂ ਗੁਲਾਬੀ ਹਾਂ ।
ਹਿੰਦੂ , ਸਿੱਖ , ਮੁਸਲਿਮ ਹੋ ਕੇ ਵੀ ਪੰਜਾਬੀ ਹਾਂ ।
ਬਾਕੀ ਲੋਕਾਂ ਵਾਂਗੂੰ ਜੂਨ ਨਹੀਂਓਂ ਕੱਟਦੇ ,
ਸਗੋਂ ਜ਼ਿੰਦਗ਼ਾਨੀ ਮਾਣਦੇ ਹਾਂ ਅੜ ਅੜ ਕੇ ।
ਸਾਨੂੰ ਦੇਸ਼ ਦੇ ਗ਼ਦਾਰ ਕਹਿਣ ਵਾਲ਼ਿਓ ,
ਪਹਿਲਾਂ ਵੇਖੋ ਸਾਡਾ ਪੂਰਾ ਇਤਿਹਾਸ ਪੜ੍ ਕੇ ।

ਦੇਸ਼ ਲਈ ਹਾਂ ਜਾਨ ਸਦਾ ਤਲ਼ੀਆਂ ‘ਤੇ ਧਰਦੇ ।
ਸਾਰਿਆਂ ਕੰਮਾਂ ‘ਚ ਸਦਾ ਮੋਹਰੀ ਰੋਲ ਕਰਦੇ ।
ਲਾਟ ਬਲ਼ਦੀ ਜਦੋਂ ਵੀ ਕਿਤੇ ਵੇਖੀਏ ,
ਅਸੀਂ ਮਿਟ ਜਾਈਏ ਪਰਵਾਨੇ ਵਾਂਗੂੰ ਸੜ ਕੇ ।
ਸਾਨੂੰ ਅੱਤਵਾਦੀ ਵੱਖਵਾਦੀ ਕਹਿਣ ਵਾਲ਼ਿਓ ,
ਪਹਿਲਾਂ ਵੇਖੋ ਸਾਡਾ ਪੂਰਾ ਇਤਿਹਾਸ ਪੜ੍ ਕੇ ।

ਪਹਿਲਾਂ ਕਦੇ ਮੁੱਲ ਦੀ ਲੜਾਈ ਨਾ ਖਰੀਦੀਏ ।
ਮਿੱਤਰ ਪਿਆਰੇ ਲਈ ਹਾਂ ਬਣਦੇ ਮੁਰੀਦੀਏ ।
ਪਹਿਲਾਂ ਸਿੰਗ ਜੇ ਫਸਾਵੇ ਸਾਡੇ ਨਾਲ਼ ਕੋਈ ,
ਉਹਨੂੰ ਦਿੰਨੇਂ ਆਂ ਜਵਾਬ ਸਦਾ ਘੜ ਘੜ ਕੇ ।
ਸਾਨੂੰ ਦੇਸ਼ ਦੇ ਗ਼ਦਾਰ ਕਹਿਣ ਵਾਲ਼ਿਓ ,
ਪਹਿਲਾਂ ਵੇਖੋ ਸਾਡਾ ਪੂਰਾ ਇਤਿਹਾਸ ਪੜ੍ ਕੇ ।

‘ਕੱਲੀ ‘ਕੱਲੀ ਗੱਲ ਦਾ ਵੀ ਰੱਖਿਆ ਖ਼ਿਆਲ ਹੈ ।
‘ਕੱਲੇ ਨਹੀਂਓਂ ਸਾਰਾ ਪਿੰਡ “ਰੰਚਣਾਂ” ਵੀ ਨਾਲ਼ ਹੈ ।
ਸਾਡੇ ਰੁਲ਼ਦੂ ਹੁਰਾਂ ਨੇ ਸਦਾ ਪਹਿਰੇਦਾਰੀ ਕੀਤੀ ,
ਵੈਰੀ ਜਦੋਂ ਆਏ ਦੇਸ਼ ਉੱਤੇ ਚੜ੍ ਚੜ੍ ਕੇ ।
ਸਾਨੂੰ ਅੱਤਵਾਦੀ ਵੱਖਵਾਦੀ ਕਹਿਣ ਵਾਲ਼ਿਓ ,
ਪਹਿਲਾਂ ਵੇਖੋ ਸਾਡਾ ਪੂਰਾ ਇਤਿਹਾਸ ਪੜ੍ ਕੇ ।

ਮੂਲ ਚੰਦ ਸ਼ਰਮਾ

ਉਰਫ਼ ਰੁਲ਼ਦੂ ਰੰਚਣਾਂ ਵਾਲ਼ਾ .
9914836037

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTaliban envoy again seeks UN acceptance
Next articleਚਿਹਰੇ