ਝੋਨਾ ਲਾਉਣ ਵਾਲੇ ਮਜ਼ਦੂਰ ਸਾਥੀਆਂ ਦੇ ਨਾਂ

ਮੀਨਾ ਮਹਿਰੋਕ

(ਸਮਾਜ ਵੀਕਲੀ)

ਹਨੇਰੇ ਮੂੰਹੀਂ
ਸਵੇਰ ਸਾਰ
ਘਰੋਂ ਨਿਕਲਦੇ
ਨਾਲ ਨਾਲ ਚੱਲਦੀਆਂ
ਕਿੰਨੀਆਂ ਹੀ ਮਜ਼ਬੂਰੀਆਂ ,
ਕਿੰਨੀਆਂ ਜ਼ਿੰਮੇਵਾਰੀਆਂ,
ਕਿੰਨੇ ਫ਼ਿਕਰ ,
ਰਾਸ਼ਣ
ਬਿੱਲ
ਦਵਾਈ ਦੱਪਾ
ਤੇ ਹੋਰ ਕਿੰਨਾ ਹੀ ਕੁਝ !

ਫੇਰ ਵੀ ਹੱਸਦੇ ਬਾਦਸ਼ਾਹਾਂ ਦੀ ਤਰਾਂ ,
ਚਹਿਕਦੇ ਪੰਛੀਆਂ ਵਾਂਗਰਾਂ ,
ਰੁਮਕਦੇ ਹਵਾਵਾਂ ਦੇ ਨਾਲ ਨਾਲ ,
ਤੇ ਤੁਰਦੇ ਸੀਨਾ ਤਾਣ ਤਾਣ !

ਸੂਰਜ !
ਸੂਰਜ ਵੀ ਗੜੇ ਪੈਣਾ
ਕਿੰਨਾ ਨੇੜੇ ਹੋ ਜਾਂਦਾ ਇਹਨੀਂ ਦਿਨੀਂ
ਧਰਤੀ ਦੀ ਹਿੱਕ ਸਾੜਦਾ ,
ਪਿੰਡੇ ਰ੍ਹਾੜਦਾ !

ਤੀਲਾ-ਤੀਲਾ ,
ਕਿਆਰੀ-ਕਿਆਰੀ ,
ਮਰਲਾ-ਮਰਲਾ ,
ਤੇ ਫੇਰ ਕਿੱਲਿਆਂ ਦੇ ਕਿੱਲੇ !

ਪਹਾੜਾਂ ਵਰਗਾ ਦਿਨ
ਢੂਈ ਨਿਬਾ ਕੇ
ਮੁੜ੍ਹਕਾ ਵਹਾ ਕੇ
ਨਿਕਲਦਾ !

ਸਟੀਲ ਦਾ ਗਿਲਾਸ ਫੜ੍ਹ
ਘੜੀ ਬੱਧੀ ਛਾਵੇਂ
ਘੱਟ ਦੁੱਧ ਵਾਲੀ ਚਾਹ ਦਾ ਆਸਰਾ ਲੈਕੇ
ਬੈਠੇ ਰਹਿਣਾ !

ਕਿਸ ਕੋਲ ਹਿੰਮਤ ਬਚੀ ਉੱਠ ਕੇ ਪਰਤਣ ਦੀ ,
ਲੂਸਦੇ ਪੈਰ
ਪਿਛਾਂਹ ਨੂੰ ਧੱਕਦੇ ,
ਤੇ ਤੰਗੀਆਂ ਤਰੁਸ਼ੀਆਂ ਅਗਾਂਹ ਨੂੰ !

ਹਰ ਉਮਰ ਦੀਆਂ ਅਲੱਗ ਗੱਲਾਂ ,
ਵੱਖਰੇ ਕਿੱਸੇ
ਕਰਦਿਆਂ ਸੁਣਦਿਆਂ ,
ਢਲ ਜਾਂਦਾ ਚੜ੍ਹਿਆ ਦਿਨ ਵੀ
ਤੇ ਪੈ ਜਾਂਦਾ ਝੋਲ਼ੀ
ਫ਼ਿਕਰ ਲੱਥਣ ਦਾ ਵਸੀਲਾ
ਛੋਟਾ ਮੋਟਾ !

ਸਾਥੀਓ !
ਕੜਕਦੀਆਂ ਧੁੱਪਾਂ ਦਾ ਸੇਕ
ਮੈਂ ਪਿੰਡੇ ਤੇ ਤਾਂ ਨਹੀਂ ਜ਼ਰ ਰਹੀ ਹੁੰਦੀ
ਪਰ ਮਹਿਸੂਸਦੀ ਹਾਂ
ਹਰ ਉਹ ਪੀੜ ,
ਹਰ ਉਹ ਤਕਲੀਫ਼ ,
ਹਰ ਉਹ ਥਕਾਵਟ ,
ਹਰ ਉਹ ਬੇਬੱਸੀ ,

ਹਰ ਰੋਜ਼ ਗੁਜ਼ਰਦੀ ਹਾਂ
ਠੀਕ ਓਸੇ ਹੀ ਦਰਦ ਅੰਦਰੋਂ
ਜਿਸਦੀ ਚੀਸ ਤੁਹਾਡੇ ਤੋਂ ਮੇਰੇ ਤੱਕ ਸਫ਼ਰ ਕਰਦੀ !

ਤੁਹਾਡਾ ਦਰਦ ਹੰਢਾ ਸਕਾਂ ,
ਮੈਨੂੰ ਰੱਬ ਨੇ ਤੁਹਾਡੇ ਜਿੱਡਾ ਕਾਲ਼ਜਾ ਨਹੀਂ ਦਿੱਤਾ ।
ਪਰ ਬਹੁਤ ਵੱਡਾ ਦਿਲ ਦਿੱਤਾ ਹੈ
ਜੋ ਹਰ ਵਕਤ ਦੁਆਵਾਂ ਕਰਦਾ ,
ਅਰਦਾਸ ਚ ਬਹਿੰਦਾ ,

ਕਿ ਸ਼ਾਲਾ !
ਵੱਡੀਆਂ ਬਰਕਤਾਂ ਹੋਵਣ ਇਹਨਾਂ ਨਿੱਕੀਆਂ ਕਮਾਈਆਂ ਵਿੱਚ
ਜਦ ਪਰਤੋ ਘਰਾਂ ਨੂੰ
ਘਰ ਮਹਿਕਦਾ ਮਿਲੇ !
ਜੀ-ਜੀ ਟਹਿਕਦਾ ਮਿਲੇ !

ਨਿੱਕੀਆਂ ਕਮਾਈਆਂ ਵਾਲਿਆਂ ਨੂੰ
ਮੇਰੇ ਵੱਡੇ ਸਲਾਮ !

ਮੀਨਾ ਮਹਿਰੋਕ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleKathmandu cinema halls stop screening of ‘Adipurush’
Next articleਰਿਸ਼ਤੇ ਜੋਂ ਮਜਬੂਤ ਹੁੰਦੇ ਨੇ