ਸਾਡਾ ਅਮੀਰ ਪੰਜਾਬੀ ਵਿਰਸਾ ਨਾਮ ਕਰਣ

(ਸਮਾਜ ਵੀਕਲੀ)

ਕਈ ਸਾਲ ਤੋਂ ਮੈਂ ਤੇ ਮੋਨੀਕਾ ਇਕੱਠੇ ਕੰਮ ਕਰ ਰਹੇ ਸੀ। ਕਈ ਵਾਰ ਉਹ ਮੈਨੂੰ ਸਾਡੇ ਪੰਜਾਬੀ ਸੱਭਿਆਚਾਰ ਵਾਰੇ ਪੁੱਛਦੀ ਤੇ ਕਈ ਵਾਰ ਮੈਂ ਉਸ ਨੂੰ । ਮੈਂ ਤਾਂ ਸਾਡੇ ਪੰਜਾਬੀ ਸੱਭਿਆਚਾਰ ਵਾਰੇ ਕਈ ਕਈ ਘੰਟੇ ਤੱਕ ਗੱਲਾ ਕਰ ਲੈੰਦੀ ਤੇ ਉਹ ਬੜੇ ਪਿਆਰ ਨਾਲ ਸੁਣਦੀ ਵੀ ਰਹਿੰਦੀ। ਅੱਜ ਉਸ ਦੇ ਕਿਸੇ ਰਿਸ਼ਤੇਦਾਰ ਘਰ ਬੱਚੀ ਨੇ ਜਨਮ ਲੈਣਾ ਸੀ , ਮਾਂ ਹਸਪਤਾਲ ਦਾਖਲ ਸੀ। ਉਹ ਸਵੇਰੇ ਆਉਂਦੇ ਸਾਰ ਕਹਿਣ ਲੱਗੀ ਟੀਨਾਂ ਦਾ ਜਨਮ ਅੱਜ ਹੋ ਜਾਣਾ, ਅੱਜ ਟੀਨਾਂ ਨੇ ਸਾਡੇ ਪਰਿਵਾਰ ਵਿੱਚ ਕਿਲਕਾਰੀਆਂ ਲੈ ਲੈਣੀ।

ਮੈਂ ਹੈਰਾਨੀ ਨਾਲ ਪੁੱਛਿਆ ਟੀਨਾਂ ਦਾ ਜਨਮ ?

ਬੇਟਾ ਹੈ ਜਾ ਬੇਟੀ ਇਹ ਵੀ ਤੈਨੂੰ ਪਹਿਲਾ ਹੀ ਪਤਾ ?

ਉਹ ਆਖਣ ਲੱਗੀ ਚਾਰ ਮਹੀਨੇ ਪਹਿਲਾ ਦਾ ਪਤਾ ਤੇ ਨਾਮ ਰੱਖੇ ਨੂੰ ਵੀ ਤਿੰਨ ਮਹੀਨੇ ਹੋ ਗਏ।

ਮੈਂ ਕਿਹਾ ਮੇਰੇ ਲਈ ਇਹ ਬਹੁਤ ਅਚੰਭੇ ਵਾਲੀ ਗੱਲ ਹੈ ਕਿਉਂਕਿ ਸਾਡੇ ਤਾਂ ਪੰਜਾਬੀ ਸੱਭਿਆਚਾਰ ਵਿੱਚ ਬੱਚਾ ਹੋਣ ਤੋਂ ਬਾਅਦ ਹੀ ਪਤਾ ਲੱਗਦਾ ਕਿ ਮੁੰਡਾ ਹੈ ਜਾ ਕੁੜੀ ਹੈ ।

ਨਾਮ ਰੱਖਣ ਲਈ ਵੀ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਇੱਕ ਖਾਸ ਤਰੀਕਾ ਹੈ ।

ਹੇ ਨਾਮ ਰੱਖਣ ਦਾ ਵੀ ਤਰੀਕਾ ? ਕੀ ਮਤਲਬ ਉਸ ਨੇ ਕਿਹਾ !
ਲੈ ਸੁਣ ਫੇਰ ਜ਼ਰਾ ਗੋਰ ਨਾਲ !

ਜਦੋਂ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਘਰ ਵਿੱਚ ਨੰਨਾ ਮਹਿਮਾਨ ਆਉਂਦਾ ਹੈ ਭਾਵ ਬੱਚਾ ਹੋ ਜਾਂਦਾ ਹੈ ਤਾਂ ਅਗਲੀ ਸਵੇਰ ਘਰ ਦੇ ਵਡੇਰੇ ਰਲਕੇ , ਬੜੀ ਸੁੱਚਮ ਨਾਲ ਦੇਗ ਬਣਾ ਕੇ ਗੁਰੂਦੁਆਰਾ ਸਾਹਿਬ ਜਾਂਦੇ ਹਨ ਤੇ ਉੱਥੇ ਜਾ ਕੇ ਗੁਰਦੁਆਰੇ ਦੇ ਭਾਈ ਸਾਹਿਬ ਨੂੰ ਦੱਸਦੇ ਹਨ ਕਿ ਅਸੀਂ ਨਵਜੰਮੇ ਬੱਚੇ ਦੇ ਨਾਮ ਦਾ ਅੱਖਰ ਲੈਣ ਆਏ ਹਾਂ । ਭਾਈ ਸਾਹਿਬ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਹਾਂਵਾਕ/ ਹੁਕਮਨਾਮਾ ਸਾਹਿਬ ਲੈੰਦੇ ਹਨ ਤੇ ਪਰਿਵਾਰ ਨੂੰ ਪੜਕੇ ਸੁਣਾਉਂਦੇ ਹਨ। ਜੋ ਵੀ ਹੁਕਮਨਾਮਾ ਸਾਹਿਬ ਦਾ ਪਹਿਲਾ ਅੱਖਰ ਹੋਵੇ ਉਸ ਅੱਖਰ ਤੋਂ ਨਾਮ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਪਰਿਵਾਰ ਵਾਲੇ ਨਾਮ ਆਪਣੀ ਪਸੰਦ ਦਾ ਰੱਖ ਸਕਦੇ ਹਨ ਪਰ ਨਾਮ ਦੇ ਪਿੱਛੇ ਕੁੜੀਆਂ ਨੂੰ ਕੌਰ ਤੇ ਮੁੰਡਿਆਂ ਨੂੰ ਸਿੰਘ ਲਗਾਉਂਦੇ ਹਨ ਜੋ ਕਿ ਸਾਡੀ ਸਿੱਖ ਧਰਮ ਦੇ ਬੱਚਿਆ ਦੀ ਖਾਸ ਪਹਿਚਾਣ ਹੈ । ਇਹ ਕੌਰ ਤੇ ਸਿੰਘ ਸਾਨੂੰ ਸਾਡੇ ਗੁਰੂ ਸਾਹਿਬ ਦੀ ਖਾਸ ਦੇਣ ਹੈ।
ਇਸ ਤਰਾਂ ਸਾਡੇ ਨਵਜੰਮੇ ਬੱਚੇ ਦਾ ਨਾਮ ਰੱਖਦੇ ਹਨ ।

ਉਹ ਸੁਣ ਕੇ ਆਖਣ ਲੱਗੀ

ਬਹੁਤ ਕਮਾਲ ਦਾ ਤਰੀਕਾ , ਸਾਡੇ ਇਸ ਤਰਾਂ ਦਾ ਕੁਝ ਵੀ ਨਹੀਂ ਹੈ ।

ਮੈਂ ਕਿਹਾ ਕਿਸੇ ਹੋਰ ਸੱਭਿਆਚਾਰ ਕੋਲ ਬਹੁਤ ਕੁਝ ਨਹੀਂ ਹੈ ਜੋ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਵਿਲੱਖਣ ਤੇ ਖਾਸ ਹੈ , ਤਾਂ ਹੀ ਅਸੀਂ ਭਿੰਨ ਹਾਂ , ਤਾਂ ਹੀ ਅਸੀਂ ਖਾਸ ਹਾਂ ਜੋ ਭੀੜ ਵਿੱਚ ਵੀ ਵੱਖਰੇ ਦਿਖਾਈ ਦੇ ਜਾਂਦੇ ਹਨ । ਲੱਖਾਂ ਲੋਕਾ ਦੀ ਭੀੜ ਵਿੱਚ ਇੱਕ ਪੰਜਾਬੀ ਵੱਖਰਾ ਹੀ ਦਿਸ ਪੈਦਾ ਹੈ। ਮਾਣ ਹੈ ਪੰਜਾਬੀ ਹੋਣ ਤੇ ਮਾਣ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ।

ਸਰਬਜੀਤ ਲੌਂਗੀਆਂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘਰ ਤੇ ਪਰਿਵਾਰ
Next articleਨਜ਼ਮ