ਗੁਹਾਟੀ (ਸਮਾਜ ਵੀਕਲੀ): ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਐਤਵਾਰ ਨੂੰ ਪੇਂਡੂ ਖੇਤਰਾਂ ਵਿੱਚ ਕੈਂਸਰ ਦਾ ਅਤਿ-ਆਧੁਨਿਕ ਇਲਾਜ ਮੁਹੱਈਆ ਕਰਾਉਣ ਲਈ ਪ੍ਰਾਈਵੇਟ ਖੇਤਰਾਂ ਨੂੰ ਸੂਬਾ ਸਰਕਾਰਾਂ ਨਾਲ ਸਾਂਝੇਦਾਰੀ ਕਰ ਕੇ ਅੱਗੇ ਆਉਣ ਦਾ ਸੱਦਾ ਦਿੱਤਾ। ਗੁਹਾਟੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਟੇਟ ਕੈਂਸਰ ਇੰਸਟੀਚਿਊਟ ਵਿੱਚ ਪੀਏਟੀ-ਐੱਮਆਰਆਈ ਵਿੰਗ ਦਾ ਉਦਘਾਟਨ ਕਰਦਿਆਂ ਨਾਇਡੂ ਨੇ ਕਿਹਾ ਕਿ ਇਹ ਸਿਰਫ ਸਹੀ ਤਰੀਕੇ ਨਾਲ ਡਾਇਗਨੋਸਿਸ ਕਰਨ ’ਚ ਹੀ ਸਹਾਈ ਨਹੀਂ ਹੋਵੇਗਾ ਸਗੋਂ ਮਰੀਜ਼ਾਂ ਦਾ ਖੱਜਲ ਖੁਆਰੀ ਵੀ ਘਟੇਗੀ। ਜ਼ਿਕਰਯੋਗ ਹੈ ਕਿ ਪੀਏਟੀ-ਐੱਮਆਰਆਈ ਸਕੈਨ ਰਾਹੀਂ ਸਾਰੇ ਸ਼ਰੀਰ ਦੇ ਅੰਦਰੂਨੀ ਹਿੱਸੇ ਦੀ ਸਪੱਸ਼ਟ ਤਸਵੀਰ ਸਾਹਮਣੇ ਆ ਜਾਂਦੀ ਹੈ। ਭਾਰਤ ਵਿੱਚ ਇਹ ਚੌਥੀ ਅਜਿਹੀ ਮਸ਼ੀਨ ਹੈ। ਉਪ ਰਾਸ਼ਟਰਪਤੀ ਨੇ ਕੋਵਿਡ-19 ਮਹਾਮਾਰੀ ਦੌਰਾਨ ਸੇਵਾਵਾਂ ਦੇਣ ਲਈ ਅਸਾਮ ਸਰਕਾਰ ਤੇ ਸੂਬੇ ਦੇ ਸਿਹਤ ਅਮਲੇ ਦੀ ਪ੍ਰਸ਼ੰਸਾ ਕੀਤੀ।
ਇਸੇ ਦੌਰਾਨ ਸ੍ਰੀ ਨਾਇਡੂ ਨੇ ਦੇਸ਼ ਦੀਆਂ ਨਦੀਆਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਸ਼ਕਤੀਸ਼ਾਲੀ ਕੌਮੀ ਮੁਹਿੰਮ ਸ਼ੁਰੂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਧਦੇ ਸ਼ਹਿਰੀਕਰਨ ਅਤੇ ਉਦਯੋਗੀਕਰਨ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨਦੀਆਂ ਅਤੇ ਹੋਰ ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਆਧੁਨਿਕੀਕਰਨ ਦੀ ਭਾਲ ਵਿੱਚ, ਮਨੁੱਖ ਨੇ ਕੁਦਰਤ ਨੂੰ ਤਬਾਹ ਕਰ ਦਿੱਤਾ ਹੈ ਅਤੇ ਕਈ ਥਾਵਾਂ ’ਤੇ ਜਲ ਘਰ ਅਸਲ ਵਿੱਚ ਲੋਪ ਹੋ ਗਏ ਹਨ। ਉਪ ਰਾਸ਼ਟਰਪਤੀ ਨੇ ਬ੍ਰਹਮਪੁੱਤਰ ਨਦੀ ’ਤੇ ਵਿਰਾਸਤੀ ਤੇ ਸੱਭਿਆਚਾਰ ਕੇਂਦਰ ਦਾ ਉਦਘਾਟਨ ਕਰਕੇ ਉੱਤਰ-ਪੂਰਬੀ ਦੌਰੇ ਦੀ ਸ਼ੁਰੂਆਤ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly