ਨਾਗਾਲੈਂਡ ਪੁਲੀਸ ਵੱਲੋਂ ਫ਼ੌਜ ਦੀ ਪੈਰਾ ਸਪੈਸ਼ਲ ਫੋਰਸ ਖ਼ਿਲਾਫ਼ ਹੱਤਿਆ ਦਾ ਕੇਸ ਦਰਜ

ਕੋਹਿਮਾ (ਸਮਾਜ ਵੀਕਲੀ): ਨਾਗਾਲੈਂਡ ਪੁਲੀਸ ਨੇ ਫ਼ੌਜ ਦੀ 21ਵੀਂ ਪੈਰਾ ਸਪੈਸ਼ਲ ਫੋਰਸ ਖ਼ਿਲਾਫ਼ ਕਤਲ ਕੇਸ ਦਰਜ ਕਰ ਲਿਆ ਹੈ। ਸੁਰੱਖਿਆ ਬਲਾਂ ਉਤੇ ਕਥਿਤ ਤੌਰ ’ਤੇ ਨਾਗਰਿਕਾਂ ਉਤੇ ਗੋਲੀਬਾਰੀ ਕਰਨ ਦੇ ਦੋਸ਼ ਲਾਏ ਗਏ ਹਨ। ਰਾਜ ਵਿਚ ਆਦਿਵਾਸੀਆਂ ਦੇ ਕਈ ਸੰਗਠਨਾਂ ਨੇ ਰੋਸ ਵਜੋਂ ਬੰਦ ਦਾ ਸੱਦਾ ਦਿੱਤਾ। ਮੋਨ ਕਸਬੇ ਵਿਚ ਧਾਰਾ 144 ਅਧੀਨ ਪਾਬੰਦੀ ਦੇ ਹੁਕਮ ਦਿੱਤੇ ਗਏ ਹਨ। ਸੁਰੱਖਿਆ ਬਲਾਂ ਖ਼ਿਲਾਫ਼ ਕੇਸ ਆਈਪੀਸੀ ਦੀ ਧਾਰਾ 302/307/34 ਤਹਿਤ ਦਰਜ ਕੀਤਾ ਗਿਆ ਹੈ। ਨਾਗਾਲੈਂਡ ਪੁਲੀਸ ਵੱਲੋਂ ਖ਼ੁਦ ਹੀ ਦਰਜ ਸ਼ਿਕਾਇਤ ਮੁਤਾਬਕ 4 ਦਸੰਬਰ ਨੂੰ ਦੁਪਹਿਰ ਬਾਅਦ 3.30 ਵਜੇ ਜਦ ਖਾਣ ਦੇ ਵਰਕਰ ਘਰ ਨੂੰ ਪਰਤ ਰਹੇ ਸਨ ਤਾਂ ਰਸਤੇ ਵਿਚ ਸੁਰੱਖਿਆ ਬਲਾਂ ਨੇ ਬਿਨਾਂ ਕਿਸੇ ਭੜਕਾਹਟ ਤੋਂ ਵਾਹਨ ਉਤੇ ਗੋਲੀ ਚਲਾਈ।

ਇਸ ਘਟਨਾ ਵਿਚ ਕਈ ਜਣੇ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਇਹ ਵੀ ਕਿਹਾ ਗਿਆ ਹੈ ਕਿ ਘਟਨਾ ਵਾਪਰਨ ਵੇਲੇ ਫ਼ੌਜ ਨਾਲ ਕੋਈ ਪੁਲੀਸ ਗਾਈਡ ਨਹੀਂ ਸੀ ਤੇ ਨਾ ਹੀ ਬਲਾਂ ਨੇ ਇਸ ਦੀ ਮੰਗ ਕੀਤੀ ਸੀ। ਇਸ ਲਈ ਇਹ ਜਾਪਦਾ ਹੈ ਕਿ ਸੁਰੱਖਿਆ ਬਲਾਂ ਦਾ ਮੰਤਵ ਨਾਗਰਿਕਾਂ ਦੀ ਹੱਤਿਆ ਕਰਨਾ ਤੇ ਜ਼ਖ਼ਮੀ ਕਰਨਾ ਹੀ ਸੀ। ਸੂਬੇ ’ਚ ਕਾਫ਼ੀ ਰਸੂਖ ਰੱਖਦੀ ਨਾਗਾ ਸਟੂਡੈਂਟਸ ਫੈਡਰੇਸ਼ਨ ਨੇ ਪੰਜ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਫੈਡਰੇਸ਼ਨ ਵੱਲੋਂ ਅੱਜ ਦਿੱਤਾ ਗਿਆ ਬੰਦ ਦਾ ਸੱਦਾ ਜ਼ਿਆਦਾਤਰ ਸ਼ਾਂਤੀਪੂਰਨ ਰਿਹਾ। ਇਸ ਦੌਰਾਨ ਵਿਦਿਆਰਥੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮਾਮੂਲੀ ਝੜਪ ਹੀ ਹੋਈ। ਅਧਿਕਾਰੀਆਂ ਮੁਤਾਬਕ ਜ਼ਖ਼ਮੀ 28 ਜਣਿਆਂ ਵਿਚੋਂ ਛੇ ਦੀ ਹਾਲਤ ਕਾਫ਼ੀ ਗੰਭੀਰ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਦਾ ਚਾਰ ਮੈਂਬਰੀ ਵਫ਼ਦ ਨਾਗਾਲੈਂਡ ਜਾਵੇਗਾ
Next articleਗ੍ਰਹਿ ਮੰਤਰੀ ਦੇ ਜਵਾਬ ਤੋਂ ਅਸੰਤੁਸ਼ਟ ਵਿਰੋਧੀ ਧਿਰਾਂ ਵੱਲੋਂ ਵਾਕਆਊਟ