ਨਾਗਾਲੈਂਡ ਫਾਇਰਿੰਗ: ਰਿਪੋਰਟ ’ਚ ਫ਼ੌਜ ’ਤੇ ਨਿਹੱਥੇ ਕੋਲਾ ਖਾਣ ਮਜ਼ਦੂਰਾਂ ’ਤੇ ਘਾਤ ਲਗਾ ਕੇ ਹਮਲਾ ਕਰਨ ਦਾ ਦਾਅਵਾ

ਕੋਹਿਮਾ (ਸਮਾਜ ਵੀਕਲੀ): ਨਾਗਾਲੈਂਡ ਦੇ ਮੋਨ ਜ਼ਿਲ੍ਹੇ ’ਚ ਸ਼ਨਿਚਰਵਾਰ ਨੂੰ ਗੋਲੀਬਾਰੀ ਕਰਨ ਤੋਂ ਪਹਿਲਾਂ ਫੌਜ ਨੇ ਪਿਕਅੱਪ ਟਰੱਕ ’ਤੇ ਸਵਾਰ ਲੋਕਾਂ ਦੀ ਪਛਾਣ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਹ ਗੱਲ ਸੂਬੇ ਦੇ ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਟੀ. ਜੌਨ ਲੋਂਗਕੁਮੇਰ ਅਤੇ ਕਮਿਸ਼ਨਰ ਰੋਵਿਲਾਟੂਓ ਮੋਰ ਦੀ ਸਾਂਝੀ ਰਿਪੋਰਟ ਵਿੱਚ ਕਹੀ ਗਈ ਹੈ। ਦੋ ਉੱਚ ਅਧਿਕਾਰੀਆਂ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਪਿੰਡ ਵਾਸੀਆਂ ਨੇ ਦੇਖਿਆ ਕਿ ਫੌਜ ਦੇ ਵਿਸ਼ੇਸ਼ ਬਲ ਛੇ ਲੋਕਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਬੇਸ ਕੈਂਪ ਲਿਜਾਣ ਦੇ ਇਰਾਦੇ ਨਾਲ ਪਿਕ-ਅੱਪ ਵੈਨ ਵਿੱਚ ਲਪੇਟ ਕੇ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਐਤਵਾਰ ਨੂੰ ਰਾਜ ਸਰਕਾਰ ਨੂੰ ਸੌਂਪੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ, 4 ਦਸੰਬਰ ਨੂੰ ਸ਼ਾਮ 4:10 ਵਜੇ ਦੇ ਕਰੀਬ 8 ਪਿੰਡ ਵਾਸੀ ਤੀਰੂ ਵਿੱਚ ਕੋਲੇ ਦੀ ਖਾਣ ਤੋਂ ਇੱਕ ਪਿਕਅੱਪ ਟਰੱਕ ਵਿੱਚ ਘਰ ਪਰਤ ਰਹੇ ਸਨ। ਉਨ੍ਹਾਂ ਉੱਤੇ ਸੁਰੱਖਿਆ ਬਲਾਂ ਵੱਲੋਂ ਅਚਾਨਕ ਹਮਲਾ ਕੀਤਾ ਗਿਆ।

ਅਸਾਮ ਵਿੱਚ ਸਥਿਤ 21ਵੇਂ ਪੈਰਾ ਸਪੈਸ਼ਲ ਬਲਾਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ। ਅਸਲ ਵਿੱਚ ਉਨ੍ਹਾਂ ਦੀ ਪਛਾਣ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।’ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਪਿੰਡ ਵਾਸੀ ਨਿਹੱਥੇ ਸਨ ਅਤੇ ਕੋਲੇ ਦੀਆਂ ਖਾਣਾਂ ਵਿੱਚ ਕੰਮ ਕਰਦੇ ਸਨ। ਇਨ੍ਹਾਂ ਵਿੱਚੋਂ ਛੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ ’ਤੇ ਆ ਗਏ। ਪਿੰਡ ਵਾਸੀਆਂ ਨੇ ਜਦੋਂ ਲਾਸ਼ਾਂ ਨੂੰ ਲਪੇਟਿਆ ਵੇਖਿਆ ਤਾਂ ਉਨ੍ਹਾਂ ਦੀ ਸੁਰੱਖਿਆ ਬਲਾਂ ਨਾਲ ਹਿੰਸਕ ਝੜਪ ਹੋ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਸੁਰੱਖਿਆ ਬਲਾਂ ਦੇ ਤਿੰਨ ਵਾਹਨਾਂ ਨੂੰ ਅੱਗ ਲਾ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਇਸ ਟਕਰਾਅ ਦੌਰਾਨ ਸੁਰੱਖਿਆ ਬਲਾਂ ਨੇ ਪਿੰਡ ਵਾਸੀਆਂ ’ਤੇ ਮੁੜ ਗੋਲੀਆਂ ਚਲਾਈਆਂ, ਜਿਸ ਵਿੱਚ ਸੱਤ ਹੋਰਾਂ ਦੀ ਮੌਤ ਹੋ ਗਈ। ਰਿਪੋਰਟ ਵਿੱਚ ਚਸ਼ਮਦੀਦਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਫੌਜ ਨੇ ਅਸਾਮ ਵੱਲ ਭੱਜੇ ਜਾਂਦੇ ਲੋਕਾਂ ਵੱਲ ਅੰਨ੍ਹੇਵਾਹ ਗੋਲੀਆਂ ਚਲਾਈਆਂ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾਗਾਲੈਂਡ ਹੱਤਿਆਵਾਂ: ਕੋਨਯਾਕ ਯੂਨੀਅਨ ਨੇ ਮੋਨ ਜ਼ਿਲ੍ਹਾ ਬੰਦ ਰੱਖਿਆ, ਸੱਤ ਦਿਨਾ ਸੋਗ ਦਾ ਐਲਾਨ
Next articleਮਿਜ਼ੋਰਮ ਦੇ ਮੁੱਖ ਮੰਤਰੀ ਵੱਲੋਂ ਇਕਜੁੱਟਤਾ ਦਾ ਪ੍ਰਗਟਾਵਾ