ਮੇਰੇ ਉਸਤਾਦ -ਸ ਗੁਲਜ਼ਾਰ ਸਿੰਘ

 ਫਲੇਲ ਸਿੰਘ ਸਿੱਧੂ
 ਫਲੇਲ ਸਿੰਘ ਸਿੱਧੂ
(ਸਮਾਜ ਵੀਕਲੀ) ਜਨਾਬ ਬਾਬੂ ਰਜ਼ਬ ਅਲੀ ਲਿਖਦੇ ਹਨ,”ਪੰਜਵੀਂ ਕਰ ਕੇ ਤੁਰ ਗਏ ਮੋਗੇ,ਜਿਉਂਦੇ ਮਾਪਿਆ ਤੋਂ ਦੁੱਖ ਭੋਗੇ ” ਸ਼ਾਇਦ ਉਹਨਾਂ ਆਪਣੇ ਕਲਾਮ ਚ  ਉਸ ਸਮੇਂ ਦਾ ਜ਼ਿਕਰ ਕੀਤਾ ਹੈ ਜਦੋਂ ਬੱਚਿਆਂ ਨੂੰ ਪੜ੍ਹਨ ਲਈ ਮਾਪਿਆ ਤੋਂ ਦੂਰ-ਦੁਰਾਡੇ ਜਾਣਾ ਪੈਂਦਾ ਸੀ।
                     ਮੈਂ ਵੀ ਆਪਣੇ ਪਿੰਡ ਦੇ ਸਕੂਲ ਤੋਂ ਪੰਜਵੀਂ ਕਰਕੇ ਸਰਕਾਰੀ ਮਿਡਲ ਸਕੂਲ,ਤਿਉਣਾ ਪੁਜਾਰੀਆਂ ਵਿਖੇ ਦਾਖਲਾ ਲਿਆ।ਸੁਰੂ-ਸੁਰੂ ‘ਚ ਨਵੇਂ ਸਕੂਲ ਦਾ ਡਰ ਬੱਚਿਆਂ ਦੇ ਮਨ ‘ਚ ਹੁੰਦਾ ਹੈ।ਪਰ ਸਕੂਲ ਦਾ ਮਹੌਲ ਬਹੁਤ ਅਲੱਗ ਸੀ।ਸਾਰਾ ਹੀ ਸਟਾਫ ਮਿਹਨਤੀ ਤੇ ਬੱਚਿਆਂ ਨੂੰ ਪਿਆਰ ਕਰਨ ਵਾਲਾ।ਉਸ ਸਮੇਂ ਦੇ ਸਾਰੇ ਅਧਿਆਪਕਾਂ ਤੇ ਬਹੁਤ ਕੁੱਝ ਲਿਖਿਆ ਜਾ ਸਕਦਾ ਹੈ।ਵਾਰੀ-ਵਾਰੀ ਕੋਸ਼ਿਸ ਕਰਾਂਗੇ।ਉਹਨਾਂ ਚੋਂ ਸਭ ਤੋਂ ਪਹਿਲਾਂ ਹੈੱਡ ਮਾਸਟਰ ਸ ਗੁਲਜ਼ਾਰ ਸਿੰਘ ਦੀ ਗੱਲ ਕਰਦੇ ਹਾਂ।
       ਉਹਨਾਂ ਦਾ ਨਾਂ ਸੁਣਨ ਤੋਂ ਪਹਿਲਾਂ ਗੁਲਜ਼ਾਰ ਸਿੰਘ ਸੰਧੂ ਦੀ ਕੋਈ ਕਹਾਣੀ ਪੜ੍ਹੀ ਸੀ।ਕੁੱਝ ਸਮਾਂ ਕਹਾਣੀਕਾਰ ਸੰਧੂ ਤੇ ਹੈੱਡ ਮਾਸਟਰ ਸ ਗੁਲਜ਼ਾਰ ਸਿੰਘ ਇੱਕੋ ਹੀ ਲਗਦੇ ।ਫੇਰ ਇਹ ਭੁਲੇਖਾ ਆਪੇ ਹੀ ਪਤਾ ਨਹੀਂ ਕਦੋਂ ਦੂਰ ਗਿਆ ।
                ਉਹ ਤਲਵੰਡੀ ਸਾਬੋ ਤੋਂ ਸਕੂਲ, ਸਾਈਕਲ ਤੇ ਹੀ ਆਉਂਦੇ ਸਨ।ਸਾਈਕਲ ਸਕੂਲ ਚਾਰਦੀਵਾਰੀ ਤੋਂ ਬਾਹਰ ਹੀ ਰੋਕਦੇ ਸਨ ਤੇ ਬੱਚਿਆਂ ‘ਚ ਉਹਨਾਂ ਦਾ ਸਾਈਕਲ ਅੱਗੇ ਜਾ ਫੜਨ ਲਈ ਮੁਕਾਬਲਾ ਜਿਹਾ ਹੁੰਦਾ ਰਹਿੰਦਾ ਸੀ।ਉਸ ਸਮੇਂ ਦੇ ਬੱਚਿਆਂ ਦੀ ਇਹ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ ਦੀ ਝਲਕ ਸੀ।ਉਹਨਾਂ ਦੇ ਸੁਭਾਅ ਕਰਕੇ  ਸਾਈਕਲ ਫੜਨ ਵਾਲਾ ਵਿਦਿਆਰਥੀ ਆਪਣੇ -ਆਪ ਨੂੰ ਵਡਭਾਗਾ ਸਮਝਦਾ।ਸਾਈਕਲ ਨਾਲ ਉਹਨਾਂ ਯਰਾਨਾ ਅਖੀਰਲੇ ਦਮ ਤੱਕ ਨਿਭਿਆ।ਸੇਵਾ ਮੁਕਤ ਹੋਣ ਤੋਂ ਪਹਿਲਾ ਮੈਡਮ ਸਾਡੇ ਪਿੰਡ ਸੰਗਤ ਆ ਗਏ।ਦੋਵਾਂ ਦਾ ਇੱਕੋ ਰੂਟ।ਸਾਈਕਲ ਇੱਕ ਤੇ ਸਵਾਰੀਆਂ ਦੋ।ਤਕੜੇ ਤੋਂ ਤਕੜਾ ਜਵਾਨ ਸਾਈਕਲ ਸਵਾਰ ਵੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ।ਸਾਇਦ ਇਸੇ ਕਰਕੇ ਉਹਨਾਂ ਦੇ ਹੱਡ-ਗੋਡੇ ਸਦਾ ਕਾਇਮ ਰਹੇ।
             ਮੂਲੀ,ਗਾਜਰ,ਗੁੜ,ਲੱਸੀ ਉਹਨਾਂ ਦੀ ਮਨਭੌਦੀਆਂ ਵਸਤਾਂ ਸਨ। ਲੱਸੀ ਸਭ ਤੋਂ ਮਨ ਪਸੰਦ ਡਰਿੰਕ।ਗੁਲਜ਼ਾਰ ਸਿੰਘ,ਲੱਸੀ ਤੇ ਸਰੂਪ ਸਿੰਘ ਦੀ ਤਿੱਕੜੀ , ਤਿਕੋਣ ਦੇ ਤਿੰਨ ਸਿਖਰ।ਉਹਨਾਂ ਕਹਿਣਾ ,ਸਰੂਪ ਸਿਆਂ ਲੱਸੀ।ਸਰੂਪ ਨੇ ਝੱਟ ਲੱਸੀ ਦਾ ਗਲਾਸ ਪ੍ਰਗਟ ਕਰ ਦੇਣਾ।ਲੱਸੀ ਜੇ ਖੱਟੀ ਹੋਵੇ ਤਾਂ ਖੁਸੀ ਨੂੰ ਚਾਰ ਚੰਨ ਲੱਗ ਜਾਂਦੇ ਸਨ।ਕਿਸੇ ਨੇ ਇਹ ਕਦੇ ਨਹੀਂ ਦੇਖਿਆ ਹੋਣਾ ਵੀ ਜਿਹੜੇ ਗਲਾਸ ਚ ਲੱਸੀ ਪੀਤੀ ਹੋਵੇ ,ਉਸੇ ਚ ਨਾਲ ਦੀ ਨਾਲ ਚਾਹ ਵੀ ਛਕ ਲਈ ਹੋਵੇ।ਮੈਂ ਵੀ ਕਦੇ-ਕਦੇ ਬਹੁਤ ਹੈਰਾਨ ਹੁੰਦਾ ਸੀ,ਚਾਹ ਫਟਦੀ ਕਿਉਂ ਨਹੀਂ?? ਇਹ ਕਰਿਸ਼ਮਾ ਸ ਗੁਲਜ਼ਾਰ ਸਿੰਘ  ਦੇ ਗਾਇਬੀ ਗਲਾਸ ਦਾ ਨਾਲ ਹੀ ਵਾਪਰਦਾ ਸੀ!!ਉਹਨਾਂ ਦੀ ਚਾਹ ਕਦੇ ਨਹੀਂ ਸੀ ਫਟਦੀ।ਜੇ ਭਲਾ ਫਟ ਵੀ ਜਾਂਦੀ ??ਫੇਰ ਕਿਹੜਾ ਉਹਨਾਂ ਨੇ ਪੀਣ ਤੋਂ ਇਨਕਾਰ ਕਰਨਾ ਸੀ।
    ਵਾਲੀਬਾਲ  ਨਾਲ ਉਹਨਾਂ ਦਾ ਲਗਾਅ ਜਵਾਨੀ ਦੇ ਇਸ਼ਕ ਵਰਗਾ ਸੀ।ਕੋਈ ਖਿਡਾਰੀ ਕਿਸੇ ਖੇਡ ਦਾ ਐਨਾ ਸੌਕੀਨ, ਮੈਂ ਪਹਿਲਾਂ ਕਦੇ ਨਹੀਂ  ਸੀ ਦੇਖਿਆ।ਮੈਂ ਉਹਨਾਂ ਨੂੰ ਖੇਡਦੇ ਹੀ ਦੇਖਿਆ ਤੇ ਉਹ ਖੇਡਦੇ-ਖੇਡਦੇ ਹੀ ਫਾਨੀ ਸੰਸਾਰ ਤੋਂ ਕੂਚ ਕਰ ਗਏ।ਵਾਲੀਬਾਲ ਖੇਡਣ ਲਈ ਉਹਨਾਂ ਨੇ ਆਪਣੇ ਸਾਰੇ ਪੀਅਰਡ ਸਵੇਰੇ-ਸਵੇਰੇ ਹੀ ਲਾ ਲੈਣੇ।ਅੱਧੀ ਛੁੱਟੀ ਤੋਂ ਬਾਅਦ ਉਹ ਗਰਾਉਂਡ ਚ ਸਰਗਰਮ ਹੋ ਜਾਂਦੇ। ਉਹਨਾਂ ਦੇ ਨਾਲ ਖੇਡਦੇ ਖੇਡਦੇ ਸਟਾਫ ਮੈਂਬਰ ,ਬੱਚੇ ਤੇ ਇੱਕੋ ਦੋ ਪਿੰਡ ਦੇ ਸਾਥੀ ਛੁੱਟੀ ਤੱਕ ਖੇਡਦੇ ਰਹਿੰਦੇ।ਮਈ ਮਹੀਨੇ ਉਹ ਸਾਥੀ ਸਟਾਫ ਮੈਬਰਾਂ ਨਾਲ ਸਿਖਰ ਦੁਪਹਿਰੇ ਮੈਦਾਨ ਚ ਕੁੱਦ ਪੈਂਦੇ।ਸੂਰਜ ਸਿਰ ਤੇ ਹੋਣਾ, ਤਾਂ ਸਮਝੋ ਖੇਡਣ ਦਾ ਵਕਤ ਹੋ ਗਿਆ।ਮਈ ਦਾ ਮਹੀਨਾ,ਸਿਖਰ ਦੁਪਹਿਰਾ । ਕਾਂ ਅੱਖ ਨਿਕਲਦੀ।ਉਹ ਵਕਤ ਪਰਖ ਦੀ ਘੜੀ ਹੁੰਦਾ ਸੀ।ਮੈਦਾਨੋ ਭੱਜਣਾ ,ਮੌਤ ਬਰਾਬਰ। ਪਾਣੀ ਦੇ ਤੌੜੇ ਕੋਲ  ਕਈ ਸਾਥੀ ਬੌਦਲੇ ਕਾਂ ਵਾਂਗ ਡਿੱਗਦੇ -ਢਹਿੰਦੇ ਪਹੁੰਚ ਦੇ।ਨਿਯਮ ਐਨੇ ਸਖ਼ਤ ਕਈ ਵਾਰ ਤਾਂ ਪਾਣੀ ਦੀ ਆਗਿਆ ਵੀ ਨਹੀਂ ਸੀ ਦਿੰਦੇ। ਐਨ ਫਿਲਮ ਵਰਗਾ ਦ੍ਰਿਸ਼। ਅੱਖਾਂ ਦੇ ਸਾਹਮਣੇ ਪਾਣੀ ਹੈ ਪਰ ਪੀ ਨਹੀਂ ਸਕਦੇ।ਗਰਮੀ ‘ਚ ਖੇਡਦਿਆਂ  ਕਈ ਵਾਰ ਨਾਲ ਦਾ ਕੋਈ  ਸਾਥੀ ਢਿੱਲਾ-ਮੱਠੇ ਹੋ ਜਾਂਦਾ।ਉਹ ਸਾਥੀਆਂ ਨੂੰ ਨਾਲ ਲੈ ਕੇ ਉਸ ਦੇ ਘਰ ਜਾ ਧਮਕਦੇ ।ਸਾਥੀਆਂ ਕੋਲ ਲਾਲ ਝੰਡਾ ਹੁੰਦਾ। ਬੰਦਾ ਦੱਸੇ ਜਾਂ ਨਾ ਦੱਸੇ ਪਰ ਲਾਲ ਝੰਡਾ ਬੰਦੇ ਦੀ ਬੀਮਾਰੀ ਤਫ਼ਸੀਲ ਨਾਲ ਬਿਆਨ ਕਰ ਦਿੰਦਾ ਸੀ।ਬੰਦਾ ਸੰਗਦਾ-ਸੰਗਾਉਂਦਾ ਹੀ ਖੇਡਣ ਲਈ ਰਾਜ਼ੀ ਹੋ ਜਾਂਦਾ।
         ਲੱਸੀ ਤੋਂ ਸਵਾਏ ਕਦੇ-ਕਦੇ ਲੱਡੂ ਹੀ ਛੱਕ ਲੈਂਦੇ ਸਨ।ਪਿੰਡ ਚੋਂ ਵਿਆਹਾਂ ਦੇ ਸੀਜ਼ਨ ਚ ਕਾਫੀ ਮਠਿਆਈ ਆ ਜਾਂਦੀ ਸੀ।ਅਸੀਂ ਲਿਫ਼ਾਫ਼ੇ ਤੇ ਤਰੀਕ ਪਾ ਕੇ ਲੱਡੂ ਸਾਂਭ ਦਿੰਦੇ। ਜੇ ਲੱਡੂ ਛੱਕਣ ਦਾ ਮਨ ਹੁੰਦਾ ਤਾਂ ਉਹਨਾਂ ਸਭ ਤੋਂ ਪੁਰਾਣਾ ਲੱਡੂ ਖਾਣਾ।ਪੁਰਾਣਾ ,ਬਦਰੰਗ ਜਿਹਾ ਸੁੱਕ ਕੇ ਆਕੜਿਆ  ਲੱਡੂ ਭੰਨ ਕੇ ਖਾਣ ਦੀ ਤਾਕਤ ਵੀ ਸ ਗੁਲਜ਼ਾਰ ਸਿੰਘ ਦੇ ਹੱਥਾਂ ਚ ਹੀ ਹੁੰਦੀ ਸੀ।
                              ਉਹਨਾਂ ਦੇ ਸਮੇਂ ‘ਚ ਵਿਦਿਆਰਥੀਆਂ ਦੀ ਟੀਮ ਵੀ ਮੱਲਾ ਮਾਰਦੀ ਰਹੀ।ਜਦੋਂ ਬੱਚਿਆਂ ਨੇ ਖੇਡਣਾ ਤਾਂ ਸਰੂਪ ਸਿਉਂ ਗਾਜਰਾਂ,ਮੂਲੀਆਂ ਦੀ ਬਾਲਟੀ ਭਰ ਕੇ ਰੱਖ ਦਿੰਦਾ।ਕੋਈ  ਬੱਚਾ ਗਾਜਰ,ਮੂਲੀ ਖਾਣ ਤੋਂ ਇਨਕਾਰ ਕਰੇ ਤਾਂ ਹੂਰਾ ਤਿਆਰ ਹੀ ਹੁੰਦਾ ਸੀ।ਜਿਸ ਦੇ ਇੱਕ ਵਾਰ ਵੱਜ ਗਿਆ,ਉਹ ਬਿਨ੍ਹਾਂ ਛਿੱਲੇ ਗਾਜਰ,ਮੂਲੀ ਪ੍ਰਸ਼ਾਦ ਸਮਝ ਕੇ ਛੱਕ ਜਾਂਦਾ ਸੀ।
                 ਅੱਜ ਭਾਵੇਂ ਉਹ ਸਾਡੇ ਦਰਮਿਆਨ ਨਹੀਂ ਹਨ।ਪਰ ਜਿੱਥੇ ਵੀ ਹਨ, ਸਰੂਪ ਸਿਆਂ ਲੱਸੀ !!! ਜਰੂਰ ਕਹਿੰਦੇ ਹੋਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਘੁਟਨ
Next articleਵੈਦ ਦੀ ਕਲਮ ਤੋਂ (ਪੰਜੀਰੀ)