HOME ਮੇਰੀ ਅੱਜ ਦੀ ਕਹਾਣੀ ਹੈ- ਡੀ ਐਸ ਫੋਰ ਝੱਗਾ ਹੋਰ ਪਜਾਮਾ ਹੋਰ

ਮੇਰੀ ਅੱਜ ਦੀ ਕਹਾਣੀ ਹੈ- ਡੀ ਐਸ ਫੋਰ ਝੱਗਾ ਹੋਰ ਪਜਾਮਾ ਹੋਰ

2

ਜੈ ਭੀਮ ਜੈ ਭਾਰਤ ਜੀ

   (ਸਮਾਜ ਵੀਕਲੀ)    (ਸ਼ਾਮ ਚੁਰਾਸੀ ਚਰਨਜੀਤ ਸੱਲ੍ਹਾਂ ) ਸਾਥੀਓ ਜਦੋਂ ਸਾਹਬ ਜੀ ਨੇ ਪੰਜਾਬ ਆ ਕੇ ਸੰਘਰਸ਼ ਸ਼ੁਰੂ ਕੀਤਾ ਤਾਂ ਮੈਂ ਓਸ ਵੇਲੇ ਦੇ ਆਪਣੇ ਸਮਾਜ ਦੇ ਹਾਲਾਤ ਵੀ ਦੱਸਣਾ ਚਾਹੁੰਦਾ ਹਾਂ।ਭਾਵੇਂ ਕਿ ਉਸ ਸਮੇਂ ਦੀਆਂ ਤੰਗੀਆਂ -ਤੁਰਸ਼ੀਆਂ ਉਦੋਂ ਤਾਂ ਨਹੀਂ ਮਹਿਸੂਸ ਹੁੰਦੀਆਂ ਸਨ ਪਰ ਅੱਜ ਉਹਨਾਂ ਹਾਲਾਤਾਂ ਨੂੰ ਸੋਚ ਕੇ , ਮੇਰਾ ਮੰਨ ਉਹਨਾਂ ਮਹਾਂਪੁਰਸ਼ਾਂ ਨੂੰ ਲੱਖ-ਲੱਖ ਪ੍ਰਣਾਮ ਕਰਦਾ ਹੈ ਜ਼ਿਹਨਾਂ ਮਹਾਂਪੁਰਸ਼ਾਂ ਦਾ ਝੱਗਾ ਹੋਰ ਤੇ ਪਜਾਮਾ ਹੋਰ ਸੀ ਅਤੇ ਉਹ ਲਗਾਤਾਰ ਸੰਘਰਸ਼ ਕਰਦੇ ਸਨ।
ਉਹਨਾਂ ਦਿਨਾਂ ਵਿੱਚ ਸਹਿਕਾਰੀ ਬੈਂਕਾਂ ਤੋਂ ਦੋ ਜਾਂ ਢਾਈ ਸੌ ਰੁਪਈਆ ਸਾਡੇ ਸਮਾਜ ਨੂੰ ਕਰਜ਼ਾ ਮਿਲਦਾ ਸੀ ਜੋ ਕਿ ਨਾ ਮੋੜੇ ਜਾਣ ਕਾਰਣ ਤਿੰਨ-ਚਾਰ ਸੌ ਤੱਕ ਹੋ ਜਾਂਦਾ ।ਬੈਂਕ ਵਾਲ਼ਿਆਂ ਨੇ ਸਾਡੇ ਲੋਕਾਂ ਨੂੰ ਫੜਕੇ ਲਿਜਾਣਾ ਸ਼ੁਰੂ ਕਰ ਦਿੱਤਾ। ਇਸ ਤੇ ਮੇਰੇ ਭਾਪਾ ਜੀ ਨੇ ਕਵਿਤਾ ਵੀ ਲਿਖੀ ਹੋਈ ਸੀ , ਬੈਂਕ ਨੇ ਐਸੀ ਪਾਈ ਭਾਜੜ -ਨੱਸਾ ਮੈਂ ਵੀ ਚੱਕ ਕੇ ਚਾਦਰ।ਕਈ ਤਾਂ ਇਸ ਤਰ੍ਹਾਂ ਭੱਜ ਕੇ ਬਚ ਜਾਂਦੇ ਪਰ ਕੁੱਝ ਫੜੇ ਵੀ ਜਾਂਦੇ।ਫੜੇ ਗਏ ਗ਼ਰੀਬਾਂ ਨੂੰ ਬੈਂਕ ਵਾਲ਼ਿਆਂ ਵੱਲੋਂ ਰੱਜ ਕੇ ਜ਼ਲੀਲ ਕੀਤਾ ਜਾਂਦਾ।ਆਖਰ ਬੈਂਕ ਵਾਲ਼ਿਆਂ ਦੀਆਂ ਮਿੰਨਤਾਂ ਤਰਲੇ ਕਰਕੇ ਘਰ ਜਾਂ ਮੁਹੱਲੇ ਵਾਲ਼ਿਆਂ ਵੱਲੋਂ ਛੁਡਾਇਆ ਜਾਂਦਾ ।
ਓਧਰ ਸਾਹਬ ਜੀ ਨੇ ਵੀ ਆਪਣਾ ਸੰਘਰਸ਼ ਤੇਜ ਕੀਤਾ ਹੋਇਆ ਸੀ।ਉਹਨਾਂ ਦੁਆਰਾ ਕੇਡਰ ਕੀਤੇ ਗਏ ਸਾਥੀ ਪਿੰਡਾਂ -ਪਿੰਡਾਂ ਵਿੱਚ ਲੋਕਾਂ ਨੂੰ ਜਾ ਕੇ ਜਗਾਉਂਦੇ ਅਤੇ ਉਹ ਜਾਗੇ ਹੋਏ ਲੋਕ ਹਰ ਰੋਜ ਕੰਮ ਤੇ ਜਾਂਦੇ ।ਆਪਣੇ ਦਿਹਾੜੀ ਢੱਪੇ ਤੋਂ ਬਾਅਦ ਸ਼ਾਮ ਪਿੰਡਾਂ-ਪਿੰਡਾਂ ਵਿੱਚ ਜਾਕੇ ਮੀਟਿੰਗਾਂ ਕਰਦੇ।ਘਰ ਤੋਂ ਬੰਨ੍ਹੀਆਂ ਹੋਈਆਂ ਰੋਟੀਆਂ ਮੀਟਿੰਗ ਤੋਂ ਬਾਅਦ ਖਾ ਲੈਂਦੇ।ਜਿੱਦਣ ਕਿਤੇ ਚਾਹ ਵੀ ਮਿਲ ਜਾਂਦੀ ਤਾਂ ਭਾਪਾ ਜੀ ਕਹਿੰਦੇ ਯਾਰ ਤਰਲੋਕ ਸਾਡੀ ਅੱਜ ਦੀ ਮੀਟਿੰਗ ਕਾਮਯਾਬ ਰਹੀ। ਪਿੰਡ ਵਾਲ਼ਿਆਂ ਖੁਸ਼ ਹੋ ਕੇ ਚਾਹ ਵੀ ਪਿਲਾਈ।ਪਰ ਚਾਹ ਜਦੋਂ ਨਹੀਂ ਵੀ ਮਿਲਦੀ ਤਾਂ ਇਸ ਨਾਲ ਉਹਨਾਂ ਨੂੰ ਕੋਈ ਫਰਕ ਨਾ ਪੈਂਦਾ।
ਓਧਰ ਸਾਹਬ ਹੁਣਾ ਨੇ ਆਪਣੇ ਕੀਤੇ ਹੋਏ ਸੰਘਰਸ਼ ਨੂੰ ਪਰਖਣ ਲਈ 1985 ਦੇ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ।ਬੱਸ ਫੇਰ ਕੀ ਸੀ? ਸਾਰੀਆਂ ਵਿਰੋਧੀ ਪਾਰਟੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।ਕਦੇ ਸਾਹਬ ਨੂੰ ਅਮਰੀਕਾ ਦਾ ਏਜੰਟ ਕਦੇ ਲਾਟਰੀਆਂ ਵਾਲਾ ਕਦੇ ਕੁਛ ਤੇ ਕੁਛ। ਪਰ ਸਾਹਬ ਕਿੱਥੇ ਡੋਲਣ ਵਾਲੇ ਸਨ।ਇੱਕ ਦਮ ਸਿੱਧਾ ਨਿਸ਼ਾਨਾ ਖਿੱਚਕੇ ਤੇ ਉਸ ਤੇ ਲਗਾਤਾਰ ਚੱਲਦੇ ਰਹਿਣਾ ਸਾਹਬ ਹੁਣਾ ਦੀ ਫ਼ਿਤਰਤ ਸੀ।ਉਹਨਾਂ ਹਮੇਸ਼ਾਂ ਆਪਣੇ ਤੇ ਹੋਣ ਵਾਲੇ ਹਮਲਿਆਂ ਦਾ ਕਦੇ ਵੀ ਜਵਾਬ ਨਾ ਦਿੱਤਾ।ਫੇਰ ਵਿਰੋਧੀਆਂ ਨੇ ਸਾਹਬ ਦੇ ਸਿਪਾਹੀਆਂ ਨੂੰ ਟਾਰਗੈਟ ਕਰਨਾ ਸ਼ੁਰੂ ਕੀਤਾ।ਉਹ ਸਿਪਾਹੀ ਜਿਹੜੇ ਪਿੰਡਾਂ ਵਿੱਚ ਜਾਂਦੇ ਸਨ-ਉਹਨਾਂ ਦੀ ਆਰਥਿਕ ਹਾਲਤ ਤੇ ਅਟੈਕ ਕੀਤੇ ਜਾਂਦੇ।ਪਿੰਡ ਵਿੱਚ ਦਿਹਾੜੀ ਦਾ ਨਾ ਕਹਿਣਾ,ਮੱਕੀ ਜੋ ਚੌਥੇ ਹਿੱਸੇ ਤੇ ਗੁੱਡੀ ਜਾਂਦੀ ਸੀ ਉਸ ਵੱਲੋਂ ਜਵਾਬ ਅਤੇ ਕਣਕ ਵੱਢਣ ਲਈ ਹੋਰ ਤਾਂ ਸਾਰਿਆਂ ਨੂੰ ਕਹਿ ਲੈਣਾ ਪਰ ਕਾਂਸ਼ੀ ਰਾਮ ਦੇ ਪੈਰੋਕਾਰਾਂ ਵੱਲੋਂ ਪੁੱਛੇ ਜਾਣ ਤੇ ਵੀ ਜਵਾਬ ਮਿਲ ਜਾਣਾ।ਇੱਥੋਂ ਤੱਕ ਕਿ ਸੰਘਰਸ਼ੀ ਲੋਕ ਕਿਤੇ ਜਾਂਦੇ ਮਿਲਦੇ ਸਨ ਤਾਂ ਤਾਅਨਾ ਕੱਸਿਆ ਜਾਂਦਾ ਕਿ ਡੀ ਐਸ ਫੋਰ ਝੱਗਾ ਹੋਰ ਪਜਾਮਾ ਹੋਰ।ਪਰ ਕਾਂਸ਼ੀ ਰਾਮ ਦੇ ਸ਼ੇਰ ਨਾ ਕਦੇ ਰੁਕੇ ਅਤੇ ਨਾ ਝੁਕੇ।ਉਹਨਾਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ। ਸੰਨ ਪਚਾਸੀ ਵਿੱਚ ਡੀ ਐਸ ਫੋਰ ਜਾਂ ਬੀ ਐਸ ਪੀ ਦਾ ਐਮ ਐਲ ਏ ਤੇ ਭਾਂਵੇਂ ਨਹੀਂ ਜਿੱਤਿਆ ਪਰ ਬਾਜ਼ੀ ਪੂਰੀ ਦੀ ਪੂਰੀ ਪਲਟ ਗਈ।ਕਾਂਗਰਸ ਜੋ ਤਰ੍ਹਾਂ -ਤਰ੍ਹਾਂ ਦੇ ਸਾਹਬ ਤੇ ਇਲਜ਼ਾਮ ਲਾਉਂਦੇ ਸੀ ਦੀ ਕਰਾਰੀ ਹਾਰ ਹੋਈ।ਏਸ ਸੰਘਰਸ਼ ਤੋਂ ਬਾਅਦ ਮੈਨੂੰ ਕਈ ਅਦਭੁਤ ਨਤੀਜੇ ਦੇਖਣ ਨੂੰ ਮਿਲੇ ਜਿਵੇਂ ਕਿ ਫਿਰ ਕੋਈ ਬੈਂਕ ਵਾਲਾ ਕਿਸੇ ਗਰੀਬ ਨੂੰ ਫੜਨ ਨਹੀਂ ਆਇਆ।ਇੱਥੋਂ ਤੱਕ ਕਿ ਇਸ ਬਾਬਤ ਇੱਕ ਕਾਨੂੰਨ ਵੀ ਬਣ ਗਿਆ।ਹੁਣ ਸਰਕਾਰ ਕਿਸੇ ਗਰੀਬ ਕਰਜ਼ਦਾਰ ਨੂੰ ਜੇਲ ਨਹੀਂ ਭੇਜ ਸਕਦੀ ਸੀ ਤੇ ਇਹ ਕਨੂੰਨ ਆਜ਼ਾਦੀ ਦੇ ਅਠੱਤੀ ਸਾਲ ਬਾਅਦ ਬਣਿਆ। ਹੁਣ ਸੋਚਣ ਵਾਲੀ ਗੱਲ ਇਹ ਕਿ ਇਹ ਕਾਨੂੰਨ ਸਰਕਾਰ ਨੇ ਖ਼ੁਦ ਬਣਾਇਆ ਜਾਂ ਮਜਬੂਰ ਹੋਈ ਸਰਕਾਰ।ਇਹ ਸਭ ਸਮਝਦਾਰ ਸਾਥੀ ਜਾਣਦੇ ਹਨ।

ਸੰਘਰਸ਼ ਸਦਕਾ ਜਾਗਰੂਕ ਹੋਏ ਮਿਹਨਤਕਸ਼ ਲੋਕਾਂ ਨੇ ਸ਼ਹਿਰਾਂ ਵੱਲ ਦਾ ਰੁੱਖ ਕੀਤਾ।
ਸ਼ਹਿਰਾਂ ਵਿੱਚ ਆ ਕੇ ਪਤਾ ਲੱਗਾ ਕਿ ਅਰਬ ਦੇਸ਼ਾਂ ਵਿੱਚ ਮਿਹਨਤ ਦਾ ਕਾਫ਼ੀ ਮੁੱਲ ਮਿਲਦਾ ਹੈ ਤੇ ਉਹ ਬਾਹਰਲੇ ਦੇਸ਼ਾਂ ਨੂੰ ਹੋ ਤੁਰੇ।ਗੁਲਫ ਦੇਸ਼ਾਂ ਵਿੱਚ ਕਾਫ਼ੀ ਪੈਸੇ ਬਣ ਜਾਂਦੇ ਸਨ। ਇਹਨਾਂ ਨੇ ਹੱਡ ਭੰਨਵੀਂ ਕਮਾਈ ਕੀਤੀ,ਕੰਯੂਸੀਆਂ ਕਰ ਕਰ ਕੇ ਪੈਸੇ ਜੋੜੇ।ਇਕੱਠੇ ਕੀਤੇ ਪੈਸਿਆਂ ਨਾਲ ਕਈ ਖ਼ੁਦ ਤੇ ਕਈਆਂ ਨੇ ਆਪਣੇ ਬੱਚਿਆਂ ਨੂੰ ਯੌਰਪ ਵੱਲ ਭੇਜਿਆ ਜ਼ਿਹਨਾਂ ਨੂੰ ਵੱਡੇ ਦੇਸ਼ ਵੀ ਕਹਿੰਦੇ ਹਨ।
ਅੱਜ ਅਸੀਂ ਕੋਟ-ਪੈਂਟ, ਟਾਈਆਂ , ਸਕੂਟਰ , ਮੋਟਰ ਸਾਈਕਲ ,ਕਾਰਾਂ ਤੇ ਵੱਡੀਆਂ -ਵੱਡੀਆਂ ਕੋਠੀਆਂ ਵਾਲੇ ਬਣ ਗਏ ਹਾਂ ਪਰ ਸੈਲੂਟ ਹੈ ਉਹਨਾਂ ਨੂੰ ਜ਼ਿਹਨਾਂ ਨੂੰ ਡੀ ਐਸ ਫੋਰ ਝੱਗਾ ਹੋਰ ਪਜਾਮਾ ਹੋਰ ਕਿਹਾ ਜਾਂਦਾ ਸੀ ਕਿਉਂਕਿ ਉਹਨਾਂ ਦੇ ਸੰਘਰਸ਼ ਸਦਕਾ ਗ਼ਰੀਬਾਂ ਲਈ ਕਈ ਕਾਨੂੰਨ ਲਾਗੂ ਹੋਏ।ਪਰ ਅੱਜ ਅਸੀਂ ਕੋਟ ,ਪੈਂਟ ,ਕਾਰਾਂ ,ਕੋਠੀਆਂ ਵਾਲ਼ਿਆਂ ਦੇ ਸਾਹਮਣੇ ਗ਼ਰੀਬਾਂ ਲਈ ਕਨੂੰਨ ਬਣਨੇ ਤਾਂ ਕੀ ਪੂਰੇ ਸੰਵਿਧਾਨ ਨੂੰ ਹੀ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ।ਇੱਕ ਗੱਲ ਯਾਦ ਰੱਖਿਉ ਸੰਵਿਧਾਨ ਹੈ ਤਾਂ ਸਾਡਾ ਵਜੂਦ ਹੈ। ਸੰਵਿਧਾਨ ਖਤਮ ਤਾਂ ਅਸੀਂ ਖਤਮ।ਹਾਂ ਹਾਂ ਜਿਸਦੀ ਇੱਜ਼ਤ ਨਹੀਂ ਅਣਖ ਨਹੀਂ ਉਸਨੂੰ ਤਾਂ ਜ਼ਿੰਦਾ ਨਹੀਂ ਸਮਝਿਆ ਜਾ ਸਕਦਾ।ਸੋ ਆਉ ਭਰਾਵੋ,ਭੈਣੋ,ਬਜ਼ੁਰਗੋ ,ਮਾਤਾਵੋ,ਬੱਚਿਉ ਅੱਜ ਉੱਠੀਏ ਅਤੇ ਇਹਨਾਂ ਜਾਲਮਾਂ ਨੂੰ ਦੱਸ ਦਈਏ ਕਿ ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਮਹਾਨ ਰਹਿਬਰਾਂ ਦਾ ਹੈ ਜਿਹੜੇ ਨਾ ਕਦੇ ਅੱਕੇ ਨਾ ਥੱਕੇ ਨਾ ਰੁਕੇ ਨਾ ਝੁਕੇ ਤੇ ਨਾ ਹਾਰੇ। ਆਉ ਅੱਜ ਨੀਲੇ ਝੰਡੇ ਥੱਲੇ ਇਕੱਠੇ ਹੋਈਏ ਤੇ ਸੰਘਰਸ਼ ਕਰ ਰਹੇ ਸਾਥੀਆਂ ਦਾ ਸਾਥ ਦੇ ਕੇ ਇੱਕ ਬਣਦਾ ਇੱਜ਼ਤ ਮਾਣ ਦੇਈਏ।
ਕੁਲਵੀਰ ਹਲਕਾ ਸ਼ਾਮ ਚੌਰਾਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਵ ਸਾਂਝਾਂ ਮੰਚ ਵਲੋਂ ਭਾਰਤੀ ਸੈਨਾ ਦੇ ਸਨਮਾਨ ਵਿੱਚ ਤਿਰੰਗਾ ਯਾਤਰਾ ਕੱਢੀ
Next articleਸਟੇਟ ਅਵਾਰਡੀ ਭੰਗਲ ਵੱਲੋਂ ਹੋਣਹਾਰ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਗਾਇਆ