(ਸਮਾਜ ਵੀਕਲੀ)
ਮੇਰੇ ਲੋਕੋ ਮਨੁੱਖੀ ਮਨੁੱਖੀ ਹੱਕਾਂ ਦਾ, ਹੁਣ ਸੌਦਾ ਕਰਨਾ ਬੰਦ ਕਰੋ।
ਜੇ ਬੰਦੇ ਹੋ ਤਾਂ ਜੀਣ ਲਈ, ਬੰਦਿਆਂ ਵਰਗਾ ਪ੍ਰਬੰਧ ਕਰੋ।
ਬਹੁਜਨ ਸਮਾਜ ਉਸਾਰਨ ਲਈ, ਨਾ ਇੱਕ ਦੂਜੇ ਤੋਂ ਕੰਧ ਕਰੋ।
ਹੁਣ ਵੱਖਰਾ ਵੱਖਰਾ ਰਾਹ ਛੱਡੋ, ਕੋਈ ਸਾਂਝਾ ਸੌਖਾ ਪੰਧ ਕਰੋ।
ਦੋ ਅੱਖਾਂ ਕੁਦਰਤ ਨੇ ਦਿੱਤੀਆਂ, ਇੱਕ ਤੀਜਾ ਨੇਤਰ ਵਿੱਦਿਆ ਹੈ।
ਜਿਸ ਦੇ ਵਿੱਚ ਸਭ ਕੁੱਝ ਆ ਜਾਂਦਾ, ਇੱਕ ਐਸਾ ਖੇਤਰ ਵਿੱਦਿਆ ਹੈ।
ਸੱਚ ਝੂਠ ਨਿਤਾਰਾ ਕਰ ਦੇਵੇ, ਐਸਾ ਰਣਖੇਤਰ ਵਿੱਦਿਆ ਹੈ।
ਦੌਲਤ ਤੇ ਤਾਕਤ ਆਪਣੇ ਥਾਂ, ਪਰ ਸਭ ਤੋਂ ਬਿਹਤਰ ਵਿੱਦਿਆ ਹੈ।
ਸੰਗਠਨ ਦੇ ਅੰਦਰ ਸ਼ਕਤੀ ਹੈ, ‘ਕੱਲਾ ਤਾਂ ‘ਕੱਲਾ ਹੁੰਦਾ ਹੈ।
ਏਕੇ ਵਿੱਚ ਬਰਕਤ ਹੁੰਦੀ ਹੈ, ਏਕੇ ਵਿੱਚ ਅੱਲਾ ਹੁੰਦਾ ਹੈ।
ਹਿੱਲ ਜਾਂਦੇ ਧਰਤੀ ਅੰਬਰ ਜਦ, ਲੋਕਾਂ ਦਾ ਹੱਲਾ ਹੁੰਦਾ ਹੈ।
ਜਿਸ ਕੌਮ ਅੰਦਰ ਇਤਫ਼ਾਕ ਨਹੀਂ, ਗ਼ਲ ਦੇ ਵਿੱਚ ਪੱਲਾ ਹੁੰਦਾ ਹੈ।
ਸੱਚ ਝੂਠ ਦੀ ਜੰਗ ਸਦੀਵੀ ਹੈ, ਸੱਚ ਉੱਤੇ ਖੜ੍ਹਨਾ ਚਾਹੀਦਾ।
ਸਮਿਆਂ ਦੀ ਕੰਧ ਤੇ ਲਿਖਿਆ ਜੋ, ਉਸਨੂੰ ਵੀ ਪੜ੍ਹਨਾ ਚਾਹੀਦਾ।
ਮੰਗਿਆਂ ਤਾਂ ਮਿਲਦੀ ਖ਼ੈਰ ਮਸਾਂ, ਹੱਕ ਲੈਣ ਲਈ ਅੜਨਾ ਚਾਹੀਦਾ।
ਗੁਰੂ ਨਾਨਕ ਵਾਂਗ ਨਿਆਂ ਖਾਤਰ, ਰੱਬ ਨਾਲ ਵੀ ਲੜਨਾ ਚਾਹੀਦਾ।
ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ
ਹਰਪਾਲ ਸਿੰਘ ਮਰੇਲ ਕੋਟਲਾ
8968515814



