ਮੇਰਾ ਘੁਮਿਆਰਾ (ਭਾਗ 9)

ਰਮੇਸ਼ ਸੇਠੀ ਬਾਦਲ
ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ)  ਜਿਵੇਂ ਪਿੰਡਾਂ ਵਿੱਚ ਆਪਸੀ ਸਹਿਚਾਰ ਹੁੰਦਾ ਹੈ। ਭਰੱਪਾ ਅਤੇ ਅਪਣੱਤ ਹੁੰਦੀ ਹੈ। ਭਾਈਚਾਰਕ ਏਕਤਾ ਹੁੰਦੀ ਹੈ। ਭਾਵੇਂ ਮੇਰੇ ਪਿੰਡ ਘੁਮਿਆਰਾ ਵਿੱਚ ਵੱਖ ਵੱਖ ਜਾਤਾਂ ਗੋਤਾਂ ਧਰਮਾਂ ਦੇ ਲੋਕ ਰਹਿੰਦੇ ਸਨ।  ਪ੍ਰੰਤੂ ਅਸੀਂ ਆਪਸ ਵਿੱਚ ਰਿਸ਼ਤਿਆਂ ਬਣਾਏ ਹੋਏ ਸਨ। ਚਾਚੇ, ਤਾਏ, ਬਾਬੇ ਤੇ ਬਾਈ। ਇੰਜ ਹੀ ਇਹ ਰਿਸ਼ਤੇ ਪਿੰਡ ਦੀਆਂ ਔਰਤਾਂ ਵੱਡੀ ਉਮਰ ਦੀਆਂ ਬੁੜੀਆਂ ਤੇ ਕੁੜੀਆਂ ਨਾਲ ਸਨ ਜਿਵੇਂ ਬਜ਼ੁਰਗ ਔਰਤ ਅੰਬੋ, ਕੋਈ ਤਾਈ, ਕੋਈ ਚਾਚੀ, ਭਾਬੀ, ਭੂਆਂ ਤੇ ਭੈਣੇ। ਬਹੁਤੀਆਂ ਔਰਤਾਂ ਮੇਰੀ ਮਾਂ ਦੀਆਂ ਸਹੇਲੀਆਂ ਵੀ ਹੁੰਦੀਆਂ ਸਨ। ਦਾਦਾ ਜੀ ਪਾਪਾ ਜੀ ਅਤੇ ਮੇਰੀ ਮਾਂ ਦੇ ਬਣਾਏ ਰਿਸ਼ਤਿਆਂ ਨੂੰ ਅਸੀਂ ਅੱਗੇ ਵਰਤਦੇ। ਅੰਬੋ ਬੌਣੀ ਜਿਸ ਦਾ ਪੂਰਾ  ਨਾਮ ਹਰ ਕੁਰ ਸੀ ਅੰਬੋ ਹਰਨਾਮ ਕੁਰ ਅਤੇ ਜਿੰਨਾ ਦੇ ਨਾਮ ਨਹੀਂ ਸੀ ਜਾਣਦੇ ਉਹ ਸਿਰਫ ਅੰਬੋ ਹੁੰਦੀ ਸੀ।  ਕੁਝ ਰਿਸ਼ਤੇ ਤੋਂ ਵੱਡੀ ਜਗ੍ਹਾ ਲੱਗਦੀਆਂ ਔਰਤਾਂ ਨੂੰ ਆਪਣੇ ਪਾਪਾ ਜੀ ਦੀ ਰੀਸ ਨਾਲ ਚਾਚੀ ਆਖਦੇ। ਸਾਡੇ ਗੁਆਂਢ ਵਿੱਚ ਰਹਿੰਦੀ ਚਾਚੀ ਜਸ ਕੁਰ ਅਤੇ ਚਾਚੀ ਨਿੱਕੋ। ਉਂਜ ਅਸੀ ਚਾਚੇ ਜਗਰ  ਦੇ ਘਰ ਵਾਲੀ ਨੂੰ ਵੀ ਚਾਚੀ ਆਖਦੇ ਕਿਉਂਕਿ ਪਾਪਾ ਜੀ ਹੁਰੀ ਵੀ ਉਸਨੂੰ ਚਾਚੀ ਆਖਦੇ ਸਨ। ਵੈਸੇ ਸਾਡੇ ਘਰ ਨਾਲ ਤਾਏ ਚਤਰੇ ਦੀ ਕੰਧ ਲੱਗਦੀ ਸੀ ਇਸ ਲਈ ਤਾਈ ਸੁਰਜੀਤ ਕੁਰ ਨਾਲ ਮੇਰਾ ਵਾਹਵਾ ਮੋਂਹ ਸੀ। ਤਾਈ ਕੋਡੋ ਵੀ ਸਾਡੇ ਘਰ ਦੇ ਨੇੜੇ ਰਹਿੰਦੀ ਸੀ। ਉਹ ਮਜ਼ਾਕੀਆ ਸੀ ਤੇ ਮੈਨੂੰ ਚਾਚੀ ਆਖਣ ਲਈ ਮਜਬੂਰ ਕਰਦੀ। ਮੇਰੇ ਦਾਦੇ ਕੇ ਘਰ ਦੇ ਨੇੜੇ ਰਹਿੰਦੀ ਤਾਈ ਹਰਨਾਮ ਕੁਰ ਦਾ ਸੁਭਾਅ ਲੋਕਾਂ ਭਾਣੇ ਬਹੁਤ ਸਖਤ ਸੀ ਪ੍ਰੰਤੂ ਮੈਨੂੰ ਪੁੱਤ ਪੁੱਤ ਕਰਦੀ। ਇਹ ਤਾਏ ਭਾਗ ਸਿੰਘ ਦਾ ਦੂਜਾ ਵਿਆਹ ਹੋਇਆ ਸੀ ਫਿਰ ਵੀ ਤਾਈ ਕਦੇ ਮਾਂ ਨਾ ਬਣ ਸਕੀ। ਮੈਂ ਤਾਈ ਕੇ ਵੱਡੇ ਸਾਰੇ ਦਰਵਾਜ਼ੇ ਵਿੱਚ ਹੀ ਖੇਡਕੇ ਵੱਡਾ ਹੋਇਆ ਸੀ ਤਾਈ ਬਹੁਤ ਮੋਂਹ ਕਰਦੀ।   ਇਹ੍ਹਨਾਂ ਘਰਾਂ ਨਾਲ ਸਾਡੀ ਲੱਸੀ ਦੀ ਸਾਂਝ ਹੁੰਦੀ ਸੀ। ਜਦੋਂ ਸਾਡੇ ਘਰੇ ਕੋਈਂ ਲਵੇਰੀ ਨਾ ਹੁੰਦੀ ਤਾਂ ਲੱਸੀ ਵਾਲੇ ਘਰ ਡੋਲੂ ਲ਼ੈ ਕੇ ਪਾਹੁੰਚ ਜਾਂਦੇ ਸੀ। ਤਾਈ ਧੰਨੋ ਕੇ ਘਰ ਦੀ ਸਾਨੂੰ ਪਿੱਠ ਲੱਗਦੀ ਸੀ। ਤਾਈ ਧੰਨੋ ਕੀ ਬੈਠਕ ਵਿੱਚ ਦਰੀਆਂ ਬੁਣਨ ਦਾ ਅੱਡਾ ਲੱਗਿਆ ਹੀ ਰਹਿੰਦਾ। ਕੋਈਂ ਨਾ ਕੋਈਂ ਕੁੜੀ ਕਤਰੀ ਵੀਹੜੀ ਤੇ ਦਰੀ ਬਣਾਉਂਦੀ ਰਹਿੰਦੀ। ਕਈ ਵਾਰੀ ਮੈਂ ਵੀ ਤਾਈ ਦੇ ਬਰਾਬਰ ਬੈਠਕੇ ਦਰੀ ਬੁਣਦਾ। ਕੋਲ੍ਹ ਬੈਠੀਆਂ ਕੁੜੀਆਂ ਹੱਸਦੀਆਂ।  ਗੁਣੀਏ ਦੀ ਮਾਂ ਨੂੰ ਅਸੀਂ ਚਾਚੀ ਖੰਡ ਵਾਲੀ ਆਖਦੇ ਸੀ। ਕਿਉਂਕਿ ਉਹ ਵੇਲੇ ਕੁਵੇਲੇ ਸਾਡੇ ਘਰੋਂ ਖੰਡ ਦੀ ਕੌਲੀ ਉਧਾਰੀ ਲੈਣ ਆਉਂਦੀ। ਉਦੋਂ ਖੰਡ ਦੀ ਕਿੱਲਤ ਹੁੰਦੀ ਸੀ। ਅੰਮਾ ਕੌੜੀ ਵੀ ਹੁੰਦੀ ਸੀ ਮੇਰੇ ਬੇਲੀ ਗੁਰਦੇਵ ਦੀ ਮਾਂ। ਕਈ ਘਰਾਂ ਨਾਲ ਸਾਡੀ ਦਾਲ ਕੌਲੀ ਦੀ ਸਾਂਝ ਹੁੰਦੀ ਸੀ। ਕਈ ਵਾਰੀ ਕੋਈਂ ਨਾ ਕੋਈਂ ਬਿਨਾਂ ਝਿਜਕੇ ਆਚਾਰ ਲੈਣ ਵੀ ਆ ਜਾਂਦਾ। ਕਈ ਘਰ ਤਾਂ ਅੱਗ ਲੈਣ ਆਉਂਦੇ। ਉਹ ਚੁੱਲ੍ਹੇ ਤੋਂ ਧੁੱਖਦੀ ਹੋਈ ਪਾਥੀ ਲ਼ੈ ਜਾਂਦੇ। ਮਾਚਿਸ ਘੱਟ ਹੀ ਵਰਤਦੇ ਸਨ ਉਹ। ਪਿੰਡ ਵਿੱਚ ਰਹਿੰਦੇ ਬਾਬੇ ਤਾਰੀ ਦੇ ਘਰੋਂ  ਦੁਰਗਾ ਨੂੰ ਅਸੀਂ ਚਾਚੀ ਦੁਰਗਾ ਆਖਦੇ ਅਤੇ ਇਸੇ ਤਰ੍ਹਾਂ ਪਿੰਡ ਵਿੱਚ ਹੀ ਮੇਰੇ ਦਾਦੇ ਦੀ ਭੂਆ ਰਹਿੰਦੀ ਸੀ ਜਿਸਨੂੰ ਸਾਰੇ ਭੂਆ ਬਿਸ਼ਨੀ ਆਖਦੇ ਸਨ। ਉਂਜ ਪਿੰਡ ਰਹਿੰਦੀ ਬੀਬੀ  ਮੇਰੀ ਮਾਂ ਦੀ ਧਰਮ ਭੈਣ ਬਣੀ ਹੋਈ ਸੀ। ਮੇਰੀ ਮਾਂ ਨੇ ਤੇ ਉਸਨੇ ਚੁੰਨੀਆਂ ਵਟਾਈਆਂ ਸਨ। ਬੀਬੀ ਪਿੰਡ ਘੁਮਿਆਰੇ ਦੀ ਹੀ ਧੀ ਸੀ। ਉਹ ਸੁਭਾਅ ਦੀ ਬਹੁਤ ਨਿੱਘੀ ਸੀ। ਭਾਵੇਂ ਸਾਡੇ ਮਾਸੜ  ਜਗਰ ਬਾਗੜੀਏ ਨੂੰ ਲੋਕ ਗਰਮ ਕਹਿੰਦੇ ਸਨ। ਪਰ ਉਹ ਮਾਸੀ ਮੂਹਰੇ ਬੋਲਦਾ ਨਹੀਂ ਸੀ। ਵੱਡੇ ਘਰਾਂ ਵਾਲਾ ਨਰ ਸਿੰਘ ਜਿਸ ਨੂੰ ਨਰ ਸਿੰਹੁ ਬੋਣਾ ਆਖਦੇ ਸਨ ਉਹ ਸਕਤੇ‌ ਖੇੜੇ ਵਿਆਹਿਆ ਸੀ। ਉਹ ਅੰਬੋ ਮੇਰੀ ਮਾਂ ਨਾਲ ਪੇਕਿਆਂ ਵਾਲਾ ਮੋਂਹ ਕਰਦੀ ਕਿਉਂਕਿ ਮੇਰੀ ਮਾਂ ਦੇ  ਨਾਨਕੇ ਸਕਤੇ ਖੇੜੇ ਸਨ। ਉਸਦਾ ਭਰਾ ਜੋ ਪਿੰਡ ਸਕਤੇ ਖੇੜੇ ਦਾ ਸਰਪੰਚ ਸੀ ਮੇਰੀ ਮਾਂ ਦਾ ਪੇਕਿਆਂ ਵਾਲਾ ਮੋਂਹ ਕਰਦਾ ਸੀ। ਮੇਰੇ ਦੋਸਤ ਸਿੰਦਰ ਸਿੰਘ ਦੇ ਮਾਮੇ ਯੂਪੀ ਵਿੱਚ ਵਾਹੀ ਕਰਦੇ ਸਨ। ਉਹਨਾਂ ਕੋਲੋੰ ਓਥੇ ਚੰਗੀ ਜਮੀਨ ਸੀ। ਉਹ ਦੋਵੇਂ ਭਰਾ ਬਹੁਤ ਮੋਟੇ ਸਨ। ਉਹਨਾਂ ਦੇ ਵੱਡੇ ਵੱਡੇ ਢਿੱਡ ਸਨ। ਉਹ ਜਦੋਂ ਘੁਮਿਆਰੇ ਆਉਂਦੇ ਤਾਂ ਉਹ ਮੇਰੀ ਮਾਂ ਨੂੰ ਉਚੇਚਾ ਮਿਲਣ ਆਉਂਦੇ। ਆਪਣੀ ਛੋਟੀ ਭੈਣ ਸਮਝਦੇ ਤੇ ਜਾਂਦੇ ਹੋਏ ਮੇਰੀ ਤਾਈ (ਸਿੰਦਰ ਦੀ ਮਾਂ) ਦੀ ਤਰ੍ਹਾਂ ਦੋ ਰੁਪਏ ਸ਼ਗਨ ਜਰੂਰ ਦਿੰਦੇ। ਇਹ ਸਮਾਜਿਕ ਰਿਸ਼ਤੇ ਸਨ ਜੋ ਸ਼ਾਇਦ ਪਿੰਡ ਦਾ ਵਿਰਸਾ ਸੀ।  ਸਾਡੇ ਘਰ ਗੋਹਾ ਕੂੜਾ ਕਰਨ ਵਾਲੀ ਮਾਦਾ ਨੂੰ ਵੀ ਮੈਂ ਤਾਈ ਮਾਦਾ ਆਖਦਾ। ਉਸਦੀ ਨੂੰਹ ਨੂੰ ਮੈਂ ਭਾਬੀ ਆਖਦਾ ਸੀ। ਚੁਮਾਰਾਂ ਦੇ ਸੂਰਜੀਏ ਦੀ ਬਹੂ ਨੂੰ ਵੀ ਮੈਂ ਭਾਬੀ ਹੀ ਆਖਦਾ। ਕੁਝ ਦਿਨ ਪਿੰਡ ਦੀ ਹੀ ਬੀਬੀ ਨੇ ਸਾਡੇ ਘਰੇ ਗੋਹਾ ਕੂੜਾ ਕੀਤਾ। ਉਹਨਾਂ ਨੇ ਈਸਾਈ ਧਰਮ ਗ੍ਰਹਿਣ ਕੀਤਾ ਹੋਇਆ ਸੀ। ਮੈਂ ਉਸਨੁੰ ਬੀਬੀ ਭੂਆਂ ਕਹਿਂਦਾ।  ਮੇਰੀ ਹੀ ਉਮਰ ਦੀਆਂ ਕੁੜੀਆਂ ਜੋ ਮੇਰੇ ਨਾਲ ਖੇੜਦੀਆਂ ਪੜ੍ਹਦੀਆਂ ਲਈ ਅਸੀਂ ਬਹੁਤਾਂ ਭੈਣੇ ਲਫ਼ਜ਼ ਹੀ ਵਰਤਦੇ। ਮੁੰਡੇ ਕੁੜੀਆਂ ਵਾਲੀ ਕੋਈਂ ਗੱਲ ਨਹੀਂ ਸੀ। ਗੁਆਂਢੀਆਂ ਦੀ ਗੈਬੋ ਛੰਨੋ ਗੰਜੀ ਇਹ ਉਮਰ ਚ ਮੈਥੋਂ ਵੱਡੀਆਂ ਸਨ ਤੇ ਓਹਣਾਂ ਲਈ ਮੈਂ ਜੁਆਕ ਜਿਹਾ ਹੀ ਸੀ। ਮੈਨੂੰ ਓਹਨਾ ਤੋਂ ਡਰ ਲੱਗਦਾ ਸੀ। ਕਿਉਂਕਿ ਉਹਨਾਂ ਕੋਲ ਮੈਨੂੰ ਝਿੜਕਣ ਲੜ੍ਹਨ ਦਾ ਹੱਕ ਸੀ। ਇਸੇ ਤਰ੍ਹਾਂ ਲੂੰਗੜ, ਸੀਬੋ, ਜੀਤੋ, ਗੁੱਡੀ ਵਗੈਰਾ ਮੇਰੇ ਕੁ ਜਿੱਡੀਆਂ ਹੀ ਸਨ ਤੇ ਮੇਰੀ ਭੈਣ ਦੀਆਂ ਸਹੇਲੀਆਂ ਸਨ। ਅਸੀਂ ਆਪਸ ਵਿੱਚ ਲੜਦੇ, ਝਗੜਦੇ, ਰੁੱਸਦੇ ਤੇ ਫਿਰ ਇੱਕੋ ਜਿਹੇ ਹੋ ਜਾਂਦੇ। ਇਹ ਸਾਡੇ ਘਰ ਆਉਂਦੀਆਂ ਅਸੀਂ ਇਕੱਠੇ ਖੇਡਦੇ। ਤਾਈ ਸੁਰਜੀਤ ਕੁਰ ਘਰੇ ਖੱਡੀ ਚੱਲਦੀ ਰਹਿੰਦੀ ਤੇ ਮੈਂ ਵੀ ਖੇਸ ਬੁਣਨੇ ਸਿੱਖਣ ਦੀ ਕੋਸ਼ਿਸ਼ ਕਰਦਾ। ਸਾਡੇ ਘਰ ਦੇ ਪਿਛਲੇ ਪਾਸੇ ਤਾਏ ਮਾੜੂ ਕੇ ਚੁਬਾਰੇ ਵਿੱਚ ਕੁੜੀਆਂ ਬੁੜੀਆਂ ਇਕੱਠੀਆਂ ਹੋਕੇ ਚਰਖਾ ਕੱਤਦੀਆਂ, ਬੋਟੇ ਛਿੱਕੂ ਬਣਾਉਂਦੀਆਂ, ਮੰਜੇ ਖੜੇ ਕਰਕੇ ਨਾਲੇ ਬੁਣਦੀਆਂ, ਪੱਖੀਆਂ ਬੁਣਦੀਆਂ ਅਤੇ ਝੋਲੇ ਕੱਢਦੀਆਂ। ਇਹ੍ਹਨਾਂ ਦੇ ਇਕੱਠ ਨੂੰ ਹੀ ਸ਼ਾਇਦ ਤ੍ਰਿੰਜਣਾ ਕਿਹਾ ਜਾਂਦਾ ਹੈ। ਇਹੀ ਸਾਡਾ ਵਿਰਸਾ ਹੈ। ਅਸੀਂ ਰਿਸ਼ਤਿਆਂ ਬਿਨਾਂ ਰਹਿ ਨਹੀਂ ਸਕਦੇ। ਘੁਮਿਆਰਾ ਮੇਰੀ ਜਨਮ ਭੂਮੀ ਸੀ ਤੇ ਇਸਨੇ ਮੈਨੂੰ ਬਹੁਤ ਕੁਝ ਸਿਖਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article‘ਸੰਧਾਰਾ,
Next article“ਲੋਹੜੀ” ਸ਼ਬਦ ਕਿਵੇਂ ਬਣਿਆ?