(ਭਾਗ 6)
ਰਮੇਸ਼ ਸੇਠੀ
(ਸਮਾਜ ਵੀਕਲੀ) ਇਹ ਉਹ ਸਮਾਂ ਸੀ ਜਦੋਂ ਘੁਮਿਆਰੇ ਬਿਜਲੀ ਨਹੀਂ ਸੀ ਆਈ। ਲੋਕ ਸਵੇਰੇ ਸ਼ਾਮ ਸੱਥ ਵਿੱਚ ਬੈਠਕੇ ਟਾਈਮ ਪਾਸ ਕਰਦੇ। ਤਾਸ਼ ਖੇਡਦੇ। ਗਰਨੇ ਕੱਢਦੇ, ਸੂਤ ਵੱਟਦੇ ਜਾਂ ਫਿਰ ਕੋਈਂ ਰੱਸੇ ਵੱਟਦੇ। ਬਹੁਤੇ ਲੋਕ ਦਰੱਖਤਾਂ ਥੱਲ੍ਹੇ ਬੈਠਕੇ ਇਹੀ ਕੰਮ ਕਰਦੇ। ਸਿਖਰ ਦੁਪਹਿਰੇ ਇੱਥੇ ਹੀ ਮਹਿਫਲਾਂ ਲੱਗਦੀਆਂ। ਕਈਆਂ ਦੇ ਮੂਹਰਲੇ ਦਰਵਾਜੇ ਇੰਨੇ ਵੱਡੇ ਹੁੰਦੇ ਸਨ ਕਿ ਗਰਮੀਆਂ ਵਿੱਚ ਲੋਅ ਨਹੀਂ ਠੰਡੀ ਹਵਾ ਆਉਂਦੀ। ਪਿੰਡ ਵਿੱਚ ਵਾਰਡ ਨਹੀਂ ਅੱਲਾਂ ਹੁੰਦੀਆਂ ਸਨ ਜਾਂ ਫਿਰ ਗਲੀਆਂ ਦੇ ਨਾਮ।
ਪਿੰਡ ਘੁਮਿਆਰੇ ਤਿੰਨ ਆਟਾ ਚੱਕੀਆਂ ਸਨ। ਜੋ ਕਾਲੇ ਤੇਲ ਤੇ ਚਲਦੀਆਂ। ਵਾਹਵਾ ਆਵਾਜ਼ ਕਰਦੀਆਂ। ਧੂੰਏਂ ਵਾਲੇ ਸਾਈਲੈਂਸਰ ਤੇ ਇੱਕ ਚਿੜ੍ਹੀ ਲੱਗੀ ਹੁੰਦੀ ਸੀ ਜੋ ਬੜੀ ਪਿਆਰੀ ਜਿਹੀ ਆਵਾਜ਼ ਕੱਢਦੀ। ਇਸ ਨਾਲ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਕਿ ਮਸ਼ੀਨ ਚੱਲ ਰਹੀ ਹੈ। ਮਸ਼ੀਨ ਦੇ ਨੇੜੇ ਇੱਕ ਪੂਰੀ ਗਲੀ ਨੂੰ ਮਸ਼ੀਨ ਆਲਿਆਂ ਦੀ ਗਲੀ ਕਹਿੰਦੇ ਸਨ। ਉਸ ਵਿੱਚ ਵਿੱਚ ਬਾਬੇ ਅਰਜਨ ਕੇ, ਤਾਇਆ ਹਰਬੰਸ, ਬਾਬੇ ਜੰਗੀਰ ਕੇ, ਸਰਵਣ ਕੇ ਅਤੇ ਤਿੰਨ ਚਾਰ ਘਰ ਹੋਰ ਰਹਿੰਦੇ ਸਨ। ਬਾਬੇ ਜਗੀਰ ਨੂੰ ਜਗੀਰ ਅੱਖਾਂਮਾਰੂ ਵੀ ਕਹਿੰਦੇ ਸਨ। ਕਿਉਂਕਿ ਉਹ ਵਾਰੀ ਵਾਰੀ ਅੱਖਾਂ ਝਮਕਦਾ ਸੀ। ਉਸ ਮਸ਼ੀਨ ਤੇ ਕੂਤਨ ਨਾਮ ਦਾ ਕਰਿੰਦਾ ਹੁੰਦਾ ਸੀ। ਜਿਸ ਨੂੰ ਪਿੰਡ ਦਾ ਬੱਚਾ ਬੱਚਾ ਜਾਣਦਾ ਸੀ। ਉਰਲੀ ਫਿਰਨੀ ਤੇ ਕਈ ਘਰ ਸਨ ਜਿੰਨਾ ਨੂੰ ਵੱਡੇ ਘਰਾਂ ਵਾਲੇ ਕਹਿੰਦੇ ਸਨ। ਇਹ ਕਈ ਘਰ ਸਨ ਤੇ ਸਭ ਕੋਲ੍ਹ ਚੰਗੀ ਜਮੀਨ ਸੀ। ਇਹ੍ਹਨਾਂ ਦੇ ਘਰਾਂ ਦੇ ਦਰਵਾਜੇ ਵੱਡੇ ਵੱਡੇ ਸਨ। ਖੂਹ ਨੇੜੇ ਇੱਕ ਲੰਮੀ ਸਾਰੀ ਗਲੀ ਸੀ ਜਿਸਨੂੰ ਬਲੰਗਨਾਂ ਦੀ ਗਲੀ ਕਹਿੰਦੇ ਸਨ। ਬਲੰਗਨ ਵੀ ਇੱਕ ਗੋਤ ਹੁੰਦੀ ਹੈ। ਕਈ ਬਲੰਗਨਾਂ ਦਾ ਵੇਹੜਾ ਵੀ ਕਹਿੰਦੇ ਸਨ। ਖੂਹ ਵਾਲੀ ਗਲੀ ਵਿੱਚ ਰਹਿੰਦਾ ਬਾਬਾ ਹਜ਼ੂਰ ਸਿੰਘ ਆਪਣੇ ਹੱਥ ਵਿੱਚ ਲੱਕੜ ਦੀ ਅਣਘੜ ਜਿਹੀ ਮੋਟੀ ਸੋਟੀ ਰੱਖਦਾ ਜਿਸ ਕਰਕੇ ਉਸਨੂੰ ਬਾਬਾ ਘੈਂਸਲੇ ਵਾਲਾ ਕਹਿੰਦੇ। ਬਾਅਦ ਵਿੱਚ ਉਹਨਾਂ ਦੇ ਪੂਰੇ ਪਰਿਵਾਰ ਨੂੰ ਹੀ ਘੈਂਸਲੇ ਵਾਲੇ ਕਹਿਣ ਲੱਗ ਪਏ। ਬਾਬੇ ਦਾ ਪੋਤਾ ਜੋ ਕਦੇ ਮੇਰਾ ਸਹਿਪਾਠੀ ਸੀ ਉਹ ਪਿੰਡ ਦਾ ਸਰਪੰਚ ਵੀ ਬਣਿਆ। ਸਰਪੰਚ ਤਾਂ ਮੇਰਾ ਸਹਿਪਾਠੀ ਸੁਖਚਰਨ ਵੀ ਬਣਿਆ। ਉਹ ਗਰੀਬ ਪਰਿਵਾਰ ਦਾ ਮੁੰਡਾ ਸੀ। ਸਰਪੰਚੀ ਰਾਖਵੀਂ ਹੋਣ ਕਰਕੇ ਉਸ ਦਾ ਨੰਬਰ ਸੌਖਾ ਪੈ ਗਿਆ।
ਪਿੰਡ ਦੇ ਇੱਕ ਦੋ ਆਦਮੀ ਕਲਕੱਤੇ ਟੈਕਸੀ ਚਲਾਉਂਦੇ ਸਨ। ਸੋ ਉਹਨਾ ਨੂੰ ਕਲਕੱਤੇ ਵਾਲੇ ਕਹਿੰਦੇ। ਭਾਵੇਂ ਓਦੋਂ ਬਹੁਤੇ ਘਰਾਂ ਵਿੱਚ ਬੱਕਰੀਆਂ ਹੁੰਦੀਆਂ ਸਨ ਪਰ ਇੱਕ ਪਰਿਵਾਰ ਨੂੰ ਬੱਕਰੀਆਂ ਵਾਲੇ ਕਿਹਾ ਜਾਂਦਾ ਸੀ। ਲੋਹਾਰੇ ਵਾਲੀ ਪਹੀ ਕੋਲ੍ਹ ਰਹਿੰਦਾ ਕਰਤਾਰ ਮਿਸਤਰੀ ਦਾ ਪਿੱਛਾ ਲਾਇਲਪੁਰ ਦਾ ਸੀ ਉਸ ਨੂੰ ਲਾਇਲਪੁਰੀਆ ਕਹਿੰਦੇ। ਸਾਡੇ ਘਰ ਕੋਲ੍ਹ ਜਗਰੂਪ ਨਾਮ ਦਾ ਦਰਜ਼ੀ ਰਹਿੰਦਾ ਸੀ ਉਸਨੂੰ ਵੀ ਸ਼ਾਇਦ ਲਾਇਲਪੁਰੀਆ ਕਹਿੰਦੇ ਸਨ। ਬਾਬੇ ਬਖਤੌਰ ਸਿੰਘ ਦੀ ਬੈਠਕ ਜੋ ਮੇਰੇ ਦਾਦੇ ਦੀ ਹੱਟੀ ਦੇ ਨਾਲ ਲੱਗਦੀ ਸੀ ਉਥੇ ਕੋਈਂ ਨਾ ਕੋਈਂ ਝੋਲਾ ਛਾਪ ਡਾਕਟਰ ਆਪਣਾ ਰੋਜ਼ਗਾਰ ਤੋਰੀ ਰੱਖਦਾ। ਇਸੇ ਤਰ੍ਹਾਂ ਬਾਬੇ ਸੁਖਚਰਨ ਕੀ ਬੈਠਕ ਵੀ ਕਿਸੇ ਨਾ ਕਿਸੇ ਝੋਲਾ ਛਾਪ ਲਈ ਬੁੱਕ ਹੀ ਹੁੰਦੀ ਸੀ। ਪਹਿਲ਼ਾਂ ਪਹਿਲ਼ਾਂ ਲੋਕ ਵੈਦ ਆਤਮਾ ਸਿੰਘ ਤੋਂ ਦਵਾਈ ਬੂਟੀ ਲੈਂਦੇ। ਪਰ ਬਾਅਦ ਵਿੱਚ ਉਹ ਖੁਦ ਨਸ਼ੇ ਕਰਨ ਲੱਗ ਪਿਆ ਤੇ ਬਜ਼ੁਰਗ ਹੋ ਗਿਆ। ਉਸਦੇ ਹੱਥ ਕੰਬਨ ਲੱਗੇ।
ਪਿੰਡ ਘੁਮਿਆਰਾ ਵਿੱਚ ਬਾਬਾ ਚੰਡੀਗੜ੍ਹ ਵਾਲਾ ਮਸ਼ਹੂਰ ਸੀ ਪਤਾ ਨਹੀਂ ਉਹਨਾਂ ਨੂੰ ਲੋਕ ਚੰਡੀਗੜ੍ਹ ਵਾਲੇ ਕਿਉਂ ਕਹਿੰਦੇ ਸਨ। ਇੰਜ ਹੀ ਇੱਕ ਕਰਤਾਰ ਲੋਹਾਰੇ ਵਾਲਾ ਸੀ ਉਹ ਸ਼ਾਇਦ ਲੋਹਾਰੇ ਤੋਂ ਸੀ ਉਹ ਕਾਫੀ ਪੜ੍ਹਿਆ ਸੀ ਉਸਦਾ ਬੇਟਾ ਵੀ ਕਿਸੇ ਵੱਡੀ ਪੋਸਟ ਤੋਂ ਸੇਵਾਮੁਕਤ ਹੋਇਆ। ਰਾਜਸਥਾਨ ਤੋਂ ਆਕੇ ਰਹਿਣ ਵਾਲੇ ਜੱਗਰ ਬਾਗੜੀਆ ਦੀ ਵੀ ਇੱਕ ਵੱਖਰੀ ਪਹਿਚਾਣ ਸੀ। ਉਹਨਾਂ ਦਿਨਾਂ ਵਿੱਚ ਇੱਕ ਬਜ਼ੁਰਗ ਜਿਸਨੂੰ ਝਿਉਰਾਂ ਦਾ ਬੁੜਾ ਕਹਿੰਦੇ ਸੀ ਆਪਣੇ ਦੋਹਤੇ ਦਰਸ਼ਨ ਨਾਲ ਰਹਿੰਦਾ ਸੀ। ਪਿੰਡ ਵਾਲੇ ਉਸ ਦੀ ਇੱਜਤ ਕਰਦੇ ਸਨ। ਦਰਸ਼ਨ ਕਾਫੀ ਮੋਟਾ ਸੀ। ਕਵਿੰਟਲ ਨਾਮਕ ਝਿਊਰ ਮੱਧਰੇ ਕੱਦ ਦਾ ਸੀ ਪਰ ਉਸਦਾ ਵਜ਼ਨ ਹੀ ਉਸਦਾ ਨਾਮ ਸੀ। ਉਹ ਘਰਾਂ ਵਿੱਚ ਪੀਪਿਆਂ ਨਾਲ ਪਾਣੀ ਪਾਉਂਦਾ। ਪਿੰਡ ਵਿੱਚ ਕੋਈਂ ਝਟਕੇ ਦੀ ਦੁਕਾਨ ਨਾ ਹੋਣ ਕਰਕੇ ਕਵਿੰਟਲ ਝਿਊਰ ਕਦੇ ਕਦੇ ਬੱਕਰਾ ਵੀ ਝਟਕਾ ਲੈਂਦਾ। ਇਹ ਵੀ ਉਸਦਾ ਪੇਸ਼ਾ ਹੀ ਸੀ। ਕਈ ਵਾਰੀ ਕੋਈਂ ਹੋਰ ਇਹ ਉੱਦਮ ਕਰਦਾ ਤੇ ਚਾਹਵਾਨ ਮੀਟ ਖਰੀਦ ਲੈਂਦੇ।
ਪਿੰਡ ਦੇ ਬਹੁਤੇ ਲੋਕਾਂ ਨੂੰ ਉਹਨਾਂ ਦੇ ਪੇਸ਼ੇ ਅਤੇ ਜਾਤ ਕਰਕੇ ਹੀ ਬੁਲਾਇਆ ਜਾਂਦਾ ਸੀ। ਜਿਵੇਂ ਚੁਮਾਰਾਂ ਦੇ, ਸੁਨਿਆਰਿਆਂ ਦੇ, ਲੋਹਾਰਾਂ ਦੇ, ਮਿਸਤਰੀਆਂ ਦੇ, ਸੇਠਾਂ ਦੇ, ਝਿਊਰਾਂ ਦੇ ਵਗੈਰਾ। ਜਾਤ ਦਾ ਨਾਮ ਲੈਣ ਤੇ ਕੋਈ ਗੁੱਸਾ ਨਹੀਂ ਸੀ ਕਰਦਾ। ਸਗੋਂ ਲੋਕ ਆਪਣੀ ਜਾਤ ਹੁੱਭਕੇ ਦੱਸਦੇ। ਠੀਕ ਹੈ ਕੁਝ ਜਾਤਾਂ ਨੂੰ ਨੀਵੀਆਂ ਜਾਤਾਂ ਸਮਝਿਆ ਜਾਂਦਾ ਸੀ ਉਹ ਵੀ ਇਸ ਗੱਲ ਨੂੰ ਮੰਨਦੇ ਸਨ ਪਰ ਸ਼ਰਮ ਨਹੀਂ ਸੀ ਮੰਨਦੇ। ਇਹੀ ਤਾਂ ਉਹਨਾਂ ਦਾ ਭੋਲਾਪਣ ਸੀ ਅਤੇ ਦਰਿਆਦਿਲੀ ਸੀ। ਇਹ੍ਹਨਾਂ ਗੱਲਾਂ ਨੂੰ ਲ਼ੈਕੇ ਕਦੇ ਕੋਈਂ ਲੜ੍ਹਾਈ ਝਗੜਾ ਨਹੀਂ ਸੀ ਹੋਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj