ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਜਦੋਂ ਸਿਆਲ ਦੀ ਰੁੱਤ ਆਉਂਦੀ ਹੈ ਤਾਂ ਮੈਨੂੰ ਇੱਕ ਵੱਖਰਾ ਚਾਅ ਹੁੰਦਾ ਹੈ। ਛੋਲੂਏ ਦੀ ਚੱਟਣੀ ਅਤੇ ਮੋਠ ਬਾਜਰੀ ਦੀ ਖਿਚੜੀ ਖਾਣ ਦਾ। ਉਂਜ ਮੈਂ ਸਾਗ ਨਾਲ ਬਾਜਰੇ ਦੀ ਰੋਟੀ ਅਤੇ ਸਰੋਂ ਦਾ ਸਾਗ ਵੀ ਰੀਝ ਨਾਲ ਖਾਂਦਾ ਹੈ। “ਰਾਜ(ਸਾਡੀ ਕੁੱਕ) ਆਪਣੇ ਘਰ ਗਾਜਰ ਦਾ ਆਚਾਰ ਮੁੱਕਣਾ ਨਹੀਂ ਚਾਹੀਦਾ।” ਇੱਕ ਦਿਨ ਮੈਂ ਉਸਨੂੰ ਕਿਹਾ। ਕਿਉਂਕਿ ਇਹ ਗਾਜਰ ਅਤੇ ਔਲੇ ਦਾ ਆਚਾਰ ਮਸਾਂ ਹਫਤਾ ਕੁ ਕੱਟਦਾ ਹੈ। ਇਹ ਤਾਜ਼ਾ ਹੀ ਸੁਆਦ ਲੱਗਦਾ ਹੈ। ਇਸ ਲਈ ਹਰ ਹਫਤੇ ਜਾਂ ਉਸਤੋਂ ਵੀ ਪਹਿਲ਼ਾਂ ਤਾਜ਼ਾ ਬਣਾਉਣਾ ਪੈਂਦਾ ਹੈ। ਉਂਜ ਅਸੀਂ ਗਾਜਰ ਗੋਭੀ ਸ਼ਲਗਮ ਦਾ ਮਿੱਠਾ ਆਚਾਰ ਵੀ ਪਾ ਲੈਂਦੇ ਹਾਂ। ਇਹ ਥੋੜਾ ਵੱਡਾ ਜਭ ਹੈ। ਵਾਹਵਾ ਮੇਹਨਤ ਮੰਗਦਾ ਹੈ। ਸਰਦੀਆਂ ਵਿੱਚ ਮੇਥੇ ਅਤੇ ਗੂੰਦ ਵਾਲੀਆਂ ਪਿੰਨੀਆਂ ਤੇ ਪੰਜੀਰੀ ਵੀ ਬਣਾਉਣੀ ਜਰੂਰੀ ਹੁੰਦੀ ਹੈ। ਪ੍ਰੰਤੂ ਹੁਣ ਸਰੀਰਾਂ ਵਿੱਚ ਲੰਮਾ ਸਮਾਂ ਖੁਰਚਨਾ ਫੇਰਨ ਦੀ ਹਿੰਮਤ ਨਹੀਂ ਰਹੀ। ਫਿਰ ਵੀ ਜੁਆਕਾਂ ਲਈ ਕੜਾਹੀ ਚੜਾਉਣੀ ਹੀ ਪੈਂਦੀ ਹੈ। ਇਹ ਸਭ ਕੁਝ ਮੈਂ ਬਚਪਨ ਵਿੱਚ ਮੇਰੇ ਪਿੰਡ ਘੁਮਿਆਰਾ ਰਹਿਕੇ ਹੀ ਸਿੱਖਿਆ ਹੈ। ਜਿੰਦਗੀ ਦੇ ਪਹਿਲੇ ਪੰਦਰਾਂ ਸਾਲ ਮੈਂ ਮੇਰੇ ਪਿੰਡ ਘੁਮਿਆਰਾ ਹੀ ਗੁਜ਼ਾਰੇ। ਮੋਠ ਬਾਜਰੇ ਦੀ ਰਾਤੀ ਰਿੰਨੀ ਖਿਚੜੀ ਨੂੰ ਮੇਰੀ ਮਾਂ ਅਦਰਕ ਪਾਕੇ ਤੜਕਦੀ। ਲਾਲ ਮਿਰਚਾਂ ਨੂੰ ਸਾੜਕੇ ਕਾਲਾ ਕਰ ਲੈਂਦੀ। ਅਸੀਂ ਦਹੀਂ ਪਾਕੇ ਹੱਥ ਨਾਲ ਹੀ ਖਿਚੜੀ ਖਾਂਦੇ। ਚਮਚ ਨਹੀਂ ਸੀ ਵਰਤਦੇ। ਕਦੇ ਕਦੇ ਮੇਰੀ ਮਾਂ ਦਹੀਂ ਦੀ ਜਗ੍ਹਾ ਲੱਸੀ ਨੂੰ ਲਾਲ ਮਿਰਚ ਦਾ ਤੜਕਾ ਲਾਉਂਦੀ। ਤੜਕੀ ਹੋਈ ਲੱਸੀ ਪਾਕੇ ਖਿਚੜੀ ਖਾਂਦੇ ਤਾਂ ਉਹ ਉਸ ਤੋਂ ਵੀ ਸੁਆਦ ਲੱਗਦੀ। ਫਿਰ ਉਸ ਦਿਨ ਮੈਂ ਰੋਟੀ ਨਾ ਖਾਂਦਾ। ਦੋ ਟਾਈਮ ਖਿਚੜੀ ਹੀ ਚਲਦੀ। ਛੋਲੂਏ ਦੀ ਚੱਟਣੀ ਉਪਰ ਮੱਖਣ ਰੱਖਕੇ ਰੋਟੀ ਖਾਂਦਾ। ਮੱਖਣ ਬੋਲਣਾ ਅਸੀਂ ਸ਼ਹਿਰ ਆਕੇ ਹੀ ਸਿਖਿਆ ਹੈ ਪਿੰਡ ਤਾਂ ਅਸੀਂ ਸਾਰੇ ਮੱਖਣੀ ਹੀ ਕਹਿੰਦੇ ਸੀ। ਗਾਜਰ ਔਲੇ ਦਾ ਅਚਾਰ ਵੀ ਮੇਰੀ ਮਾਂ ਪਾਈ ਰੱਖਦੀ।
“ਸਬਜ਼ੀ ਕੀ ਬਣਾਈ ਹੈ?” ਫਿਰ ਇਹ ਨਹੀਂ ਸੀ ਪੁੱਛਣਾ ਪੈਂਦਾ।
ਨਵੇਂ ਸਾਲ ਦੇ ਪਹਿਲੇ ਦਿਨ ਮੇਰੀ ਮਾਂ ਕੜਾਹ ਬਣਾਉਂਦੀ। ਉਹ ਉਸਨੂੰ ਦੇਗ ਵੀ ਆਖਦੀ ਕਦੇ ਹਲਵਾ ਕਹਿੰਦੀ। ਬੱਸ ਰੱਬਾ ਸੁੱਖ ਰੱਖੀ ਕਹਿਕੇ ਸਭ ਨੂੰ ਗਰਮ ਗਰਮ ਕੜਾਹ ਖਵਾਉਂਦੀ। ਉਹ ਗੋਹਾ ਕੂੜਾ ਕਰਨ ਵਾਲੀ ਮਾਦਾ ਨੂੰ ਵੀ ਕੌਲੀ ਭਰਕੇ ਦਿੰਦੀ। ਉਹ ਅਕਸਰ ਹੀ ਰੀਝਾਂ ਲਾਕੇ ਸਰੋਂ ਦਾ ਸਾਗ ਬਣਾਉਂਦੀ ਪਾਲਕ ਬਾਥੂ ਮੇਥੇ ਪਾਕੇ। ਹਾਰੀ ਤੇ ਰਿੰਨ੍ਹਦੀ। ਸਾਰੀ ਦਿਹਾੜੀ ਖੱਪਦੀ। ਫਿਰ ਬਾਜਰੀ ਦੀ ਰੋਟੀ ਬਣਾਉਂਦੀ। ਸਾਗ ਵਿੱਚ ਬਰਾਬਰ ਦਾ ਦੇਸੀ ਘਿਓ ਪਾਕੇ ਸਾਨੂੰ ਖਵਾਉਂਦੀ। ਉਸਦੀ ਪੱਕੀ ਬਾਜਰੀ ਦੀ ਰੋਟੀ ਚੋ ਵੀ ਘਿਓ ਨੁਚੜਦਾ। ਇਹ ਮੇਰੇ ਘਰ ਦੀ ਕਹਾਣੀ ਹੀ ਨਹੀਂ ਅਮੂਮਨ ਬਹੁਤੇ ਘਰਾਂ ਵਿਚ ਆਹੀ ਪੱਕਦਾ ਰਿੱਝਦਾ ਅਤੇ ਖਾਧਾ ਜਾਂਦਾ ਸੀ। ਮੈਂ ਇਹ ਕੁਝ ਮੇਰੇ ਪੇਂਡੂ ਵਿਰਸੇ ਤੋਂ ਹੀ ਸਿੱਖਿਆ। ਸ਼ਹਿਰ ਵਿੱਚ ਆਕੇ ਤਾਂ ਪਰੌਂਠੇ ਨੂੰ ਪਰੌਂਠੀ ਤੇ ਮੱਖਣੀ ਨੂੰ ਮੱਖਣ ਕਹਿਣਾ ਹੀ ਸਿੱਖਿਆ। ਅਸੀਂ ਚਮਚ ਵਰਤਣ ਲੱਗ ਪਏ। ਮਾਲਵੇ ਦਾ ਪਿੰਡ ਘੁਮਿਆਰਾ ਭਾਵੇ ਬਹੁਤੀ ਅਦਬੀ ਬੋਲ਼ੀ ਤੋਂ ਸੱਖਣਾ ਸੀ ਪਰ ਅੰਦਰ ਮੋਂਹ ਸੀ। ਕੋਈਂ ਵੱਲ ਫਰੇਬ ਨਹੀਂ ਸੀ। ਉਹ ਦੇਸੀ ਖਾਣੇ ਪੰਜਾਹ ਸਾਲਾਂ ਬਾਅਦ ਵੀ ਨਹੀਂ ਭੁੱਲਦੇ। ਸ਼ਹਿਰ ਵਿੱਚ ਆਕੇ ਅਸੀਂ ਤਹਿਜ਼ੀਬ ਅਤੇ ਸਲੀਕੇ ਦੇ ਨਾਮ ਤੇ ਆਪਣੇ ਮੋਂਹ ਅਤੇ ਅਪਣੱਤ ਤੋਂ ਦੂਰ ਹੋ ਗਏ। ਪਰ ਸੁਆਦੀ ਖਾਣਿਆਂ ਨੂੰ ਨਾ ਛੱਡ ਸਕੇ ਨਾ ਭੁੱਲ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj