ਮੇਰੇ ਯਾਰ ਨੇ ਬਰੋਟਾ ਲਾਇਆ , ਪੀਂਘ ਪਾਵਾਂ ਉਸ ਦੇ ਥੱਲੇ

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਇਹ ਤੁੱਕਾਂ ਜ਼ਿਹਨ ਵਿੱਚ ਆਉਂਦੇ ਸਾਰ ਹੀ ਵਿਰਸੇ ਦਾ ਰੁੱਖ ਬੋਹੜ ਚਿੱਤਵਿਆ ਜਾਂਦਾ ਹੈ । ਬੋਹੜ ਨੂੰ ਬਰੋਟਾ , ਬਰਗਦ , ਬੜ ਆਦਿ ਕਈ ਨਾਵਾਂ ਨਾਲ ਜਾਣਿਆਂ ਅਤੇ ਪਛਾਣਿਆ ਜਾਂਦਾ ਰਿਹਾ ਹੈ । ਇਹ ਫੈਲਵੀਆਂ ਸ਼ਾਖਾਵਾਂ ਵਾਲਾ ਅਤੇ ਕਾਫੀ ਵੱਡੇ ਆਕਾਰ ਦਾ ਦਰੱਖਤ ਹੁੰਦਾ ਹੈ । ਇਸ ਦੀ ਛਿੱਲ ਭੂਰੀ – ਘਸਮੈਲੀ ਤੇ ਮੁਲਾਇਮ ਹੁੰਦੀ ਹੈ । ਬੋਹੜ ਦੇ ਰੁੱਖ ਦੀ ਖ਼ਾਸ ਪਛਾਣ ਇਸ ਦੀਆਂ ਹਵਾਈ ਜੜ੍ਹਾਂ ਹਨ , ਜੋ ਮੋਟੀਆਂ ਟਹਿਣੀਆਂ ਤੋਂ ਹੇਠਾਂ ਵੱਲ ਲਮਕਦੀਆਂ ਹਨ ਅਤੇ ਜਦੋਂ ਇਹ ਜ਼ਮੀਨ ਨੂੰ ਛੂਹ ਜਾਣ ਤਾਂ ਇਹ ਜ਼ਮੀਨ ਅੰਦਰ ਧੱਸ ਜਾਂਦੀਆਂ ਹਨ ਅਤੇ ਟਹਿਣੀਆਂ ਨੂੰ ਥੰਮ ਵਾਂਗ ਸਹਾਰਾ ਦਿੰਦੀਆਂ ਹਨ ।ਬੜ੍ਹ ਦਰੱਖਤ ਦੇ ਪੱਤੇ ਗੋਲਾਕਾਰ ਜਾਂ ਅੰਡਾਕਾਰ ਹੁੰਦੇ ਹਨ । ਇਹ ਕਾਫੀ ਚਮਕਦਾਰ ਅਤੇ ਮੋਟੇ ਵੀ ਹੁੰਦੇ ਹਨ । ਬੋਹੜ ਦਾ ਦਰੱਖਤ ਹੋਰ ਦਰੱਖਤਾਂ ਨਾਲੋਂ ਭਾਰਾ ਹੁੰਦਾ ਹੈ । ਇਸ ਕਰਕੇ ਇਸ ਦੀ ਸਭ ਤੋਂ ਵੱਧ ਛਾਂ ਵੀ ਹੁੰਦੀ ਹੈ ਅਤੇ ਬੋਹੜ ਦਾ ਦਰੱਖਤ ਸਭ ਦਰੱਖਤਾਂ ਨਾਲੋਂ ਵੱਧ ਪ੍ਰਾਣਵਾਯੂ ਆਕਸੀਜਨ ਸਾਨੂੰ ਪ੍ਰਦਾਨ ਕਰਦਾ ਹੈ ।

ਬੋਹੜ ਸਾਡਾ ਰਾਸ਼ਟਰੀ ਰੁੱਖ ਹੈ । ਬੋਹੜ ਦਾ ਦਰੱਖਤ ਪੰਛੀਆਂ ਦੁਆਰਾ ਇਸ ਦਰੱਖਤ ਦੇ ਖਾਧੇ ਗਏ ਫਲ ਗੋਲਾਂ ਦੇ ਬੀਜਾਂ ਨੂੰ ਬਿੱਠਾਂ ਰਾਹੀਂ ਫੈਲਾ ਕੇ ਉੱਗ ਆਉਂਦਾ ਹੈ । ਇਸ ਦਰੱਖਤ ਦੇ ਫਲ ਨੂੰ ਪੰਛੀ ਅਤੇ ਬਾਂਦਰ ਬੜੇ ਚਾਅ ਨਾਲ ਖਾਂਦੇ ਹਨ ਅਤੇ ਇਸ ਦੇ ਪੱਤੇ ਹਰੇ ਚਾਰੇ ਵਜੋਂ ਵਰਤੇ ਜਾਂਦੇ ਹਨ । ਬੋਹੜ ਦੇ ਦਰੱਖਤ ਦੇ ਉੱਤੇ ਕਈ ਤਰ੍ਹਾਂ ਦੇ ਪੰਛੀ – ਪਰਿੰਦੇ ਬੈਠਦੇ ਅਤੇ ਰੈਣ – ਬਸੇਰੇ ਬਣਾ ਕੇ ਰਹਿੰਦੇ ਸਨ , ਜਿਵੇਂ ਕਿ ਤੋਤੇ , ਗੁਟਾਰਾਂ , ਕਬੂਤਰ , ਮੋਰ , ਚਿੜੀਆਂ , ਘੁੱਗੀਆਂ ਆਦਿ – ਆਦਿ । ਬੋਹੜ ਦੇ ਦਰੱਖਤ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਤਿਆਰ ਕੀਤੀਆਂ ਜਾਂਦੀਆਂ ਹੁੰਦੀਆਂ ਸਨ । ਆਪਣੇ – ਆਪਣੇ ਵਿਸ਼ਵਾਸਾਂ ਅਨੁਸਾਰ ਲੋਕ ਬੋਹੜ ਦੀ ਪੂਜਾ ਵੀ ਕਰਦੇ ਹਨ । ਇਸ ਨੂੰ ” ਦਰਵੇਸ਼ ਰੁੱਖ ” ਕਿਹਾ ਜਾਂਦਾ ਹੈ । ਸਾਧੂ – ਸੰਤ ਅਤੇ ਫੱਕਰ – ਫਕੀਰ ਤੇ ਰੱਬ ਦੀ ਰਜ਼ਾ ਵਿੱਚ ਰਮੇ ਹੋਏ ਜੋਗੀ ਆਦਿ ਵੀ ਬੋਹੜ ਦੇ ਵਿਸ਼ਾਲ ਦਰੱਖਤ ਦੇ ਹੇਠਾਂ ਧੂਣੇ ਆਦਿ ਰਮਾ ਕੇ ਪ੍ਰਮਾਤਮਾ ਦੀ ਭਜਨ ਬੰਦਗੀ ਵਿਚ ਲੱਗੇ ਰਹਿੰਦੇ ਹੁੰਦੇ ਸਨ । ਪੱਛਮੀ ਬੰਗਾਲ ਰਾਜ ਦੇ ਕਲਕੱਤਾ ਸ਼ਹਿਰ ਵਿੱਚ ਸਭ ਤੋਂ ਪੁਰਾਣਾ ਬੋਹੜ ਦਾ ਦਰੱਖਤ ਮਿਲਦਾ ਹੈ ।

ਬੋਹੜ ਦਾ ਦਰੱਖਤ ਆਮ ਤੌਰ ‘ਤੇ ਮੈਦਾਨੀ ਭਾਗਾਂ , ਨੀਵੇਂ ਪਹਾੜੀ ਜੰਗਲਾਂ , ਛੱਪੜਾਂ – ਟੋਭਿਆਂ ਆਦਿ ਦੇ ਕੰਢਿਆਂ , ਸਾਂਝੀਆਂ ਥਾਵਾਂ , ਸੜਕਾਂ , ਮਾਰਗਾਂ ਦੇ ਕਿਨਾਰਿਆਂ ਆਦਿ ਕੋਲ ਉਗਾਇਆ ਜਾਂਦਾ ਸੀ । ਪਹਿਲਕੇ ਸਮਿਆਂ ਵਿੱਚ ਲੋਕ ਗਰਮੀਆਂ ਦੀਆਂ ਸਿਖਰ ਦੁਪਹਿਰਾਂ ਬੋਹੜ ਦੇ ਦਰੱਖਤ ਹੇਠਾਂ ਬਿਤਾਉਂਦੇ ਸਨ ।ਇਸ ਦਰੱਖਤ ਦੇ ਹੇਠਾਂ ਸੱਥਾਂ ਲੱਗਦੀਆਂ ਹੁੰਦੀਆਂ ਸਨ ਅਤੇ ਤੀਆਂ ਲੱਗਦੀਆਂ ਸਨ । ਪੀਂਘਾਂ ਵੀ ਬੜੇ ਚਾਅ ਤੇ ਮਲਾਰ ਨਾਲ ਬੋਹੜ ਦੇ ਦਰੱਖਤ ‘ਤੇ ਪਾਈਆਂ ਜਾਂਦੀਆਂ ਸਨ । ਚਰਵਾਹੇ , ਰਾਹਗੀਰ ਅਤੇ ਮਾਲ – ਪਸ਼ੂ ਡੰਗਰ ਆਦਿ ਬੋਹੜ ਦੇ ਦਰੱਖਤ ਦੀਆਂ ਠੰਢੀਆਂ ਛਾਵਾਂ ਹੇਠ ਗਰਮੀਆਂ ਦੀਆਂ ਸਿਖਰ ਕੜਕਦੀਆਂ ਦੁਪਹਿਰਾਂ ਬਤੀਤ ਕਰਦੇ ਹੁੰਦੇ ਸਨ ਅਤੇ ਸੁੱਖ – ਸਕੂਨ ਮਹਿਸੂਸ ਕਰਦੇ ਸਨ ; ਕਿਉਂਕਿ ਬੋਹੜ ਦੇ ਦਰੱਖਤ ਦੀ ਛਾਂ ਬਹੁਤ ਸੰਘਣੀ ਹੁੰਦੀ ਹੈ ਤੇ ਗਰਮੀਆਂ ਦੇ ਮੌਸਮ ਵਿੱਚ ਸਾਨੂੰ ਅਸੀਮ ਠੰਡਕ ਪਹੁੰਚਾਉਂਦੀ ਹੈ , ਜਿਸ ਨਾਲ ਕਿ ਸਾਨੂੰ ਮਨ ਦੀ ਸ਼ਾਂਤੀ ਪ੍ਰਾਪਤ ਹੁੰਦੀ ਹੈ । ਜਦੋਂ – ਜਦੋਂ ਵੀ ਪੰਜਾਬੀ ਵਿਰਸੇ ਦੀ ਗੱਲ ਸਾਡੇ ਧਿਆਨ ਵਿੱਚ ਆਉਂਦੀ ਹੈ , ਬੋਹੜ ਦਾ ਜਿਕਰ ਹਰ ਵਾਰ ਅਤੇ ਜ਼ਰੂਰ ਹੁੰਦਾ ਹੈ ।

ਬੋਹੜ ਪੰਜਾਬੀ ਲੋਕ ਸਾਹਿਤ ਦਾ ਅਮੀਰ ਹਿੱਸਾ ਵੀ ਰਿਹਾ ਹੈ । ਕਈ ਤਰ੍ਹਾਂ ਦੀਆਂ ਰਸਮਾਂ – ਰਿਵਾਜਾਂ , ਵਿਆਹਾਂ ਦੀ ਵਿੱਚ ਸਿੱਠਣੀਆਂ ਆਦਿ ਸਮੇਂ ਬੋਹੜ / ਬਰੋਟੇ ਦਾ ਜ਼ਿਕਰ ਆਮ ਹੀ ਹੋਇਆ ਮਿਲਦਾ ਹੈ। ਬੋਹੜ ਇੱਕ ਅਜਿਹਾ ਦਿਲਾਂ ਵਿੱਚ ਵਸਿਆ ਹੋਇਆ ਅਤੇ ਵਿਸ਼ਾਲ ਦਰੱਖਤ ਹੈ , ਜੋ ਸਾਡੇ ਵਿਰਸੇ ਦੇ ਨਾਲ – ਨਾਲ ਸਾਡੇ ਮਨਾਂ ਵਿੱਚ ਵੀ ਵਸਿਆ ਅਤੇ ਜੁੜਿਆ ਹੋਇਆ ਹੈ ; ਕਿਉਂਕਿ ਇਸ ਦਾ ਸਬੰਧ ਸਾਡੀ ਰੋਜ਼ਾਨਾ ਦਿਨਚਰਿਆ , ਸਾਡੀਆਂ ਰਸਮਾਂ – ਰਿਵਾਜ਼ਾਂ , ਸਾਡੇ ਸਾਹਿਤ , ਸਾਡੀ ਸਿਹਤ , ਸਾਡੀ ਤੰਦਰੁਸਤੀ , ਸਾਡੇ ਗਿਆਨ , ਸਾਡੇ ਵਿਸ਼ਵਾਸਾਂ , ਸਾਡੀਆਂ ਖੁਸ਼ੀਆਂ ਅਤੇ ਸਾਡੇ ਮਾਨਸਿਕ ਸਕੂਨ ਨਾਲ ਜੁੜਿਆ ਹੋਇਆ ਹੈ। ਅੱਜ ਕੱਲ੍ਹ ਕਿਤੇ – ਕਿਤੇ ਹੀ ਕੋਈ – ਕੋਈ ਵਿਰਲਾ – ਤਿਰਲਾ ਪੁਰਾਣਾ ਲਗਾਇਆ / ਉੱਗਿਆ ਹੋਇਆ ਬੋਹੜ ਦਾ ਦਰੱਖਤ ਨਜ਼ਰੀਂ ਆਉਂਦਾ ਹੈ ; ਕਿਉਂਕਿ ਲੋਕ ਕਾਫੀ ਪੜ੍ਹ – ਲਿਖ ਗਏ ਹਨ ਅਤੇ ਤਰਕਸ਼ੀਲ ਹੋ ਗਏ ਹਨ , ਪੁਰਾਣੇ ਵਿਸ਼ਵਾਸਾਂ ਪ੍ਰਤੀ ਵੀ ਲੋਕਾਂ ਦੀ ਰੁਚੀ ਅਤੇ ਭਾਵਨਾ ਘੱਟ ਗਈ ਹੈ , ਟੋਭੇ ਛੱਪੜ ਘੱਟਦੇ ਜਾ ਰਹੇ ਹਨ , ਵਿਰਾਨ ਤੇ ਖਾਲੀ ਸਥਾਨਾਂ ਦੀ ਘਾਟ ਹੋ ਗਈ ਹੈ , ਸਮੇਂ ਦੀ ਘਾਟ ਅਤੇ ਪੜ੍ਹਾਈ ਦੇ ਬੋਝ ਕਰਕੇ ਵੀ ਅਜੋਕੇ ਮਨੁੱਖ਼ ਦਾ ਧਿਆਨ ਬੋਹੜ ਦੇ ਦਰੱਖਤ ਅਤੇ ਉਸ ਨਾਲ ਪਈ ਪੁਰਾਤਨ ਪੱਕੀ ਸਾਂਝ ਵੱਲ ਨਹੀਂ ਜਾ ਰਿਹਾ ਅਤੇ ਨਵੇਂ ਬੋਹੜ ਦੇ ਦਰੱਖਤ ਲਗਾਉਣ ਨੂੰ ਲੋਕ ਪਹਿਲਾਂ ਵਾਂਗ ” ਪੁੰਨ ਦਾ ਕੰਮ ” ਸਮਝ ਕੇ ਰੁਚੀ ਨਹੀਂ ਲੈਂਦੇ ਦਿਖ ਰਹੇ ।

ਸਮੇਂ , ਜ਼ਰੂਰਤਾਂ , ਰਹਿਣ – ਸਹਿਣ , ਹਾਲਾਤਾਂ ਅਤੇ ਰੁਚੀਆਂ ਦੀ ਤਬਦੀਲੀ ਨੇ ਵੀ ਬੋਹੜ ਦੇ ਦਰੱਖਤ ਨਾਲ ਜੁੜੀਆਂ ਭਾਵਨਾਤਮਕ , ਵਿਰਾਸਤੀ , ਸੱਭਿਆਚਾਰਕ ਅਤੇ ਮਾਨਸਿਕ ਤੰਦਾਂ ਨੂੰ ਕਮਜ਼ੋਰ ਕੀਤਾ । ਸਿੱਟੇ ਵਜੋਂ ਬੋਹੜ ਦੇ ਦਰੱਖਤਾਂ ਦਾ ਵਜੂਦ ਘਟਦਾ ਗਿਆ ਅਤੇ ਬੋਹੜ ਅਤੇ ਸਾਡੇ ਵਿਚਕਾਰ ਸਾਂਝ ਘੱਟਦੀ ਗਈ ਅਤੇ ਬੋਹੜ ਹੌਲੀ – ਹੌਲੀ ਸਾਡੇ ਦਿਲੋ – ਦਿਮਾਗ ਵਿੱਚੋਂ ਵਿਸਰਦਾ ਗਿਆ।ਅੱਜ ਜ਼ਰੂਰਤ ਹੈ ਕਿ ਅਜੋਕੀ ਨਵੀਂ ਪੀੜ੍ਹੀ ਨੂੰ ਇਨ੍ਹਾਂ ਪੁਰਾਣੇ , ਵਿਸ਼ਾਲ , ਸਮਰਪਿਤ ਅਤੇ ਮਾਨਵਤਾ ਦਾ ਭਲਾ ਕਰਨ ਵਾਲੇ ਰੁੱਖਾਂ ਦਰੱਖਤਾਂ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਪੁਰਾਣੇ ਵਿਸ਼ਾਲ ਅਤੇ ਮਾਨਵਤਾ ਦਾ ਭਲਾ ਕਰਨ ਵਾਲੇ ਦਰੱਖਤਾਂ ਨੂੰ ਮੁੜ ਲਗਾਇਆ ਜਾਵੇ , ਤਾਂ ਜੋ ਵਿਰਸਾ ਅਤੇ ਵਾਤਾਵਰਨ ਦੋਵੇਂ ਖੁਸ਼ਹਾਲ ਰਹਿਣ ।

ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ 
ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ
ਸ੍ਰੀ ਅਨੰਦਪੁਰ ਸਾਹਿਬ
9478561356 .

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਿਲਮੀ ਅਦਾਕਾਰ ਸ਼ਵਿੰਦਰ ਮਾਹਲ ਨੂੰ ਸਦਮਾ, ਪਤਨੀ ਦਾ ਦਿਹਾਂਤ
Next articleਇਮਾਨਦਾਰ ਸਰਕਾਰ ਦੀਆਂ ਨੀਤੀਆਂ ਸਦਕਾ ਮਾਲੀਏ ਵਿਚ ਵਿਆਪਕ ਵਾਧਾ ਹੋਇਆ ਅਤੇ ਪੰਜਾਬ ਵਾਸੀਆਂ ਨੂੰ ਮਿਲੀਆਂ ਵਧੇਰੇ ਸਹੂਲਤਾਂ-ਮੁੱਖ ਮੰਤਰੀ