(ਸਮਾਜ ਵੀਕਲੀ)
ਆਓ ਮਿਲਾਵਾਂ ਮੇਰੀ ਸਹੇਲੀ,
ਜੋ ਮੇਰੇ ਦਿਲ ਦੀਆਂ ਸਭ ਜਾਣੇ।
ਮੇਰੇ ਬਿਨਾਂ ਉਦਾਸ ਹੋ ਜਾਂਦੀ,
ਮਿਲਾਂ ਤਾਂ ਉਹ ਗਾਵੇ ਗਾਣੇ।
ਕਦੇ ਕਦੇ ਉਹ ਬੋਲੀਆਂ ਪਾਵੇ,
ਮੈਂ ਵੀ ਫਿਰ ਨੱਚਾਂ ਤੇ ਗਾਵਾਂ।
ਦੇਖ-ਦੇਖ ਕੇ ਮੈਨੂੰ ਖ਼ੁਸ਼ ਹੋਵੇ,
ਚੁੰਮੇ ਮੈਨੂੰ ਨਾਲ ਉਹ ਚਾਵਾਂ।
ਛੁੱਟੀ ਵੇਲੇ ਘਰ ਜਦ ਆਵਾਂ,
ਖਾਣ ਨੂੰ ਰੱਖਦੀ ਚੀਜੀ ਤਿਆਰ।
ਚੂਰੀ ਕੁੱਟ ਕੇ ਪਿੰਨੀਆਂ ਵਟਦੀ,
‘ਚ ਗੁੰਨ੍ਹ ਦਿੰਦੀ ਆਪਣਾ ਪਿਆਰ।
ਕੈਰਮਬੋਰਡ ਮੇਰੇ ਨਾਲ ਖੇਡੇ,
ਕਦੇ ਖੇਡਦੀ ਚਿੜੀ ਤੇ ਕਾਂ।
ਦੁਨੀਆਂ ਮੈਨੂੰ ਭੁੱਲ ਜਾਂਦੀ ,
ਐਨੀ ਗੂੜ੍ਹੀ ਉਹਦੀ ਛਾਂ ।
ਮੈਨੂੰ ਪਾਵੇ ਕਦੇ ਬੁਝਾਰਤ,
ਕਦੇ ਸੁਣਾਵੇ ਲੰਮੀਆਂ ਬਾਤਾਂ।
ਗਿਆਨ ਭੰਡਾਰਾ ਮੇਰਾ ਭਰਦੀ,
ਦਿਨ ਹੋਵਣ ਜਾਂ ਹੋਵਣ ਰਾਤਾਂ।
ਕਦੇ-ਕਦੇ ਉਹ ਗੁੱਸੇ ਹੋ ਕੇ ਵੀ,
ਮੇਰੇ ਨਾਲ ਫਿਰ ਉਹ ਰੁੱਸ ਜਾਵੇ।
ਉਦੋਂ ਤੱਕ ਮੇਰਾ ਦਿਲ ਨਾ ਲੱਗੇ,
ਜਦ ਤੱਕ ਨਾ ਉਹ ਮੈਨੂੰ ਬੁਲਾਵੇ।
ਮਾਇਆ ਉਹਦਾ ਨਾਂ ਹੈ ਪਰ,
ਮੈਂ ਦਾਦੀ ਜੀ ਆਖ ਬੁਲਾਵਾਂ।
ਉਹਦੀ ਛਤਰ ਛਾਇਆ ਦੇ,
ਹੇਠਾਂ ਮੈਂ ਵੱਡੀ ਹੁੰਦੀ ਜਾਵਾਂ।
ਮਾਸਟਰ ਪ੍ਰੇਮ ਸਰੂਪ ਛਾਜਲੀ
ਜ਼ਿਲ੍ਹਾ ਸੰਗਰੂਰ
9417134982
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly