(ਸਮਾਜ ਵੀਕਲੀ)
ਲੀਡਰ ਨੇ ਜਿੱਥੇ ਚੋਰ ਬੜੇ,ਅਫਸਰ ਨੇ ਰਿਸ਼ਵਤ ਖੋਰ ਬੜੇ।
ਹੈ ਚਾਰੇ ਪਾਸੇ ਬੇਈਮਾਨੀ,ਤੇ ਪੈਣ ਧਰਮ ਦੇ ਸੋ਼ਰ ਬੜੇ।
ਹੈ ਕੱਟੜਵਾਦ ਵਿਚਾਰਧਾਰਾ, ਉਂਝ ਨਾ ਕੋਈ ਦੀਨ ਈਮਾਨ ਬਈ।
ਦੱਸ ਕਿਹੜੇ ਮੂੰਹ ਨਾਲ ਆਖਾਂ ਮੈਂ,ਕਿ ਮੇਰਾ ਦੇਸ਼ ਮਹਾਨ ਬਈ।
ਗਲ਼ ਪਟਾ ਧਰਮ ਦਾ ਪਾਇਆ ਹੈ,ਮਰਦਾਂ ਨੇਂ ਜ਼ੋਰ ਦਿਖਾਇਆ ਹੈ।
ਮਾਵਾਂ ਭੈਣਾਂ ਨੂੰ ਬੇਪੱਤ ਕਰ, ਜਿੱਥੇ ਸਰੇ ਬਾਜ਼ਾਰ ਘੁਮਾਇਆ ਹੈ।
ਸੜਕਾਂ ਤੇ ਵਹਿਸ਼ੀ ਫਿਰਦੇ ਨੇਂ,ਨਾ ਦਿੱਸਦਾ ਕੋਈ ਇਨਸਾਨ ਬਈ।
ਦੱਸ ਕਿਹੜੇ ਮੂੰਹ ਨਾਲ ਆਖਾਂ ਮੈਂ ਕਿ ਮੇਰਾ ਦੇਸ਼ ਮਹਾਨ ਬਈ।
ਕੋਈ ਨਾਲ ਗਰੀਬੀ ਲੜਦਾ ਏ, ਕੋਈ ਵੇਖ ਕਿਸੇ ਨੂੰ ਸੜਦਾ ਏ।
ਕਿਤੇ ਪੀਣ ਲਈ ਨਾ ਪਾਣੀ ਹੈ,ਕਿਤੇ ਪੱਥਰਾਂ ਤੇ ਦੁੱਧ ਚੜ੍ਹਦਾ ਏ।
ਕੁੱਝ ਤਬਕਿਆਂ ਦੀ ਜ਼ਿੰਦਗੀ ਹੈ,ਬਣੀ ਪਈ ਸਮਸ਼ਾਨ ਬਈ।
ਦੱਸ ਕਿਹੜੇ ਮੂੰਹ ਨਾਲ ਆਖਾਂ, ਮੈਂ ਕਿ ਮੇਰਾ ਦੇਸ਼ ਮਹਾਨ ਬਈ
ਨਾ ਕੌਮਾਂ ਦਾ ਸਰਦਾਰ ਕੋਈ,ਨਾ ਧੀਆਂ ਦਾ ਸਤਿਕਾਰ ਕੋਈ।
ਐਥੇ ਘੱਟ ਗਿਣਤੀਆਂ ਵਾਲਿਆਂ ਨੂੰ,ਨਾਂ ਰਹਿਣੇ ਦਾ ਅਧਿਕਾਰ ਕੋਈ।
ਹੈ ਲਿਖਦਾ ਲਿਖਦਾ ਸੱਚ ਹਾਰ ਗਿਆ “ਕਾਮੀ ਵਾਲਾ ਖ਼ਾਨ “ਬਈ।
ਦੱਸ ਕਿਹੜੇ ਮੂੰਹ ਨਾਲ ਆਖਾਂ ਮੈਂ ਕਿ ਮੇਰਾ ਦੇਸ਼ ਮਹਾਨ ਬਈ।
ਸੁਕਰ ਦੀਨ ਕਾਮੀਂ ਖੁਰਦ
9592384393
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly