(ਸਮਾਜ ਵੀਕਲੀ)
ਪਿਆਰੇ ਬੱਚਿਓ ! ਹਿਮਾਚਲ ਪ੍ਰਦੇਸ਼ ਕੁਦਰਤੀ ਦ੍ਰਿਸ਼ਾਂ , ਵਰਤਾਰਿਆਂ , ਕਲਾਵਾਂ ਅਤੇ ਪ੍ਰਾਕ੍ਰਿਤੀ ਪਸੰਦ ਲੋਕਾਂ ਦੀ ਮਨਮੋਹਕ , ਅਲੌਕਿਕ , ਦਿਲੋ – ਦਿਮਾਗ ‘ਤੇ ਵਿਸ਼ੇਸ਼ ਪ੍ਰਭਾਵ ਪਾਉਣ ਵਾਲੀ ਕੁਦਰਤ ਦੀ ਵਿਚਿੱਤਰ ਰਚਨਾ ਅਤੇ ਪਾਵਨ – ਪਵਿੱਤਰ ਭੂਮੀ ਹੈ , ਜੋ ਕਿ ਕੁਦਰਤੀ ਸੁਹੱਪਣ ਨਾਲ ਰੱਜ ਕੇ ਭਰੀ ਹੋਈ ਹੈ। ਸ਼ਾਇਦ ਇਸੇ ਖਾਸੀਅਤ ਅਤੇ ਵਿਲੱਖਣਤਾ ਕਰਕੇ ਹਿਮਾਚਲ ਪ੍ਰਦੇਸ਼ ਨੂੰ ” ਦੇਵ ਭੂਮੀ ” ਕਿਹਾ ਜਾਂਦਾ ਹੈ। ‘ ਹਿਮਾਚਲ’ ਸ਼ਬਦ ਦਾ ਅਰਥ ਹੈ : ਹਿਮਾਲਿਆ ਦੀ ਗੋਦ ਵਿੱਚ ਵਸਿਆ ਖੇਤਰ। ਫਲਾਂ ਦੀ ਵਿਸ਼ੇਸ਼ ਪੈਦਾਵਾਰ ਸਦਕਾ ਇਸ ਪ੍ਰਦੇਸ਼ ਨੂੰ ‘ ਫਲਾਂ ਦੀ ਟੋਕਰੀ ‘ ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਹੈ। ਪਿਆਰੇ ਬੱਚਿਓ ! ਅੱਜ ਅਸੀਂ ਇਸ ਪ੍ਰਦੇਸ਼ ਦੇ ਖਾਸ ਸ਼ਹਿਰ ਤੇ ਜਿਲ੍ਹੇ ਸੋਲਨ ਦੇ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਸੋਲਨ ਹਿਮਾਚਲ ਪ੍ਰਦੇਸ਼ ਦੇ 12 ਸੁੰਦਰ ਜਿਲਿਆਂ ਵਿੱਚੋਂ ਇੱਕ ਹੈ। ਇਹ ਇੱਕ ਸਤੰਬਰ 1972 ਨੂੰ ਹੋਂਦ ਵਿੱਚ ਆਇਆ। ਸੋਲਨ ਸ਼ਹਿਰ ਚੰਡੀਗੜ੍ਹ – ਕਾਲਕਾ – ਸ਼ਿਮਲਾ ਮਾਰਗ ‘ਤੇ ਸਥਿਤ ਹੈ। ਸਮੁੰਦਰ ਤਲ ਤੋਂ ਇਸ ਦੀ ਉੱਚਾਈ ਲਗਭਗ 1350 ਮੀਟਰ ਹੈ। ਇੱਥੇ ਸ਼ੂਲਿਨੀ ਮਾਤਾ ਦਾ ਇੱਕ ਵਿਸ਼ਵ ਪ੍ਰਸਿੱਧ ਮੰਦਿਰ ਹੈ ਤੇ ਇੱਥੇ ਜੂਨ ਮਹੀਨੇ ਵਿੱਚ ਤਿੰਨ ਦਿਨ ਲਈ ਬਹੁਤ ਵੱਡਾ ਮੇਲਾ ਲੱਗਦਾ ਹੈ। ਇਹ ਮੇਲਾ ਇਥੋਂ ਦੀ ਸੰਸਕ੍ਰਿਤੀ ਦੀ ਖਾਸ ਪਹਿਚਾਣ ਹੈ ਅਤੇ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ। ਸੋਲਨ ਮਸ਼ਰੂਮ ਦੀ ਖੇਤੀ ਤੇ ਖੋਜ ਲਈ ਦੇਸ਼ ਭਰ ਵਿੱਚ ਆਪਣੀ ਵਿਸ਼ੇਸ਼ ਥਾਂ ਰੱਖਦਾ ਹੈ। ਇੱਥੇ ਚੰਬਾ ਘਾਟ ਵਿਖੇ ਡਾਰੈਕਟਰੇਟ ਆੱਫ਼ ਮਸ਼ਰੂਮ ਰਿਸਰਚ ਕੇਂਦਰ ਸਥਿਤ ਹੈ। ਸੋਲਨ ‘ ਮਸ਼ਰੂਮ ਸਿਟੀ ਆੱਫ਼ ਇੰਡੀਆ ‘ ਦੇ ਨਾਂ ਨਾਲ ਦੇਸ਼ ਭਰ ਵਿੱਚ ਆਪਣੀ ਖਾਸ ਪਹਿਚਾਣ ਰੱਖਦਾ ਹੈ। ਇਹ ਸ਼ਹਿਰ ਪੁਰਾਣੀ ਰਿਆਸਤ ਬਾਗਟ ਦੀ ਰਾਜਧਾਨੀ ਵੀ ਰਹਿ ਚੁੱਕਾ ਹੈ। ਇਸ ਖੇਤਰ ਵਿੱਚ ਟਮਾਟਰ ਦੀ ਖੇਤੀ ਵੀ ਕਾਫੀ ਜਿਆਦਾ ਕੀਤੀ ਜਾਣ ਕਰਕੇ ਇੱਥੇ ਟਮਾਟਰ ਦੀ ਵਧੇਰੇ ਪੈਦਾਵਾਰ ਹੁੰਦੀ ਹੈ। ਜਿਸ ਸਦਕਾ ਸੋਲਨ ਨੂੰ ‘ ਸਿਟੀ ਆੱਫ਼ ਰੈਡ ਗੋਲਡ ‘ ਦੇ ਨਾਂ ਨਾਲ ਇੱਕ ਵੱਖਰੀ ਪਹਿਚਾਣ ਵੀ ਮਿਲੀ ਹੈ। ਪਿਆਰੇ ਬੱਚਿਓ ! ਵਿਸ਼ਵ ਧਰੋਹਰ ਕਾਲਕਾ – ਸ਼ਿਮਲਾ ਨੈਰੋਗੇਜ ਹੈਰੀਟੇਜ ਰੇਲਵੇ ਲਾਈਨ ਵੀ ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚੋਂ ਹੀ ਲੰਘਦੀ ਹੈ। ਇਥੋਂ ਦੇ ਲੋਕਾਂ ਦੀ ਬੋਲੀ ਪਹਾੜੀ ਅਤੇ ਹਿੰਦੀ ਹੈ। ਲੋਕ ਕਾਫੀ ਖੁਸ਼ਨੁਮਾ ਸੁਭਾਅ ਦੇ ਅਤੇ ਮਿਲਣਸਾਰ ਹਨ। ਗਰਮੀਆਂ ਦੇ ਮੌਸਮ ਭਾਵ ਮਈ – ਜੂਨ ਦੌਰਾਨ ਸੋਲਨ ਘੁੰਮਣ ਦਾ ਵੱਖਰਾ ਹੀ ਅਨੰਦ ਤੇ ਸਕੂਨ ਹੈ। ਸੋਲਨ ਬਾਹਰੋਂ ਆਉਣ ਵਾਲੇ ਹਰੇਕ ਸੈਲਾਨੀ ਦਾ ਦਿਲ ਜਿੱਤ ਲੈਂਦਾ ਹੈ। ਇੱਥੋਂ ਲਗਭਗ ਛੇ ਕੁ ਕਿਲੋਮੀਟਰ ਦੀ ਦੂਰੀ ‘ਤੇ ਭਗਵਾਨ ਸ਼ਿਵ ਜੀ ਦਾ ਬਹੁਤ ਵੱਡਾ ਤੇ ਆਕਰਸ਼ਿਤ ਅਦਭੁੱਤ ਸੁੰਦਰ ਜਟੋਲੀ ਮਹਾਂਦੇਵ ਮੰਦਿਰ ਹੈ। ਕਿਹਾ ਜਾਂਦਾ ਹੈ ਕਿ ਇਸ ਮੰਦਿਰ ਨੂੰ ਬਣਾਉਣ ਲਈ ਲਗਭਗ 35 ਸਾਲ ਤੱਕ ਦਾ ਸਮਾਂ ਲੱਗ ਗਿਆ। ਇਸ ਅਧਿਆਤਮਕ ਸਥਾਨ ਦੀ ਊਰਜਾ ਹਰ ਕਿਸੇ ਦੇ ਮਨ ਨੂੰ ਮੋਹ ਲੈਂਦੀ ਹੈ। ਇਹ ਜਟੋਲੀ ਮਹਾਂਦੇਵ ਮੰਦਿਰ ਏਸ਼ੀਆ ਦਾ ਸਭ ਤੋਂ ਉੱਚਾ ਸ਼ਿਵਜੀ ਭਗਵਾਨ ਦਾ ਮੰਦਿਰ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇੱਥੋਂ ਦੇ ਪੱਥਰਾਂ ਨੂੰ ਥਪਥਪਾਉਣ ‘ਤੇ ਉਹਨਾਂ ਅੰਦਰੋਂ ਡਮਰੂ ਦੀ ਆਵਾਜ਼ ਆਉਂਦੀ ਹੈ , ਜੋ ਕਿ ਆਪਣੇ – ਆਪ ਵਿੱਚ ਇੱਕ ਬਹੁਤ ਹੀ ਵੱਡੀ ਕਲਾਕਾਰੀ ਅਤੇ ਵਿਚਿੱਤਰ ਗੱਲ ਹੈ। ਸੋਲਨ ਵਿਖੇ ਬੱਚਿਆਂ ਦਾ ਪਾਰਕ ਵੀ ਬਹੁਤ ਮਨਮੋਹਕ ਅਤੇ ਆਰਾਮਦਾਇਕ ਹੈ , ਇੱਥੇ ਬੈਠ ਕੇ ਤੁਸੀਂ ਕੁਝ ਪਲ ਸਕੂਨ ਨਾਲ ਬਤੀਤ ਕਰ ਸਕਦੇ ਹੋ। ਇੱਥੇ ਹੀ ਨਜਦੀਕ ਸਰਕਾਰੀ ਹੋਟਲ ਪਾਈਨਵੁੱਡ ਵੀ ਹੈ , ਜੋ ਕਿ 1998 ਤੋਂ ਹੋਂਦ ਵਿੱਚ ਆਇਆ।ਇਸ ਹੋਟਲ ਦੀ ਦਿੱਖ , ਮਾਹੌਲ ਅਤੇ ਆਲੇ – ਦੁਆਲੇ ਦਾ ਦ੍ਰਿਸ਼ ਆਦਿ ਸਭ ਕੁਝ ਬਹੁਤ ਹੀ ਢੁੱਕਵਾਂ , ਸ਼ਾਂਤੀ – ਸਕੂਨ ਭਰਿਆ ਅਤੇ ਖੁਸ਼ਨੁਮਾ ਹੈ। ਸੋਲਨ ਦੇ ਨਜ਼ਦੀਕ ਹੀ ਮੋਹਨ ਸ਼ਕਤੀ ਨੈਸ਼ਨਲ ਹੈਰੀਟੇਜ ਪਾਰਕ ਵੀ ਦੇਖਣ ਯੋਗ ਹੈ। ਪਿਆਰੇ ਬੱਚਿਓ ! ਜਦੋਂ ਵੀ ਤੁਸੀਂ ਸੋਲਨ ਜਾਓ ਤਾਂ ਇਹ ਹੈਰੀਟੇਜ ਪਾਰਕ ਜਰੂਰ ਹੀ ਦੇਖਣਾ। ਇੱਥੇ ਬਹੁਤ ਸੁੰਦਰ ਮੰਦਿਰ ਵੀ ਦੇਖਣਯੋਗ ਹੈ । ਸੋਲਨ ਵਿਖੇ ਸਥਿਤ ਮੋਨੈਸਟਰੀ /ਬੋਧੀਮਠ ਬਹੁਤ ਸ਼ਾਂਤ , ਕਲਾਪ੍ਰੀਆ , ਕਲਾਤਮਕ ਅਤੇ ਦੇਖਣ ਵਾਲੀ ਸੁੰਦਰ ਤੇ ਧਾਰਮਿਕ ਥਾਂ ਹੈ। ਸੋਲਨ ਤੋਂ ਲਗਭਗ ਸੱਤ – ਅੱਠ ਕਿਲੋਮੀਟਰ ਦੂਰੀ ‘ਤੇ ਬਡੋਗ ਸਥਿਤ ਹੈ। ਇਥੋਂ ਦੇ ਪ੍ਰਾਕ੍ਰਿਤਿਕ ਨਜ਼ਾਰੇ ਵੀ ਦੇਖਣਯੋਗ ਹਨ। ਸੋਲਨ ਦੀ ਯਾਤਰਾ ਕਰਨ ਸਮੇਂ ਸਾਨੂੰ ਇਥੋਂ ਦੇ ਦੂਰ – ਨੇੜੇ ਵਸੇ ਹੋਰ ਰੋਚਕ ਸਥਾਨਾਂ ਨੂੰ ਵੀ ਜਰੂਰ ਨਿਹਾਰਨਾ ਤੇ ਮਹਿਸੂਸ ਕਰਨਾ ਚਾਹੀਦਾ ਹੈ। ਜਿਵੇਂ ਕਰੋਲ ਗੁਫਾ , ਡਗਸ਼ਾਈ , ਸਨਾਵਰ , ਬੋਧੀ ਮੱਠ ਆਦਿ। ਬੱਚਿਓ ! ਡਗਸ਼ਾਈ ਇੱਕ ਇਤਿਹਾਸਿਕ ਮਹੱਤਤਾ ਰੱਖਣ ਵਾਲਾ ਸਥਾਨ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਬ੍ਰਿਟਿਸ਼ ਸ਼ਾਸਨ ਸਮੇਂ ਇਥੋਂ ਦੀ ਜੇਲ ਵਿੱਚੋਂ ਕੈਦੀਆਂ ਨੂੰ ਰਿਹਾ ਕੀਤਾ ਜਾਂਦਾ ਸੀ ਤਾਂ ਉਹਨਾਂ ਦੇ ਮੱਥੇ ‘ਤੇ ਇੱਕ ਦਾਗ ਲਗਾ ਦਿੱਤਾ ਜਾਂਦਾ ਸੀ , ਇਸ ਕਰਕੇ ਇਸ ਸਥਾਨ ਨੂੰ ਪਹਿਲਾਂ ਦਾਗ – ਏ – ਸ਼ਾਹੀ ਅਤੇ ਫੇਰ ਡਗਸ਼ਾਈ ਦੇ ਨਾਂ ਨਾਲ ਜਾਣਿਆ ਜਾਣ ਲੱਗ ਪਿਆ। ਇਸੇ ਤਰ੍ਹਾਂ ਸੋਲਨ ਤੋਂ ਲਗਭਗ 20 ਕੁ ਕਿਲੋਮੀਟਰ ਦੂਰ ਵਸਿਆ ਸਥਾਨ ਸਨਾਵਰ ਵੀ ਆਪਣੇ ਡੇਢ ਸਦੀ ਤੋਂ ਵੱਧ ਪੁਰਾਣੇ ਮਸ਼ਹੂਰ ਸਕੂਲ , ਸ਼ਹੀਦੀ ਸਮਾਰਕ , ਚਰਚ ਆਦਿ ਲਈ ਪ੍ਰਸਿੱਧ ਹੈ। ਸੋਲਨ ਆਪਣੀ ਸ਼ੁੱਧ ਆਵੋ – ਹਵਾ , ਸੁੰਦਰ ਤੇ ਮਨਮੋਹਕ ਦ੍ਰਿਸ਼ਾਂ , ਖਾਣ – ਪੀਣ , ਹਿਮਾਚਲੀ ਪਹਿਰਾਵੇ ਤੇ ਕੁਦਰਤੀ ਸੁਹੱਪਣ ਲਈ ਖਾਸ ਪਹਿਚਾਣ ਰੱਖਦਾ ਹੈ। ਇੱਥੇ ਸਥਿਤ ਸ਼ੂਲਿਨੀ ਯੂਨੀਵਰਸਿਟੀ ਬਹੁਤ ਪ੍ਰਸਿੱਧ ਹੈ।ਸੋਲਨ ਰੇਲਵੇ ਅਤੇ ਸੜਕ ਮਾਰਗ ਰਾਹੀਂ ਸ਼ਿਮਲਾ ਤੇ ਚੰਡੀਗੜ੍ਹ ਨਾਲ ਜੁੜਿਆ ਹੋਇਆ ਹੈ। ਜੇਕਰ ਸਮਾਂ ਮਿਲੇ ਤਾਂ ਸੋਲਨ ਤੋਂ ਵਾਪਸ ਆਉਣ ਸਮੇਂ ਕਸੌਲੀ , ਕਾਲਕਾ ਵਿਖੇ ਕਾਲੀ ਮਾਤਾ ਦਾ ਮੰਦਿਰ, ਪਿੰਜ਼ੌਰ ਵਿਖੇ ਯਾਦਵਿੰਦਰਾ ਗਾਰਡਨ ਆਦਿ ਜਰੂਰ ਦੇਖਣੇ ਚਾਹੀਦੇ ਹਨ। ਇਸ ਗਾਰਡਨ ਵਿੱਚ ਗਰਮੀਆਂ ਦੇ ਦੌਰਾਨ ਮੈਂਗੋ ਫੈਸਟੀਵਲ ਅਤੇ ਹੋਰ ਕਈ ਪ੍ਰਕਾਰ ਦੇ ਤਿਉਹਾਰਾਂ ਦਾ ਆਯੋਜਨ ਵੀ ਸਮੇਂ – ਸਮੇਂ ‘ਤੇ ਕੀਤਾ ਜਾਂਦਾ ਹੈ। ਪਿਆਰੇ ਬੱਚਿਓ ! ਸਾਨੂੰ ਪਹਾੜੀ ਸਥਾਨਾਂ ‘ਤੇ ਮਈ – ਜੂਨ ਮਹੀਨੇ ਤੱਕ ਹੀ ਜਾਣਾ ਚਾਹੀਦਾ ਹੈ ਅਤੇ ਬਰਸਾਤ ਦੇ ਮੌਸਮ ਦੌਰਾਨ ਪਹਾੜੀ ਥਾਵਾਂ ਦੀਆਂ ਯਾਤਰਾਵਾਂ ਨਹੀਂ ਕਰਨੀਆਂ ਚਾਹੀਦੀਆਂ। ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਇਹਨਾਂ ਸਥਾਨਾਂ ‘ਤੇ ਪਲਾਸਟਿਕ ਦੇ ਲਿਫਾਫਿਆਂ , ਥਰਮੋਕੋਲ ਆਦਿ ਦੀਆਂ ਪਲੇਟਾਂ ਤੇ ਕੱਪਾਂ ਆਦਿ ਦੀ ਵਰਤੋਂ ਨਾ ਕਰੀਏ , ਯਾਤਰਾ ਦੌਰਾਨ ਸਥਾਨਕ ਲੋਕਾਂ ਨਾਲ ਚੰਗਾ ਵਿਹਾਰ ਕਰੀਏ , ਦੂਸਰਿਆਂ ਦੀਆਂ ਭਾਵਨਾਵਾਂ ਤੇ ਆਸਥਾ ਦੀ ਕਦਰ ਕਰੀਏ ਅਤੇ ਸਭ ਨਾਲ ਨਿਮਰਤਾ ਨਾਲ ਪੇਸ਼ ਆ ਕੇ ਆਪਣੀ ਯਾਤਰਾ ਦਾ ਭਰਪੂਰ ਲਾਭ ਉਠਾਈਏ। ਸਾਨੂੰ ਆਪਣੀ ਯਾਤਰਾ ਦੇ ਦੌਰਾਨ ਜਰੂਰੀ ਸਮਾਨ , ਦਵਾਈਆਂ , ਕੈਮਰਾ , ਮੋਬਾਇਲ ਫੋਨ , ਪਾਵਰ ਬੈਂਕ , ਏ.ਟੀ.ਐਮ. , ਪਹਿਚਾਣ – ਪੱਤਰ ਆਦਿ ਜਰੂਰ ਨਾਲ ਲੈ ਕੇ ਜਾਣੇ ਚਾਹੀਦੇ ਹਨ ; ਜੋ ਕਿ ਸਾਡੇ ਬਹੁਤ ਕੰਮ ਆਉਂਦੇ ਹਨ। ਬੱਚਿਓ ! ਖੂਬ ਮਨ ਲਗਾ ਕੇ ਪੜ੍ਹਾਈ ਕਰਨਾ ਅਤੇ ਆਪਣੇ ਅਧਿਆਪਕਾਂ ਤੇ ਮਾਤਾ – ਪਿਤਾ ਦਾ ਹਮੇਸ਼ਾ ਕਹਿਣਾ ਮੰਨਣਾ ਤੇ ਜ਼ਿੰਦਗੀ ਵਿੱਚ ਜਦੋਂ ਕਦੇ ਵੀ ਕਿੱਧਰੇ ਘੁੰਮਣ – ਫਿਰਨ ਦਾ ਮੌਕਾ ਮਿਲੇ ਤਾਂ ਤੁਸੀਂ ਘੁੰਮਣ – ਫਿਰਨ ਲਈ ਜਰੂਰ ਜਾਇਓ ; ਕਿਉਂਕਿ ਘੁੰਮਣ – ਫਿਰਨ ਨਾਲ ਅਸੀਂ ਬਹੁਤ ਕੁਝ ਨਵਾਂ ਸਿੱਖਦੇ ਤੇ ਸਮਝਦੇ ਹਾਂ ਅਤੇ ਦੁਨੀਆ ਨੂੰ ਦੇਖਣ ਦਾ ਸਾਡਾ ਨਜ਼ਰੀਆ ਵੀ ਬਦਲ ਜਾਂਦਾ ਹੈ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਪ੍ਰਸਿੱਧ ਲੇਖਕ ਸ੍ਰੀ ਅਨੰਦਪੁਰ ਸਾਹਿਬ ( ਪੰਜਾਬ )
ਸਾਹਿਤ ਵਿੱਚ ਕੀਤੇ ਵਿਸ਼ੇਸ਼ ਕੰਮਾਂ ਲਈ ਲੇਖਕ ਦਾ ਨਾਂ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly