ਅੰਮ੍ਰਿਤਸਰ (ਸਮਾਜ ਵੀਕਲੀ) : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੁਸੇਵਾਲਾ ਦੇ ਕਤਲ ਮਾਮਲੇ ਵਿਚ ਨਾਮਜ਼ਦ ਜਗਤਾਰ ਸਿੰਘ ਵਾਸੀ ਪਿੰਡ ਮੂਸੇਵਾਲਾ ਨੂੰ ਅੱਜ ਇਮੀਗ੍ਰੇਸ਼ਨ ਵਿਭਾਗ ਨੇ ਸਥਾਨਕ ਹਵਾਈ ਅੱਡੇ ਤੋਂ ਕਾਬੂ ਕੀਤਾ ਹੈ। ਉਹ ਇੱਥੋਂ ਏਅਰ ਇੰਡੀਆ ਹਵਾਈ ਕੰਪਨੀ ਦੀ ਇਕ ਉਡਾਣ ਰਾਹੀਂ ਦੁਬਈ ਜਾਣ ਦੀ ਤਾਕ ਵਿੱਚ ਸੀ।
ਮਿਲੇ ਵੇਰਵਿਆਂ ਮੁਤਾਬਕ ਇਹ ਵਿਅਕਤੀ ਮਾਨਸਾ ਪੁਲੀਸ ਵਲੋਂਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜਦ ਕੀਤਾ ਹੋਇਆ ਹੈ ਅਤੇ ਪੁਲੀਸ ਵੱਲੋਂ ਉਸ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਹੋਇਆ ਸੀ, ਜਿਸ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਹਵਾਈ ਅੱਡਾ ਪ੍ਰਸ਼ਾਸਨ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਅਦ ਵਿੱਚ ਉਸ ਨੂੰ ਸਥਾਨਕ ਪੁਲੀਸ ਨੂੰ ਸੌਂਪ ਦਿੱਤਾ ਗਿਆ।
ਇਸ ਦੀ ਪੁਸ਼ਟੀ ਕਰਦਿਆਂ ਪੁਲੀਸ ਦੇ ਸਹਾਇਕ ਕਮਿਸ਼ਨਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰ 8.15 ਵਜੇ ਦੁਬਈ ਜਾਣ ਵਾਲੀ ਉਡਾਨ ਰਾਹੀ ਦੁਬਈ ਜਾ ਰਿਹਾ ਸੀ ਪਰ ਉਸ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ ਹੈ। ਇਹ ਵਿਅਕਤੀ ਪਿੰਡ ਮੂਸੇਵਾਲ ਦਾ ਹੀ ਵਾਸੀ ਹੈ। ਮਾਨਸਾ ਪੁਲੀਸ ਦੇ ਐਸਐਸਪੀ ਗੌਰਵ ਤੂਰਾ ਨੇ ਦਸਿਆ ਕਿ ਸਿੱਧੂ ਮੂਸੇਵਾਲ ਦੇ ਪਰਿਵਾਰ ਵਲੋਂ ਦੋਸ਼ ਲਾਇਆ ਗਿਆ ਸੀ ਕਿ ਇਹ ਵਿਅਕਤੀ ਵੀ ਕਤਲ ਦੀ ਯੋਜਨਾ ਵਿਚ ਸ਼ਾਮਲ ਸੀ ਅਤੇ ਇਸ ਨੇ ਸਿੱਧੂ ਮੂਸੇਵਾਲ ਦੀਆਂ ਗਤੀਵਿਧੀਆਂ ਦੀ ਰੈਕੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਨੇ ਜਾਂਚ ਵਿਚ ਸ਼ਮੂਲੀਅਤ ਵੀ ਕੀਤੀ ਸੀ। ਇਸ ਮਾਮਲੇ ਦੀ ਜਾਂਚ ਫਿਲਹਾਲ ਜਾਰੀ ਹੈ ਇਸ ਲਈ ਪੁਲੀਸ ਨੇ ਉਸ ਖਿਲਾਫ ਲੁੱਕ-ਆਊਟ ਨੋਟਿਸ ਜਾਰੀ ਕੀਤਾ ਹੋਇਆ ਸੀ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕੇ। ਉਨ੍ਹਾਂ ਕਿਹਾ ਕਿ ਮਾਮਲਾ ਅਜੇ ਜਾਂਚ ਅਧੀਨ ਹੈ ਇਸ ਲਈ ਉਸਨੂੰ ਦੇਸ਼ ਛੱਡ ਕੇ ਜਾਣ ਦਾ ਯਤਨ ਨਹੀ ਕਰਨਾ ਚਾਹੀਦਾ ਸੀ। ਇਸ ਮਾਮਲੇ ਵਿਚ ਉਸ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly