*ਬੇਕਸੂਰ ਦਾ ਕਤਲ*

ਡਾ. ਰਾਜਵੀਰ ਕੌਰ ਧਾਲੀਵਾਲ
(ਸਮਾਜ ਵੀਕਲੀ)
ਡਾ. ਰਾਜਵੀਰ ਕੌਰ ਧਾਲੀਵਾਲ
ਨਿਯੁਕਤੀ ਮਗਰੋਂ ਛੇਵੀਂ ਜਮਾਤ ਨੂੰ ਪੰਜਾਬੀ ਪੜਾਉਣੀ ਸ਼ੁਰੂ ਕਰ ਦਿੱਤੀ..!
ਸਰਕਾਰੀ ਸਕੂਲ ਵਿਚ ਜਿਆਦਾਤਰ ਗਰੀਬ ਤਬਕੇ ਦੇ ਬੱਚੇ ਹੀ ਪੜਿਆ ਕਰਦੇ ਸਨ..!
ਦਰਮਿਆਨੇ ਕਦ ਦਾ ਪਤਲਾ ਜਿਹਾ ਉਹ ਮੁੰਡਾ ਹਮੇਸ਼ਾਂ ਹੀ ਬਾਕੀਆਂ ਨਾਲੋਂ ਵੱਖਰਾ ਬੈਠਦਾ ਹੁੰਦਾ..!
ਅੱਧੀ ਛੁੱਟੀ ਵੇਲੇ ਅਕਸਰ ਕੱਲਾ ਬੈਠਾ ਕੁਝ ਨਾ ਕੁਝ ਲਿਖਦਾ ਰਹਿੰਦਾ..ਇੱਕ ਦਿਨ ਕੰਮ ਨਾ ਕਰਕੇ ਆਉਣ ਤੇ ਰੋਹ ਵਿਚ ਆਈ ਨੇ ਥੱਪੜ ਮਾਰਿਆ..ਉਹ ਰੋਇਆ ਨਹੀਂ.
ਹੈਰਾਨ ਸਾਂ ਪਤਾ ਨੀ ਕਿਸ ਮਿੱਟੀ ਦਾ ਬਣਿਆ ਸੀ ਉਹ..ਗੁੱਸੇ ਵਿੱਚ ਆਖਿਆ..ਓਹੀ ਕਾਪੀ ਲੈ ਕੇ ਆਵੇ ਜਿਸਤੇ ਹਮੇਸ਼ਾਂ ਹੀ ਕੁਝ ਲਿਖਦਾ ਰਹਿੰਦਾ ਸੀ!
ਹੋਰ ਹੋਰ ਲਿਆਈ ਜਾਵੇ..ਉਹ ਉਹ ਨਾ ਲਿਆਵੇ..ਅਖੀਰ ਮੈਂ ਉੱਠ ਉਸਦੇ ਬੇਂਚ ਤੇ ਗਈ ਤੇ ਖੁਦ ਬਸਤਾ ਫਰੋਲਣ ਲੱਗ ਪਈ !
ਅੰਦਰੋਂ ਕੁਝ ਸੁੱਕਿਆ ਰੋਟੀਆਂ ਅਤੇ ਅਚਾਰ ਦੀਆਂ ਫਾੜੀਆਂ ਤੋਂ ਇਲਾਵਾ ਇੱਕ ਫੋਟੋ ਵੀ ਲੱਭੀ..ਪੁੱਛਿਆ ਤਾਂ ਆਖਣ ਲੱਗਾ ਪਾਪਾ ਦੀ ਏ..!
ਏਨੇ ਨੂੰ ਜਿਹੜੀ ਕਾਪੀ ਦੀ ਮੈਨੂੰ ਤਲਾਸ਼ ਸੀ ਉਹ ਵੀ ਲੱਭ ਪਈ..ਅੰਦਰ ਨਿੱਕੇ ਨਿੱਕੇ ਪਹਿਰਿਆਂ ਵਿਚ ਕਿੰਨਾ ਕੁਝ ਲਿਖਿਆ ਸੀ..”ਪਾਪਾ ਤੂੰ ਕਿਥੇ ਚਲਾ ਗਿਆ..ਬੜਾ ਚੇਤਾ ਆਉਂਦਾ..ਤਾਇਆ ਵੀ ਹੁਣ ਉਹ ਨਹੀਂ ਰਿਹਾ ਜੋ ਤੇਰੇ ਹੁੰਦਿਆਂ ਹੋਇਆ ਕਰਦਾ ਸੀ..ਕਈ ਵੇਰ ਕੁੱਟ ਵੀ ਲੈਂਦਾ..ਮਾਂ ਵੀ  ਸਾਨੂੰ ਦਾਦੀ ਕੋਲ ਛੱਡ ਕੇ ਚਲੀ ਗਈ ਏ..ਦਾਦੀ ਨੂੰ ਹੁਣ ਅੱਖਾਂ ਤੋਂ ਵੀ ਨਹੀ ਦਿਸਦਾ..ਕਈ ਵੇਰ ਜੀ ਕਰਦਾ ਮੈਂ ਵੀ ਤੇਰੇ ਕੋਲ ਆ ਜਾਵਾਂ ਪਰ ਨਿੱਕੀ ਭੈਣ ਵੱਲ ਵੇਖ ਆਇਆ ਨੀ ਜਾਂਦਾ..ਉਹ ਹੁਣ ਮੇਰੇ ਨਾਲ ਹੀ ਸੌਂਦੀ ਏ..ਰੋਟੀਆਂ ਵੀ ਲਾਹ ਲੈਂਦੀ ਏ..ਪਰ ਉਸ ਦਿਨ ਜਦੋਂ ਉਸਦਾ ਹੱਥ ਸੜ ਗਿਆ ਤਾਂ ਮਾਂ ਨੂੰ ਚੇਤੇ ਕਰਕੇ ਬਹੁਤ ਰੋਈ..”
ਏਨਾ ਕੁਝ ਪੜ ਮੈਨੂੰ ਇੰਝ ਲੱਗਾ ਜਿੱਦਾਂ ਮੈਥੋਂ ਚੁਪੇੜ ਨਹੀਂ ਸਗੋਂ ਦਿਨ ਦਿਹਾੜੇ ਕਿਸੇ ਬੇਕਸੂਰ ਦਾ ਕਤਲ ਹੋ ਗਿਆ ਹੋਵੇ..ਹੈਰਾਨ ਪ੍ਰੇਸ਼ਾਨ ਵੀ ਸਾਂ..ਛੇਵੀਂ ਜਮਾਤ ਵਿਚ ਪੜ੍ਹਦਾ ਕੋਈ ਇੰਝ ਦਾ ਕੀਵੇਂ ਲਿਖ ਸਕਦਾ..ਸ਼ਾਇਦ ਦੁੱਖ ਅਤੇ ਵਿਛੋੜਾ ਇਨਸਾਨ ਨੂੰ ਸੋਚ ਪੱਖੋਂ ਸਿਆਣਾ ਕਰ ਜਾਂਦੇ ਨੇ..!
ਸ਼ਾਮੀਂ ਸਟਾਫ ਮੀਟਿੰਗ ਵਿਚ ਸਾਰਿਆਂ ਸਾਮਣੇ ਖਲੋਤਾ ਉਹ ਲਿਖਤਾਂ ਪੜਦਾ ਮੈਂ ਦੂਜੀ ਵੇਰ ਫੇਰ ਰੋ ਪਈ ..!
Previous articleਪੰਜਾਬ ਦੇ ਪੁਆਧ ਇਲਾਕੇ ਦੀ ਪਹਿਲੀ ਪੁਆਧੀ ਡਾਕੂਮੈਂਟਰੀ ਫਿਲਮ ਪੰਜਾਬੀ ਮੂਵੀ ਹੈ,”ਦ ਲੀਜੈਂਡ ਭਗਤ ਆਸਾ ਰਾਮ ਜੀ” :- ਲੇਖਕ ਤੇ ਡਾਇਰੈਕਟਰ ਵਿੱਕੀ ਸਿੰਘ
Next articleBetween Hope and Despair: 75 Years of Indian Republic