ਗੁਰਦਾਸਪੁਰ (ਸਮਾਜ ਵੀਕਲੀ): ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਭੋਜ ਰਾਜ ਵਿੱਚ ਰਵਿਦਾਸ ਮੰਦਰ ਦੇ ਪੁਜਾਰੀ ਥੁੜੂ ਰਾਮ (65) ਦਾ ਐਤਵਾਰ ਸਵੇਰੇ ਲਗਪਗ 6 ਵਜੇ ਸਿਰ ’ਤੇ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲੀਸ ਜ਼ਿਲ੍ਹਾ ਗੁਰਦਾਸਪੁਰ ਦੇ ਡੀਸੀ ਮੁਹੰਮਦ ਇਸ਼ਫਾਕ ਤੇ ਐੱਸਐੱਸਪੀ ਨਾਨਕ ਸਿੰਘ ਘਟਨਾ ਵਾਲੀ ਥਾਂ ’ਤੇ ਪਹੁੰਚੇ। ਕਤਲ ਦੇ ਰੋਸ ਵਿੱਚ ਪਿੰਡ ਵਾਸੀਆਂ ਨੇ ਕਰੀਬ ਤਿੰਨ ਘੰਟੇ ਮਤਦਾਨ ਦਾ ਬਾਈਕਾਟ ਕੀਤਾ ਤੇ ਮੰਗ ਕੀਤੀ ਕਿ ਕਾਤਲ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ।
ਪਿੰਡ ਦੀ ਵਸਨੀਕ ਸੰਤੋਸ਼ ਕੁਮਾਰੀ ਨੇ ਪੁਲੀਸ ਨੂੰ ਦੱਸਿਆ ਕਿ ਜਦੋਂ ਉਹ ਮੰਦਰ ਮੱਥਾ ਟੇਕਣ ਗਈ ਤਾਂ ਪੁਜਾਰੀ ਥੁੜੂ ਰਾਮ ਪੂਜਾ ਕਰ ਰਿਹਾ ਸੀ। ਇਸ ਦੌਰਾਨ ਪਿੰਡ ਦੇ ਨੌਜਵਾਨ ਬਲਵਿੰਦਰ ਸਿੰਘ ਨੇ ਪੁਜਾਰੀ ਦੇ ਸਿਰ ’ਤੇ ਲੋਹੇ ਦੀ ਰਾਡ ਮਾਰੀ, ਜਿਸ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਥਾਣਾ ਘੁੰਮਣ ਕਲਾਂ ਵੱਲੋਂ ਕੇਸ ਦਰਜ ਕਰਕੇ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਪੁਜਾਰੀ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਪੀੜਤ ਪੁਜਾਰੀ ਦੇ ਪੁੱਤਰ ਨਰੇਸ਼ ਨੂੰ ਨੌਕਰੀ ਦੇਣ ਦਾ ਭਰੋਸਾ ਦਿੰਦੇ ਹੋਏ ਇੱਕ ਲੱਖ ਰੁਪਏ ਦਾ ਚੈੱਕ ਸੌਂਪਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly