ਡੇਰਾ ਪ੍ਰੇਮੀ ਦੀ ਹੱਤਿਆ: ਦਿੱਲੀ ਪੁਲੀਸ ਵੱਲੋਂ ਤਿੰਨ ਮੁਲਜ਼ਮ ਗ੍ਰਿਫ਼ਤਾਰ

 

  • ਮੁਲਜ਼ਮਾਂ ’ਚ ਦੋ ਨਾਬਾਲਗ ਵੀ ਸ਼ਾਮਲ
  • ਪਟਿਆਲਾ ਪੁਲੀਸ ਨੂੰ ਕਾਰਵਾਈ ਬਾਰੇ ਲਿਖਤੀ ਤੌਰ ’ਤੇ ਦਿੱਤੀ ਜਾਣਕਾਰੀ

ਪਟਿਆਲਾ (ਸਮਾਜ ਵੀਕਲੀ):  ਕੋਟਕਪੂਰਾ ’ਚ ਬੀਤੇ ਦਿਨ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਨੂੰ ਕਤਲ ਕਰਨ ਵਾਲੇ ਛੇ ਮੁਲਜ਼ਮਾਂ ’ਚੋਂ ਤਿੰਨ ਜਣਿਆਂ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਲੰਘੇ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਹੈ। ਇਹ ਤਿੰਨੋਂ ਜਣੇ ਪਟਿਆਲਾ ਨੇੜਲੇ ਪਿੰਡ ਦੁਘਾਟ ’ਚ ਲੁਕੇ ਹੋਏ ਸਨ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇਹ ਤਿੰਨੋਂ ਜਣੇ ਹਰਿਆਣਾ ਨਾਲ ਸਬੰਧਤ ਹਨ।

ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਪਿੰਡ ਦੁਘਾਟ ’ਚ ਹੋਈਆਂ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਹੈ। ਪਟਿਆਲਾ ਪੁਲੀਸ ਭਾਵੇਂ ਇਸ ਮਾਮਲੇ ’ਤੇ ਖੁੱਲ੍ਹ ਕੇ ਬੋਲਣ ਤੋਂ ਗੁਰੇਜ਼ ਹੀ ਕਰ ਰਹੀ ਹੈ, ਪਰ ਫਿਰ ਵੀ ਹਾਸਲ ਕੀਤੇ ਵੇਰਵਿਆਂ ਮੁਤਾਬਿਕ ਦੁਘਾਟ ਵਿਚੋਂ ਫੜੇ ਗਏ ਇਨ੍ਹਾਂ ਸ਼ੂਟਰਾਂ ਵਿਚੋਂ ਦੋ ਜਣਿਆਂ ਦੀ ਉਮਰ 14 ਤੋਂ 15 ਸਾਲਾਂ ਦੀ ਹੀ ਹੈ ਜਦਕਿ ਤੀਜਾ ਮੁਲਜ਼ਮ ਜਤਿੰਦਰ ਸਿੰਘ ਜੀਤੂ 25/26 ਸਾਲਾਂ ਦਾ ਹੈ। ਉਹ ਹਰਿਆਣਾ ਦੇ ਅੰਬਾਲਾ ਖੇਤਰ ’ਚ ਵਾਪਰੀ ਦੋਹਰੇ ਕਤਲ ਦੀ ਇੱਕ ਘਟਨਾ ਦੇ ਕੇਸ ਕੇਸ ’ਚ ਵੀ ਹਰਿਆਣਾ ਪੁਲੀਸ ਨੂੰ ਲੋੜੀਂਦਾ ਸੀ। ਹੋਰ ਵੇਰਵਿਆਂ ਅਨੁਸਾਰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੇ ਇੰਸਪੈਕਟਰ ਬਿਕਰਮ ਦੀ ਅਗਵਾਈ ਹੇਠ ਇੱਕ ਪੁਲੀਸ ਟੀਮ ਅੱਧੀ ਰਾਤ ਮਗਰੋਂ ਇੱਥੇ ਪੁੱਜੀ ਜੋ ਦੁਘਾਟ ਵਿਚਲੇ ਇੱਕ ਘਰ ’ਚ ਲੁਕੇ ਤਿੰਨਾਂ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ। ਉਂਜ ਦਿੱਲੀ ਪੁਲੀਸ ਦੀ ਇਸ ਟੀਮ ਨੇ ਜਿੱਥੇ ਪਟਿਆਲਾ ਦੇ ਥਾਣਾ ਬਖਸ਼ੀਵਾਲਾ ਦੀ ਪੁਲੀਸ ਨੂੰ ਜਿੱਥੇ ਪਿੰਡ ਦੁਘਾਟ ਜਾਣ ਦੀ ਬਾਕਾਇਦਾ ਲਿਖਤੀ ਰੂਪ ’ਚ ਜਾਣਕਾਰੀ ਦਿੱਤੀ, ਉਥੇ ਹੀ ਇੱਥੋਂ ਫੜੇ ਗਏ ਉਕਤ ਮੁਲਜ਼ਮਾਂ ਨੂੰ ਨਾਲ ਲਿਜਾਣ ਬਾਰੇ ਵੀ ਅਧਿਕਾਰਤ ਰੂਪ ’ਚ ਸਥਾਨਕ ਪੁਲੀਸ ਨੂੰ ਜਾਣੂ ਕਰਵਾਇਆ।

ਇਸ ਗੱਲ ਦੀ ਪਟਿਆਲਾ ਪੁਲੀਸ ਦੇ ਅਧਿਕਾਰੀਆਂ ਨੇ ਵੀ ਪੁਸ਼ਟੀ ਕੀਤੀ ਹੈ। ਵੇਰਵਿਆਂ ਅਨੁਸਾਰ ਮੁਲਜ਼ਮਾਂ ਦੇ ਫੜੇ ਜਾਣ ਮੌਕੇ ਕਿਸੇ ਵੀ ਤਰ੍ਹਾਂ ਦੀ ਕੋਈ ਗੋਲੀ ਨਹੀਂ ਚੱਲੀ ਤੇ ਨਾ ਹੀ ਰੌਲਾ-ਰੱੱਪਾ ਪਿਆ। ਇਨ੍ਹਾਂ ਨੂੰ ਫੜਨ ਲਈ ਪੁੱਜੀ ਦਿੱਲੀ ਪੁਲੀਸ ਪੂਰੀ ਤਰ੍ਹਾਂ ਆਧੁਨਿਕ ਹਥਿਆਰਾਂ ਨਾਲ ਲੈਸ ਸੀ। ਮੁਲਜ਼ਮਾਂ ਨੂੰ ਦੁਘਾਟ ਪਿੰਡ ਦੇ ਵਸਨੀਕ ਗੁਰਪ੍ਰੀਤ ਸਿੰਘ ਦੇ ਘਰੋਂ ਕਾਬੂ ਕੀਤਾ ਗਿਆ ਹੈ ਤੇ ਪੁਲੀਸ ਦੀ ਕਾਰਵਾਈ ਦੌਰਾਨ ਘਰ ’ਚ ਗੁਰਪ੍ਰੀਤ ਸਿੰਘ ਦੀ ਮਾਤਾ ਵੀ ਮੌਜੂਦ ਸੀ। ਇਸ ਮਹਿਲਾ ਦਾ ਇੱਕ ਪੁੱਤ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਤੇ ਇੱਕ ਤਿੰਨ ਮਹੀਨਿਆਂ ਤੋਂ ਕੰਬਾਈਨ ’ਤੇ ਗਿਆ ਹੋਇਆ ਹੈ। ਡੇਰਾ ਪ੍ਰੇਮੀ ਦੇ ਕਤਲ ਕੇਸ ਦੇ ਇਹ ਮੁਲਜ਼ਮ ਇਸ ਘਰ ’ਚ ਕਦੋਂ ਅਤੇ ਕਿਵੇਂ ਪਹੁੰਚੇ ਇਸ ਸਬੰਧੀ ਸਥਾਨਕ ਪੁਲੀਸ ਵੱਲੋਂ ਗੁਰਪ੍ਰੀਤ ਸਿੰਘ ਅਤੇ ਦੁਘਾਟ ਪਿੰਡ ਦੇ ਕੁਝ ਮੋਹਤਬਰਾਂ ਸਮੇਤ ਦਰਜਨ ਭਰ ਵਸਨੀਕਾਂ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ। ਪੁਲੀਸ ਵੱਲੋਂ ਦੁਘਾਟ ਸਮੇਤ ਹੋਰ ਆਸੇ-ਪਾਸੇ ਦੇ ਪਿੰਡਾਂ ਤੇ ਰਾਹਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਮੇਤ ਮੋਬਾਈਲ ਫੋਨਾਂ ਦੀਆਂ ਲੋਕੇਸ਼ਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਜਲਦੀ ਪਟਿਆਲਾ ਪੁਲੀਸ ਨੂੰ ਸੌਂਪੇ ਜਾ ਸਕਦੇ ਨੇ ਮੁਲ਼ਜਮ

ਸੂਤਰਾਂ ਅਨੁਸਾਰ ਦੁਘਾਟ ਤੋਂ ਫੜੇ ਤਿੰਨੋਂ ਮੁਲਜ਼ਮ ਜਲਦੀ ਹੀ ਪਟਿਆਲਾ ਪੁਲੀਸ ਨੂੰ ਸੌਂਪੇ ਜਾ ਸਕਦੇ ਹਨ। ਭਾਵੇਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਤਰ੍ਹਾਂ ਹੀ ਪ੍ਰਦੀਪ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਾਰੈਂਸ ਗੈਂਗ ਦੇ ਗੋਲਡੀ ਬਰਾੜ ਨੇ ਹੀ ਲਈ ਹੈ ਤੇ ਇਹ ਸ਼ੂਟਰ ਪਾਕਿਸਤਾਨ ’ਚ ਰਹਿ ਰਹੇ ਹਰਵਿੰਦਰ ਰਿੰਦਾ ਦੇ ਸੰਪਰਕ ’ਚ ਵੀ ਦੱਸੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਦਿੱਲੀ ਪੁਲੀਸ ਡੇਰਾ ਪ੍ਰੇਮੀ ਦੇ ਕਤਲ ਦੀ ਜਾਂਚ ’ਚ ਨਹੀਂ ਪੈਣਾ ਚਾਹੁੰਦੀ। ਇਹ ਜਾਂਚ ਪੰਜਾਬ ਪੁਲੀਸ ਵੱਲੋਂ ਹੀ ਕੀਤੇ ਜਾਣ ਦੀ ਸੰਭਾਵਨਾ ਹੈ। ਉਂਜ ਦਿੱਲੀ ਪੁਲੀਸ ਦੀ ਤਾਜ਼ਾ ਬਿਆਨਬਾਜ਼ੀ ਤੋਂ ਇਨ੍ਹਾਂ ਸ਼ੂਟਰਾਂ ਦੀ ਗ੍ਰਿਫ਼ਤਾਰੀ ਦੇ ਮਾਮਲੇ ਤੋਂ ਵੀ ਪਰਦਾ ਉਠਦਾ ਨਜ਼ਰ ਆ ਰਿਹਾ ਹੈ। ਦਿੱਲੀ ਪੁਲੀਸ ਆਖ ਰਹੀ ਹੈ ਕਿ ਉਹ ਫੜੇ ਗਏ ਮੁਲਜ਼ਮਾਂ ਦਾ ਸਾਲ ਭਰ ਤੋਂ ਪਿੱਛਾ ਕਰ ਰਹੀ ਸੀ। ਸ਼ਾਇਦ ਇਸ ਕਰਕੇ ਵੀ ਉਹ ਡੇਰਾ ਪ੍ਰੇਮੀ ਦੇ ਕਤਲ ਤੋਂ ਕੁਝ ਘੰਟਿਆਂ ਮਗਰੋਂ ਹੀ ਇਨ੍ਹਾਂ ਸ਼ੂਟਰਾਂ ਤੱਕ ਪਹੁੰਚ ਗਈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBritain sliding towards recession
Next articleFALCONS PRIMARY SCHOOL CELEBRATES GURU NANAK DEV JI GURPURB