(ਸਮਾਜ ਵੀਕਲੀ)
ਏਸ ਇਸ਼ਕ ਦੇ ਮੂੰਹ ‘ਤੇ ਜਿੰਦਾ,
ਹੱਥ’ ਚ ਕਾਸਾ, ਪੱਲੀ ਏ।
ਇਸ ਦੇ ਦਰ ‘ਤੇ ਆਸ਼ਕ ਨੂੰ,
ਨਾ ਮਿਲ਼ਦੀ ਮੌਤ ਸਵੱਲੀ ਏ।
ਬਸਰੇ ਤੇ ਬਗ਼ਦਾਦ ‘ਚ ਲੁਕਿਆ,
ਤਾਜ ਸਿਰਾਂ ‘ਤੇ ਧਰਦਾ ਨਹੀਂ।
ਆਖੇ ਰਜ਼ਾ ਖ਼ੁਦਾ ਦੀ ਮੰਨੋ,
ਗੱਲ ਵਸਲ ਦੀ ਕਰਦਾ ਨਹੀਂ।
ਨਾਲ਼ੇ ਖਚਰਾ ਹਾਸਾ ਹੱਸੇ,
ਨਾਲ਼ ਚਲਾਵੇ ਰੋੜਾਂ ‘ਤੇ।
ਨਾਲ਼ੇ ਗਿੱਠ-ਗਿੱਠ ਚੜ੍ਹਦਾ ਜਾਵੇ,
ਬਣ ਕੇ ਪਿੱਪਲ਼ ਬੋਹੜਾਂ’ ਤੇ।
ਆਪਾਂ ਤਾਂ ਜੀ ਹਾਸੇ ਬੀਜੇ,
ਉੱਗੇ ਬੀ ਉਦਾਸੀ ਦੇ।
ਨੌਂ ਦਰਵਾਜ਼ਿਆਂ ਦੇ ਨਾਲ਼ ਘੁਲ਼ਦੇ,
ਧੱਕੇ ਚੜ੍ਹੇ ਚੁਰਾਸੀ ਦੇ।
ਐਸੀ ਲਾਲ ਹਨੇਰੀ ਝੁੱਲੀ,
ਮੱਟ ਰੁੜ੍ਹ ਗਿਆ ਨੀਰਾਂ ਦਾ।
ਜੰਮਦਾ-ਜੰਮਦਾ ਬਰਫ਼ ਹੋ ਗਿਆ,
ਠੰਢਾ ਲਹੂ ਫ਼ਕੀਰਾਂ ਦਾ।
ਯਾਦਾਂ ਦੇ ਤਾਂ ਇੱਜੜ ਆਏ,
ਆਸ ਦਾ ਦੀਵਾ ਬਾਲ਼ੀ ਜੀ।
ਉਸ ਦੇ ਜਾਵਣਸਾਰ ਹੋ ਗਿਆ,
ਸ਼ਹਿਰ ਦਿਲਾਂ ਦਾ ਖ਼ਾਲੀ ਜੀ
ਘਰ ਤੋਂ ਭਟਕੇ ਧੀਦੋ ਨੂੰ ਉਸ,
ਰਾਂਝਾ ਵੀ ਅਖਵਾਇਆ ਸੀ।
ਬਿਰਹਾ ਉਸ ਨੂੰ ਬਾਹੋਂ ਫੜ ਕੇ,
ਟਿੱਲੇ ਛੱਡਣ ਆਇਆ ਸੀ।
ਧੁਰ ਦਰਗਾਹੋਂ ਦਿੱਤਾ ਹੋਕਾ,
ਕੰਨੀਂ ਪੈ ਗਿਆ ਮਾਹੀ ਦਾ।
ਪਤਝੜ ਦੇ ਕਾਸੇ ਵਿੱਚ ਧਰ ਗਈ,
ਵਾਅ ਇੱਕ ਪੱਤ ਫਲਾਹੀ ਦਾ।
ਦਰਕਿਨਾਰ ਅਲਫ਼ਾਜ਼ੀ ਰਿਸ਼ਤੇ,
ਨਾਲ਼ੇ ਖ਼ਾਕ ਉਮੀਦਾਂ ਦੀ।
ਮੱਸਿਆ ਦੇ ਘਰ ਦੀਵਾ ਧਰ ਕੇ,
ਖ਼ੁਸ਼ੀ ਮਨਾਉਣੀ ਈਦਾਂ ਦੀ।
ਏਸ ਇਸ਼ਕ ਤੋਂ ਮੁਨਕਰ ਹੋ ਕੇ,
ਨਗਰ ਹਕੀਕੀ ਜਾਵਾਂਗੇ।
ਬੋਲ਼ੇ ਨੂੰ ਦੁੱਖ ਦੱਸਣ ਨਾਲ਼ੋਂ,
ਅੰਨ੍ਹੇ ਨੂੰ ਗਲ਼ ਲਾਵਾਂਗੇ।
~ ਰਿਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ