ਮੁੰਬਈ: ਬਹੁ-ਮੰਜ਼ਿਲਾ ਇਮਾਰਤ ’ਚ ਅੱਗ, 6 ਮੌਤਾਂ

ਮੁੰਬਈ (ਸਮਾਜ ਵੀਕਲੀ):  ਕੇਂਦਰੀ ਮੁੰਬਈ ਦੇ ਤਾਰਦਿਓ ਇਲਾਕੇ ’ਚ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਦੀ 19ਵੀਂ ਮੰਜ਼ਿਲ ’ਤੇ ਅੱਜ ਸਵੇਰੇ ਅੱਗ ਲੱਗਣ ਕਾਰਨ 6 ਵਿਅਕਤੀ ਹਲਾਕ ਅਤੇ 23 ਹੋਰ ਜ਼ਖ਼ਮੀ ਹੋ ਗਏ। ਗੋਵਾਲਿਕਾ ਟੈਂਕ ਵਿਖੇ ਭਾਟੀਆ ਹਸਪਤਾਲ ਦੇ ਸਾਹਮਣੇ ਸਥਿਤ ਸਚਿਨਾਮ ਹਾਈਟਸ ਇਮਾਰਤ ’ਚ ਅੱਗ ਸਵੇਰੇ ਕਰੀਬ ਸੱਤ ਵਜੇ ਲੱਗੀ। ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਦੇ ਅਧਿਕਾਰੀ ਨੇ  ਕਿਹਾ ਕਿ ਅੱਗ ਲੱਗਣ ਸਮੇਂ ਜ਼ਿਆਦਾਤਰ ਲੋਕ ਅਜੇ ਸੁੱਤੇ ਹੋਏ ਸਨ। ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਹੋਰ ਆਗੂਆਂ ਨੇ ਘਟਨਾ ’ਤੇ ਦੁੱਖ ਜ਼ਾਹਿਰ ਕੀਤਾ ਹੈ।

ਸ੍ਰੀ ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ’ਚੋਂ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਫੰਡ ’ਚੋਂ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਵੀ ਦਿੱਤੀ ਜਾਵੇਗੀ। ਮਹਾਰਾਸ਼ਟਰ ਦੇ ਸੈਰ ਸਪਾਟਾ ਮੰਤਰੀ ਆਦਿੱਤਿਆ ਠਾਕਰੇ ਨੇ ਇਲਾਕੇ ਦਾ ਦੌਰਾ ਕਰਕੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਰੇਕ ਮ੍ਰਿਤਕ ਦੇ ਵਾਰਸ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ’ਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਜਾਪਦੀ ਹੈ। ਇਮਾਰਤ ਦੇ ਕੁਝ ਵਸਨੀਕਾਂ ਨੇ ਦੋਸ਼ ਲਾਇਆ ਕਿ ਨੇੜਲੇ ਤਿੰਨ ਪ੍ਰਾਈਵੇਟ ਹਸਪਤਾਲਾਂ ਨੇ ਜ਼ਖ਼ਮੀਆਂ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਰਕਮ ਪਹਿਲਾਂ ਜਮ੍ਹਾਂ ਕਰਾਉਣ ਅਤੇ ਕੋਵਿਡ-19 ਦੀ ਨੈਗੇਟਿਵ ਰਿਪੋਰਟ ਮੰਗੀ।

ਭਾਜਪਾ ਦੇ ਸੀਨੀਅਰ ਆਗੂ ਦੇਵੇਂਦਰ ਫੜਨਵੀਸ ਨੇ ਦੋਸ਼ ਲਾਇਆ ਕਿ ਹਸਪਤਾਲਾਂ ਵੱਲੋਂ ਜ਼ਖ਼ਮੀਆਂ ਨੂੰ ਦਾਖ਼ਲ ਨਾ ਕੀਤੇ ਜਾਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਥੇ ਅੱਗ ਬੁਝਾਊ ਦਸਤੇ ਅਤੇ ਪੁਲੀਸ ਪਹੁੰਚ ਗਈ ਸੀ। ‘ਕਈ ਵਿਅਕਤੀਆਂ ਨੂੰ ਬਚਾਇਆ ਗਿਆ ਜਿਨ੍ਹਾਂ ’ਚੋਂ 29 ਨੂੰ ਵੱਖ ਵੱਖ ਹਸਪਤਾਲਾਂ ’ਚ ਪਹੁੰਚਾਇਆ ਗਿਆ। ਕੁਝ ਜ਼ਖ਼ਮੀ ਸਨ ਜਦਕਿ ਕੁਝ ਨੇ ਸਾਹ ਲੈਣ ’ਚ ਤਕਲੀਫ਼ ਦੱਸੀ।’ ਜ਼ਖ਼ਮੀਆਂ ’ਚੋਂ ਸੱਤ ਨੂੰ ਬੀਐੱਮਸੀ ਵੱਲੋਂ ਚਲਾਏ ਜਾ ਰਹੇ ਨਾਇਰ ਹਸਪਤਾਲ ’ਚ ਲਿਜਾਇਆ ਗਿਆ ਜਿਨ੍ਹਾਂ ’ਚੋਂ ਪੰਜ ਦੀ ਮੌਤ ਹੋ ਗਈ ਜਦਕਿ ਇਕ ਹੋਰ ਨੇ ਕਸਤੂਰਬਾ ਹਸਪਤਾਲ ’ਚ ਦਮ ਤੋੜਿਆ। ਅੱਗ ਨੂੰ 12.20 ਵਜੇ ਤੱਕ ਬੁਝਾ ਲਿਆ ਗਿਆ ਸੀ। ਇਕ ਅਧਿਕਾਰੀ ਨੇ ਕਿਹਾ ਕਿ ਇਮਾਰਤ ਦੀ ਹਰੇਕ ਮੰਜ਼ਿਲ ’ਤੇ ਛੇ-ਛੇ ਫਲੈਟ ਹਨ ਅਤੇ 19ਵੀਂ ਮੰਜ਼ਿਲ ’ਤੇ ਅੱਗ ਲੱਗਣ ਮਗਰੋਂ ਕਈ ਲੋਕ ਬਾਹਰ ਨਿਕਲ ਆਏ ਸਨ। ਅੱਗ ਲੱਗਣ ਮਗਰੋਂ ਫੈਲੇ ਧੂੰਏਂ ’ਚ ਕਈ ਲੋਕ ਫਸ ਗਏ ਸਨ। ਕੁਝ ਲੋਕਾਂ ਨੇ ਕਿਹਾ ਕਿ ਅੱਗ ਲੱਗਣ ਮਗਰੋਂ ਇਮਾਰਤ ’ਚ ਬਿਜਲੀ ਬੰਦ ਹੋ ਗਈ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRajnath urges NCC cadets to strive for a new dawn of progress
Next articleਅਮਰੀਕਾ-ਕੈਨੇਡਾ ਹੱਦ ’ਤੇ ਮੌਤਾਂ: ਵੇਰਵੇ ਇਕੱਤਰ ਕਰ ਰਿਹੈ ਭਾਰਤੀ ਮਿਸ਼ਨ