ਬਹੁਪੱਖੀ ਲੇਖਕ ਜਸਵੰਤ ਸਿੰਘ ਵਿਰਦੀ

ਬਹੁਪੱਖੀ ਲੇਖਕ ਜਸਵੰਤ ਸਿੰਘ ਵਿਰਦੀ

 ਡਾ.ਪ੍ਰਿਤਪਾਲ ਸਿੰਘ ਮਹਿਰੋਕ 

ਡਾ. ਪ੍ਰਿਤਪਾਲ ਸਿੰਘ ਮਹਿਰੋਕ

(ਸਮਾਜ ਵੀਕਲੀ) ਜਸਵੰਤ ਸਿੰਘ ਵਿਰਦੀ ਪੰਜਾਬੀ ਸਾਹਿਤ ਵਿੱਚ ਇੱਕ ਜਾਣਿਆ ਪਛਾਣਿਆ ਹਸਤਾਖਰ ਹੈ। ਉਹ 1956 ਵਿੱਚ ਕਹਾਣੀ ਰਚਨਾ ਦੇ ਖੇਤਰ ਵਿੱਚ ਪ੍ਰਵੇਸ਼ ਕਰਦਾ ਹੈ। ਸਾਹਿਤ ਦੇ ਵੱਖ ਵੱਖ ਰੂਪ ਖੇਤਰਾਂ ਵਿੱਚ ਉਸ ਦੀਆਂ ਰਚਨਾਵਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਜਸਵੰਤ ਸਿੰਘ ਵਿਰਦੀ ਸਮੂਰਤ ਜੀਵਨ ਅਨੁਭਵ ਨੂੰ ਆਪਣੀਆਂ ਰਚਨਾਵਾਂ ਵਿੱਚ ਢਾਲਣ ਦਾ ਯਤਨ ਕਰਨ ਵਾਲਾ ਗਲਪਕਾਰ ਹੈ। ਉਸਦੀਆਂ ਰਚਨਾਵਾਂ ਉਸਦੇ ਨਿੱਜੀ ਅਨੁਭਵ ਦੇ ਸੇਕ ਨਾਲ ਤਪਦੀਆਂ ਹਨ, ਜਿਨ੍ਹਾਂ ਨੂੰ ਉਹ ਕਲਪਨਾ ਦੀਆਂ ਕਲਾਤਮਕ ਛੋਹਾਂ ਪ੍ਰਦਾਨ ਕਰਕੇ ਆਪਣੀਆਂ ਰਚਨਾਵਾਂ ਦਾ ਜਗਤ ਸਿਰਜਦਾ ਹੈ। ਉਸਦੀਆਂ ਸਿਰਜਣਾਵਾਂ ਪਾਠਕ ਦੇ ਮਨ ਵਿੱਚ ਅਨੇਕ ਅਰਥਾਂ ਦੀਆਂ ਤਰੰਗਾਂ ਜਗਾਉਂਦੀਆਂ ਹਨ। ਜਸਵੰਤ ਸਿੰਘ ਵਿਰਦੀ ਦੇ ਬਹੁਤੇ ਨਾਵਲ ਤੇ ਕਹਾਣੀਆਂ ਯਥਾਰਥਵਾਦੀ ਗਲਪ ਵਿਧੀ ਦੇ ਧਰਾਤਲ ‘ਤੇ ਉਸਰਦੇ ਹਨ। ਉਹ ਅਜੋਕੇ ਮਨੁੱਖ ਦੀਆਂ ਨਵੀਨ ਤੇ ਬਹੁਤ ਪਸਾਰੀ ਜੀਵਨ ਵਿਸੰਗਤੀਆਂ ਨੂੰ ਕਲਾਤਮਕ ਪੱਧਰ ‘ਤੇ ਚਿੱਤਰਦਾ  ਹੈ। ਜਸਵੰਤ ਸਿੰਘ ਵਿਰਦੀ  ਵਿਸ਼ੇਸ਼ ਪਛਾਣ ਰੱਖਣ ਵਾਲਾ ਆਸ਼ਾਵਾਦੀ ਤੇ ਉਸਾਰੂ ਦ੍ਰਿਸ਼ਟੀਕੋਣ ਦਾ ਧਾਰਨੀ ਲੇਖਕ ਹੈ। ਉਹ ਆਪਣੀਆਂ ਰਚਨਾਵਾਂ ਵਿੱਚ ਅਜਿਹੇ ਸੰਕੇਤ ਰੱਖ ਜਾਂਦਾ ਹੈ, ਜਿਨਾਂ ਨਾਲ ਉਹ ਵਿਆਪਕ ਅਰਥ ਗ੍ਰਹਿਣ ਕਰਨ ਵਾਲੀਆਂ  ਕਿਰਤਾਂ ਬਣ ਜਾਂਦੀਆਂ ਹਨ। ਉਹ ਜੀਵਨ ਵਿੱਚ ਨਵੀਆਂ ਸੰਭਾਵਨਾਵਾਂ ਉਜਾਗਰ ਕਰਨ ਦੇ ਯਤਨ ਵਿੱਚ ਰਹਿੰਦਾ ਹੈ। ਉਹ ਵਿਤਕਰੇਹੀਣ, ਇਨਸਾਫ ਪਸੰਦ ਤੇ ਕਰਮਸ਼ੀਲ ਸਮਾਜ ਦੀ ਸਿਰਜਣਾ ਕਰਨ ਦੇ ਉਦੇਸ਼ ਨੂੰ ਮਿਥ ਕੇ ਰਚਨਾ ਕਰਦਾ ਹੈ। ਉਹ ਹਮੇਸ਼ਾ ਉਸਾਰੂ ਤੇ ਸਿਰਜਣਾਤਮਕ ਸ਼ਕਤੀਆਂ ਦੇ ਹੱਕ ਵਿੱਚ ਭੁਗਤਦਾ ਹੈ। ਸਾਹਿਤ ਰਾਹੀਂ ਅਜਿਹੇ ਵਿਚਾਰਾਂ ਦੀ ਤਰਜਮਾਨੀ ਕਰਨ ਨੂੰ ਹੀ ਉਹ ਸਾਹਿਤ ਦਾ ਅਸਲ ਪ੍ਰਯੋਜਨ ਸਮਝਦਾ ਹੈ। ਜਿਉਂ ਜਿਉਂ ਪਾਠਕ ਜਸਵੰਤ ਸਿੰਘ ਵਿਰਦੀ ਦੁਆਰਾ ਰਚਿਤ ਸਾਹਿਤ ਦੀ ਦੁਨੀਆ ਵਿੱਚ ਉਤਰਦਾ ਜਾਂਦਾ ਹੈ, ਉਸਦੇ ਵਿਚਾਰਾਂ ਦਾ ਪ੍ਰਵਾਹ ਉਸ ਸਾਹਵੇਂ ਫੈਲਦਾ ਜਾਂਦਾ ਹੈ।

       ਸਰਕਾਰੀ ਨੌਕਰੀ ਕਰਦਿਆਂ ਵੀ ਉਸਨੇ ਆਪਣੀ ਲਿਖਤ ਦਾ ਸਰਕਾਰੀਕਰਨ ਨਹੀਂ ਹੋਣ ਦਿੱਤਾ। ਜਸਵੰਤ  ਸਿੰਘ ਵਿਰਦੀ ਦੀਆਂ ਰਚਨਾਵਾਂ ਦਾ ਬਹੁਤਾ ਹਿੱਸਾ ਕਹਾਣੀ ਦੇ ਖੇਤਰ ਨਾਲ ਜੁੜਦਾ ਹੈ, ਜਿਸ ਦਾ ਵੇਰਵਾ  ਹੇਠ ਲਿਖੇ ਅਨੁਸਾਰ ਹੈ:

       ਪੀੜ ਪਰਾਈ (1960), ਆਪਣੀ ਆਪਣੀ ਸੀਮਾ (1968), ਗ਼ਮ ਦਾ ਸਾਕ (1973), ਪਾਵਰ ਹਾਊਸ, (1974) ਨੁੱਕਰ ਵਾਲੀ ਗਲੀ (1975), ਜ਼ਿੰਦਗੀ (1976), ਨਦੀ ਦਾ ਪਾਣੀ (1977), ਸੀਸ ਭੇਂਟ (1977), ਸੜਕਾਂ ਦਾ ਦਰਦ (1981), ਖੂਨ ਦੇ ਹਸਤਾਖਰ (1982), ਬਦਤਮੀਜ਼ ਲੋਕ(1986), ਖੁੱਲ੍ਹੇ ਆਕਾਸ਼ ਵਿੱਚ (1986), ਮੇਰੀਆਂ ਪ੍ਰਤੀਨਿਧ ਕਹਾਣੀਆਂ (1987), ਰੱਥ ਦੇ ਪਹੀਏ (1988), ਅੱਧੀ ਸਦੀ ਦਾ ਫਰਕ (1990), ਮੇਰੀਆਂ ਸਰੇਸ਼ਟ ਕਹਾਣੀਆਂ (1990), ਹਮ ਵਤਨੀ (1995), ਤਪਦੀ ਮਿੱਟੀ (1995),  ਧਰਤੀ ਦਾ ਮੋਹ (1996), ਵਾਹਗੇ ਦੇ ਆਰ ਪਾਰ (1998), ਖੁੱਲ੍ਹੀ ਹਵਾ (1999), ਹਨੇਰੇ ਹਨੇਰੇ ਵੱਲ ਜਾਂਦਾ ਰਾਹ( 2000), ਚੋਣਵੀਆਂ ਕਹਾਣੀਆਂ (2000) ਅਤੇ ਖਤਰਨਾਕ ਖੇਡ( 2001) । ਇਨ੍ਹਾਂ ਕਹਾਣੀ ਸੰਗ੍ਰਹਿਆਂ ਨਾਲ ਜਸਵੰਤ ਸਿੰਘ ਵਿਰਦੀ ਪੰਜਾਬੀ ਕਹਾਣੀ ਸਾਹਿਤ ਵਿੱਚ ਮਾਣਮੱਤਾ ਵਾਧਾ ਕਰਦਾ ਹੈ।

      ਵਿਖਰੇ ਵਿਖਰੇ (1968), ਅੰਦਰਲੇ ਦਰਵਾਜ਼ੇ(1972), ਆਪਣੇ ਆਪਣੇ ਸੁੱਖ (1975), ਕੰਡਿਆਂ ਤੇ ਤੁਰਨਾ (1982), ਲਹੂ ਭਿੱਜੇ ਵਰਕੇ(1986), ਅੱਧੀ ਰਾਤ (1987), ਤਰਕਾਲਾਂ (1988), ਕਮੇਲੀਆ ਦਾ ਫੁੱਲ (1988), ਚਾਨਣ ਲੀਕਾਂ (1991), ਨਿਹਚਲੁ ਨਾਹੀ ਚੀਤੁ (1993), ਲਾਲਟੈਣ ਵਾਲਾ (1995),  ਵਰਖਾ ਵਾਲੀ ਰਾਤ (2002), ਦਿਲ ਦਰਿਆ (2006) ਆਦਿ ਜਸਵੰਤ ਸਿੰਘ ਵਿਰਦੀ ਦੇ ਪ੍ਰਸਿੱਧ ਨਾਵਲ ਹਨ। ਸਮੇਂ ਸਮੇਂ  ਵਿਰਦੀ ਦੇ ਕਹਾਣੀ ਸੰਗ੍ਰਹਿ ਗਿਆਨੀ, ਐਮ.ਏ. ਆਦਿ ਦੇ ਕੋਰਸਾਂ ਦੇ ਸਿਲੇਬਸ ਵਿੱਚ ਪੜ੍ਹਾਏ ਜਾਂਦੇ ਰਹੇ ਹਨ। ‘ਦਿਲ ਦਰਿਆ’ ਨਾਵਲ ਇੰਡੀਅਨ ਸਰਟੀਫਕੇਟ ਆਫ਼ ਸੈਕੰਡਰੀ ਐਜੂਕੇਸ਼ਨ ਦੀ ਦਸਵੀਂ ਜਮਾਤ ਦੇ ਸਿਲੇਬਸ ਵਿੱਚ ਲੱਗਿਆ ਰਿਹਾ ਹੈ।

       ਵਿਸ਼ਵਕਰਮਾ, ਸੁਣੋ ਸਰਸਵਤੀ, ਨੂਰ ਸ਼ਾਹ, ਨੇਤਰਹੀਣ, ਸੋਨੇ ਦੇ ਆਂਡੇ, ਰਾਜਧਾਨੀ ਦੀ ਰਾਤ ਆਦਿ ਵਿਰਦੀ ਦੇ ਪ੍ਰਮੁੱਖ ਨਾਟਕ ਹਨ। ਮਾਤਾ ਤੂੰ ਮਹਾਨ (1986), ਵਗਦੇ ਪਾਣੀ (ਨਦੀਆਂ ਦੇ ਰੇਖਾ ਚਿੱਤਰ), ਤਿਨਾਂ ਦਰਿਆਵਾਂ ਸਿਉਂ ਦੋਸਤੀ( 2004), ਪਾਣੀ ਦੇ ਸੱਪ( ਲੇਖਕਾਂ ਦੇ ਰੇਖਾ ਚਿੱਤਰ), ਰੋਸ਼ਨੀ ਦੇ ਮੀਨਾਰ, ਸੱਭਿਆਚਾਰਕ ਪ੍ਰਦੂਸ਼ਣ (1999), ਧੰਨ ਸੁ ਮਾਤਾ( 2000), ਧਰਤੀ ਦਾ ਸੂਰਜ:ਗੁਰੂ ਨਾਨਕ (2004) ਆਦਿ ਵਾਰਤਕ ਪੁਸਤਕਾਂ ਨਾਲ ਜਸਵੰਤ ਸਿੰਘ ਵਿਰਦੀ ਵਾਰਤਕ ਰਚਨਾ ਵਿੱਚ ਵੀ ਆਪਣਾ ਚੰਗਾ ਸਥਾਨ ਬਣਾਉਂਦਾ ਹੈ।

       ਗੁਲਬਦਨ (ਨਾਵਲ), ਸੰਖ ‘ਚ ਸਮੁੰਦਰ, ਜਿਥੋਂ ਤੱਕ ਚਾਨਣ ਹੋਵੇ, ਬੱਚਿਆਂ ਦੀ ਖੇਡ, ਗੰਗਾ ਦੀਆਂ ਧੀਆਂ ਭੈਣਾਂ, ਵਗਦੇ ਪਾਣੀ ਆਦਿ ਪੁਸਤਕਾਂ ਨਾਲ ਜਸਵੰਤ ਸਿੰਘ ਵਿਰਦੀ ਬਾਲ ਸਹਿਤ ਲੇਖਕ ਵਜੋਂ ਪੇਸ਼ ਹੁੰਦਾ ਹੈ। ਕੁਲਵੰਤ ਸਿੰਘ ਵਿਰਕ ਦੀਆਂ ਚੋਣਵੀਆਂ ਕਹਾਣੀਆਂ, ਅਰਧਨਾਰੀਸ਼ਵਰ, ਵਿਗਿਆਨ ਕਥਾਵਾਂ ਦਾ ਸੰਪਾਦਨ ਕਾਰਜ ਵੀ ਜਸਵੰਤ ਸਿੰਘ ਵਿਰਦੀ ਨੇ ਕੀਤਾ ਹੈ।

     ਮੈਲਾ ਆਂਚਲ, ਨੌਕਰ ਦੀ ਕਮੀਜ਼, ਮੋਹਨ ਰਾਕੇਸ਼ ਦੀਆਂ ਕਹਾਣੀਆਂ, ਬਾਣ ਭੱਟ ਦੀ ਆਤਮ ਕਥਾ, ਪ੍ਰਭਾ ਆਦਿ ਦੇ ਅਨੁਵਾਦ ਕਾਰਜ ਦੀ ਜ਼ਿੰਮੇਵਾਰੀ ਵੀ ਜਸਵੰਤ ਸਿੰਘ ਵਿਰਦੀ ਨੇ ਨਿਭਾਈ ਹੈ।

     ਹਿੰਦੀ ਵਿੱਚ ਉਪਲਬਧ ਜਸਵੰਤ ਸਿੰਘ ਵਿਰਦੀ ਰਚਿਤ ਸਾਹਿਤ ਦਾ ਵੇਰਵਾ ਇਸ ਪ੍ਰਕਾਰ ਹੈ:

        ਨਯਾ ਚਿਹਰਾ (1971), ਸੁਖ ਕਾ ਰਹੱਸਯ(1995), ਗੋਲੀ ਔਰ ਦਿਲ (2002), ਪਾਗਲੋਂ ਕੇ ਸਿਰ ਸੀਂਗ (2002), ਚਸ਼ਮਾ (2002), ਸਮਾਨਾਂਤਰ ਰੇਖਾਏਂ( 2002), ਪੁਲ ਸੰਪਾ. ਡਾ. ਅਮਰੇਂਦ੍ਰ (2003)।

        ਉਪਨਿਆਸ: ਭੀਤਰੀ ਦਰਵਾਜ਼ੇ (2002), ਆਧੀ ਦੁਨੀਆ (2002), ਗੁਲਬਦਨ, ਫੋਕਸ ਮੇਂ ਨਾਰੀ (ਹਾਇਕੂ) ਆਦਿ ਹਿੰਦੀ ਵਿੱਚ ਉਸਦੀਆਂ ਰਚੀਆਂ ਹੋਰ ਰਚਨਾਵਾਂ ਹਨ। ਬੰਗਲਾ, ਉਰਦੂ, ਗੁਜਰਾਤੀ, ਕੰਨੜ, ਮਰਾਠੀ, ਤੇਲਗੂ, ਮਲਿਆਲਮ ਆਦਿ ਭਾਸ਼ਾਵਾਂ ਵਿੱਚ ਵੀ ਜਸਵੰਤ ਸਿੰਘ ਵਿਰਦੀ ਦੀਆਂ ਕਈ ਕਹਾਣੀਆਂ ਛਪ ਚੁੱਕੀਆਂ ਹਨ। ਡਾ. ਅਮਰੇਂਦ੍ਰ ਤੇ ਆਭਾ ਪੂਰਵੇ ਨੇ ਵਿਰਦੀ ਦੀਆਂ ਪੰਜ ਹੋਰ ਪੁਸਤਕਾਂ ਨੂੰ ਹਿੰਦੀ ਵਿੱਚ ਅਨੁਵਾਦ ਕਰਨ ਦਾ ਕਾਰਜ ਕੀਤਾ ਹੈ।

       ਜਸਵੰਤ ਸਿੰਘ ਵਿਰਦੀ ਨੇ ਕੁਝ ਹਾਇਕੂ ਵੀ ਲਿਖੇ ਹਨ। ਉਸਦੀਆਂ ਲਿਖੀਆਂ ਕੁਝ ਹਾਇਕੂ ਰਚਨਾਵਾਂ ਨੂੰ ਹਿੰਦੀ ਦੀ ਪ੍ਰਸਿੱਧ ਲੇਖਿਕਾ ਆਭਾ ਪੂਰਵੇ ਨੇ ‘ਸਮੂਰਤ ਨਾਰੀ ਆਤਮਾ: ਜੀਵਨ ਲਤਾ ਪੂਰਵੇ (2003) ਦੇ ਅੰਕ ਵਿੱਚ ਸੰਪਾਦਿਤ ਕੀਤਾ ਹੈ। ਜਸਵੰਤ ਸਿੰਘ ਵਿਰਦੀ ਨਾਰੀ ਸਮਾਜ, ਸਭ ਮਾਤਾਵਾਂ ਤੇ ਭੈਣਾਂ ਦੇ ਸੰਪੂਰਨ ਸਮਾਜ ਪ੍ਰਤੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕਰਦਾ ਹੈ। ਵਿਰਦੀ ਦੇ ਰਚੇ ਹਾਈਕੂ ਕਾਵਿ ਦੇ ਕੁਝ ਨਮੂਨੇ ਵੇਖਣ ਯੋਗ ਹਨ:

   ਦਰਦਮੰਦ ਹਨ/ ਸਭ ਬੇਟੀਆਂ ਅੱਜ ਕੱਲ੍ਹ/

   ਮਾਤਾ ਪਿਤਾ ਦੀਆਂ

  ਕੀ ਕਹੀਏ/ ਜਦੋਂ ਵੀ ਕੁਝ ਕਹੀਏ/ ਭਲਾ ਕਹੀਏ

  ਸਦਭਾਵਨਾ/ ਬਣਾਉਂਦੀ ਰਹੀ ਸਦਾ/ ਸਨੇਹ ਦੇ ਪੁਲ          ਸ਼ੁੱਧਤਾ ਬਣੀ/ ਜੀਵਨ ਦਾ ਆਧਾਰ/ ਹਰੇਕ ਯੁੱਗ ਵਿੱਚ

        ਯੂ.ਜੀ.ਸੀ. ਵੱਲੋਂ ਮਿਲੇ ਇੱਕ ਖੋਜ ਪ੍ਰੋਜੈਕਟ ਤਹਿਤ ਜਸਵੰਤ ਸਿੰਘ ਵਿਰਦੀ ਨੇ ‘ਸਪਤ ਸਿੰਧੂ

ਨਦੀਵਾਦੀ ਸੱਭਿਆਚਾਰ, ਲੋਕ ਭਾਸ਼ਾਵਾਂ ਅਤੇ ਸਾਹਿਤ’ ਵਿਸ਼ੇ ਉਪਰ ਖੋਜ ਕਾਰਜ ਕੀਤਾ ਸੀ। ਏਨੇ ਵਿਸ਼ਾਲ ਕੈਨਵਸ ਉਪਰ ਰਚਨਾਕਾਰੀ ਕਰਨ ਦੇ ਨਾਲ ਨਾਲ ਜਸਵੰਤ ਸਿੰਘ ਵਿਰਦੀ ਅਖਬਾਰਾਂ, ਮੈਗਜ਼ੀਨਾਂ ਵਾਸਤੇ ਵੀ ਕੋਈ ਨਾ ਕੋਈ ਕਾਲਮ ਲਿਖਦੇ ਰਹਿਣ ਦਾ ਅਮਲ ਜਾਰੀ ਰੱਖਦਾ ਰਹਿੰਦਾ ਸੀ। ਉਸਦੀ ਲਿਖਣ ਸਮਰੱਥਾ ਬਾਰੇ ਸੋਚ ਕੇ ਪਾਠਕ ਦੰਗ ਰਹਿ ਜਾਂਦਾ ਹੈ। ਉਸ ਦੀਆਂ ਅਣਛਪੀਆਂ ਰਚਨਾਵਾਂ ਦੀ ਗਿਣਤੀ ਵੀ ਬਹੁਤ ਵੱਡੀ ਮਾਤਰਾ ਵਿੱਚ ਹੈ।

      ਮੈਨੂੰ ਜਸਵੰਤ ਸਿੰਘ ਵਿਰਦੀ ਦੀਆਂ ਬਹੁਤੀਆਂ ਰਚਨਾਵਾਂ ਨੂੰ ਪੜ੍ਹਨ ਤੇ ਉਸਦੇ ਸਿਰਜੇ ਸਾਹਿਤ ਜਗਤ ਵਿੱਚ ਵਿਚਰਨ ਦਾ ਅਵਸਰ ਪ੍ਰਾਪਤ ਹੋਇਆ ਹੈ। ਵਿਅਕਤੀਗਤ ਪੱਧਰ ਤੇ ਅਜਿਹਾ ਸਬੱਬ ਬਣ ਗਿਆ ਕਿ ਮੈਨੂੰ ਜਸਵੰਤ ਸਿੰਘ ਵਿਰਦੀ ਦੇ ਵਿਅਕਤੀਤਵ ਨੂੰ ਨੇੜਿਓਂ ਵੇਖਣ ਤੇ ਸਮਝਣ ਦਾ ਮੌਕਾ ਮਿਲਦਾ ਰਿਹਾ।   ਸਤੰਬਰ 1982 ਵਿੱਚ ਮੈਂ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਜਾਇਨ ਕੀਤਾ ਸੀ। ਪ੍ਰੋਫੈਸਰ ਵਿਰਦੀ ਕੁਝ ਸਮਾਂ ਪਹਿਲਾਂ ਹੀ ਨ.ਜ.ਸ.ਅ.ਸਰਕਾਰੀ ਕਾਲਜ ਕਪੂਰਥਲਾ ਤੋਂ ਬਦਲ ਕੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਵਿੱਚ ਆਏ ਸਨ। ਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਇਹ ਖੂਬਸੂਰਤੀ ਰਹੀ ਹੈ ਕਿ ਉਹ ਕਾਲਜ ਬੇਹੱਦ ਸੁਖਾਵੇਂ ਅਕਾਦਮਿਕ ਤੇ ਸਾਹਿਤਕ, ਸੱਭਿਆਚਾਰਕ ਮਾਹੌਲ ਪੱਖੋਂ ਅਮੀਰ ਪਰੰਪਰਾ ਦਾ ਮਾਲਕ ਰਿਹਾ ਹੈ। ਉੱਥੇ ਪੜ੍ਹਾ ਕੇ ਮੈਂ ਬਹੁਤ ਚੰਗਾ ਤੇ ਯਾਦਗਾਰੀ ਅਨੁਭਵ ਗ੍ਰਹਿਣ ਕੀਤਾ ਹੈ। ਉਸ ਕਾਲਜ ਦੇ ਉਹਨਾਂ ਦੋ-ਢਾਈ ਦਹਾਕਿਆਂ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੀ ਫੈਕਲਟੀ ਨੂੰ ਸਾਹਿਤਕ ਤੇ ਆਕਾਤਮਕ ਹਲਕਿਆਂ ਵਿੱਚ ਅਜੇ ਵੀ ਯਾਦ ਕੀਤਾ ਜਾਂਦਾ ਹੈ।

      ਜਸਵੰਤ ਸਿੰਘ ਵਿਰਦੀ ਆਪਣੀਆਂ ਕਹਾਣੀਆਂ ਵਿੱਚ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਸਮਾਜਿਕ ਆਰਥਿਕ ਸ਼ੋਸ਼ਣ, ਔਰਤ ਦੀ ਸਮਾਜਿਕ ਆਰਥਿਕ ਦਸ਼ਾ, ਉਸਦੀ ਆਰਥਿਕ ਆਜ਼ਾਦੀ ਦੀ ਲੋੜ, ਚੌਫੇਰੇ ਪੱਸਰੀ ਘੁਟਨ, ਈਰਖਾ ਭਾਵਨਾ, ਬੇਇਨਸਾਫ਼ੀ, ਵੈਰ ਵਿਰੋਧ ਦੀ ਭਾਵਨਾ, ਵਧ ਰਹੀ ਤਲਖ਼ੀ, ਨੌਕਰਸ਼ਾਹੀ, ਔਰਤ ਦੀ ਬੇਬੱਸ ਤੇ ਉਖੜੀ ਹੋਈ ਮਾਨਸਿਕ ਸਥਿਤੀ, ਬੇਚੈਨੀ, ਮੱਧ ਸ਼੍ਰੇਣੀ ਦੇ ਦੁੱਖ ਦਰਦ, ਬੜੀ ਤੇਜ਼ੀ ਨਾਲ ਬਦਲ ਰਹੇ ਮਨੁੱਖੀ ਵਿਵਹਾਰ, ਨੈਤਿਕਤਾ ਦੇ ਹੋ ਰਹੇ ਘਾਣ, ਬੌਧਿਕ  ਕੰਗਾਲੀ, ਪੀੜ੍ਹੀ ਪਾੜੇ, ਮਨੁੱਖੀ ਪਛਾਣ ਦੇ ਸੰਕਟ, ਸੱਭਿਆਚਾਰਕ ਤਣਾਓ, ਅਜਨਬੀਅਤ ਦੇ ਵਧ ਰਹੇ ਸੰਕਟ, ਜ਼ੋਰਾਵਰਾਂ ਦੀ ਧੌਂਸ ਤੇ ਕਮਜ਼ੋਰਾਂ/ਮਾਸੂਮਾਂ ਦੀ ਲਾਚਾਰੀ ਆਦਿ ਸਮੱਸਿਆਵਾਂ ਨੂੰ ਛੂੰਹਦਾ ਹੈ।

        ਜਸਵੰਤ ਸਿੰਘ ਵਿਰਦੀ ਕੋਲ ਆਪਣੇ ਵਿਚਾਰਾਂ ਨੂੰ ਪ੍ਰਤੀਕਾਂ ਰਾਹੀਂ ਪ੍ਰਗਟਾਉਣ ਦਾ ਹੁਨਰ ਹੈ। ਇਤਿਹਾਸਕ ਤੇ ਮਿਥਿਹਾਸਕ ਹਵਾਲੇ ਉਸਦੀਆਂ ਕਹਾਣੀਆਂ ਨੂੰ ਬਹੁ-ਪਰਤੀ ਤੇ ਤੀਬਰ ਪ੍ਰਭਾਵ ਵਾਲੀਆਂ ਬਣਾਉਣ ਵਿੱਚ ਸਹਾਈ ਹੁੰਦੇ ਹਨ। ਆਪਣੀਆਂ ਰਚਨਾਵਾਂ ਵਿੱਚ ਮਿਥਾਂ ਦੀ ਵਰਤੋਂ ਕਰਨੀ, ਉਨ੍ਹਾਂ ਨੂੰ ਹੁਣਵੇਂ ਸੰਦਰਭ ਨਾਲ ਜੋੜਨਾ ਤੇ ਉਨ੍ਹਾਂ ਰਾਹੀਂ ਨਵੇਂ ਅਰਥਾਂ ਦਾ ਸੰਚਾਰ ਕਰਨਾ ਉਸਦੀ ਰਚਨਾਕਾਰੀ ਦਾ ਵਿਸ਼ੇਸ਼ ਗੁਣ ਹੈ। ਮਿੱਥ ਦੀ ਚੋਣ ਕਰਨ, ਉਸਦੀ ਉਸਾਰੀ ਕਰਨ ਤੇ ਉਸਨੂੰ ਖੂਬਸੂਰਤੀ ਨਾਲ ਨਿਭਾਉਣ ਦੀ ਕਲਾ ਬਾਰੇ ਜਾਣਕਾਰ ਹੋਣ ਸਬੰਧੀ ਉਹ ਵਿਸ਼ੇਸ਼ ਪਛਾਣ ਰੱਖਦਾ ਹੈ। ਫੈਂਟੇਸੀ ਦੇ ਅੰਦਾਜ਼  ਵਿੱਚ ਲਿਖੀਆਂ ਉਸਦੀਆਂ ਕਹਾਣੀਆਂ ਕਾਰਨ ਉਹ ਵਿਸ਼ੇਸ਼ ਤੌਰ ’ਤੇ ਜਾਣਿਆ ਜਾਂਦਾ ਹੈ।

        ਜੀਵਨ ਪ੍ਰਤੀ ਜਸਵੰਤ ਸਿੰਘ ਵਿਰਦੀ ਵਿਸ਼ੇਸ਼ ਪ੍ਰਕਾਰ ਦਾ ਆਸ਼ਾਵਾਦੀ, ਉਸਾਰੂ ਤੇ ਹਾਂ-ਪੱਖੀ ਨਜ਼ਰੀਆ ਰੱਖਦਾ ਹੈ। ਕਹਾਣੀ ਵਿੱਚ ਉਹ ਅਜਿਹੇ ਸੰਕੇਤ ਰੱਖ ਜਾਂਦਾ ਹੈ ਜਿਨ੍ਹਾਂ ਨਾਲ ਉਸ ਦੀ ਕਹਾਣੀ ਵਿਆਪਕ ਅਰਥ ਗ੍ਰਹਿਣ ਕਰ ਲੈਂਦੀ ਹੈ। ਉਸਦੀਆਂ ਕਹਾਣੀਆਂ ਜੀਵਨ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਲਈ ਯਤਨਸ਼ੀਲ ਹਨ। ਉਸ ਦੀ ਕਲਾ ਮਾਨਵਤਾ ਦੇ ਵਿਕਾਸ ਲਈ ਹੈ। ਵਿਰਦੀ ਦੀਆਂ ਕਹਾਣੀਆਂ ਲੋਕ ਹਿਤੂ ਕੀਮਤਾਂ ਨੂੰ ਉਸਾਰਨ ਲਈ ਹੌਸਲਾ ਪ੍ਰਦਾਨ ਕਰਦੀਆਂ ਹਨ, ਹੱਲਾਸ਼ੇਰੀ ਦਿੰਦੀਆਂ ਹਨ ਅਤੇ ਪ੍ਰੇਰਨਾਦਾਇਕ ਵੀ ਬਣਦੀਆਂ ਹਨ। ਉਹ ਕਿਸੇ ਵੀ ਸਮੇਂ ਦੀਆਂ ਗਲਤ ਕੀਮਤਾਂ ਨਾਲ ਸਮਝੌਤਾ ਨਹੀਂ ਕਰਦਾ। ਸੰਘਰਸ਼ ਉਸਦੀ ਕਹਾਣੀ ਦਾ ਮੂਲ ਆਧਾਰ ਬਣਦਾ ਹੈ। ਸੁਹਣੇਰਾ ਜੀਵਨ ਜਿਉਣ ਲਈ ਜੀਵਨ ਵਿੱਚ ਸੰਘਰਸ਼ ਕਰਨਾ ਬਹੁਤ ਜ਼ਰੂਰੀ ਹੈ। ਆਪਣੀ ਹੋਂਦ ਬਣਾਉਣਾ ਤੇ ਫਿਰ ਉਸ ਨੂੰ ਬਰਕਰਾਰ ਰੱਖਣਾ ਆਪਣੇ ਆਪ ਵਿੱਚ ਔਖਾ ਸਵਾਲ ਹੈ। ਸੰਘਰਸ਼ ਅਤੇ ਮੁਕਾਬਲੇ ਦੀ ਭਾਵਨਾ ਮਨੁੱਖ ਦੇ ਮਨੋਬਲ ਨੂੰ ਵਧਾਉਣ ਵਿੱਚ ਸਹਾਈ ਹੁੰਦੀ ਹੈ।

    ਦੇਸ਼ ਵਿੱਚ ਹੋ ਰਹੀ ਲੁੱਟ, ਸੱਭਿਆਚਾਰ ਨੂੰ ਲੱਗ ਰਹੇ ਖੋਰੇ, ਮਿਹਨਤ ਦੇ ਹੋ ਰਹੇ ਸ਼ੋਸ਼ਣ, ਮਨੁੱਖ ਦੀ ਇੱਜ਼ਤ-ਆਬਰੂ ਤੇ ਸਵੈਮਾਣ ਨੂੰ ਬਣਾਈ ਰੱਖਣ ਦੀ ਚਿੰਤਾ, ਮਨੁੱਖੀ ਸਿਹਤਯਾਬੀ ਦੀ ਹੋ ਰਹੀ ਹਾਨੀ, ਸਿਹਤਮੰਦ ਸਮਾਜਕ ਕਦਰਾਂ ਕੀਮਤਾਂ ਨੂੰ ਲੱਗ ਰਹੇ ਖੋਰੇ, ਪਿਆਰ, ਸਦਭਾਵਨਾ ਨੂੰ ਲੱਗ ਰਹੀ ਢਾਅ, ਜੀਵਨ ਮੁੱਲਾਂ ਵਿੱਚ ਆ ਰਹੇ ਨਿਘਾਰ, ਭੰਗ ਹੁੰਦੀ ਜਾ ਰਹੀ ਸ਼ਾਂਤੀ, ਚੌਫੇਰੇ ਫੈਲ ਰਹੀ ਹਿੰਸਾ ਆਦਿ ਮਸਲਿਆਂ ਉੱਪਰ ਕਹਾਣੀਕਾਰ ਚਿੰਤਾ ਦਾ ਪ੍ਰਗਟਾਵਾ ਕਰਦਾ ਹੈ। ਉਸਦੀਆਂ ਕਈ ਕਹਾਣੀਆਂ ਸਮਕਾਲੀਨ ਮਨੁੱਖ ਦੇ ਪੀੜਾ ਗ੍ਰਸਤ ਜੀਵਨ ਵੱਲ ਜਾਤੀ ਪਾਉਂਦੀਆਂ ਹਨ। ਮਨੁੱਖ ਦੀ ਆਤਮ ਪੀੜਾ, ਉਸਦੀ ਮਨੋ ਘੁਟਨ ਤੇ ਉਸਦੀਆਂ ਕਮਜ਼ੋਰੀਆਂ ਨੂੰ ਪੇਸ਼ ਕਰਨ ਦੇ ਨਾਲ-ਨਾਲ ਮਾਨਵਤਾ ਦੇ ਸੰਕਲਪ ਨੂੰ ਬਣਾਈ ਰੱਖਣ ਲਈ ਉਸਦੀਆਂ ਕਹਾਣੀਆਂ ਵਾਹਕ ਬਣ ਕੇ ਪ੍ਰਗਟ ਹੁੰਦੀਆਂ ਹਨ।

    ਜਸਵੰਤ ਸਿੰਘ ਵਿਰਦੀ ਸਮਝਦਾ ਹੈ ਕਿ ਨਵੀਂ ਪੀੜ੍ਹੀ ਦਿਨੋਂ ਦਿਨ ਨਾਮੁਰਾਦ ਐਬਾਂ ਵੱਲ ਰੁਚਿਤ ਹੋ ਰਹੀ ਹੈ। ਇਹ ਐਬ ਅਤੇ ਕਈ ਹੋਰ ਅਲਾਮਤਾਂ ਮਨੁੱਖ ਵਾਸਤੇ ਚਿੰਤਾ ਦਾ ਵਿਸ਼ਾ ਹਨ। ਇਸ ਪਿੱਛੇ ਅਸਲੀਅਤ ਇਹ ਹੈ ਕਿ ਰਾਜਸੀ ਧਿਰਾਂ ਇਹ ਚਾਹੁੰਦੀਆਂ ਹਨ ਕਿ ਲੋਕ ਨਸ਼ਿਆਂ ਤੇ ਅਪਰਾਧਾਂ ਵਿੱਚ ਫਸੇ ਰਹਿਣਗੇ ਤਾਂ ਉਨ੍ਹਾਂ ਦੀਆਂ ਕੁਰਸੀਆਂ ਵਧੇਰੇ ਸੁਰੱਖਿਤ ਰਹਿਣਗੀਆਂ। ਇਕੱਲਾਕਾਰਾ ਮਨੁੱਖ ਇਸ ਭ੍ਰਿਸ਼ਟ ਵਰਤਾਰੇ ਵਿੱਚ ਲਾਚਾਰ ਹੈ। ਅਜਿਹੀ ਸਥਿਤੀ ਵਿੱਚ ਉਹ ਇਸ ਸਰਾਪੇ ਹੋਏ ਵਰਤਾਰੇ ਵਿੱਚ ਕਿਸ ਤਰ੍ਹਾਂ ਜੀਵੇ ? ਇਹ ਉਸਦੇ ਸਾਹਮਣੇ ਬਹੁਤ ਗੰਭੀਰ ਪ੍ਰਸ਼ਨ ਹੈ।

      ਵਿਦੇਸ਼ੀਂ ਜਾ ਟਿਕਣ ਅਤੇ ਡਾਲਰ, ਪੌਂਡ, ਯੂਰੋ ਆਦਿ ਕਮਾਉਣ ਦੀ ਦੌੜ ਮਨੁੱਖ ਦੀ ਬੇਚੈਨੀ ਵਿੱਚ ਵਾਧਾ ਕਰ ਰਹੀ ਹੈ। ਜੀਵਨ ਦੇ ਅਨੇਕ ਸੁੱਖ ਪ੍ਰਾਪਤ ਕਰਕੇ ਵੀ ਮਨੁੱਖ ਮਨ ਦਾ ਚੈਨ ਹਾਸਲ ਨਹੀਂ ਕਰ ਸਕਦਾ। ਵਿਦੇਸ਼ ਰਹਿੰਦੇ ਧੀਆਂ ਪੁੱਤਰਾਂ ਲਈ ਇਧਰ ਰਹਿ ਰਹੇ ਬਿਰਧ ਮਾਤਾ ਪਿਤਾ ਬੇਲੋੜੀ ਵਸਤੂ ਬਰਾਬਰ ਬਣ ਕੇ ਰਹਿ ਜਾਂਦੇ ਹਨ। ਅਜਿਹੇ ਜੀਵਨ ਦੇ ਵੀ ਕੀ ਮਾਅਨੇ ਹੋਏ ? ਇਸ ਉਪਰ ਚਿੰਤਨ ਕਰਨ ਦੀ ਲੋੜ ਹੈ।

       ਜਸਵੰਤ ਸਿੰਘ ਵਿਰਦੀ ਦੀਆਂ ਕਹਾਣੀਆਂ ਇਸ ਗੱਲ ਦਾ ਵੀ ਬੋਧ ਕਰਵਾਉਂਦੀਆਂ ਹਨ ਕਿ ਵਿਦਰੋਹੀ ਲੋਕ ਹਮੇਸ਼ਾ ਸਥਾਪਤੀ ਨਾਲ ਲੜਦੇ ਆਏ ਹਨ। ਉਨ੍ਹਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਜਾਂਦਾ ਹੈ। ਉਨ੍ਹਾਂ ‘ਤੇ ਝੂਠੇ ਕੇਸ ਪਾਏ ਜਾਂਦੇ ਹਨ। ਵਿਦਰੋਹ ਦਾ ਝੰਡਾ ਚੁੱਕ ਕੇ ਚੱਲਣ ਵਾਲਿਆਂ ਦੇ ਸਿਰ ਜਦੋਂ ਧਰਤੀ ਵਿੱਚ ਬੀਜੇ ਜਾਂਦੇ ਹਨ ਤਾਂ ਇੱਕ ਦੀ ਥਾਂ ਸੈਂਕੜੇ ਹੋਰ ਸਿਰ ਉੱਗ ਪੈਂਦੇ ਹਨ। ਦੇਸ਼ ਦੇ ਬਟਵਾਰੇ ਵੇਲੇ ਹੋਈ ਉਥੱਲ-ਪੁਥੱਲ, ਬੇਹਿਸਾਬੇ ਜਾਨੀ ਤੇ ਮਾਲੀ ਨੁਕਸਾਨ ਅਤੇ ਸੰਕਟ ਵਾਲੇ ਉਸ ਸਮੇਂ ਦਾ ਬਿਰਤਾਂਤ ਵੀ ਜਸਵੰਤ ਸਿੰਘ ਵਿਰਦੀ ਨੇ ਆਪਣੀਆਂ ਕੁਝ ਕਹਾਣੀਆਂ ਰਾਹੀਂ ਰੂਪਮਾਨ ਕੀਤਾ ਹੈ।

        ਜਸਵੰਤ ਸਿੰਘ ਵਿਰਦੀ ਦੀਆਂ ਕਹਾਣੀਆਂ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਦਾ ਇਹ ਹੋਕਾ ਵੀ ਦਿੰਦੀਆਂ ਹਨ। ਇਸ ਸੰਬੰਧ ਵਿੱਚ ਉਹ ਵਿਸ਼ਵ ਚੇਤਨਾ ਪੈਦਾ ਕਰਨਾ ਚਾਹੁੰਦਾ ਹੈ। ਵਾਤਾਵਰਣ ਦੀ ਸ਼ੁੱਧਤਾ ਬਣਾਈ ਰੱਖਣ ਲਈ ਉਹ ਮਨੁੱਖ ਨੂੰ ਸੁਚੇਤ ਕਰਨਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਧਰਤੀ ਦੀ ਸੁੰਦਰਤਾ ਹਰ ਹੀਲੇ ਬਣੀ ਰਹਿਣੀ ਚਾਹੀਦੀ ਹੈ।

     ਜਸਵੰਤ ਸਿੰਘ ਵਿਰਦੀ ਦੀਆਂ ਕੁਝ ਕਹਾਣੀਆਂ ਵਿਗਿਆਨ ਗਲਪ ਦੀ ਉਸਾਰੀ ਵੀ ਕਰਦੀਆਂ ਹਨ, ਜਿਨ੍ਹਾਂ ਰਾਹੀਂ ਉਹ ਤੱਥਾਤਮਿਕ ਗਲਪ ਦੀ ਰਚਨਾ ਕਰਦਾ ਹੈ।

     ਜਸਵੰਤ ਸਿੰਘ ਵਿਰਦੀ ਦੇ ਨਾਵਲਾਂ ਵਿੱਚ ਵੀ ਵਿਸ਼ਿਆਂ ਦੀ ਵਿਭਿੰਨਤਾ ਤੇ ਵੰਨ-ਸਵੰਨਤਾ ਪਾਈ  ਜਾਂਦੀ ਹੈ। ਆਪਣੇ ਨਾਵਲਾਂ ਵਿੱਚ ਵੀ ਉਹ ਸੰਘਰਸ਼ ਕਰਨ ਵਾਲੇ ਲੋਕਾਂ ਦਾ ਪੱਖ ਪੂਰਦਾ ਹੈ। ਜ਼ਿੰਦਗੀ ਹੈ ਹੀ ਸੰਘਰਸ਼! ਸੰਘਰਸ਼ ਬਗੈਰ ਜ਼ਿੰਦਗੀ ਨੂੰ ਉਹ ਰਸਹੀਣ ਤੇ ਬੇਸੁਆਦੀ ਸਮਝਦਾ ਹੈ। ਉਸ ਦੇ ਨਾਵਲ ਇਹ ਸੁਨੇਹਾ ਦਿੰਦੇ ਹਨ ਕਿ ਮਨੁੱਖ ਦੁਨੀਆਂ ਨੂੰ ਗੱਲਾਂ ਨਾਲ ਨਹੀਂ ਸਗੋ ਆਪਣੇ ਕੰਮ ਨਾਲ ਜਿੱਤ ਸਕਦਾ ਹੈ। ਈਰਖਾ ਮਨ ਨੂੰ ਸਾੜ ਸੁੱਟਦੀ ਹੈ। ਜੇ ਈਰਖਾ ਢਾਊ ਤੇ ਵਿਨਾਸ਼ਕ ਬਣ ਜਾਵੇ ਤਾਂ ਵਿਸ਼ਵ ਤਬਾਹੀ ਦੇ ਕੰਢੇ ਆ ਖੜਾ ਹੋਵੇਗਾ। ਜਬਰ ਦਾ ਮੁਕਾਬਲਾ ਸ਼ਕਤੀ ਨਾਲ ਹੀ ਕੀਤਾ ਜਾ ਸਕਦਾ ਹੈ। ਉਸਾਰੂ ਕੰਮ ਹੀ ਇੱਕ ਤਰ੍ਹਾਂ ਨਾਲ ਭਗਤੀ ਹੈ, ਸ਼ਕਤੀ ਹੈ। ਉਸੇ ਵਿੱਚੋਂ ਸਿਰਜਣਾਤਮਿਕਤਾ ਦੀ ਤਲਾਸ਼ ਕੀਤੀ ਜਾ ਸਕਦੀ ਹੈ ਤੇ ਆਨੰਦ ਵੀ ਗ੍ਰਹਿਣ ਕੀਤਾ ਜਾ ਸਕਦਾ ਹੈ। ਉਸ ਦੇ ਨਾਵਲਾਂ ਦੀ ਆਤਮਾ ਕਾਵਿਮਈ ਹੈ, ਸਰੀਰ ਉਪਨਿਆਸਮੂਲਕ ਹੈ ਅਤੇ ਉਨ੍ਹਾਂ ਦਾ ਸਮੁੱਚਾ ਆਚਰਣ ਨਾਟਕੀ ਹੈ। ਉਸਦੇ ਨਾਵਲਾਂ ਵਿੱਚ ਸਥੂਲਤਾ ਦੀ ਥਾਂ ਸੂਖਮਤਾ ਵਧੇਰੇ ਤੀਬਰ ਰੂਪ ਗ੍ਰਹਿਣ ਕਰਦੀ ਹੈ। ਸ਼ੈਲੀ ਦਾ ਚਿੰਨ੍ਹਾਤਮਕ ਹੋ ਜਾਣਾ ਉਸ ਦੇ ਨਾਵਲਾਂ ਵਿੱਚ ਕਾਵਿਕ ਰੰਗ ਭਰਦਾ ਹੈ। ਰਵਾਨੀ ਤੇ ਇਕਸਾਰਤਾ ਉਸਦੇ ਨਾਵਲਾਂ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੀ ਰਹਿੰਦੀ ਹੈ। ਸਰਲਤਾ ਉਸਦੇ ਨਾਵਲਾਂ ਦੀ ਸ਼ੈਲੀ ਦਾ ਉੱਘੜਵਾਂ ਗੁਣ ਹੈ।

    ਜਸਵੰਤ ਸਿੰਘ ਵਿਰਦੀ ਦੀ ਗਲਪ ਰਚਨਾ ਉਸ ਦੇ ਵਿਚਾਰਾਂ ਦੀ ਮਹਾਨਤਾ ਤੇ ਉਸਦੀ ਕਲਾ ਚੇਤਨਾ ਦਾ ਅਹਿਸਾਸ ਕਰਵਾਉਂਦੀ ਹੈ। ਜ਼ਿੰਦਗੀ ਪ੍ਰਤੀ ਤੇ ਸਾਹਿਤ ਪ੍ਰਤੀ ਉਸ ਦਾ ਦ੍ਰਿਸ਼ਟੀਕੋਣ ਉਸਦੀਆਂ ਰਚਨਾਵਾਂ ਦੀ ਵਸਤੂ ਨੂੰ ਸਾਰਥਕ ਤੇ ਮੁੱਲਵਾਨ ਬਣਾਉਂਦਾ ਹੈ। ਉਸਦੀਆਂ ਗਲਪ ਰਚਨਾਵਾਂ ਜੀਵਨ ਦੇ ਵਾਸਤਵਿਕ ਅਮਲਾਂ ਦੀ ਉਪਜ ਹਨ ਤੇ ਉਸਦੇ ਸਮੁੱਚੇ ਗਲਪ ਆਦਰਸ਼ ਦਾ ਬੋਧ ਕਰਾਉਂਦੀਆਂ ਹਨ। ਏਨੇ ਵੱਡੇ ਪੱਧਰ ‘ਤੇ ਰਚਨਾ ਕਰਨ ਵਾਲੇ ਬਹੁਪੱਖੀ ਸਾਹਿਤਕਾਰ ਜਸਵੰਤ ਸਿੰਘ ਵਿਰਦੀ ਕੋਲੋਂ ਅਜੇ ਹੋਰ ਸਾਹਿਤ ਰਚਨਾ ਕਰਨ ਦੀ ਉਮੀਦ ਉਸ ਵੇਲੇ ਮਿਟ ਗਈ, ਜਦੋਂ 30 ਜੂਨ 2011 ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਆਪਣੀਆਂ ਰਚਨਾਵਾਂ ਰਾਹੀਂ ਆਪਣੇ ਪਾਠਕਾਂ/ਪ੍ਰਸੰਸਕਾਂ ਦੇ ਚੇਤਿਆਂ ਵਿੱਚ ਉਹ ਅਜੇ ਵੀ ਜੀਵਤ ਹਨ !

 ਡਾ.ਪ੍ਰਿਤਪਾਲ ਸਿੰਘ ਮਹਿਰੋਕ, 98885-10185

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜਸਥਾਨ ਦੇ ਜੋਧਪੁਰ ਸ਼ਹਿਰ ਵਿੱਚ ਹਾਕੀ ਰੋਲਰ ਸਕੇਟਿੰਗ ਵਿੱਚ ਸੰਗਰੂਰ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ
Next articleਜਬਰ ਜੁਲਮ ਵਿਰੋਧੀ ਫਰੰਟ ਪੰਜਾਬ ਦੇ ਦਫਤਰ ਬੋੜਾ ਗੇਟ ਨਾਭਾ ਵਿਖੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਹੋਈ