
(ਸਮਾਜ ਵੀਕਲੀ) ਸੋਸ਼ਲ ਮੀਡੀਆ ਆਧੁਨਿਕ ਮਨੁੱਖ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਇਸ ਨੇ ਸੰਚਾਰ ਦੇ ਰੂਪ ਬਦਲੇ ਹਨ, ਦੂਰੀਆਂ ਘਟਾਈਆਂ ਹਨ ਅਤੇ ਮਨੁੱਖ ਨੂੰ ਇੱਕ ਗਲੋਬਲ ਸਮਾਜ ਨਾਲ ਜੋੜਿਆ ਹੈ। ਪਰ ਜਦੋਂ ਇਸ ਦੀ ਵਰਤੋਂ ਹੱਦ ਤੋਂ ਵੱਧ ਹੋ ਜਾਵੇ, ਤਾਂ ਇਹ ਰਿਸ਼ਤਿਆਂ ਦੀ ਮਜ਼ਬੂਤੀ ਨਹੀਂ, ਸਗੋਂ ਉਨ੍ਹਾਂ ਦੀ ਨਾਜੁਕਤਾ ਨੂੰ ਬੇਨਕਾਬ ਕਰਨ ਲੱਗ ਪੈਂਦਾ ਹੈ। ਅਣਜਾਣੇ ਹੀ ਮਨੁੱਖ ਅਸਲ ਸੰਸਾਰ ਤੋਂ ਹਟ ਕੇ ਵਰਚੁਅਲ ਦੁਨੀਆ ਵਿੱਚ ਜੀਉਣ ਲੱਗ ਪੈਂਦਾ ਹੈ, ਜਿੱਥੇ ਸੰਪਰਕ ਤਾਂ ਹਨ ਪਰ ਸੰਵੇਦਨਾ ਘਟਦੀ ਜਾ ਰਹੀ ਹੈ। ਅੱਜ ਦਾ ਮਨੁੱਖ ਆਪਣੇ ਸਭ ਤੋਂ ਨਜ਼ਦੀਕੀ ਲੋਕਾਂ ਨਾਲ ਬੈਠ ਕੇ ਵੀ ਸਕਰੀਨ ਵਿੱਚ ਡੁੱਬਿਆ ਰਹਿੰਦਾ ਹੈ। ਗੱਲਾਂ ਛੋਟੀਆਂ ਹੋ ਗਈਆਂ ਹਨ, ਸੁਣਨ ਦੀ ਸਮਰੱਥਾ ਘਟ ਗਈ ਹੈ ਅਤੇ ਚੁੱਪ ਇੱਕ ਅਜਿਹੀ ਦੂਰੀ ਬਣ ਗਈ ਹੈ ਜੋ ਸ਼ਬਦਾਂ ਨਾਲ ਭਰੀ ਹੋਈ ਹੈ ਪਰ ਅਰਥਾਂ ਤੋਂ ਖਾਲੀ। ਇਸ ਤਰ੍ਹਾਂ ਰਿਸ਼ਤਿਆਂ ਵਿੱਚ ਸੰਚਾਰ ਦੀ ਥਾਂ ਪ੍ਰਤੀਕ੍ਰਿਆ ਆ ਜਾਂਦੀ ਹੈ ਅਤੇ ਸਮਝ ਦੀ ਥਾਂ ਅਨੁਮਾਨ। ਇਹ ਹਾਲਤ ਹੌਲੀ-ਹੌਲੀ ਭਾਵਨਾਤਮਕ ਵਿਛੋੜੇ ਨੂੰ ਜਨਮ ਦਿੰਦੀ ਹੈ। ਸੋਸ਼ਲ ਮੀਡੀਆ ’ਤੇ ਦਿਖਾਈ ਜਾਂਦੀ ਚਮਕੀਲੀ ਜ਼ਿੰਦਗੀ ਮਨੁੱਖ ਨੂੰ ਆਪਣੀ ਹਕੀਕਤ ਨਾਲ ਅਸੰਤੁਸ਼ਟ ਕਰ ਦਿੰਦੀ ਹੈ। ਹੋਰਾਂ ਦੇ ਚੁਣੇ ਹੋਏ ਪਲ, ਸਜਾਈਆਂ ਹੋਈਆਂ ਮੁਸਕਾਨਾਂ ਅਤੇ ਮਸਨੂਈ ਸਫਲਤਾਵਾਂ ਆਪਣੀ ਜਿੰਦਗੀ ਨਾਲ ਬੇਮਤਲਬ ਤੁਲਨਾਵਾਂ ਪੈਦਾ ਕਰਦੀਆਂ ਹਨ। ਇਹ ਤੁਲਨਾ ਰਿਸ਼ਤਿਆਂ ਵਿੱਚ ਈਰਖਾ, ਅਸੰਤੋਖ ਅਤੇ ਅਣਕਹੇ ਦੋਸ਼ਾਂ ਨੂੰ ਜਨਮ ਦਿੰਦੀ ਹੈ, ਜਿਸ ਨਾਲ ਵਿਸ਼ਵਾਸ ਦੀ ਨੀਹ ਹਿੱਲਣ ਲੱਗਦੀ ਹੈ। ਵਿਸ਼ਵਾਸ ਦੀ ਕਮੀ ਰਿਸ਼ਤਿਆਂ ਲਈ ਸਭ ਤੋਂ ਵੱਡਾ ਸੰਕਟ ਹੈ। ਸੋਸ਼ਲ ਮੀਡੀਆ ਦੀ ਬੇਲਗਾਮ ਵਰਤੋਂ ਨਾਲ ਸ਼ੱਕ, ਨਿਗਰਾਨੀ ਅਤੇ ਅਸੁਰੱਖਿਆ ਵਧਦੀ ਹੈ। ਇੱਕ ਦੂਜੇ ਦੀ ਆਨਲਾਈਨ ਸਰਗਰਮੀ ’ਤੇ ਨਜ਼ਰ ਰੱਖਣ ਦੀ ਆਦਤ ਰਿਸ਼ਤਿਆਂ ਨੂੰ ਖੁੱਲ੍ਹਾ ਅਤੇ ਆਤਮਿਕ ਬਣਾਉਣ ਦੀ ਥਾਂ ਉਨ੍ਹਾਂ ਨੂੰ ਕੈਦਖਾਨਾ ਬਣਾ ਦਿੰਦੀ ਹੈ। ਇਸ ਦੌਰ ਵਿੱਚ ਪਿਆਰ ਅਹਿਸਾਸ ਨਹੀਂ, ਸਗੋਂ ਸਬੂਤ ਮੰਗਣ ਲੱਗ ਪੈਂਦਾ ਹੈ। ਵਰਚੁਅਲ ਸੰਸਾਰ ਦੇ ਲਾਈਕ, ਕਮੈਂਟ ਅਤੇ ਫ਼ੌਲੋਅਰ ਹਕੀਕਤੀ ਸਾਥ, ਸਹਾਰਾ ਅਤੇ ਸਮਰਪਣ ਦੀ ਥਾਂ ਨਹੀਂ ਲੈ ਸਕਦੇ। ਜਦੋਂ ਰਿਸ਼ਤਿਆਂ ਦਾ ਮਾਪ-ਤੋਲ ਡਿਜਿਟਲ ਪ੍ਰਤੀਕਾਂ ਨਾਲ ਹੋਣ ਲੱਗੇ, ਤਾਂ ਮਨੁੱਖੀ ਸੰਵੇਦਨਾ ਹਾਸ਼ੀਏ ’ਤੇ ਚਲੀ ਜਾਂਦੀ ਹੈ। ਇਸ ਨਾਲ ਪਰਿਵਾਰਕ, ਦੋਸਤੀ ਅਤੇ ਵਿਆਹੁਤਾ ਸੰਬੰਧ ਅੰਦਰੋਂ ਖੋਖਲੇ ਹੋਣ ਲੱਗਦੇ ਹਨ। ਤੱਥ ਇਹ ਵੀ ਹੈ ਕਿ ਸੋਸ਼ਲ ਮੀਡੀਆ ਪੂਰੀ ਤਰ੍ਹਾਂ ਨਕਾਰਾਤਮਕ ਨਹੀਂ। ਸੰਤੁਲਿਤ ਅਤੇ ਸਮਝਦਾਰ ਵਰਤੋਂ ਨਾਲ ਇਹ ਦੂਰ ਬੈਠਿਆਂ ਨੂੰ ਨੇੜੇ ਲਿਆਇਆ ਜਾ ਸਕਦਾ ਹੈ, ਟੁੱਟੇ ਸੰਪਰਕਾਂ ਨੂੰ ਜੋੜਿਆ ਜਾ ਸਕਦਾ ਹੈ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਮੰਚ ਵੀ ਬਣਾਇਆ ਜਾ ਸਕਦਾ ਹੈ। ਮੁੱਦਾ ਸਾਧਨ ਦਾ ਨਹੀਂ, ਸਾਡੀ ਤਰਜੀਹ ਦਾ ਹੈ। ਅਸਲ ਲੋੜ ਇਸ ਗੱਲ ਦੀ ਹੈ ਕਿ ਮਨੁੱਖ ਵਰਚੁਅਲ ਸੰਸਾਰ ਨੂੰ ਜੀਵਨ ਦਾ ਕੇਂਦਰ ਨਹੀਂ, ਸਿਰਫ਼ ਇੱਕ ਸਹਾਇਕ ਸਾਧਨ ਬਣਾਏ। ਰਿਸ਼ਤੇ ਸਮਾਂ, ਧਿਆਨ, ਸੱਚੀ ਮੌਜੂਦਗੀ ਅਤੇ ਸੰਵੇਦਨਸ਼ੀਲਤਾ ਮੰਗਦੇ ਹਨ,ਜੋ ਕਿਸੇ ਵੀ ਸਕਰੀਨ ਤੋਂ ਪਰ੍ਹੇ ਹਨ। ਜਦੋਂ ਮਨੁੱਖ ਮੋਬਾਈਲ ਹੱਥੋਂ ਰੱਖ ਕੇ ਸਾਹਮਣੇ ਬੈਠੇ ਮਨੁੱਖ ਨੂੰ ਦੇਖਣ ਲੱਗ ਪਏਗਾ, ਮੋਏ ਰਿਸ਼ਤੇ ਮੁੜ ਜੀਊਂਦੇ ਹੋ ਜਾਣਗੇ।
https://play.google.com/store/apps/details?id=in.yourhost.samajweekly



