(ਸਮਾਜ ਵੀਕਲੀ)
ਬਿਲਕੁੱਲ ਸੱਤਰਾਂ ਤਾਂ ਇਹ ਹਨ,”ਦੁੱਧਾਂ ਨਾਲ ਪੁੱਤ ਪਾਲਕੇ,ਪਾਣੀ ਨੂੰ ਤਰਸਣ ਮਾਂਵਾਂ”।ਪਰ ਹੁਣ ਹਾਲਾਤ ਇਹ ਹਨ ਕਿ ਮਾਪੇ ਪੁੱਤਾਂ ਨੂੰ ਪਾਲ ਦ ਹਨ ਅਤੇ ਬੁਢਾਪਾ ਬਿਰਧ ਆਸ਼ਰਮਾਂ ਵਿੱਚ ਕੱਟ ਰਹੇ ਹਨ।ਜਿਹੜੇ ਘਰ ਨੂੰ ਬਣਾਉਣ ਲਈ ਸਾਰੀ ਜ਼ਿੰਦਗੀ ਲਗਾ ਦਿੱਤੀ ਕਿ ਬੁਢਾਪਾ ਚੈਨ ਨਾਲ ਕੱਟਗਾ,ਉੱਥੇ ਰਹਿਣਾ ਨਸੀਬ ਹੀ ਨਾ ਹੋਇਆ।ਜਿਹੜੇ ਪੁੱਤਾਂ ਨੂੰ ਬੁਢਾਪੇ ਦਾ ਸਹਾਰਾ ਮੰਨਕੇ ਪੜ੍ਹਾਇਆ ਲਿਖਾਇਆ,ਉਹ ਸਹਾਰਾ ਬਣਨ ਦੀ ਥਾਂ ਦਰਦ ਦੇਣ ਲੱਗਾ।ਬਹੁਤ ਔਖਾ ਹੁੰਦਾ ਹੈ ਜਿਊਂਦੇ ਜੀਅ ਆਪਣਾ ਘਰ ਅਤੇ ਪਰਿਵਾਰ ਛੱਡਣਾ। ਪਰ ਜਦੋਂ ਇਹ ਘਰ ਛੁੱਟਦਾ ਹੈ ਅਤੇ ਬਿਰਧ ਆਸ਼ਰਮ ਵਿੱਚ ਰਹਿਣਾ ਪੈਂਦਾ ਹੈ ਤਾਂ ਦਰਦ ਬਿਆਨ ਕਰਨ ਲਈ ਲਫਜ਼ਾਂ ਦੀ ਘਾਟ ਹੋ ਜਾਂਦੀ ਹੈ।ਅੱਖਾਂ ਚੋਂ ਹੰਝੂ ਵੀ ਕੁੱਝ ਸਮੇਂ ਬਾਅਦ ਮੁੱਕ ਜਾਂਦੇ ਹਨ। ਅਸੀਂ ਬਹੁਤ ਕੁੱਝ ਪੱਛਮੀ ਦੇਸ਼ਾਂ ਦੀ ਨਕਲ ਕੀਤਾ ਹੈ ਅਤੇ ਇਹ ਵੀ ਉੱਥੋਂ ਹੀ ਆਏ ਹਨ।ਅਸਲ ਵਿੱਚ ਆਜ਼ਾਦੀ ਦੇ ਨਾਮ ਤੇ ਨੂੰਹਾਂ ਪੁੱਤਾਂ ਨੂੰ ਮਾਪਿਆਂ ਨੂੰ ਨਾਲ ਰੱਖਣਾ ਠੀਕ ਹੀ ਨਹੀਂ ਲੱਗਦਾ।
ਜੇਕਰ ਮਾਪਿਆਂ ਦੀ ਵੀ ਗੱਲ ਕਰੀਏ ਤਾਂ ਉਹ ਵੀ ਪੈਰ ਪੈਰ ਤੇ ਬੇਇਜ਼ਤੀ ਬਰਦਾਸ਼ਤ ਕਰਕੇ ਤੰਗ ਆ ਜਾਂਦੇ ਹਨ।ਘਰ ਵਿੱਚ ਕਲੇਸ਼ ਰਹਿਣ ਲੱਗਦਾ ਹੈ ਅਤੇ ਮਾਪਿਆਂ ਦਾ ਮਾਣ ਸਤਿਕਾਰ ਨਹੀਂ ਹੁੰਦਾ।ਬਹੁਤ ਵਾਰ ਨੂੰਹਾਂ ਪੁੱਤ ਕਈ ਕਈ ਦਿਨ ਬਜ਼ੁਰਗ ਮਾਪਿਆਂ ਨੂੰ ਬੁਲਾਉਂਦੇ ਹੀ ਨਹੀਂ। ਜੇਕਰ ਬੁਲਾਉਂਦੇ ਵੀ ਹਨ ਤਾਂ ਬਹੁਤ ਰੁੱਖੀ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਮਾਪਿਆਂ ਨੂੰ ਉਹ ਦਰਦ ਦੇਣ ਵਿੱਚ ਕੋਈ ਕਸਰ ਨਹੀਂ ਛੱਡਦੇ।ਬਹੁਤ ਚੰਗੇ ਅਹੁਦਿਆਂ ਤੋਂ ਰਿਟਾਇਰ ਹੋਏ ਮਾਪਿਆਂ ਨੂੰ ਵੀ ਬਹੁਤ ਕੁੱਝ ਸੁਣਨਾ ਅਤੇ ਸਹਿਣਾ ਪੈ ਰਿਹਾ ਹੈ।ਕਈ ਵਾਰ ਨੂੰਹਾਂ ਪੁੱਤ ਉਨ੍ਹਾਂ ਨੂੰ ਇੱਥੋਂ ਤੱਕ ਵੀ ਕਹਿ ਦਿੰਦੇ ਹਨ ਕਿ ਤੁਸੀਂ ਇਸ ਅਹੁਦੇ ਤੇ ਹੈ ਵੀ ਸੀ ਜਾਂ ਨਹੀਂ।ਬਹੁਤ ਸਾਰੇ ਮਾਪੇ ਜਿੰਨ੍ਹਾਂ ਕੋਲ ਪੈਸਾ ਹੈ ਜਾਂ ਪੈਨਸ਼ਨ ਆਉਂਦੀ ਹੈ,ਬੇਇਜ਼ਤੀ ਹੋਣ ਕਰਕੇ ਹੀ ਬਿਰਧ ਆਸ਼ਰਮ ਵਿੱਚ ਚਲੇ ਜਾਂਦੇ ਹਨ।ਜੇਕਰ ਮਾਪਿਆਂ ਕਰਕੇ ਦੋਸਤਾਂ ਸਾਹਮਣੇ ਬੇਇਜ਼ਤੀ ਹੁੰਦੀ ਹੈ ਤਾਂ ਉਨ੍ਹਾਂ ਦੇ ਬਣਾਏ ਘਰ ਵਿੱਚ ਕਿਹੜੀ ਇਜ਼ੱਤ ਲੈਕੇ ਬੈਠੇ ਹੋ।ਆਪਣੀ ਕਮਾਈ ਨਾਲ ਵਧੀਆ ਘਰ ਬਣਾਉ।ਜੇਕਰ ਘਰ ਵਿੱਚ ਮਾਪਿਆਂ ਨੂੰ ਇਜ਼ੱਤ ਨਹੀਂ ਦੇ ਸਕਦੇ ਤਾਂ ਯਾਦ ਰੱਖੋ ਕੋਈ ਦਾਨ ਪੁੰਨ ਜਾਂ ਹੋਰਾਂ ਨੂੰ ਦਿੱਤੀ ਮਦਦ ਕਿਸੇ ਲੇਖੇ ਨਹੀਂ ਲੱਗਦੀ।ਮਾਪੇ ਬਦ ਦੁਆਵਾਂ ਨਹੀਂ ਦਿੰਦੇ,ਪਰ ਰੱਬ ਮਾਪਿਆਂ ਦੇ ਹੰਝੂਆਂ ਅਤੇ ਦਰਦ ਦਾ ਹਿਸਾਬ ਕਰ ਦਿੰਦਾ ਹੈ।
ਪਿੱਛਲੇ ਦਿਨੀਂ ਅਸੀਂ ਕਿਸੇ ਨੂੰ ਮਿਲੇ ਅਤੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕੋਈ ਜਾਣਦਾ ਹੈ।ਵਧੀਆ ਰਹਿਣ ਸਹਿਣ ਅਤੇ ਪੈਸੇ ਵੱਲੋਂ ਵੀ ਠੀਕ ਹਨ,ਉਨ੍ਹਾਂ ਨੇ ਸੀਨੀਅਰ ਸਿਟੀਜ਼ਨ ਹੋਮ ਵਿੱਚ ਜਾਣ ਦਾ ਫੈਸਲਾ ਕੀਤਾ ਹੈ।ਦੋ ਬੱਚੇ ਨੇ ਅਤੇ ਦੋਨੋਂ ਵਿਦੇਸ਼ ਹਨ।ਅਸਲ ਵਿੱਚ ਹਰ ਵੇਲੇ ਬੇਇਜ਼ਤੀ ਕਰਵਾਉਣ ਨਾਲੋਂ ਕੁੱਝ ਮਾਪੇ ਇਹ ਕਦਮ ਆਪ ਹੀ ਚੁੱਕ ਲੈਂਦੇ ਹਨ।ਬੱਚਿਆਂ ਕੋਲ ਵੀ ਸਮਾਂ ਨਹੀਂ ਹੈ।ਉਹ ਬਹੁਤ ਕਰਕੇ ਵਿਖਾਵੇ ਅਤੇ ਬਨਾਵਟੀ ਜ਼ਿੰਦਗੀ ਜਿਊਣ ਲੱਗ ਗਏ ਹਨ।ਮਾਪਿਆਂ ਦਾ ਵਧੇਰੇ ਕਰਕੇ ਅਜਿਹੇ ਮਾਹੌਲ ਵਿੱਚ ਸਾਹ ਘੁੱਟਣ ਲੱਗਦਾ ਹੈ।ਮਾਂ ਦਾ ਤੁਰਨਾ ਵੀ ਸਹੀ ਨਹੀਂ ਲੱਗਦਾ ਅਤੇ ਰਹਿਣ ਸਹਿਣ ਤਾਂ ਬਿਲਕੁੱਲ ਹੀ ਪਸੰਦ ਨਹੀਂ ਆਉਂਦਾ।ਖਾਣੇ ਵੇਲੇ ਵੀ ਨੁਕਸ ਕੱਢੇ ਜਾਂਦੇ ਹਨ।ਸਮਾਨ ਸਹੀ ਤਰੀਕੇ ਨਾਲ ਰੱਖਣ ਦਾ ਸਲੀਕਾ ਨਹੀਂ ਦੱਸਿਆ ਜਾਂਦਾ ਹੈ।ਉਹ ਭੁੱਲ ਜਾਂਦੇ ਹਨ ਕਿ ਬੱਚਿਆਂ ਦੀਆਂ ਸਾਰੀਆਂ ਹਰਕਤਾਂ ਮਾਪਿਆਂ ਨੇ ਖੁਸ਼ੀ ਖੁਸ਼ੀ ਬਰਦਾਸ਼ਤ ਕੀਤੀਆਂ ਹਨ।ਅਖੀਰ ਮਾਪੇ ਚੁੱਪ ਰਹਿਣ ਲੱਗ ਜਾਂਦੇ ਹਨ।ਔਲਾਦ ਦੇ ਸਾਹਮਣੇ ਆਉਣ ਤੋਂ ਡਰਨ ਲੱਗ ਜਾਂਦੇ ਹਨ। ਅਖੀਰ ਇਹ ਹੀ ਵਧੇਰੇ ਕਰਕੇ ਹੁੰਦਾ ਹੈ ਕਿਧਰੇ ਮਾਪਿਆਂ ਨੂੰ ਕਿਸੇ ਬਿਰਧ ਆਸ਼ਰਮ ਵਿੱਚ ਛੱਡਿਆ ਜਾਂਦਾ ਹੈ ਜਾਂ ਉਹ ਆਪ ਚਲੇ ਜਾਂਦੇ ਹਨ।ਪਰ ਹਕੀਕਤ ਇਹ ਹੈ ਕਿ ਉਨ੍ਹਾਂ ਨੇ ਕਦੇ ਇਹ ਸੋਚਿਆ ਵੀ ਨਹੀਂ ਹੁੰਦਾ।
ਮਾਪੇ ਆਪਣੇ ਬੱਚਿਆਂ ਨੂੰ ਵਧੇਰੇ ਕਰਕੇ ਆਪਣੇ ਤੋਂ ਵਧੀਆ ਜ਼ਿੰਦਗੀ ਜਿਊਣ ਲਈ ਮਿਹਨਤ ਕਰਦੇ ਹਨ।ਜਿਸ ਮਾਂ ਨੇ ਨੌ ਮਹੀਨੇ ਪੇਟ ਵਿੱਚ ਰੱਖਿਆ,ਆਪਣੇ ਖੂਨ ਨਾਲ ਪੇਟ ਅੰਦਰ ਜਿਊਂਦੇ ਰੱਖਿਆ,ਉਸ ਮਾਂ ਲਈ ਘਰ ਵਿੱਚ ਰੋਟੀ ਨਹੀਂ। ਮਾਂਵਾਂ ਨੇ ਬੱਚੇ ਦੀ ਇਕ ਗੱਲ ਦਾ ਵਾਰ ਵਾਰ ਜਵਾਬ ਦਿੱਤਾ ਹੁੰਦਾ ਹੈ,ਪਰ ਔਲਾਦ ਮਾਂ ਨੂੰ ਦੂਸਰੀ ਵਾਰ ਕੁੱਝ ਪੁੱਛਣ ਤੇ ਹੀ ਗੁੱਸਾ ਕਰਨ ਲੱਗ ਜਾਂਦੇ ਹਨ। ਜਿਹੜੀ ਮਾਂ ਔਲਾਦ ਦੀ ਆਵਾਜ਼ ਸੁਣਕੇ ਫੁੱਲੀ ਨਹੀਂ ਸਮਾਉਂਦੀ ਸੀ।ਬੁਢਾਪੇ ਵਿੱਚ ਵਧੇਰੇ ਕਰਕੇ ਔਲਾਦ ਦੀ ਆਵਾਜ਼ ਤੋਂ ਡਰਨ ਲੱਗ ਜਾਂਦੀ ਹੈ।ਜਦੋਂ ਇਹ ਹਾਲਾਤ ਬਣ ਜਾਣ ਤਾਂ ਮਾਂ ਦਾ ਘਰ ਵਿੱਚ ਰਹਿਣਾ ਕੈਦੀ ਵਰਗਾ ਹੋ ਜਾਂਦਾ ਹੈ।ਦੂਸਰੇ ਪਾਸੇ ਜੇਕਰ ਪੁੱਤ ਮਾਂ ਨੂੰ ਬੇਅਕਲ ਦੱਸੇ ਅਤੇ ਪਤਨੀ ਸਾਹਮਣੇ ਬੇਇਜ਼ਤੀ ਕਰੇ ਤਾਂ ਨੂੰਹ ਕੁੱਝ ਵੀ ਬੋਲੇਗੀ।ਪੁੱਤਾਂ ਨੂੰ ਮਾਂਵਾਂ ਦੁੱਧ ਰੱਖਣਾ ਨਾਲ ਪਾਲਦੀਆਂ ਹਨ,ਪਰ ਪੁੱਤ ਵੱਡੇ ਹੋਕੇ ਉਸ ਮਾਂ ਦਾ ਜਿਊਣਾ ਔਖਾ ਕਰ ਦਿੰਦੇ ਹਨ।
ਜਿਸ ਮਾਂ ਕੋਲੋਂ ਬਦਬੂ ਆਉਂਦੀ ਹੈ,ਉਸ ਮਾਂ ਨੇ ਗੰਦੇ ਨੂੰ ਵੀ ਸੌ ਵਾਰ ਚੁੰਮਿਆ ਹੁੰਦਾ ਹੈ।ਜਿਹੜੇ ਆਪਣੇ ਮਾਂ ਬਾਪ ਨੂੰ ਦੋਸਤਾਂ ਸਾਹਮਣੇ ਲਿਆਉਣ ਤੋਂ ਸ਼ਰਮ ਮਹਿਸੂਸ ਕਰਦੇ ਹਨ,ਉਹ ਮਾਪਿਆਂ ਦੀ ਬੇਇਜ਼ਤ ਕਰ ਰਹੇ ਹੁੰਦੇ ਹਨ।ਜੇਕਰ ਵੱਡੀ ਪਦਵੀ ਤੇ ਹੋ ਤਾਂ ਉਹ ਉਨ੍ਹਾਂ ਦੀ ਮਿਹਨਤ ਅਤੇ ਕੁਰਬਾਨੀਆਂ ਸਦਕੇ ਹੋ।ਮਾਂਵਾਂ ਦਾ ਜਾਂ ਮਾਪਿਆਂ ਦਾ ਬਿਰਧ ਆਸ਼ਰਮ ਵਿੱਚ ਆਪਣੇ ਆਪ ਜਾਣਾ ਜਾਂ ਧੋਖੇ ਨਾਲ ਛੱਡ ਆਉਣਾ,ਇਸਦੇ ਕਾਰਨ ਬਹੁਤ ਸਾਰੇ ਹੋ ਸਕਦੇ ਹਨ।ਪਰ ਇਸਦਾ ਦਰਦ ਅਤੇ ਸੱਟ ਬਹੁਤ ਗਹਿਰਾ ਹੁੰਦਾ ਹੈ।ਦੂਸਰੇ ਪਾਸੇ ਹਰ ਰੋਜ਼ ਡਰ ਡਰ ਕੇ ਜਿਊਣਾ ਅਤੇ ਬੇਇਜ਼ਤੀ ਬਰਦਾਸ਼ਤ ਕਰਨਾ ਵੀ ਆਸਾਨ ਨਹੀਂ ਹੈ।ਕਦੇ ਮਾਪਿਆਂ ਦੀ ਦਵਾਈ ਲਿਆਉਣੀ ਵਾਧੂ ਖਰਚਾ ਲੱਗਦਾ ਹੈ ਅਤੇ ਕਦੇ ਘਰ ਵਿੱਚ ਘੁੰਮਣਾ ਦਖਲਅੰਦਾਜ਼ੀ ਲੱਗਦਾ ਹੈ।ਹਕੀਕਤ ਇਹ ਹੈ ਕਿ ਕੁੱਝ ਗਿਣੇ ਚੁਣੇ ਮਾਪਿਆਂ ਨੂੰ ਘਰ ਦਾ ਨਿੱਘ ਨਸੀਬ ਹੋ ਰਿਹਾ ਹੈ।ਪਹਿਲਾਂ ਕਿਹਾ ਤੇ ਸੁਣਿਆ ਜਾਂਦਾ ਸੀ,”ਦੁੱਧਾਂ ਨਾਲ ਪੁੱਤ ਪਾਲਕੇ,ਪਾਣੀ ਨੂੰ ਤਰਸਦੀਆਂ ਮਾਂਵਾਂ।”ਪਰ ਹੁਣ ਦੇ ਹਾਲਾਤ ਇਹ ਹਨ,”ਦੁੱਧਾਂ ਨਾਲ ਪੁੱਤ ਪਾਲ ਕੇ, ਆਸ਼ਰਮਾਂ ਚ ਰਹਿਣ ਮਾਂਵਾਂ।”
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
ਮੋਬਾਈਲ ਨੰਬਰ ਮੋਬਾਈਲ 9815030221
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly