(ਸਮਾਜ ਵੀਕਲੀ)– ਬਿਸ਼ਨੀ ਚਾਹੇ ਤਿੰਨ ਪੁੱਤਾਂ ਦੀ ਮਾਂ ਸੀ ਪਰ ਉਹ ਆਪਣੇ ਦੋਵੇਂ ਛੋਟੇ ਪੁੱਤਾਂ ਜਰਨੈਲ ਅਤੇ ਰਾਣੇ ਕੋਲ਼ ਹੀ ਰਹਿੰਦੀ ਸੀ। ਵੱਡਾ ਪੁੱਤ ਸਰਵਣ ਤਾਂ ਵਿਆਹ ਤੋਂ ਥੋੜੇ ਮਹੀਨਿਆਂ ਬਾਅਦ ਹੀ ਜਾ ਕੇ ਸ਼ਹਿਰ ਰਹਿਣ ਲੱਗ ਪਿਆ ਸੀ। ਉਸ ਦੀ ਘਰਵਾਲ਼ੀ ਦਾ ਸੁਭਾਅ ਤਾਂ ਸੜੀਅਲ ਸੀ ਹੀ ਪਰ ਉਸ ਦਾ ਸੁਭਾਅ ਉਸ ਤੋਂ ਵੀ ਵੱਧ ਖਿੱਝੂ ਤੇ ਸੜਿਆ ਹੋਇਆ ਸੀ। ਉਸ ਨੂੰ ਵੀ ਲੱਗਦਾ ਸੀ ਕਿ ਐਵੇਂ ਉਸ ਦੀ ਘਰਵਾਲ਼ੀ ਸਾਰਾ ਦਿਨ ਸਾਰੇ ਟੱਬਰ ਦੀਆਂ ਰੋਟੀਆਂ ਸੇਕਦੀ ਹੈ ਤੇ ਭਾਂਡੇ ਮਾਂਜਦੀ ਹੈ,ਵਿਚਾਰੀ ਰੁਲੀ ਰਹਿੰਦੀ ਹੈ ।ਇਸ ਲਈ ਉਹ ਸ਼ਹਿਰ ਵਿੱਚ ਕਲਰਕੀ ਦੀ ਨੌਕਰੀ ਲੱਭ ਕੇ ਉਥੇ ਹੀ ਚਲਿਆ ਗਿਆ ਸੀ। ਹੁਣ ਤਾਂ ਉਸ ਨੂੰ ਉੱਥੇ ਰਹਿੰਦੇ ਨੂੰ ਕਰੀਬ ਪੰਦਰਾਂ ਵਰ੍ਹੇ ਹੋ ਗਏ ਸਨ। ਉੱਥੇ ਹੀ ਆਪਣੀ ਕੋਠੀ ਬਣਾ ਕੇ ਵਧੀਆ ਜੀਵਨ ਬਤੀਤ ਕਰ ਰਿਹਾ ਸੀ।ਕਦੇ ਕਦਾਈਂ ਪਿੰਡ ਜ਼ਮੀਨ ਦਾ ਹਿਸਾਬ ਕਿਤਾਬ ਕਰਨ ਲਈ ਹੀ ਚੱਕਰ ਮਾਰਦਾ ਸੀ।
ਜਰਨੈਲ ਅਤੇ ਰਾਣਾ ਸਾਂਝੀ ਖੇਤੀ ਕਰਦੇ ਸਨ ਤੇ ਉਨ੍ਹਾਂ ਦੇ ਪਰਿਵਾਰ ਵੀ ਸਾਂਝੇ ਹੀ ਸਨ । ਸਾਰੇ ਬਿਸ਼ਨੀ ਨੂੰ ਬਹੁਤ ਪਿਆਰ ਤੇ ਸਤਿਕਾਰ ਕਰਦੇ। ਉਹਨਾਂ ਨੇ ਤਾਂ ਬਿਸ਼ਨੀ ਦੀ ਬੁਢਾਪਾ ਪੈਨਸ਼ਨ ਵੀ ਬੈਂਕ ਵਿੱਚ ਜਾ ਕੇ ਬੰਦ ਕਰਵਾ ਦਿੱਤੀ ਸੀ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਥੋੜ੍ਹੇ ਜਿਹੇ ਪੈਸਿਆਂ ਪਿੱਛੇ ਉਹਨਾਂ ਦੀ ਬੇਬੇ ਗਰਮੀ ਸਰਦੀ ਵਿੱਚ ਲਾਈਨਾਂ ਵਿੱਚ ਲੱਗ ਕੇ ਧੱਕੇ ਖਾਏ। ਉਹਨਾਂ ਦੀਆਂ ਘਰਵਾਲੀਆਂ ਵੀ ਸਾਰਾ ਦਿਨ ਬਿਸ਼ਨੀ ਨੂੰ ‘ਬੇਬੇ ਜੀ’ ‘ਬੇਬੇ ਜੀ’ ਕਰਦੀਆਂ ਨਾ ਥੱਕਦੀਆਂ। ਉਹਨਾਂ ਬੱਚੇ ਵੀ ਬਿਸ਼ਨੀ ਨਾਲ ਬਹੁਤ ਲਾਡ ਲਡਾਉਂਦੇ। ਇੱਕ ਦਿਨ ਬਿਸ਼ਨੀ ਨੇ ਆਪਣੇ ਦੋਹਾਂ ਪੁੱਤਰਾਂ ਤੇ ਨੂੰਹਾਂ ਨੂੰ ਕਿਹਾ ਕਿ ਉਸ ਦਾ ਵੱਡੇ ਪੁੱਤ ਨੂੰਹ ਨੂੰ ਮਿਲਣ ਨੂੰ ਬਹੁਤ ਜੀ ਕਰਦਾ ਹੈ ਤਾਂ ਉਹਨਾਂ ਨੇ ਬਿਨਾਂ ਕੋਈ ਮੱਥੇ ਵੱਟ ਪਾਏ ਹਾਂ ਕਰ ਦਿੱਤੀ ਤੇ ਅਗਲੇ ਦਿਨ ਹੀ ਰਾਣਾ ਸਕੂਟਰ ਤੇ ਬਿਠਾ ਕੇ ਬਿਸ਼ਨੀ ਨੂੰ ਸ਼ਹਿਰ ਉਹਨਾਂ ਕੋਲ ਛੱਡ ਆਇਆ।ਉਹ ਸਮਝਦੇ ਸਨ ਕਿ ਜਿਹੋ ਜਿਹੀ ਮਾਂ ਇਹਨਾਂ ਦੀ ਹੈ, ਓਨਾਂ ਹੀ ਮਾਂ ਉੱਪਰ ਉਹਨਾਂ ਦਾ ਵੀ ਅਧਿਕਾਰ ਹੈ।ਇਸ ਲਈ ਮਾਂ ਦੇ ਦਿਲ ਵਿੱਚ ਵੀ ਸਾਰੇ ਪੁੱਤਾਂ ਲਈ ਇੱਕੋ ਜਿਹਾ ਮੋਹ ਹੁੰਦਾ ਹੈ। ਮਾਂ ਦੀ ਖੁਸ਼ੀ ਲਈ ਉਹ ਉਸ ਦੀ ਹਰ ਗੱਲ ਮੰਨਦੇ।
ਜਰਨੈਲ ਜਿਵੇਂ ਹੀ ਬਿਸ਼ਨੀ ਨੂੰ ਛੱਡ ਕੇ ਮੁੜਿਆ ਤਾਂ ਸਰਵਣ ਅਤੇ ਉਸ ਦੀ ਪਤਨੀ ਨੇ ਮੱਥੇ ਉੱਤੇ ਸੌ ਤਿਉੜੀ ਪਾ ਲਈ। ਉਹਨਾਂ ਦੇ ਬੱਚਿਆਂ ਨੇ ਵੀ ਦਾਦੀ ਨੂੰ ਸਿੱਧੇ ਮੂੰਹ ਨਾ ਬੁਲਾਇਆ। ਰਾਤ ਨੂੰ ਰਲ਼ ਮਿਲ਼ ਕੇ ਮਾਂ ਨਾਲ ਪਿਆਰ ਦੀਆਂ ਗੱਲਾਂ ਬਾਤਾਂ ਕਰਨ ਦੀ ਬਿਜਾਏ ਸਰਵਣ ਅਗਲੀਆਂ ਪਿਛਲੀਆਂ ਗੱਲਾਂ ਨੂੰ ਲੈ ਕੇ ਮਾਂ ਨੂੰ ਅਬਾ ਤਬਾ ਬੋਲਣ ਲੱਗਿਆ। ਉਸ ਦੀ ਘਰਵਾਲ਼ੀ ਤੇ ਬੱਚੇ ਦੂਜੇ ਕਮਰੇ ਵਿੱਚ ਬੈਠੇ ਸਰਵਣ ਨੂੰ ਮਾਂ ਦੀ ਬੇਜ਼ਤੀ ਕਰਦਾ ਸੁਣ ਕੇ ਹੱਸ ਰਹੇ ਸਨ ਪਰ ਬਿਸ਼ਨੀ ਨੂੰ ਵੀ ਲੱਗਿਆ ਕਿ ਉਹ ਉਸ ਦੀ ਬੇਜ਼ਤੀ ਤੇ ਹੱਸ ਰਹੇ ਸਨ। ਬਿਸ਼ਨੀ ਦਾ ਹੱਤਕ ਨਾਲ ਅੰਦਰੋ ਅੰਦਰ ਗ਼ਰਕ ਰਿਹਾ ਸੀ। ਉਸ ਦੇ ਆਈ ਦਾ ਨਾ ਕਿਸੇ ਨਿਆਣੇ ਨੂੰ ਚਾਅ ਸੀ ਤੇ ਨਾ ਕਿਸੇ ਵੱਡੇ ਨੂੰ ਕੋਈ ਖੁਸ਼ੀ ਸੀ ਉਹ ਤਾਂ ਪਿੰਡੋਂ ਅੱਠ ਦਸ ਦਿਨ ਰਹਿਣ ਦੀ ਆਸ ਵਿੱਚ ਆਈ ਸੀ ਪਰ ਸਰਵਣ ਤਾਂ ਪਹਿਲੇ ਦਿਨ ਹੀ ਆਹਢਾ ਲਾ ਕੇ ਬੈਠ ਗਿਆ ਸੀ। ਉਸ ਨੇ ਔਖੀ ਸੌਖੀ ਕਿਵੇਂ ਤਿਵੇਂ ਕਰਕੇ ਰਾਤ ਕੱਟੀ ਤੇ ਦੂਜੇ ਦਿਨ ਉਹ ਪਿੰਡ ਵਾਲ਼ੀ ਬੱਸ ਚੜ੍ਹ ਕੇ ਪਿੰਡ ਪਹੁੰਚ ਗਈ। ਸਾਰੇ ਜਾਣੇ ਉਸ ਨੂੰ ਦੇਖ ਕੇ ਹੈਰਾਨ ਸਨ ਪਰ ਉਸ ਨੇ ਸਾਰਿਆਂ ਦੇ ਜਲਦੀ ਮੁੜ ਆਉਣ ਦਾ ਕਾਰਨ ਪੁੱਛਣ ‘ਤੇ, ਓਥੇ ਦਿਲ ਨਾ ਲੱਗਣ ਵਾਲੀ ਗੱਲ ਕਹਿਕੇ ਟਾਲ਼ ਦਿੱਤਾ। ਸਰਵਣ ਦੇ ਭੈੜੇ ਵਰਤਾਓ ਨੂੰ ਉਸ ਨੇ ਆਪਣੇ ਦਿਲ ਤੇ ਲਾ ਲਿਆ ਸੀ ਤੇ ਓਹੀ ਸੋਚਦੇ ਸੋਚਦੇ ਰਾਤ ਨੂੰ ਉਸ ਨੂੰ ਅਧਰੰਗ ਦਾ ਦੌਰਾ ਪੈ ਗਿਆ। ਜਰਨੈਲ ਤੇ ਰਾਣਾ ਦਸ ਪੰਦਰਾਂ ਦਿਨ ਹਸਪਤਾਲ ਲੈ ਕੇ ਘੁੰਮਦੇ ਰਹੇ ਤੇ ਫਿਰ ਘਰ ਵਿੱਚ ਹੀ ਉਸ ਦੀ ਸੇਵਾ ਕਰਨ ਲੱਗੇ। ਬਿਸ਼ਨੀ ਉੱਠਣ ਬੈਠਣ ਅਤੇ ਬੋਲਣ ਤੋਂ ਜਮਾਂ ਅਵਾਜ਼ਾਰ ਹੋ ਗਈ ਸੀ ਪਰ ਉਸ ਦੇ ਦੋਹਾਂ ਪੁੱਤਰਾਂ ਤੇ ਉਹਨਾਂ ਦੀਆਂ ਘਰਵਾਲੀਆਂ ਵੱਲੋਂ ਸੇਵਾ ਅਤੇ ਇਲਾਜ ਵੱਲੋਂ ਕੋਈ ਕਮੀ ਨਹੀਂ ਸੀ।
ਬਿਸ਼ਨੀ ਦਾ ਪਰਿਵਾਰ ਉਸ ਦੀ ਅਵਾਜ਼ ਸੁਣਨ ਨੂੰ ਤਰਸ ਗਿਆ ਸੀ ਕਿਉਂਕਿ ਉਹਨਾਂ ਲਈ ਤਾਂ ਬਿਸ਼ਨੀ ਉਹਨਾਂ ਦੇ ਵਿਹੜੇ ਦੀ ਰੌਣਕ ਸੀ। ਉਸ ਨੂੰ ਠੀਕ ਕਰਨ ਲਈ ਉਸ ਦੇ ਇਲਾਜ ਅਤੇ ਸੇਵਾ ਵਿੱਚ ਉਹਨਾਂ ਨੇ ਕੋਈ ਕਮੀਂ ਨਾ ਆਉਣ ਦਿੱਤੀ। ਹੁਣ ਬਿਸ਼ਨੀ ਦਾ ਪੈਰ ਅਤੇ ਲੱਤ ਹਲਕਾ ਹਲਕਾ ਕੰਮ ਕਰਨ ਲੱਗ ਪਏ ਸੀ ਤੇ ਉਹ ਉੱਠ ਕੇ ਮਾੜਾ ਮੋਟਾ ਬੈਠਣ ਲੱਗੀ ਪਰ ਉਹਨਾਂ ਵੱਲ ਬੇਬਸੀ ਨਾਲ ਤੱਕਦੀ ਰਹਿੰਦੀ। ਉਹਨਾਂ ਨੂੰ ਲੱਗਦਾ ਜਿਵੇਂ ਬਿਸ਼ਨੀ ਕੋਈ ਆਪਣੇ ਦਿਲ ਦੀ ਗੱਲ ਕਹਿਣਾ ਚਾਹੁੰਦੀ ਹੋਵੇ ਪਰ ਉਹ ਸਮਝਣ ਦੇ ਅਸਮਰਥ ਸਨ। ਪਰਮਾਤਮਾ ਦੀ ਮਿਹਰ ਸਦਕਾ ਕੁਝ ਚਿਰ ਬਾਅਦ ਜਦ ਉਹ ਥੋੜ੍ਹਾ ਜਿਹਾ ਬੋਲੀ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਬਿਸ਼ਨੀ ਨੇ ਬੱਚਿਆਂ ਵਾਂਗ ਆਪਣੇ ਪੁੱਤਾਂ ਨੂੰ ਘਰ ਦਾ ਟਰੈਕਟਰ ਲੈਣ ਦੀ ਇੱਛਾ ਜ਼ਾਹਿਰ ਕੀਤੀ। ਦੂਜੇ ਦਿਨ ਹੀ ਜਰਨੈਲ ਅਤੇ ਰਾਣੇ ਨੇ ਆਪਣੀ ਮਾਂ ਦੀ ਰੀਝ ਇੰਝ ਪੂਰੀ ਕੀਤੀ ਜਿਵੇਂ ਬੱਚੇ ਦੇ ਪਹਿਲਾ ਬੋਲ ਬੋਲਣ ਤੇ ਉਸ ਦੇ ਮਾਪੇ ਕਰਦੇ ਹਨ। ਦੋਹਾਂ ਜਣਿਆਂ ਨੇ ਸ਼ਹਿਰ ਜਾ ਕੇ ਟਰੈਕਟਰ ਖਰੀਦ ਕੇ ਵਿਹੜੇ ਵਿੱਚ ਜਦ ਲਿਆ ਕੇ ਖੜ੍ਹਾ ਕੀਤਾ ਤਾਂ ਬਿਸ਼ਨੀ ਦੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ,ਉਸ ਦਾ ਬਿਮਾਰ ਪਈ ਦਾ ਖਿੜਿਆ ਚਿਹਰਾ ਸਾਰੇ ਟੱਬਰ ਦੀ ਖੁਸ਼ੀ ਦਾ ਸਬੱਬ ਬਣ ਗਿਆ ਸੀ। ਬਿਮਾਰ ਪਈ ਮਾਂ ਦੀ ਰੀਝ ਪੂਰੀ ਕਰਕੇ ਦੋਹਾਂ ਭਰਾਵਾਂ ਨੂੰ ਇੰਜ ਲੱਗਦਾ ਸੀ ਜਿਵੇਂ ਉਹਨਾਂ ਨੇ ਦੁਨੀਆਂ ਦੀ ਕੋਈ ਵੱਡੀ ਜੰਗ ਨੂੰ ਜਿੱਤ ਲਿਆ ਹੋਵੇ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly