?ਮਾਂ ਬੋਲੀ ਤੇ ਪੰਜਾਬ ਸਿਓਂ ਦੀ ਗੱਲਬਾਤ?

ਸਰਬਜੀਤ ਸਿੰਘ ਨਮੋਲ਼

(ਸਮਾਜ ਵੀਕਲੀ)

ਮਾਂ ਬੋਲੀ —- ਕਾਬਲ ਤੱਕ ਜੋ ਢੁੱਕਦਾ ਸੀ
ਉਹ ਪੰਜਾਬ ਛਾਂਗਤਾ ਵੇ
ਕਰ ਕਰ ਕੇ ਟੁੱਕੜੇ ਇਹਦੇ
ਭਾਂਡੇ ਵਾਂਗ ਮਾਂਜਤਾ ਵੇ
ਰਲ਼ ਕੇ ਮੇਰੇ ਪੁੱਤਰਾਂ
ਮੈਨੂੰ ਧੂਲ ਚਟਾਈ ਵੇ
ਲੁਟਾ ਕੇ ਮਾਂ ਦੀ ਇੱਜ਼ਤ
ਕਹਿੰਦੇ ਬੜੀ ਚੜ੍ਹਾਈ ਵੇ

ਪੰਜਾਬ ਸਿਓਂ–ਸੰਨ ਸੰਤਾਲੀ ਵਿੱਚ ਹੀ
ਵੱਢ ਵਿਚਾਕਾਰੋਂ ਦਿੱਤਾ ਸੀ
ਦੋ ਰਾਜ ਦੇ ਭੁੱਖੇ ਲੀਡਰ
ਅੱਡ ਤਕਰਾਰੋਂ ਕੀਤਾ ਸੀ
ਲੱਖਾਂ ਪੁੱਤ ਮਰਵਾ ਕੇ
ਇੱਜਤਾਂ ਵੀ ਲੁਟਵਾਈਆਂ ਸੀ
ਗੋਰੇ ਨਾਲ਼ ਸਮਝਾਉਤਾ
ਆਪੇ ਵੰਡ ਵੰਡਾਈਆਂ ਸੀ

ਮਾਂ ਬੋਲੀ—- ਟੁੱਕੜੇ ਤਿੰਨ ਫਿਰ ਕਰਤੇ
ਛਿਆਟਵੇਂ ਦੇ ਵਿੱਚ ਆ ਕੇ ਵੇ
ਸਭ ਪਾਣੀ ਖੋਹ ਲਏ ਤੇਰੇ
ਦੱਸਾਂ ਕੀ ਸਮਝਾ ਕੇ ਵੇ
ਨਹਿਰਾਂ ਪੱਟ ਪੱਟ ਲੈ ਗਏ
ਮਿੱਠੇ ਪੰਜ ਪੰਜ ਆਬਾਂ ਨੂੰ
ਰਹੀਂ ਝੂਰਦਾ ਬਹਿ ਕੇ
ਉੱਜੜੇ ਹੋਏ ਖੁਆਬਾਂ ਨੂੰ

ਪੰਜਾਬ ਸਿਓਂ—–ਸੰਨ ਚੁਰਾਸੀ ਵਿੱਚ ਵੀ
ਆਪਦੇ ਲੋਕ ਮਰਾਏ ਸੀ
ਬੁੱਕਲ਼ ਦੇ ਵਿੱਚ ਬਹਿ ਕੇ
ਸਾਰੇ ਸਿਆਸੀ ਸਾਏ ਸੀ
ਦੋ ਧੜਿਆਂ ਨੇ ਰਲ਼ ਕੇ
ਸਾਰਾ ਕਹਿਰ ਕਮਾ ਦਿੱਤਾ
ਆਪਣੇ ਲੁੱਟ ਕੇ ਲੈ ਗਏ
ਮੈਨੂੰ ਨਸ਼ੇ ਤੇ ਲਾ ਦਿੱਤਾ

ਮਾਂ ਬੋਲੀ—— ਹੁਣ ਵੇਚਣ ਨੂੰ ਫਿਰਦੇ ਨੇ
ਤੇਰਾ ਬੰਨ੍ਹ ਭਾਖੜਾ ਵੇ
ਤੇਰੇ ਨਹਿਰਾਂ ਸੂਏ ਪੱਕੇ ਕਰਤੇ
ਵੱਡਿਆ ਧਾਕੜਾ ਵੇ
ਤਾਂਹੀਓਂ ਪਾਣੀ ਡੂੰਘੇ ਹੋ ਗਏ
‘ ‘ਜੀਤ’ ਤੂੰ ਮਰੀਂ ਤਿਹਾਇਆ ਵੇ
ਤੂੰ ਜਾਗ ਨੀਂਦ ਚੋਂ ਸੁੱਤਾ
ਖੱਟ ਲੈ ਤੂੰ ਸ਼ਰਮਾਇਆ ਵੇ

ਸਰਬਜੀਤ ਸਿੰਘ ਨਮੋਲ਼

ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਤਜ਼ਾਰ
Next articleਮਹਿਲਾ ਦਿਵਸ