* ਮਾਤ ਭਾਸ਼ਾ ਤੇ ਮਾਵਾਂ *

(ਸਮਾਜ ਵੀਕਲੀ)

ਨਹੀਂ ਮਰੇਗੀ ਮੇਰੀ ਭਾਸ਼ਾ
ਜਿੰਨਾ ਚਿਰ ਰਹੀ ਇਹ
ਮਾਵਾਂ ਦੇ ਬੁੱਲ੍ਹਾਂ ‘ਤੇ ਜਿਉਂਦੀ।

ਹੇ ਮਾਤਾਓ !
ਤੁਹਾਡੇ ਬੁੱਲ੍ਹਾਂ ਨਾਲੋਂ ਟੁੱਟ ਕੇ ਤਾਂ
ਲੋਕ ਗੀਤਾਂ ਦੀ ਵੀ ਉਮਰ ਨਹੀਂ ਹੁੰਦੀ
ਸ਼ਾਇਦ ਕਿਸੇ ਸ਼ਬਦ ਦੀ ਵੀ ਉਮਰ ਨਹੀਂ ਹੁੰਦੀ ।

ਮਾਤਾਓ !
ਜਿੰਨਾ ਚਿਰ ਤੁਹਾਡੀਆਂ ਲੋਰੀਆਂ ਨਹੀਂ ਮਰਦੀਆਂ
ਤੁਹਾਡੇ ਗੀਤ ਨਹੀਂ ਮਰਦੇ
ਸਾਡੀ ਭਾਸ਼ਾ ਨਹੀਂ ਮਰੇਗੀ

ਮਾਤਾਓ !
ਇਹ ਲੋਕ ਗੀਤ, ਨਜ਼ਮਾਂ,
ਇਹ ਮਹਾਨ ਪਾਵਨ ਗ੍ਰੰਥ
ਸਭ ਤੁਹਾਡੇ ਪਿੱਛੇ ਚੱਲਦੇ ਨੇ
ਤੁਸੀਂ ਇਨ੍ਹਾਂ ਨੂੰ ਸਫ਼ਰ ਬਖਸ਼ਿਆ ਹੈ
ਤੇ ਜਿਸ ਦਿਨ ਤੁਸੀਂ ਇਨ੍ਹਾਂ ਨੂੰ ਵਿਸਾਰ ਦਿੱਤਾ
ਇਹ ਉੱਥੇ ਹੀ ਸਿਲ ਪੱਥਰ ਹੋ ਜਾਣਗੇ
ਤੇ ਤੁਹਾਡੇ ਬਿਨਾਂ ਕੋਈ ਇਨ੍ਹਾਂ ਨੂੰ
ਮੁਕਤ ਨਹੀਂ ਕਰ ਸਕਦਾ।

ਮੈਂ ਨਹੀਂ ਗਿਣਾਂਗਾ
ਕਿ ਕਿੰਨੇ ਸੁਖਨਵਰ ਨੇ ਮੇਰੀ ਭਾਸ਼ਾ ਦੇ
ਮੈਂ ਤਾਂ ਗਿਣਾਂਗਾ ਕਿ ਕਿੰਨੀਆਂ ਮਾਵਾਂ ਨੇ
ਮੇਰੀ ਭਾਸ਼ਾ ਨੂੰ ਜਿਉਂਦਾ ਰੱਖਣ ਵਾਲ਼ੀਆਂ
ਤੇ ਮਾਤਾਓ !
ਮੈਂ ਆਪਣੀ ਭਾਸ਼ਾ ਨਾਲੋਂ ਪਹਿਲਾਂ
ਤੁਹਾਡੀ ਸਲਾਮਤੀ ਲਈ ਦੁਆ ਕਰਦਾ ਹਾਂ।

ਮਾਤਾਓ !
ਇਸ ਧਰਤੀ ਦਾ ਹਰ ਖਿੱਤਾ, ਹਰ ਦਰਿਆ
ਹਰ ਸਾਗਰ, ਹਰ ਬਿਰਖ,
ਹਰ ਫੁੱਲ, ਹਰ ਰੰਗ
ਤੁਹਾਡੇ ਵਿੱਚ ਸਮਾ ਗਿਆ ਹੈ
ਤੇ ਫਿਰ ਸ਼ਬਦਾਂ ਦੇ ਰੰਗੀਨ ਫੁੱਲ ਬਣ ਬਣ
ਤੁਹਾਡੇ ਮੁੱਖ ਤੋਂ ਬਰਸ ਰਿਹਾ ਹੈ
ਤੇ ਸਾਰੇ ਖਿੱਤੇ, ਦਰਿਆ, ਸਾਗਰ,
ਪਰਬਤ, ਫੁੱਲ ਬਿਰਖ
ਆਪਣੇ ਰੰਗਾਂ ਸਮੇਤ ਪਹਿਚਾਣ ਹੋ ਰਹੇ ਨੇ

ਮਾਤਾਓ !
ਤੁਸੀਂ ਇਨ੍ਹਾਂ ਸ਼ਬਦਾਂ ਚ
ਸਾਡੇ ਲਈ ਨਿੱਘ ਭਰੇ ਨੇ
ਜਜ਼ਬਾਤ ਤੁਸੀਂ ਭਰੇ ਨੇ
ਤੁਸੀਂ ਤਾਂ ਸਾਨੂੰ ਨਿਸ਼ਬਦ ਹੁੰਦਿਆਂ ਨੂੰ ਵੀ
ਸਮਝਦੀਆਂ ਹੋ
ਤੁਸੀਂ ਪਤਾ ਨਹੀਂ ਸ਼ਬਦਾਂ ਨੂੰ ਪਾਲ਼ਦੀਆਂ ਹੋ
ਜਾਂ ਸਾਨੂੰ ਪਾਲ਼ਦੀਆਂ ਹੋ
ਜਦੋਂ ਤੁਸੀਂ ਦੁੱਖ ਚ ਤੜਪੀਆਂ ਹੋ
ਤੁਹਾਡੀ ਭਾਸ਼ਾ ਇੱਕ ਹੀ ਹੋ ਜਾਂਦੀ ਹੈ
ਸਭ ਭਾਸ਼ਾਵਾਂ ਤੁਹਾਡੀਆਂ ਹੀ ਨੇ
ਤੁਸੀਂ ਕਿਉਂ ਨਹੀਂ ਕਦੇ ਭਾਸ਼ਾਵਾਂ ਪਿੱਛੇ ਲੜਦੀਆਂ
ਤੁਸੀਂ ਕਿਉਂ ਨਹੀਂ ਭਾਸ਼ਾਵਾਂ ਨੂੰ ਥੋਪਦੀਆਂ
ਤੁਸੀਂ ਕਦੇ ਹੋਰ ਮਾਤਾ ਦੇ ਸ਼ਬਦਾਂ ਨੂੰ ਵੀ
ਨਹੀਂ ਦੁਰਕਾਰਦੀਆਂ
ਤੁਹਾਡੇ ਸਾਰੇ ਸ਼ਬਦ ਜਿਵੇਂ ਰਿਸ਼ਤੇ ਨੇ
ਜਿਵੇਂ ਜਜ਼ਬਾਤ ਨੇ।

ਹੇ ਮਾਤਾਓ !
ਤੁਸੀਂ ਸਦਾ ਜੀਉਂਦੀਆਂ ਹੋ ਸ਼ਬਦ ਹੋ ਕੇ
ਤੁਸੀਂ ਨਹੀਂ ਰਹੋਗੀਆਂ
ਤੁਹਾਡੇ ਸ਼ਬਦ ਹੋਣਗੇ
ਅਸੀਂ ਵੀ ਨਹੀਂ ਹੋਵਾਂਗੇ
ਤੁਹਾਡੇ ਤੋਂ ਵਿਰਸੇ ‘ਚ ਮਿਲੇ
ਸਾਡੇ ਸ਼ਬਦ ਹੋਣਗੇ
ਬੱਸ ਮਾਤਾਓ ਤੁਸੀਂ ਇਨ੍ਹਾਂ ਸ਼ਬਦਾਂ ਨੂੰ
ਆਪਣੇ ਬੁੱਲ੍ਹਾਂ ‘ਤੇ ਬਿਠਾਈ ਰੱਖਣਾ
ਆਪਣੀ ਸ਼ਰਨ ‘ਚ ਲਈ ਰੱਖਣਾ।

ਅਮਰਜੀਤ ਸਿੰਘ ਅਮਨੀਤ

 

 

 

 

 

 

 

8872266066

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTrump launches his Twitter-alike app Truth Social on iOS
Next articleਗ਼ਜ਼ਲ