(ਸਮਾਜ ਵੀਕਲੀ)
ਮੈਂ ਜੰਮਿਆਂ ਵਿਚ ਪੰਜਾਬ ਦੇ
ਪੰਜਾਬੀ ਮੇਰਾ ਨਾਂ
ਮੈਂਨੂੰ ਗੁੜ੍ਹਤੀ ਦੇ ਕੇ ਦੱਸਿਆ
ਪੰਜਾਬਣ ਮੇਰੀ ਮਾਂ
ਜਿਹੜ੍ਹੇ ਜਾਏ ਦੇਸ ਪੰਜਾਬ ਦੇ ਉਹ ਲਾਲ ਪੰਜਾਬੀ ਬੋਲਦੇ ਨੇਂ
ਮੈਂ ਆਪ ਪੰਜਾਬੀ ਬੋਲਣਾਂ ਵਾਂ ਮੇਰੇ ਬਾਲ ਪੰਜਾਬੀ ਬੋਲਦੇ ਨੇਂ
ਜਦ ਬੋਲਾਂ ਆਪਣੀ ਮਾਂ ਬੋਲੀ
ਮੇਰਾ ਵੱਧ ਜਾਂਦਾ ਐ ਮਾਣ
ਮੇਰੀ ਮਾਂ ਬੋਲੀ ਪੰਜਾਬੀ ਐ
ਪੰਜਾਬੀ ਮੇਰੀ ਸ਼ਾਨ
ਮੇਰੇ ਜਿੰਨੇਂ ਗੁੜੇ ਸੱਜਣ ਨੇਂ ਮੇਰੇ ਨਾਲ ਪੰਜਾਬੀ ਬੋਲਦੇ ਨੇਂ
ਮੈਂ ਆਪ ਪੰਜਾਬੀ ਬੋਲਣਾਂ ਵਾਂ ਮੇਰੇ ਬਾਲ ਪੰਜਾਬੀ ਬੋਲਦੇ ਨੇਂ
ਇਹ ਲਹੂ ਦੇ ਵਾਂਗਰ ਸੋਹਣਿਆਂ
ਸਾਡੇ ਵਸ ਗਈ ਵਿਚ ਸਰੀਰ
ਪਈ ਸੱਤ ਸਮੰਦਰ ਪਾਰ ਦਿੱਸੇ
ਇਹਦੇ ਪਾਣੀ ਦੀ ਤਾਸੀਰ
ਜਿਨ੍ਹਾਂ ਖਾਦਾ ਲੂਣ ਪੰਜਾਬ ਦਾ ਹਰ ਹਾਲ ਪੰਜਾਬੀ ਬੋਲਦੇ ਨੇਂ
ਮੈਂ ਆਪ ਪੰਜਾਬੀ ਬੋਲਣਾਂ ਵਾਂ ਮੇਰੇ ਬਾਲ ਪੰਜਾਬੀ ਬੋਲਦੇ ਨੇਂ
ਜਿਸ ਬੋਲਿਆ ਨਾਲ ਪਿਆਰ ਦੇ
ਉਸ ਲਿਆ ਮਕਾਮ ਬਣਾ
ਕੋਈ ਬੁੱਲਾ ਨਾਨਕ ਬਣ ਗਿਆ
ਕੋਈ ਬਣ ਗਿਆ ਵਾਰਸ ਸ਼ਾਹ
ਇਹ ਧਰਤੀ ਐ ਦਰਵੇਸ਼ਾਂ ਦੀ ਲਜਪਾਲ ਪੰਜਾਬੀ ਬੋਲਦੇ ਨੇਂ
ਮੈਂ ਆਪ ਪੰਜਾਬੀ ਬੋਲਣਾਂ ਵਾਂ ਮੇਰੇ ਬਾਲ ਪੰਜਾਬੀ ਬੋਲਦੇ ਨੇਂ
ਅਜ ਨਾਹਰਾ ਜੱਗ ਤੇ ਗੂੰਜਦਾ
ਹਰ ਪਾਸੇ ਵੱਜ ਦਾ ਢੋਲ
ਸਨ ਦੇਸ ਪੰਜਾਬ ਦੇ ਵਾਸੀਆ
ਪੰਜਾਬੀ ਪੜ੍ਹ ਤੇ ਬੋਲ
ਮੇਰੇ ‘ਸ਼ਾਕਰ’ ਗੀਤਾਂ ਗ਼ਜ਼ਲਾਂ ਦੇ ਸੁਰ ਤਾਲ ਪੰਜਾਬੀ ਬੋਲਦੇ ਨੇਂ
ਮੈਂ ਆਪ ਪੰਜਾਬੀ ਬੋਲਣਾਂ ਵਾਂ ਮੇਰੇ ਬਾਲ ਪੰਜਾਬੀ ਬੋਲਦੇ ਨੇਂ
ਬੂਟਾ ਸ਼ਾਕਰ
ਲਹਿੰਦਾ ਪੰਜਾਬ
ਜ਼ਿਲਾ ਲੀਯਾ
+92 300 7460739