ਮਾਂ ਬੋਲੀਏ ਪੰਜਾਬੀਏ

ਨਿਰਮਲਾ ਗਰਗ
         (ਸਮਾਜ ਵੀਕਲੀ)
ਝੁਕ ਕੇ ਨਿਵਾਵਾਂ ਤੈਨੂੰ ਸੀਸ ਨੀ ,ਮਾਂ ਬੋਲੀਏ ਪੰਜਾਬੀਏ,
ਸਭਨਾਂ ਨੂੰ ਦੇਵੇਂ ਤੂੰ ਅਸੀਸ ਨੀ, ਮਾਂ ਬੋਲੀਏ ਪੰਜਾਬੀਏ।
ਪੰਜਾਬੀ ਹੋ ਕੇ ਜਦੋਂ ਕੋਈ ਪੰਜਾਬੀ ਨਹੀਂ ਬੋਲਦਾ,
ਸੱਚ ਜਾਣੀਂ ਆਪਣੀ ਪੰਜਾਬੀ ਮਾਂ ਨੂੰ ਰੋਲਦਾ,
ਉਦੋਂ ਉੱਠਦੀ ਏ ਦਿਲ ਵਿੱਚੋਂ ਚੀਸ ਨੀ, ਮਾਂ ਬੋਲੀਏ ਪੰਜਾਬੀਏ,
ਝੁਕ ਕੇ ਨਿਵਾਵਾਂ ਤੈਨੂੰ ਸੀਸ ਨੀ, ਮਾਂ ਬੋਲੀਏ ਪੰਜਾਬੀਏ।
ਲੋਕ ਗੀਤ ਬੋਲੀਆਂ ਸੁਹਾਗ ਤੇਰੀ ਸ਼ਾਨ ਨੀ
ਬੋਲੀਏ ਪੰਜਾਬੀਏ ਤੂੰ ਸਾਡੀ ਜਿੰਦ ਜਾਨ ਨੀ
ਕੌਣ ਕਰ ਲਊ ਭਲਾਂ ਤੇਰੀ ਰੀਸ ਨੀ, ਮਾਂ ਬੋਲੀਏ ਪੰਜਾਬੀਏ,
ਝੁਕ ਕੇ ਨਿਵਾਵਾਂ ਤੈਨੂੰ ਸੀਸ ਨੀ, ਮਾਂ ਬੋਲੀਏ ਪੰਜਾਬੀਏ।
ਬੋਲੀ ਏਂ ਤੂੰ ਨਾਨਕ ਦੀ ਗੁਰੂਆਂ ਤੇ ਪੀਰਾਂ ਦੀ
ਬੁੱਲ੍ਹੇ ਸ਼ਾਹ, ਵਾਰਿਸ ਤੇ ਬਾਹੂ ਜੇ ਫ਼ਕੀਰਾਂ ਦੀ
ਤੇਰੀ ਹਰ ਵੇਲੇ ਕਰਾਂ ਮੈਂ ਤਰੀਫ਼ ਨੀ, ਮਾਂ ਬੋਲੀਏ ਪੰਜਾਬੀਏ,
ਝੁਕ ਕੇ ਨਿਵਾਵਾਂ ਤੈਨੂੰ ਸੀਸ ਨੀ, ਮਾਂ ਬੋਲੀਏ ਪੰਜਾਬੀਏ।
ਤੇਰੇ ਹਿੱਸੇ ਆਏ ਪੰਜ ਪਾਣੀਆਂ ਦੇ ਆਬ ਨੀ
ਸਤਲੁਜ,ਬਿਆਸ, ਰਾਵੀ, ਜੇਹਲਮ, ਚਨਾਬ ਨੀ,
ਤੈਨੂੰ ਦੱਬਣ ਨੂੰ ਫਿਰਦੇ  ਰਈਸ ਨੀ, ਮਾਂ ਬੋਲੀਏ ਪੰਜਾਬੀਏ,
ਝੁਕ ਕੇ ਨਿਵਾਵਾਂ ਤੈਨੂੰ ਸੀਸ ਨੀ, ਮਾਂ ਬੋਲੀਏ ਪੰਜਾਬੀਏ।
ਮਾਂ ਦੇ ਪੇਟੋਂ ਮਿਲੀ ਸਾਨੂੰ, ਅੰਦਰ ਹੀ ਪਲੀਂ ਏਂ,
ਆਖਦੀ ਨਿਰਮਲਾ ਤੂੰ ਸਾਹਾਂ ਵਿੱਚ ਰਲੀ ਏਂ,
ਮੰਗਾਂ ਗੀਤਾਂ ਰਾਹੀਂ ਤੇਰੀ ਹੀ ਅਸੀਸ ਨੀ, ਮਾਂ ਬੋਲੀਏ ਪੰਜਾਬੀਏ,
ਝੁਕ ਕੇ ਨਿਵਾਵਾਂ ਤੈਨੂੰ ਸੀਸ ਨੀ, ਮਾਂ ਬੋਲੀਏ ਪੰਜਾਬੀਏ।
 ਨਿਰਮਲ ਗਰਗ ਨਿੰਮੋ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article   ਮਾਸੂਮ ਜਿੰਦਾਂ 
Next articleਨਾ ਪੁੱਛਿਆ ਕਰ