ਸਮਾਜ ਵੀਕਲੀ ਯੂ ਕੇ-
3 ਜਨਵਰੀ ਸਵਿੱਤਰੀਬਾਈ ਫੂਲੇ ਦੇ ਜਨਮ ਦਿਨ ‘ਤੇ ਵਿਸ਼ੇਸ਼
ਭਾਰਤ ਦੀ ਪਹਿਲੀ ਔਰਤ ਅਧਿਆਪਕ ਸਵਿੱਤਰੀਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਮਹਾਂਰਾਸ਼ਟਰ ਦੇ ਨਏਗਾਓਂ ਵਿੱਚ ਹੋਇਆ। ਉਸ ਸਮੇਂ ਦੇ ਰਿਵਾਜ ਮੁਤਾਬਕ ਉਸਦੀ ਸ਼ਾਦੀ 9 ਸਾਲ ਦੀ ਉਮਰ ਵਿੱਚ ਹੀ 12 ਵਰ੍ਹਿਆਂ ਦੇ ਜਯੋਤੀ ਰਾਓ ਫੂਲੇ ਨਾਲ 1840 ਵਿੱਚ ਹੋ ਗਈ। ਜਯੋਤੀ ਰਾਓ ਫੂਲੇ ਨੇ ਸਵਿੱਤਰੀਬਾਈ ਨੂੰ ਘਰੇ ਪੜ੍ਹਨਾ ਲਿਖਣਾ-ਸਿਖਾਇਆ ਅਤੇ ਹੋਰਨਾਂ ਨੂੰ ਪੜ੍ਹਾਉਣ ਦੀ ਟਰੇਨਿੰਗ ਦਿੱਤੀ। ਦੋਹਾਂ ਪਤੀ ਪਤਨੀ ਨੇ ਆਪਣੀ ਜ਼ਿੰਦਗੀ ਔਰਤਾਂ ਦੀ ਵਿੱਦਿਆ ਅਤੇ ਸਮਾਜ ਸੁਧਾਰ ਲਈ ਅਰਪਣ ਕੀਤੀ।
ਉਸ ਸਮੇਂ ਲੜਕੀਆਂ ਦੀ ਸਿੱਖਿਆ ਲਈ ਕੋਈ ਪਰਬੰਧ ਨਹੀਂ ਸਨ। ਉਹਨਾਂ ਨੇ 1848 ਵਿੱਚ ਭਿੱਡੇਵਾੜਾ ਵਿੱਚ ਲੜਕੀਆਂ ਲਈ ਪਹਿਲਾ ਸਕੂਲ ਖੋਲ੍ਹਿਆ। ਇਸ ਤਰ੍ਹਾਂ ਉਹ ਭਾਰਤ ਦੇ ਲੜਕੀਆਂ ਦੇ ਪਹਿਲੇ ਸਕੂਲ ਦੀ ਪਹਿਲੀ ਔਰਤ ਅਧਿਆਪਕ ਬਣੀ। 1 ਜਨਵਰੀ 1848 ਤੋਂ ਲੈ ਕੇ 15 ਮਾਰਚ 1852 ਦੇ ਦੌਰਾਨ ਸਾਵਿਤਰੀਬਾਈ ਫੁਲੇ ਨੇ ਆਪਣੇ ਪਤੀ ਨਾਲ ਮਿਲ ਕੇ ਲਗਾਤਾਰ ਇੱਕ ਦੇ ਬਾਅਦ ਇੱਕ ਬਿਨਾਂ ਕਿਸੇ ਆਰਥਕ ਮਦਦ ਅਤੇ ਸਹਾਰੇ ਦੇ ਕੁੜੀਆਂ ਲਈ 18 ਸਕੂਲ ਖੋਲੇ। ਇਸ ਵਾਸਤੇ ਸਵਿੱਤਰੀਬਾਈ ਨੂੰ ਰੂੜੀਵਾਦੀਆਂ ਵਲੋਂ ਬਹੁਤ ਕੁੱਝ ਸਹਿਣਾ ਪਿਆ। ਉਨ੍ਹਾਂ ਉੱਤੇ ਅਖੌਤੀ ਉੱਚ ਜਾਤੀ ਦੀਆਂ ਔਰਤਾਂ ਵਲੋਂ ਬੋਲੀ ਬਾਣਾਂ ਤੋਂ ਬਿਨਾਂ ਗੋਹਾ ਅਤੇ ਗੰਦਾ ਪਾਣੀ ਵੀ ਸੁੱਟਿਆ ਜਾਂਦਾ ਰਿਹਾ। ਪਰ ਉਨ੍ਹਾਂ ਨੇ ਆਪਣਾ ਮਿਸ਼ਨ ਨਹੀਂ ਛੱਡਿਆ।
ਬਦਕਿਸਮਤੀ ਨਾਲ, ਸਾਵਿਤਰੀਬਾਈ ਅਤੇ ਜੋਤੀਰਾਓ ਫੂਲੇ ਦੀ ਸਫਲਤਾ ਨੂੰ ਰੂੜੀਵਾਦੀ ਵਿਚਾਰਾਂ ਵਾਲੇ ਸਥਾਨਕ ਭਾਈਚਾਰੇ ਦੇ ਬਹੁਤ ਵਿਰੋਧ ਦੇ ਨਾਲ ਆਇਆ। ਕੰਦੁਕੁਰੀ ਕਹਿੰਦੀ ਹੈ ਕਿ ਸਾਵਿਤਰੀਬਾਈ ਅਕਸਰ ਇੱਕ ਵਾਧੂ ਸਾੜੀ ਲੈ ਕੇ ਆਪਣੇ ਸਕੂਲ ਜਾਂਦੀ ਸੀ ਕਿਉਂਕਿ ਉਸ ਨੂੰ ਉਸ ਦੇ ਰੂੜੀਵਾਦੀ ਵਿਰੋਧ ਦੁਆਰਾ ਪੱਥਰਾਂ, ਗੋਬਰ ਅਤੇ ਜ਼ੁਬਾਨੀ ਦੁਰਵਿਹਾਰ ਨਾਲ ਕੁੱਟਿਆ ਜਾਂਦਾ ਸੀ। ਫੂਲੇਸ ਨੂੰ ਰੂੜੀਵਾਦੀ ਅਤੇ ਪ੍ਰਮੁੱਖ ਜਾਤੀਆਂ (ਬ੍ਰਾਹਮਣ) ਦੇ ਅਜਿਹੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਦੱਬੀ ਜਾਤੀ (ਮਾਲੀ) ਨਾਲ ਸੰਬੰਧਤ ਸਨ। ਸੂਦਰ ਜਾਤੀਆਂ ਨੂੰ ਹਜ਼ਾਰਾਂ ਸਾਲਾਂ ਤੋਂ ਸਿੱਖਿਆ ਤੋਂ ਵਾਂਝਾ ਰੱਖਿਆ ਗਿਆ ਸੀ। ਇਹ ਹੰਗਾਮਾ ਹਮੇਸ਼ਾਂ ਉੱਚੀਆਂ ਜਾਤੀਆਂ ਦੁਆਰਾ ਉਕਸਾਇਆ ਜਾਂਦਾ ਸੀ। 1849 ਤੱਕ, ਸਾਵਿਤਰੀਬਾਈ ਅਤੇ ਜੋਤੀਰਾਓ ਫੂਲੇ ਜੋਤੀਰਾਓ ਦੇ ਪਿਤਾ ਦੇ ਘਰ ਰਹਿ ਰਹੇ ਸਨ। ਹਾਲਾਂਕਿ, 1849 ਵਿੱਚ, ਜੋਤੀਰਾਓ ਦੇ ਪਿਤਾ ਨੇ ਜੋੜੇ ਨੂੰ ਆਪਣਾ ਘਰ ਛੱਡਣ ਲਈ ਕਿਹਾ ਕਿਉਂਕਿ ਉਨ੍ਹਾਂ ਦੇ ਕੰਮ ਨੂੰ ਮਨੁਸਮ੍ਰਿਤੀ ਅਤੇ ਇਸ ਦੇ ਬ੍ਰਾਹਮਣਵਾਦੀ ਗ੍ਰੰਥਾਂ ਦੇ ਅਨੁਸਾਰ ਇੱਕ ਪਾਪ ਮੰਨਿਆ ਗਿਆ ਸੀ।
ਔਰਤਾਂ ਦੀ ਸਿੱਖਿਆ ਦੇ ਨਾਲ ਹੀ ਸਵਿੱਤਰੀਬਾਈ ਨੇ ਔਰਤਾਂ ਦੇ ਹੱਕਾਂ ਦੇ ਨਾਲ ਹੀ ਲਿੰਗ ਅਤੇ ਜਾਤ-ਪਾਤ ਦੇ ਆਧਾਰ ਤੇ ਹੋ ਰਹੇ ਵਿਤਕਰੇ ਵਿਰੁੱਧ ਬਹੁਤ ਵੀ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਈ। ਉਹਨਾਂ ਸਮਿਆਂ ਵਿੱਚ ਬਾਲ-ਵਿਆਹ ਦਾ ਰਿਵਾਜ਼ ਸੀ ਅਤੇ ਬਾਲ ਵਿਧਵਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਸੀ। ਵਿਧਵਾ ਵਿਆਹ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਵਿਧਵਾਵਾਂ ਨੂੰ ਸਿਰ ਮੁੰਨਾ ਕੇ ਬਹੁਤ ਹੀ ਤਰਸ ਭਰੀ ਜਿੰਦਗੀ ਜਿਉਣੀ ਪੈਂਦੀ ਸੀ। ਉਨ੍ਹਾਂ ਦਾ ਬਹੁਤ ਹੀ ਜ਼ਿਆਦਾ ਸ਼ੋਸ਼ਣ ਹੁੰਦਾ ਸੀ, ਖਾਸ ਤੌਰ ’ਤੇ ਜਿਣਸੀ ਸ਼ੋਸ਼ਣ। ਜਿਸ ਨਾਲ ਗਰਭਵਤੀ ਹੋਣ ਤੇ ਉਨ੍ਹਾਂ ਨੂੰ ਜਾਂ ਤਾਂ ਖੁਦਕਸ਼ੀ ਕਰਨੀ ਪੈਂਦੀ ਸੀ ਜਾਂ ਆਪਣਾ ਗਰਭਪਾਤ ਕਰਵਾਉਣਾ ਪੈਂਦਾ ਸੀ। ਇਸ ਵਾਸਤੇ ਫੂਲੇ ਜੋੜੀ ਨੇ “ਬਾਲ-ਹੱਤਿਆ ਪ੍ਰਤੀਬੰਧਕ ਗ੍ਰਹਿ” ਬਣਾਇਆ ਜਿੱਥੇ ਇਨ੍ਹਾਂ ਮਜ਼ਬੂਰ ਔਰਤਾਂ ਨੂੰ ਸ਼ਰਨ ਦਿੱਤੀ ਜਾਂਦੀ ਸੀ। ਛੂਤ-ਛਾਤ ਦਾ ਬਹੁਤ ਹੀ ਜ਼ਿਆਦਾ ਬੋਲਬਾਲਾ ਸੀ। ਅਛੂਤ ਲੋਕ ਪਾਣੀ ਤੋਂ ਅਵਾਜ਼ਾਰ ਸਨ। ਇਸ ਦੇ ਹੱਲ ਲਈ ਉਨ੍ਹਾਂ ਆਪਣੇ ਘਰ ਵਿੱਚ ਖੂਹ ਲਗਵਾਇਆ ਜਿੱਥੋਂ ਅਛੂਤ ਪਾਣੀ ਲੈ ਸਕਦੇ ਸਨ। ਉਨ੍ਹਾਂ ਆਪਣੀ ਸਾਰੀ ਉਮਰ ਜਾਤ-ਪਾਤ, ਛੂਤ-ਛਾਤ, ਸਤੀ-ਪ੍ਰਥਾ, ਬਾਲ-ਵਿਆਹ, ਮਰਦ ਅਤੇ ਔਰਤ ਦੀ ਨਾਬਰਾਬਰੀ ਅਤੇ ਹੋਰ ਸਮਾਜਿਕ ਬੁਰਾਈਆਂ ਦੂਰ ਕਰਨ ਲਈ ਘਾਲਣਾ ਕੀਤੀ।
ਸੰਨ 1897 ਵਿੱਚ ਜਦ ਪਲੇਗ ਮਹਾਂਮਾਰੀ ਫੈਲੀ ਤਾਂ ਇਹਨਾਂ ਦੇ ਗੋਦ ਲਏ ਪੁੱਤਰ ਯਸ਼ਵੰਤ ਰਾਓ ਨੇ ਪਲੇਗ ਦੇ ਮਰੀਜ਼ਾਂ ਦੇ ਇਲਾਜ ਲਈ ਪੂਨੇ ਦੇ ਬਾਹਰਵਾਰ ਕਲਿਨਿਕ ਖੋਲ੍ਹਿਆ। ਸਵਿੱਤਰੀਬਾਈ ਪਲੇਗ ਦੇ ਮਰੀਜ਼ਾਂ ਨੂੰ ਉੱਥੇ ਆਪ ਲੈ ਕੇ ਜਾਂਦੀ ਤੇ ਉਹਨਾਂ ਦੀ ਸੇਵਾ ਕਰਦੀ। ਇੰਝ ਕਰਦਿਆਂ ਇਸ ਬੀਮਾਰੀ ਦੀ ਜਕੜ ਵਿੱਚ ਉਹ ਖੁਦ ਆ ਗਈ ਤੇ 10 ਮਾਰਚ 1897 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ।
ਸਵਿੱਤਰੀਬਾਈ ਸਮਾਜ ਸੁਧਾਰਕ ਦੇ ਨਾਲ ਇੱਕ ਵਧੀਆ ਕਵਿੱਤਰੀ ਵੀ ਸੀ ਜਿਸ ਨੇ ਆਪਣੀਆਂ ਕਵਿਤਾਵਾਂ ਨੂੰ ਆਪਣੇ ਮਿਸ਼ਨ ਲਈ ਵਰਤਿਆ। ਉਸਦੀਆਂ ਕਵਿਤਾਵਾਂ ਵਿਤਕਰੇ ਅਤੇ ਭੇਦ-ਭਾਵ ਦੇ ਉਲਟ ਅਤੇ ਗਿਆਨ ਪ੍ਰਾਪਤੀ ਦਾ ਸੁਨੇਹਾ ਦੇਣ ਵਾਲੀਆਂ ਹਨ। ਇਨ੍ਹਾਂ ਕਵਿਤਾਵਾਂ ਦਾ ਸੁਨੇਹਾ ਸੀ, “ਜਾਓ, ਵਿੱਦਿਆ ਪ੍ਰਾਪਤ ਕਰੋ।”, “ਵਿੱਦਿਆ ਪ੍ਰਾਪਤੀ ਦੇ ਸੁਨਹਿਰੀ ਮੌਕੇ ਦਾ ਲਾਭ ਉਠਾਓ”, “ਬਿਨਾਂ ਗਿਆਨ, ਸਬ ਕੁਝ ਦਾ ਨੁਕਸਾਨ”, “ਮਿਹਨਤ ਕਰੋ ਤੇ ਆਤਮ ਨਿਰਭਰ ਬਣੋ”, “ਸਿੱਖੋ ਤੇ ਜਾਤਾਂ ਦੇ ਬੰਧਨ ਤੋੜ ਦਿਓ”। ਸਾਵਿੱਤਰੀ ਬਾਈ ਫੂਲੇ ਦੇ ਦੋ ਕਾਵਿ-ਸੰਗ੍ਰਹਿ ਛਪੇ ਪਹਿਲਾ ‘ਕਾਵਯਾ ਫੂਲੇ’ (1854 ਈ.) ਅਤੇ ਦੂਸਰਾ “ਬਾਵਨ ਕਾਸ਼ੀ ਸੁਬੋਧ ਰਤਨਾਕਰ’ (1892 ਈ.)। ਪਹਿਲਾ ਕਾਵਿ-ਸੰਗ੍ਰਹਿ ਛਪਣ ਸਮੇਂ ਸਾਵਿੱਤਰੀ ਬਾਈ ਫੂਲੇ ਦੀ ਉਮਰ 23 ਸਾਲ ਸੀ। ਇਸ ਸੰਗ੍ਰਹਿ ਵਿੱਚ ਧਰਮ, ਧਰਮ ਸ਼ਾਸਤਰ, ਧਾਰਮਿਕ ਪਾਖੰਡਾਂ ਤੇ ਕੁਰੀਤੀਆਂ ਖ਼ਿਲਾਫ਼ ਲਿਖਿਆ ਗਿਆ ਹੈ। ਸਾਵਿੱਤਰੀ ਬਾਈ ਫੂਲੇ ਦਾ ਦੂਜਾ ਕਾਵਿ ਸੰਗ੍ਰਹਿ ਬਾਵਨਕਸ਼ੀ ਸੁਬੋਧ ਰਤਨਾਕਰ ਸਮੁੱਚੇ ਤੌਰ ’ਤੇ ਜਯੋਤੀ ਰਾਉ ਫੂਲੇ ਨੂੰ ਸਮਰਪਿਤ ਹੈ, ਜਿਸ ਵਿੱਚ ਫੂਲੇ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਤੇ ਵਿਚਾਰਾਂ ਨੂੰ 52 ਛੰਦਾਂ ਵਿੱਚ ਕਾਵਿ ਦਾ ਰੂਪ ਦਿੱਤਾ ਗਿਆ ਹੈ।
ਮਹਾਂਰਾਸ਼ਟਰ ਦੀ ਸਰਕਾਰ ਵਲੋਂ ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਸਮਾਜ -ਸੁਧਾਰ ਲਈ ਕੰਮ ਕਰਨ ਵਾਲੀ ਔਰਤ ਨੂੰ ਅਵਾਰਡ ਦਿੱਤਾ ਜਾਂਦਾ ਹੈ। ਸੰਨ 1998 ਵਿੱਚ 10 ਮਾਰਚ ਨੂੰ ਉਨ੍ਹਾਂ ਦੀ ਯਾਦ ਵਿੱਚ ਡਾਕ-ਤਾਰ ਵਿਭਾਗ ਵਲੋਂ ਡਾਕ ਟਿਕਟ ਜਾਰੀ ਕੀਤਾ ਗਿਆ। ਸੰਨ 2015 ਵਿੱਚ ਉਨ੍ਹਾਂ ਦੇ ਸਨਮਾਨ ਹਿਤ “ਪੂਨਾ ਯੂਨੀਵਰਸਿਟੀ” ਦਾ ਨਾਂ “ਸਵਿੱਤਰੀਬਾਈ ਫੂਲੇ ਪੂਨਾ ਯੂਨੀਵਰਸਿਟੀ” ਰੱਖਿਆ ਗਿਆ। ਹੁਣੇ ਹੀ 3 ਜਨਵਰੀ ਨੂੰ ਗੂਗਲ ਦੁਆਰਾ ਉਹਨਾਂ ਦੇ 186ਵੇਂ ਜਨਮ ਦਿਨ ਤੇ ਸਨਮਾਨ ਹਿੱਤ ‘ਗੂਗਲ ਡੂਡਲ’ ਜਾਰੀ ਕੀਤਾ ਜਿਸ ਵਿੱਚ ਸਵਿੱਤਰੀਬਾਈ ਨੂੰ ਆਪਣੇ ਪੱਲੂ ਹੇਠ ਔਰਤਾਂ ਨੂੰ ਆਪਣੀ ਬੁੱਕਲ ਵਿੱਚ ਲੈਂਦੇ ਦਿਖਾਇਆ ਗਿਆ ਹੈ।
ਸਾਵਿਤਰੀਬਾਈ ਦੀ ਇੱਕ ਮਸ਼ਹੂਰ ਕਵਿਤਾ
ਜਾਓ ਜਾਕਰ ਪੜ੍ਹੋ-ਲਿਖੋ
ਬਨੋ ਆਤਮਨਿਰਭਰ, ਬਨੋ ਮੇਹਨਤੀ
ਕਾਮ ਕਰੋ-ਗਿਆਨ ਔਰ ਧਨ ਇਕਠਾ ਕਰੋ
ਗਿਆਨ ਕੇ ਬਿਨਾ ਸਬ ਖੋ ਜਾਤਾ ਹੈ
ਗਿਆਨ ਕੇ ਬਿਨਾ ਹਮ ਜਾਨਵਰ ਬਨ ਜਾਤੇ ਹੈਂ
ਇਸ ਲਿਏ ਖਾਲੀ ਨਾ ਬੈਠੋ, ਜਾਓ, ਜਾਕਰ ਸ਼ਿਕਸ਼ਾ ਲੋ
ਦਮਿਤੋਂ ਔਰ ਤਿਆਗ ਦਿਏ ਗਯੋਂ ਕੇ ਦੁਖੋਂ ਕਾ ਅੰਤ ਕਰੋ
ਤੁਮ੍ਹਾਰੇ ਪਾਸ ਸੀਖਨੇ ਕਾ ਸੁਨਹਰਾ ਮੌਕਾ ਹੈ
ਇਸ ਲਿਏ ਸੀਖੋ ਔਰ ਜਾਤਿ ਕੇ ਬੰਧਨ ਤੋੜ ਦੋ
ਬ੍ਰਾਹਮਣੋਂ ਕੇ ਗ੍ਰੰਥ ਜਲਦੀ ਸੇ ਜਲਦੀ ਫੇਂਕ ਦੋ