(ਸਮਾਜ ਵੀਕਲੀ) ਛੋਟੇ ਹੁੰਦਿਆਂ ਇੱਕ ਇਕਾਂਗੀ ਪੜੀ ਸੀ “ਮਾਂ ਦਾ ਡਿਪਟੀ” ਸ਼ਾਇਦ ਉਨ੍ਹਾਂ ਸਮਿਆਂ ਚ ਸੋਚਿਆ ਵੀ ਨਹੀਂ ਸੀ ਕਿ ਕਿਸੇ ਦਿਨ ਕਿਸੇ ਮਾਂ ਦੀ ਕੋਈ ਡਿਪਟੀ ਧੀ ਵੀ ਹੋਵੇਗੀ ਅਤੇ ਉਹ ਧੀ ਜੋ ਇੱਕ ਦੇਸ਼ ਦੇ ਚੰਗੇ ਸਿਸਟਮ ਅਤੇ ਚੰਗੇ ਸਮਾਜ ਦੀ ਸਿਰਜਣਾ ਲਈ ਆਪਣੀ ਸੇਵਾ ਨਿਭਾ ਰਹੀ ਹੋਵੇਗੀ। ਅੱਜ ਜਦੋਂ ਪੰਜਾਬ ਹੜਾਂ ਦੀ ਮਾਰ ਹੇਠ ਆਇਆ ਹੋਇਆ ਹੈ ਤਾਂ ਇਹ ਮਾਂ ਦੀ ਡਿਪਟੀ ਕੁੜੀ ਹੜ੍ਹ ਪੀੜਤਾਂ ਦੀ ਜ਼ਮੀਨੀ ਪੱਧਰ ਤੇ ਮੱਦਦ ਕਰਨ ਕਰਕੇ ਚਰਚਾ ਵਿੱਚ ਹੈ। ਜਿਸ ਸ਼ਖ਼ਸੀਅਤ ਦੀ ਗੱਲ ਕਰ ਰਹੇ ਹਾਂ ਉਨ੍ਹਾਂ ਦਾ ਪੂਰਾ ਨਾਂ ਸਾਕਸ਼ੀ ਸਾਹਨੀ ਹੈ ਜੋ ਅੱਜ ਕੱਲ੍ਹ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਨ ਅਤੇ ਮੈਡਮ ਸਾਕਸ਼ੀ ਸਾਹਨੀ ਦੀ ਤਰੀਫ ਕਰਨੀ ਵੀ ਬਣਦੀ ਹੈ | ਹਾਲਾਂਕਿ ਬਤੌਰ ਡਿਪਟੀ ਕਮਿਸ਼ਨਰ ਇਹ ਉਹਨਾਂ ਦੀ ਡਿਊਟੀ ਹੈ ਪਰ ਇਸ ਔਖੀ ਘੜੀ ਵਿੱਚ ਜਿਸ ਤਰਾਂ ਉਹ ਆਪ ਜ਼ਮੀਨੀ ਪੱਧਰ ਤੇ ਜਾ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਹੜ ਪੀੜਤ ਇਲਾਕੇ ਵਿੱਚ ਕੰਮ ਦੇਖ ਰਹੇ ਹਨ ਅਤੇ ਜਿਸ ਹਲੀਮੀ ਨਾਲ ਉਹ ਲੋਕਾਂ ਵਿਚ ਵਿਚਰ ਰਹੇ ਹਨ ਇਹ ਬਹੁਤ ਘੱਟ ਡਿਪਟੀ ਕਮਿਸ਼ਨਰਾਂ ਵਿੱਚ ਦੇਖਣ ਨੂੰ ਮਿਲਿਆ ਹੈ | ਮੈਨੂੰ ਕਈ ਵਾਰੀ ਸਮਾਜਿਕ ਕੰਮਾ ਲਈ ਪਟਿਆਲਾ ਵਿਖੇ ਮੈਡਮ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਅਤੇ ਉਨ੍ਹਾਂ ਦੀ ਸਾਦਗੀ ਅਤੇ ਕੰਮ ਕਰਨ ਦੀ ਤੇਜ਼ੀ ਵੇਖ ਕੇ ਚੰਗਾ ਲੱਗਿਆ। ਮੈਡਮ ਵਿੱਚ ਘੁਮੰਡ ਨਾਮ ਦੀ ਕੋਈ ਚੀਜ਼ ਨਹੀਂ ਤੇ ਹਰ ਆਮ ਖਾਸ ਨਾਲ ਸਲਾਹ ਮਸ਼ਵਰਾ ਵੀਂ ਕਰ ਲੈਂਦੇ ਹਨ | ਉਹ ਆਪਣੇ ਅਧਿਕਾਰੀਆਂ ਨਾਲ ਬੜੇ ਪਿਆਰ ਨਾਲ ਗੱਲ ਕਰਦੇ ਹਨ ਪਰ ਹਰ ਚੀਜ਼ ਉੱਪਰ ਉਹਨਾਂ ਦੀ ਨਜ਼ਰ ਵੀ ਰਹਿਦੀ ਹੈ | ਇਸ ਵੇਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹੋਣ ਦੇ ਨਾਤੇ ਉਹ ਪਿਛਲੇ ਕਈ ਦਿਨਾਂ ਤੋਂ ਅਜਨਾਲਾ, ਰਾਮਦਾਸ, ਡੇਰਾ ਬਾਬਾ ਨਾਨਕ ਇਲਾਕੇ ਜੋ ਕਿ ਸਭ ਤੋਂ ਵੱਧ ਹੜ ਦੀ ਮਾਰ ਹੇਠ ਆਏ ਹੋਏ ਹਨ, ਵਿਖੇ ਪੂਰਾ ਸਮਾਂ ਬਿਤਾ ਰਹੇ ਹਨ ਅਤੇ ਲੋਕਾਂ ਦੀ ਹਰ ਸੰਭਵ ਮਦਦ ਕਰ ਰਹੇ ਹਨ | ਉਹ 2014 ਬੈਚ ਦੀ ਆਈ.ਏ.ਐਸ ਅਫ਼ਸਰ ਹਨ ਜੋ ਕਿ ਇਸ ਵੇਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਨ। ਜਿਥੇ ਪੰਜਾਬ ਹੜਾਂ ਦੀ ਮਾਰ ਹੇਠ ਆਇਆ ਹੋਇਆ ਹੈ ਉਥੇ ਹੀ ਇਸ ਹਲਕੇ ਜਿਹੇ ਸਰੀਰ ਦੀ ਕੁੜੀ ਨੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਬਹੁਤ ਹੀ ਘੱਟ ਉਚ ਅਧਿਕਾਰੀ ਅਤੇ ਨੇਤਾ ਹੋਣਗੇ ਜੋ ਬਿਨਾ ਫੋਟੋ ਅਤੇ ਰਾਜਨੀਤੀ ਤੋਂ ਸਮਾਜ, ਲੋਕਾਂ ਅਤੇ ਦੇਸ਼ ਦੀ ਨਿਸ਼ਕਾਮ ਸੇਵਾ ਕਰਦੇ ਹੋਣਗੇ। ਬੇਸ਼ੱਕ ਬਤੌਰ ਡਿਪਟੀ ਕਮਿਸ਼ਨਰ ਇਹ ਉਨ੍ਹਾਂ ਦੀ ਡਿਊਟੀ ਹੈ ਪਰ ਜਿਸ ਤਰੀਕੇ ਨਾਲ ਉਹ ਦਿਲੋਂ ਹੜ ਪੀੜਤਾਂ ਦੀ ਮਦਦ ਕਰ ਰਹੇ ਹਨ ਉਹ ਬਾਕਿਆ ਹੀ ਕਾਬਿਲੇ ਤਾਰੀਫ ਹੈ। ਉਹ ਖੁਦ ਹੜਾਂ ਵਿੱਚ ਫ਼ਸੇ ਲੋਕਾਂ ਤੱਕ ਪਹੁੰਚ ਕਰ ਰਹੇ ਹਨ। ਦਰ ਅਸਲ ਦੇਸ਼ ਦੀ ਸੇਵਾ ਕਰਨ ਦੇ ਜਨੂੰਨ ਨੇ ਹੀ ਉਨ੍ਹਾਂ ਨੂੰ ਆਈ.ਏ.ਐਸ ਬਣਾਇਆ। ਦੇਸ਼ ਦੇ ਵਿਗੜੇ ਸਿਸਟਮ ਅਤੇ ਇਸ ਵਿੱਚ ਬਦਲਾਅ ਦੇ ਜਨੂੰਨ ਨੂੰ ਦੇਖਦਿਆਂ ਸਾਕਸ਼ੀ ਨੇ ਯੂ.ਪੀ.ਐਸ.ਸੀ ਸਿਵਲ ਸਰਵਿਸਿਜ਼ ਇਮਤਿਹਾਨ ਵਿੱਚ ਕਿਸਮਤ ਅਜ਼ਮਾਉਣ ਲਈ ਜ਼ੋਰ ਅਜ਼ਮਾਈ ਕੀਤੀ ਅਤੇ 2012 ਵਿੱਚ ਯੂਪੀਐਸਸੀ ਪਾਸ ਕਰਨ ਦੀ ਪਹਿਲੀ ਕੋਸ਼ਿਸ਼ ਕੀਤੀ। ਉਸ ਸਮੇਂ ਉਹ ਗ੍ਰੈਜੂਏਸ਼ਨ ਦੇ ਚੌਥੇ ਸਾਲ ਦੀ ਪੜ੍ਹਾਈ ਕਰ ਰਹੇ ਸੀ। ਸਾਕਸ਼ੀ ਪਹਿਲੀ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸਕੀ। ਉਹਨਾਂ ਨੇ ਇੱਕ ਵਾਰ ਫਿਰ ਤੋਂ ਤਿਆਰੀ ਸ਼ੁਰੂ ਕਰ ਦਿੱਤੀ। ਇਸ ਵਾਰ ਗੀਤਾਂਜਲੀ ਬ੍ਰੈਂਡਨ ਤੋਂ ਪ੍ਰੇਰਨਾ ਲੈ ਕੇ ਯੂਪੀਐਸਸੀ, 2014 ਵਿੱਚ ਦੇਸ਼ ਵਿੱਚ 6ਵਾਂ ਸਥਾਨ ਹਾਸਿਲ ਕੀਤਾ। ਪਹਿਲਾਂ ਸਾਹਨੀ ਨੂੰ ਪੰਜਾਬ ਦੇ ਲੁਧਿਆਣਾ ਜਿਲ੍ਹੇ ਦੀ ਕਮਾਨ ਸੰਭਾਲੀ ਗਈ ਅਤੇ ਆਪਣੇ ਵੱਖਰੇ ਕੰਮਕਾਜ ਦੇ ਤਰੀਕੇ ਨਾਲ ਅਕਸਰ ਸੁਰਖੀਆਂ ‘ਚ ਰਹਿਣ ਵਾਲੀ ਇਸ ਮਹਿਲਾ ਅਧਿਕਾਰੀ ਨੇ ਲੁਧਿਆਣੇ ਦੇ ਲੋਕਾਂ ਤੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਖੱਟਿਆ ਇਸ ਤੋਂ ਬਾਅਦ ਉਨ੍ਹਾਂ ਨੇ ਪਟਿਆਲਾ ਵਿਖੇ ਬਤੌਰ ਡਿਪਟੀ ਕਮਿਸ਼ਨਰ ਜਿਲ੍ਹੇ ਅੰਦਰ ਸੁਧਾਰ ਕਰਨ ਲਈ ਅਨੇਕ ਕੋਸ਼ਿਸ਼ਾਂ ਕੀਤੀਆਂ। ਉਨ੍ਹਾਂ ਦੀ ਆਪਣੇ ਘਰ ਤੋਂ ਦਫ਼ਤਰ ਤੱਕ ਪੈਦਲ ਜਾਣ ਦੀ ਸੋਚ ਵੀ ਲੋਕਾਂ ਲਈ ਇੱਕ ਚੰਗਾ ਸੁਨੇਹਾ ਬਣੀ। ਸਾਕਸ਼ੀ ਸਾਹਨੀ ਦੀ ਪ੍ਰਵਰਿਸ਼ ਪੰਜਾਬ ਅੰਦਰ ਹੀ ਹੋਈ। ਉਹ ਆਈਏਐਸ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿਤਾ ਦਿੱਲੀ ਦੇ ਸਰਵੋਤਮ ਸੇਵਾਮੁਕਤ ਆਈਏਐਸ ਅਧਿਕਾਰੀ ਹਨ। ਮਾਂ ਸਕੂਲ ਪ੍ਰਿੰਸੀਪਲ ਹਨ। ਭੈਣ ਇੱਕ ਨਾਮੀ ਬੈਂਕ ਵਿੱਚ ਜੌਬ ਕਰਦੀ ਹੈ। ਸਾਕਸ਼ੀ ਨੇ ਆਪਣੀ ਸਕੂਲੀ ਪੜ੍ਹਾਈ ਇੱਕ ਪ੍ਰਾਈਵੇਟ ਸਕੂਲ ਤੋਂ ਸ਼ੁਰੂ ਕੀਤੀ। ਜੀਵਨ ਵਿੱਚ ਮੁੱਢ ਤੋਂ ਹੀ ਝੁਕਾਅ ਕਾਨੂੰਨ ਵੱਲ ਸੀ। 2012 ਵਿੱਚ ਹੈਦਰਾਬਾਦ ਦੀ ਇੱਕ ਯੂਨੀਵਰਸਿਟੀ ਤੋਂ ਬੀਏ ਐਲਐਲਬੀ ਨਾਲ ਗ੍ਰੈਜੂਏਸ਼ਨ ਕੀਤੀ। ਸਾਕਸ਼ੀ 8 ਗੋਲਡ ਮੈਡਲਾਂ ਨਾਲ ਆਪਣੇ ਬੈਚ ਦੀ ਟਾਪਰਾਂ ਵਿੱਚੋਂ ਇੱਕ ਸਨ। ਉਹ ਦਸਦੇ ਹਨ ਕਿ ਉਨ੍ਹਾਂ ਨੂੰ ਦੇਸ਼ ਦੀ ਸੇਵਾ ਕਰਨ ਦੇ ਜਨੂੰਨ ਨੇ ਹੀ ਆਈਏਐਸ ਬਣਾਇਆ ਹੈ। ਹੁਣ ਜਦੋਂ ਪੰਜਾਬ ਦੇ ਮਾਝੇ ਨੂੰ ਹੜ੍ਹਾ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਇਹ ਕੁੜੀ ਜਦੋਂ ਟਰੈਕਟਰ ਤੇ ਜਾਂ ਪੈਦਲ ਹੀ ਲੋਕਾਂ ਵਿੱਚ ਰਾਸ਼ਨ ਵੰਡ ਰਹੀ ਹੁੰਦੀ ਹੈ ਤਾਂ ਕਈ ਹੜ੍ਹ ਪੀੜਤ ਲੋਕ ਉਨ੍ਹਾਂ ਦੇ ਜਜ਼ਬੇ ਨੂੰ ਦੇਖਕੇ ਭਾਵੁਕ ਹੋ ਜਾਂਦੇ ਹਨ ਉਹ ਦਸਦੇ ਹਨ ਕਿ ਸਾਡੀਆਂ ਅੱਧੀਆਂ ਮੁਸ਼ਕਿਲਾਂ ਇਨ੍ਹਾਂ ਦੇ ਸਾਹਸ ਭਰੇ ਜਜ਼ਬੇ ਨੂੰ ਦੇਖ ਹੀ ਦੂਰ ਹੋ ਜਾਂਦੀਆਂ ਹਨ। ਕਈ ਬਜ਼ੁਰਗਾਂ ਉਨ੍ਹਾਂ ਨੂੰ ਆਸ਼ੀਰਵਾਦ ਦੇਖਕੇ ਆਖ ਰਹੇ ਹਨ ਕਿ ਇਨ੍ਹਾਂ ਨੂੰ ਦੇਖਕੇ ਸਾਡੇ ਵਿੱਚ ਵੀ ਹੌਂਸਲੇ ਵੱਧ ਜਾਂਦੇ ਹਨ। ਕਈ ਹੜ੍ਹ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਇਹ ਬਾਕੀ ਲੋਕਾਂ ਲਈ ਵੀ ਰੋਲ ਮਾਡਲ ਹਨ ਹੜ੍ਹ ਪੀੜਤਾਂ ਦਾ ਮੰਨਣਾ ਹੈ ਕਿ ਬਾਕੀ ਰਾਜਨੀਤਕ ਪਾਰਟੀਆਂ ਅਤੇ ਨੇਤਾਵਾਂ ਨੂੰ ਵੀ ਇਨ੍ਹਾਂ ਤੋਂ ਸੀਖ ਲੈਣੀ ਚਾਹੀਦੀ ਹੈ ਹੜਾਂ ਤੇ ਰਾਜਨੀਤੀ ਕਰਨ ਦੀ ਬਜਾਏ ਜ਼ਮੀਨੀ ਪੱਧਰ ਤੇ ਅਤੇ ਦਿਲੋ ਹੜ੍ਹ ਪੀੜਤ ਪਰਿਵਾਰਾਂ ਦੀ ਮੱਦਦ ਕਰਨੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਡਮ ਸਾਕਸ਼ੀ ਸਾਹਨੀ ਨੂੰ ਸਲੂਟ ਤਾਂ ਬਣਦਾ ਹੈ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



