(ਸਮਾਜ ਵੀਕਲੀ)-ਪੰਜ ਆਬ ਦੀ ਧਰਤੀ ਪੰਜਾਬ ਦੇ ਵਸਨੀਕਾਂ ਦੁਆਰਾ ਬੋਲੀ ਜਾਂਦੀ ਮਾਤ-ਭਾਸ਼ਾ ਪੰਜਾਬੀ ਭਾਰੋਪੀ ਭਾਸ਼ਾਈ ਪਰਿਵਾਰ ਵਿੱਚੋਂ ਨਿਕਲੀ ਮੰਨੀ ਜਾਂਦੀ ਹੈ। ਪੰਜਾਬੀ ਹਿੰਦੀ ਤੇ ਬੰਗਲਾ ਤੋਂ ਬਾਦ ਦੱਖਣੀ ਏਸ਼ੀਆ ਵਿੱਚ ਬੋਲੀ ਜਾਣ ਵਾਲੀ ਤੀਜੀ ਵੱਡੀ ਭਾਸ਼ਾ ਹੈ। ਪੰਜਾਬੀ ਭਾਸ਼ਾ ਲੱਗਭੱਗ 700 ਦੇ ਕਰੀਬ ਸ਼ਬਦ ਮਿਲਦੇ ਹਨ। ਪਹਿਲਾਂ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਸੰਤਾਂ, ਸੂਫ਼ੀਆਂ ਨੇ ਇਸਨੂੰ ਅਧਿਆਤਮ ਗਿਆਨ ਦੀ ਭਾਸ਼ਾ ਬਣਾਇਆ । ਬਾਬਾ ਫ਼ਰੀਦ ਦੁਆਰਾ ਗਿਆਰ੍ਹਵੀਂ ਬਾਰ੍ਹਵੀਂ ਸਦੀ ਵਿੱਚ ਉਚਾਰੇ ਸਲੋਕ ਅੱਜ ਵੀ ਸਮਝੇ ਤੇ ਸੁਣੇ ਜਾਂਦੇ ਹਨ। ਉਸ ਤੋਂ ਪਿੱਛੋਂ ਆਏ ਸੂਫ਼ੀ ਕਵੀਆਂ ਨੇ ਵੀ ਇਸ ਪਰੰਪਰਾ ਨੂੰ ਕਾਇਮ ਰੱਖਿਆ। ਗੁਰੂ ਸਾਹਿਬ ਦੁਆਰਾ ਇਸ ਨੂੰ ਹੋਰ ਵਿਸਥਾਰ ਦਿੰਦਿਆ ਇਲਾਕਾਈ ਬੰਧਨਾਂ ਤੋਂ ਵੀ ਮੁਕਤ ਕਰ ਦਿੱਤਾ ਤੇ ਆਪਣੇ ਅਧਿਆਤਮਕ ਸੰਦੇਸ਼ ਨੂੰ ਸਰਬ ਸਾਂਝਾ ਬਨਾਉਣ ਲਈ ਸਮੇਂ ਦੀਆਂ ਪ੍ਰਚਲਤ ਸਭ ਭਾਸ਼ਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਵਿੱਚ 34 ਭਾਸ਼ਾਵਾਂ ਦੇ ਸ਼ਬਦ ਮਿਲਦੇ ਹਨ। ਇਸ ਪ੍ਰਕਾਰ ਸਾਡੀ ਮਾਂ ਬੋਲੀ ਦਾ ਦਾਇਰਾ ਸੰਕੀਰਨ ਨਹੀ ਸਰਬ ਵਿਆਪੀ ਹੈ। ਇਹ ਕਿਸੇ ਵੀ ਤਰ੍ਹਾਂ ਦੇ ਗਿਆਨ ਦੀ ਪ੍ਰਾਪਤੀ ਦੇ ਸਮਰੱਥ ਹੈ।ਵਰਤਮਾਨ ਸਮੇਂ ਇਹ ਇੰਗਲੈਂਡ ਵਿੱਚ ਦੂਜੀ ਸਭ ਤੋਂ ਵੱਧ ਬੋਲੀ ਜਾਂਦੀ ਭਾਸ਼ਾ ਤੇ ਕਨੇਡਾ ਵਿੱਚ ਤੀਜੀ ਸਭ ਤੋ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ।ਮੋਟੇ ਤੌਰ ਤੇ ਭਾਵੇ ਭਾਰਤੀ ਪੰਜਾਬ ਵਿੱਚ ਮਾਝੀ, ਦੁਆਬੀ , ਮਲਵਈ ਤੇ ਪੁਆਧੀ ਨੂੰ ਹੀ ਪੰਜਾਬੀ ਦੀਆਂ ਉਪਭਾਸ਼ਾਵਾਂ ਵਜੋਂ ਮਾਨਤਾ ਪ੍ਰਾਪਤ ਹੈ। ਪਰ ਇਸ ਤੋ ਛੁੱਟ ਬਿਲਾਸਪੁਰੀ, ਬਾਘੜੀ,ਕਾਂਗੜੀ ਤੇ ਚੰਬੇਲੀ ਵੀ ਉਪਭਾਸ਼ਾ ਵਜੋਂ ਬੋਲੀਆਂ ਜਾਂਦੀਆਂ ਹਨ। ।ਇਸੇ ਤਰ੍ਹਾਂ ਲਹਿੰਦੇ ਪੰਜਾਬ ਵਿੱਚ ਵੀ ਮਾਝੀ ਤੋ ਇਲਾਵਾ ਪੋਠੋਹਾਰੀ ਤੇ ਮੁਲਤਾਨੀ ਉਪਭਾਸ਼ਾ ਵੀ ਬੋਲੀਆਂ ਜਾਂਦੀਆਂ ਹਨ। ਪਰ ਇਹਨਾਂ ਤੋ ਇਲਾਵਾ ਝੰਗੀ,ਬਾਲੋਚਰੀ,ਭੱਟੀਆਨੀ,ਵਜੀਰਾਬਾਦੀ, ਰਾਠੀ, ਤੇ ਹੋਰ ਵੀ ਕਈ ਉਪਭਾਸ਼ਾਵਾਂ ਦੀ ਵਰਤੋਂ ਹੋ ਰਹੀ ਹੈ। ਵਰਨਣਯੋਗ ਗੱਲ ਇਹ ਵੀ ਹੈ ਕਿ ਇਹ ਵਖਰੇਵੇਂ ਭੂਗੋਲਿਕ ਹੱਦਾਂ ਦੀ ਦੇਣ ਹਨ।ਅਜੋਕੇ ਸਮੇਂ ਵਿੱਚ ਇਹ ਆਪਸੀ ਸੰਪਰਕ ਵੱਧਣ ਕਾਰਨ ਘੱਟ ਰਹੇ ਹਨ। ਸਾਰੀਆਂ ਮੂਲ ਭਾਸ਼ਾਵਾਂ ਦਾ ਮੂਲ ਮੁਹਾਂਦਰਾ ਇੱਕ ਹੀ ਹੈ। ਮਾਝੀ ਉਪਭਾਸ਼ਾ ਜਿਸਦਾ ਵਿਸਤਾਰ ਲਾਹੌਰ, ਸ਼ੇਖੂਪੁਰਾ, ਕਸੂਰ, ੳਕਾਰਾ, ਨਨਕਾਣਾ ਸਾਹਿਬ, ਵਜ਼ੀਰਾਬਾਦ, ਸਿਆਲਕੋਟ , ਨਾਰੋਵਾਲ, ਫੈਸਲਾਬਾਦ,, ਗੁਜਰਾਂਵਾਲਾ, ਗੁਜਰਾਤ ,ਪਾਕਪਟਨ ਤੋ ਇਲਾਵਾ ਚੜਦੇ ਪੰਜਾਬ ਦੇ ਅਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੱਕ ਹੈ। ਪੰਜਾਬੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਵਿਆਕਰਨਕ ਤੌਰ ਤੇ ਆਦਰਸ਼ ਮੰਨੀ ਜਾਣ ਕਰਕੇ ਇਹ ਪੰਜਾਬੀ ਦੀ ਟਕਸਾਲੀ ਬੋਲੀ ਹੈ। ਪੰਜਾਬੀ ਭਾਸ਼ਾ ਨੂੰ ਕਮਜ਼ੋਰ ਕਰਨ ਲਈ ਸਮੇਂ ਦੀਆਂ ਰਾਜਨੀਤਕ ਧਿਰਾਂ ਵੱਲੋ ਕੋਹਝੇ ਯਤਨ ਲਗਾਤਾਰ ਜਾਰੀ ਹਨ। ਪੰਜਾਬੀ ਦੀ ਉਪਭਾਸ਼ਾ ਡੋਗਰੀ ਨੂੰ ਜੰਮੂ ਨਾਲ ਜੋੜ ਕੇ ਦੇਵਨਾਗਰੀ ਵਿੱਚ ਲਿਖਣ ਲਾ ਦਿੱਤਾ ਗਿਆ ਹੈ ਜਦੋਂ ਕਿ ਤਕਨੀਕੀ ਤੇ ਵਿਆਕਰਨਕ ਪੱਖ ਤੋਂ ਉਹ ਕਿਸੇ ਤਰ੍ਹਾਂ ਵੀ ਦੇਵਨਾਗਰੀ ਦੇ ਅਨੂਕੂਲ ਨਹੀ ਹੈ। ਪੰਜਾਬੀ ਭਾਸ਼ਾ ਨੂੰ ਢੇਰ ਸਾਰੀਆਂ ਚੁਣੌਤੀਆਂ ਦਰਪੇਸ਼ ਹਨ। ਜਿਹਨਾਂ ਵਿੱਚੋਂ ਇੱਕ ਪੰਜਾਬੀਆਂ ਦਾ ਆਪਣੀ ਭਾਸ਼ਾ ਪ੍ਰਤੀ ਗੈਰ ਇਖਲਾਕੀ ਰਵੱਈਆ ਹੈ। ਥਾਂ ਥਾਂ ਗ਼ਲਤ ਸ਼ਬਦ ਜੋੜਾਂ ਵਾਲੇ ਬੋਰਡ ਮੂੰਹ ਚਿੜਾ ਰਹੇ ਹੁੰਦੇ ਹਨ। ਪਰ ਕਦੇ ਕਿਸੇ ਵੱਲੋਂ ਨਾ ਟੋਕਿਆ ਜਾਂਦਾ ਨਾ ਹੀ ਠੀਕ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਜ਼ਿੰਮੇਵਾਰੀ ਦਾ ਆਲਮ ਇਹ ਹੈ ਕਿ ਮਾਂ ਬਾਪ ਸਾਰੀ ਕੁੱਝ ਸਰਕਾਰਾਂ ਤੇ ਸਕੂਲਾਂ ਤੇ ਸੁੱਟੀ ਬੈਠੀ ਹਨ। ਅੱਜ ਦੇ ਬੱਚਿਆ ਨੂੰ ਡੇਢ ਢਾਈ ਤਾਂ ਦੂਰ ਦੀ ਗੱਲ ਪੰਜਾਹ ਪੰਚਵੰਜਾ ਦਾ ਵੀ ਅੰਗਰੇਜ਼ੀ ਵਿੱਚ ਦੱਸਿਆ ਪਤਾ ਲੱਗਦਾ ਕਿ ਇਹ ਸਭ ਸਿਖਾਉਣਾ ਸਿਰਫ ਸਕੂਲ ਦੀ ਜ਼ਿੰਮੇਵਾਰੀ ਏ? ਬਹੁਤ ਸਾਰਾ ਕੁੱਝ ਬੇਲੋੜਾ ਤੇ ਸਟੇਟਸ ਸਿੰਬਲ ਬਣਾਇਆ ਹੋਇਆ ਏ। ਹੱਦ ਦਰਜੇ ਦੇ ਫੁੰਕਰੇਪਨ ਤੇ ਸ਼ੋਸ਼ੇਬਾਜ਼ੀ ਨੇ ਪੰਜਾਬੀਆਂ ਨੂੰ ਬੋਧਿਕ ਤੌਰ ਤੇ ਕੰਗਾਲ ਕਰ ਦਿੱਤਾ ਹੈ। ਪੰਜਾਬੀ ਬੋਲਣੀ,ਲਿਖਣੀ ਸਿੱਖਣੀ ਹਰ ਪੰਜਾਬੀ ਦਾ ਨੈਤਿਕ ਫਰਜ਼ ਏ। ਭਾਸ਼ਾ ਨੂੰ ਧਰਮ ਨਾਲ ਜੋੜਨਾ ਵੀ ਵੱਡੀ ਮੂਰਖਤਾ ਹੈ। ਹਵਾ, ਪਾਣੀ,ਧਰਤੀ ਵਾਂਗ ਭਾਸ਼ਾ ਵੀ ਇਲਾਕੇ ਦੇ ਸਮੂਹਕ ਸੰਚਾਰ ਦਾ ਸਾਧਨ ਹੁੰਦੀ ਹੈ। ਭਾਸ਼ਾ ਦੀ ਲੰਮੇਰੀ ਉਮਰ ਲਈ ਉਸਦਾ ਹਾਣ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਕਰਤੱਵ ਨੂੰ ਸਮਝਦੇ ਹੋਏ ਤਕਨੀਕੀ ਸਾਧਨਾਂ ਦੀ ਵਰਤੋਂ ਕਰਦੇ ਸਮੇਂ ਵੱਧ ਤੋਂ ਵੱਧ ਮਾਤ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਇਸਨੂੰ ਸੁਰੱਖਿਅਤ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾ ਸਕੇ।