(ਸਮਾਜ ਵੀਕਲੀ)
ਸੱਭੇ ਸਹੇਲੀਆਂ ਪੇਕੀਂ ਜਾਵਣ,
ਮੈਂ ਕਿਹੜੇ ਦਰ ਜਾਵਾਂ ਨੀਂ , ਕੱਲਿਆ ਛੱਡ ਕੇ ਤੁਰ ਗਈ ਮਾਏਂ,
ਦੱਸ ਜਾ ਕੋਈ ਸਰਨਾਵਾਂ ਨੀਂ।
ਸੱਭੇ ਸਹੇਲੀਆਂ….
ਕਦੇ ਦਿਸੇ ਮੈਨੂੰ ਚੁੱਕੀ ਆਉਂਦੀ,
ਸਿਰ ਤੇ ਪੀਪਾ ਸੰਧਾਰੇ ਦਾ।
ਖ਼ਾਲੀ ਵਿਹੜਾ ਖਾਣ ਨੂੰ ਆਵੇ,
ਕੀ ਕਰਾਂ ਮਨ ਹਾਰੇ ਦਾ।
ਤੇਰੀ ਫ਼ੋਟੋ ਦੇ ਨਾਲ਼ ਹੁਣ ਤਾਂ,
ਗੱਲਾਂ ਕਰੀ ਮੈਂ ਜਾਵਾਂ ਨੀਂ।
ਸੱਭੇ ਸਹੇਲੀਆਂ……
ਬਾਪੂ ਦਾ ਵੀ ਪਿਆਰ ਬਥੇਰਾ, ਪਰ ਤੇਰੀ ਗੱਲ ਹੋਰ ਹੀ ਸੀ।
ਉਂਗਲ ਕੋਈ ਨਹੀਂ ਸੀ ਕਰਦਾ,
ਸ਼ਾਇਦ ਤੇਰਾ ਜ਼ੋਰ ਹੀ ਸੀ।
ਤੇਰੇ ਹੱਥ ਦੇ ਸੁਆਦਾਂ ਵਾਲ਼ੀ,
ਚੂਰੀ ਦੱਸ ਕਿੱਥੋਂ ਖਾਵਾਂ ਨੀਂ।
ਸੱਭੇ ਸਹੇਲੀਆਂ……
ਟੁੱਟੇ ਹੋਏ ਦਿਲ ਦੇ ਟੁੱਕੜੇ,
ਜ਼ਿਕਰ ਤੇਰਾ ਹੀ ਕਰਦੇ ਨੇ।
ਸੁਪਨੇ ਤੇਰੇ ਪਿਆਰ ਦੀ,
ਗਵਾਹੀ ਅੱਜ ਵੀ ਭਰਦੇ ਨੇ।
ਤੇਰੀ ਇੱਕ ਗਲਵਕੜੀ ਨੂੰ,
ਤਰਸਣ ਮੇਰੀਆਂ ਬਾਹਵਾਂ ਨੀਂ।
ਸੱਭੇ ਸਹੇਲੀਆਂ….
ਕੱਚੀ ਨਾ ਸੀ ਉਮਰ ਮੇਰੀ,
ਪਰ ਫਿਰ ਵੀ ਮਾਂ ਜ਼ਰੂਰੀ ਹੈ।
ਦੂਰ ਕਿਤੇ ਛੱਡ ਕੇ ਤੁਰ ਗਈ,
ਦੱਸ ਤੇਰੀ ਕੀ ਮਜ਼ਬੂਰੀ ਹੈ।
ਤੇਰੀ ਹੀ ‘ਮਨਜੀਤ’ ਨੂੰ ਗੋਦ ਮਿਲ਼ੇ,
ਕਦੇ ਦੂਜਾ ਜਨਮ ਜੇ ਪਾਵਾਂ ਨੀਂ।
ਸੱਭੇ ਸਹੇਲੀਆਂ….
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly