(ਸਮਾਜ ਵੀਕਲੀ)
(ਮਨਜੀਤ ਸਿੰਘ ਬੱਧਣ)
ਧਰਤ ਮਾਂ ਦੀ ਇਹ ਕਥਾ ਕਹਾਣੀ
ਕਥਾ ਹੈ ਯੁਗਾਂ ਯੁਗਾਂ ਤੋਂ ਵੀ ਪੁਰਾਣੀ
ਮਿੱਟੀ, ਵੱਟੇ, ਧੂੜ, ਹਵਾ, ਅੱਗ, ਪਾਣੀ
ਜੰਗਲ, ਬੇਲਿਆਂ ਪੱਤਿਆਂ ਨੇ ਛਾਂ ਤਾਣੀ
ਧਰਤ ਮਾਂ ਦੀ ਇਹ ਕਥਾ ਕਹਾਣੀ
ਇਹ ਮਾਂ ਧਰਤ ਹਰ ਸ਼ੈਅ ਦੀ ਹੈ ਜਾਈ
ਦੂਰੋਂ ਦੂਰ ਤੱਕ ਨਦੀ ਕੋਈ ਵਗਦੀ ਆਈ
ਮੀਂਹ, ਹਨੇਰੀ, ਤੂਫਾਨ ਕਿਧਰੇ ਹੈ ਸੋਕਾ
ਪੱਤਝੜ ਹੈ ਨਵੀਂ ਕਰੁੰਬਲ ਵੀ ਫੁੱਟ ਆਈ
ਦਿਨ, ਰਾਤ ਤੇ ਰੁੱਤਾਂ ਦੀ ਘੁੰਮਦੀ ਮਧਾਣੀ
ਧਰਤ ਮਾਂ ਦੀ ਇਹ ਕਥਾ ਕਹਾਣੀ
ਆਦਮ, ਪੰਖੀ, ਕੀਟ-ਪਤੰਗੇ ਤੇ ਜਨੌਰ ਨੇ
ਗਿਣੇ, ਅਣਗਿਣੇ, ਅਣਜਾਣੇ ਲੱਖਾਂ ਹੋਰ ਨੇ
ਇਸੇ ਤਾਂ ਜਾਇਆ ਆਦਮ ਮਾਲਕ ਹੋਇਆ
ਪੱਲੇ ਹੰਕਾਰ ਦੀਆਂ ਘਟਾਵਾਂ ਘਣਘੋਰ ਨੇ
ਅੰਤ ਹੱਡ ਬਾਲਣੇ ਕਿ ਦੇਹੀ ਜਾ ਗੋਰ ਸਮਾਣੀ
ਧਰਤ ਮਾਂ ਦੀ ਇਹ ਕਥਾ ਕਹਾਣੀ
ਕੁਹਾੜੀ-ਆਰੀ ਨਾਲ ਬਰਬਾਦੀ ਹੋ ਰਹੀ
ਜੰਗਲਾਂ ਵੱਲ ਅੱਜ ਵਸੋਂ-ਆਬਾਦੀ ਹੋ ਰਹੀ
ਇੱਕ ਪੌਦਾ ਰਲ ਲਗਾਇਆ ਤੇ ਫੋਟੋ ਖਿਚਾਈ
ਨਾਲੇ ‘ਰੁੱਖ ਲਗਾਵੋ’ ਦੀ ਮੁਨਿਆਦੀ ਹੋ ਰਹੀ
ਪਵਨ-ਪਾਣੀ-ਧਰਤ ਵਾਲੀ ਨਾ ਭੁੱਲੀਏ ਬਾਣੀ