- ਅਡਾਨੀ ਸਮੂਹ ਦੀਆਂ 10 ਫਰਮਾਂ ’ਚੋਂ 9 ਦੇ ਸ਼ੇਅਰ ਡਿੱਗੇ
- ਇਕੱਲੇ ਅਡਾਨੀ ਇੰਟਰਪ੍ਰਾਈਜ਼ਿਜ਼ ਦੇ ਸ਼ੇਅਰ ਡਿੱਗਣ ਨਾਲ 26,373.92 ਕਰੋੜ ਰੁਪਏ ਦਾ ਨੁਕਸਾਨ
ਨਵੀਂ ਦਿੱਲੀ (ਸਮਾਜ ਵੀਕਲੀ): ਫਾਇਨਾਂਸ਼ੀਅਲ ਇੰਡੈਕਸ ਪ੍ਰੋਵਾਈਡਰ ਮੌਰਗਨ ਸਟੈਨਲੇ ਕੈਪੀਟਲ ਇੰਟਰਨੈਸ਼ਨਲ (ਐੱਮਐੱਸਸੀਆਈ) ਵੱਲੋਂ ਅਡਾਨੀ ਸਮੂਹ ਦੀਆਂ ਕੁਝ ਕੰਪਨੀਆਂ ਨੂੰ ਮਿਲੇ ਫ੍ਰੀ ਫਲੋਟ ਸਟੇਟਸ ’ਤੇ ਨਜ਼ਰਸਾਨੀ ਕੀਤੇ ਜਾਣ ਦੇ ਐਲਾਨ ਮਗਰੋਂ ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰ 11 ਫੀਸਦ ਦੇ ਕਰੀਬ ਡਿੱਗ ਗਏ। ਸਮੂਹ ਦੀਆਂ 10 ਹੋਰਨਾਂ ਫਰਮਾਂ ਵਿੱਚੋਂ 9 ਦੇ ਸ਼ੇਅਰਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। ਸਮੂਹ ਨੂੰ ਲੱਗੇ ਸੇਕ ਦੇ ਉਲਟ ਬੰਬੇ ਸਟਾਕ ਐਕਸਚੇਂਜ (ਬੀਐੱਸਈ) 142.43 ਅੰਕਾਂ ਦੇ ਵਾਧੇ ਨਾਲ 60,806.22 ਦੇ ਪੱਧਰ ’ਤੇ ਬੰਦ ਹੋਇਆ। ਫ੍ਰੀ ਫਲੋਟ ਸਟੇਟਸ ’ਤੇ ਨਜ਼ਰਸਾਨੀ ਦਾ ਮਤਲਬ ਹੈ ਕਿ ਐੱਮਐੱਸਸੀਆਈ ਵੱਲੋਂ ਆਪਣੇ ਇੰਡੈਕਸ ਵਿੱਚ ਆਉਂਦੀਆਂ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੇ ਮੁੱਲ ਤੇ ਕੰਪਨੀ ਵੱੱਲੋਂ ਰੱਖੀਆਂ ਸਕਿਓਰਿਟੀਜ਼ ਦੀ ਮੁਕੰਮਲ ਸਮੀਖਿਆ ਕੀਤੀ ਜਾਵੇਗੀ। ਐੱਮਐੱਸਸੀਆਈ ਸੁਰੱਖਿਆ ਦੇ ਮੁਫਤ ਫਲੋਟ ਨੂੰ ਬਕਾਇਆ ਸ਼ੇਅਰਾਂ ਦੇ ਅਨੁਪਾਤ ਵਜੋਂ ਪਰਿਭਾਸ਼ਿਤ ਕਰਦਾ ਹੈ, ਜੋ ਕੌਮਾਂਤਰੀ ਨਿਵੇਸ਼ਕਾਂ ਵੱਲੋਂ ਜਨਤਕ ਇਕੁਇਟੀ ਬਾਜ਼ਾਰਾਂ ਵਿੱਚ ਖਰੀਦ ਲਈ ਉਪਲਬਧ ਮੰਨਿਆ ਜਾਂਦਾ ਹੈ।
ਇੰਡੈਕਸ ਪ੍ਰੋਵਾਈਡਰ ਨੇ ਇਕ ਬਿਆਨ ਵਿੱਚ ਕਿਹਾ ਕਿ ਉਸ ਨੂੰ ਮਾਰਕੀਟ ਵਿੱਚ ਮੌਜੂਦ ਵੱਖ ਵੱਖ ਫ਼ਰਮਾਂ ਤੋਂ ਫੀਡਬੈਕ ਮਿਲੀ ਹੈ, ਜੋ ਅਡਾਨੀ ਸਮੂਹ ਨਾਲ ਜੁੜੀਆਂ ਕੁਝ ਖਾਸ ਸਕਿਓਰਿਟੀਜ਼ ਦੀ ਯੋਗਤਾ ਤੇ ਫ੍ਰੀ ਫਲੋਟ ਸਟੇਟਸ ਨੂੰ ਲੈ ਕੇ ਫਿਕਰਮੰਦ ਹਨ। ਪ੍ਰੋਵਾਈਡਰ ਨੇ ਅੱਗੇ ਕਿਹਾ, ‘‘ਐੱਮਐੱਸਸੀਆਈ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਕੁਝ ਨਿਵੇਸ਼ਕਾਂ ਨੂੰ ਲੈ ਕੇ ਬੇਯਕੀਨੀ ਦਾ ਮਾਹੌਲ ਹੈ ਤੇ ਬਾਜ਼ਾਰ ਵਿੱਚ ਮੌਜੂਦਾ ਹੋਰਨਾਂ ਨਿਵੇਸ਼ਕਾਂ ਦਾ ਮੰਨਣਾ ਹੈ ਕਿ ਉਨ੍ਹਾਂ (ਅਜਿਹੇ ਨਿਵੇਸ਼ਕਾਂ) ਨੂੰ ਸਾਡੀ ਕਾਰਜਪ੍ਰਣਾਲੀ ਮੁਤਾਬਕ ਫ੍ਰੀ ਫਲੋਟ ਵਜੋਂ ਨਾਮਜ਼ਦ ਨਹੀਂ ਕੀਤਾ ਜਾਣਾ ਚਾਹੀਦਾ ਹੈ। ਇਸ ਅੜੀਅਲ ਰਵੱਈਏ ਨੇ ਅਡਾਨੀ ਸਮੂਹ ਦੀਆਂ ਸਕਿਓਰਿਟੀਜ਼ ਨੂੰ ਮਿਲੇ ਫ੍ਰੀ ਫਲੋਟ ਸਟੇਟਸ ਦੀ ਨਜ਼ਰਸਾਨੀ ਦੀ ਮੰਗ ਨੂੰ ਹਵਾ ਦਿੱਤੀ ਹੈ।’’ਅਮਰੀਕਾ ਅਧਾਰਿਤ ਸ਼ਾਰਟ ਸੈੱਲਰ (ਡਿੱਗ ਰਹੇ ਸ਼ੇਅਰਾਂ ’ਚ ਨਿਵੇਸ਼ ਦੀ ਸਲਾਹ ਦੇਣ ਵਾਲੀ) ਫਰਮ ਹਿੰਡਨਬਰਗ ਵੱਲੋਂ 24 ਜਨਵਰੀ ਨੂੰ ਜਾਰੀ ਰਿਪੋਰਟ ਮਗਰੋਂ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰ ਮੂਧੇ ਮੂੰਹ ਹੋ ਗਏ ਸਨ। ਕੰਪਨੀਆਂ ਦੇ ਸ਼ੇਅਰਾਂ ਨੂੰ ਇਕੋ ਦਿਨ ਵਿੱਚ 35 ਫੀਸਦ ਦਾ ਖੋਰਾ ਲੱਗਾ ਸੀ ਤੇ ਸਮੂਹ ਦੀ ਕਮਾਈ ਅੱਧੀ ਰਹਿ ਗਈ ਸੀ।
ਸਮੂਹ ਨੂੰ ਹੁਣ ਤੱਕ 9.4 ਲੱਖ ਕਰੋੜ ਰੁਪਏ ਦਾ ਖੋਰਾ
ਬਰੋਕਰੇਜ ਸਟਾਕਸਬਾਕਸ ਵਿੱਚ ਹੈੱਡ ਆਫ ਰਿਸਰਚ ਮਨੀਸ਼ ਚੌਧਰੀ ਨੇ ਕਿਹਾ ਕਿ ਸਮੂਹ ਦੇ ਸ਼ੇਅਰਾਂ ਨੂੰ 24 ਜਨਵਰੀ ਤੋਂ ਹੁਣ ਤੱਕ 9.4 ਲੱਖ ਕਰੋੜ ਜਾਂ 49 ਫੀਸਦ ਦਾ ਖੋਰਾ ਲੱਗਾ ਹੈ। ਬੀਐੱਸਈ ਵਿੱਚ ਅਡਾਨੀ ਇੰਟਰਪ੍ਰਾਈਜ਼ਿਜ਼ ਦੇ ਸ਼ੇਅਰ 10.72 ਫੀਸਦ ਦੇ ਨੁਕਸਾਨ ਨਾਲ ਪ੍ਰਤੀ ਸ਼ੇਅਰ 1927.30 ਰੁਪਏ ਦੇ ਪੱਧਰ ਨੂੰ ਪੁੱਜ ਗਏ। ਸ਼ੇਅਰ ਡਿੱਗਣ ਨਾਲ ਕੰਪਨੀ ਨੂੰ 26,373.92 ਕਰੋੜ ਰੁਪਏ ਦਾ ਨੁਕਸਾਨ ਹੋਇਆ। ਐੱਚਡੀਐੱਫਸੀ ਵਿੱਚ ਹੈੱਡ ਰਿਟੇਲ ਰਿਸਰਚ ਨੇ ਦੀਪਕ ਜਸਾਨੀ ਨੇ ਕਿਹਾ ਕਿ ਐੱਮਐੱਸਸੀਆਈ ਦੇ ਫੈਸਲੇ ਮਗਰੋਂ ਅਡਾਨੀ ਸਮੂਹ ਦੀਆਂ ਕੰਪਨੀਆਂ ਦਾ ਮਾਰਕੀਟ ਪੂੰਜੀ ਸੰਗ੍ਰਹਿ ਡਿੱਗ ਗਿਆ। ਅਡਾਨੀ ਪੋਰਟਸ ਤੇ ਸਪੈਸ਼ਲ ਇਕਨਾਮਿਕ ਜ਼ੋਨ ਦੇ ਸ਼ੇਅਰ 2.90 ਫੀਸਦ ਡਿੱਗੇ ਤੇ ਕੰਪਨੀ ਨੂੰ 3758.64 ਕਰੋੜ ਰੁਪਏ ਦਾ ਚੂਨਾ ਲੱਗਾ। ਅਡਾਨੀ ਪਾਵਰ, ਅਡਾਨੀ ਟਰਾਂਸਮਿਸ਼ਨ, ਅਡਾਨੀ ਗ੍ਰੀਨ ਐਨਰਜੀ ਤੇ ਅਡਾਨੀ ਟੋਟਲ ਗੈਸ ਦੇ ਸ਼ੇਅਰ 5-5 ਫੀਸਦ ਤੱਕ ਡਿੱਗ ਗਏ। ਇਸੇ ਤਰ੍ਹਾਂ ਅੰਬੂਜਾ ਸੀਮਿੰਟ ਦੇ ਸ਼ੇਅਰ 6.86 ਫੀਸਦ, ਐੱਨਡੀਟੀਵੀ ਦੇ 4.98 ਫੀਸਦ ਤੇ ਏਸੀਸੀ ਦੇ 2.91 ਫੀਸਦ ਤੱਕ ਹੇਠਾਂ ਆਏ। ਇਸ ਰੁਝਾਨ ਤੋਂ ਉਲਟ ਅਡਾਨੀ ਵਿਲਮਰ ਦੇ ਸ਼ੇਅਰਾਂ ਵਿੱਚ 5 ਫੀਸਦ ਦਾ ਉਛਾਲ ਵੇਖਣ ਨੂੰ ਮਿਲਿਆ।