ਲਲਿਤ ਮੋਹਨ ਪਾਠਕ, ਕੁਲਜੀਤ ਸਰਹਾਲ ਅਤੇ ਸਤਨਾਮ ਜਲਾਲਪੁਰ ਨੇ ਬੂਟੇ ਲਗਾ ਕੇ ਵਾਤਾਵਰਨ ਹਰਿਆ ਭਰਿਆ ਬਣਾਉਣ ਦਾ ਦਿੱਤਾ ਸੰਦੇਸ਼
ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਸਾਡਾ ਵਾਤਾਵਰਣ ਸਵੱਛ ਬਣ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਣ- ਮਹਾਂਉਤਸਵ ਮੌਕੇ ਬੂਟੇ ਲਗਾਉਣ ਸਮੇਂ ਗੱਲਬਾਤ ਕਰਦਿਆਂ ਕੀਤਾ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਮੌਸਮ ਵਿੱਚ ਤਬਦੀਲੀਆਂ ਆ ਰਹੀਆਂ ਹਨ ਉਹ ਮਨੁੱਖ ਵੱਲੋਂ ਤੇਜੀ ਨਾਲ ਕੀਤੀ ਗਈ ਦਰੱਖਤਾਂ ਦੀ ਕਟਾਈ ਕਾਰਨ ਹੀ ਹਨ, ਇਸ ਲਈ ਸਾਡਾ ਫਰਜ ਬਣਦਾ ਹੈ ਕਿ ਮੌਸਮ ਵਿੱਚ ਸਮਾਨਤਾ ਲਿਆਉਣ ਵਾਸਤੇ ਵੱਧ ਤੋਂ ਵੱਧ ਬੂਟੇ ਲਗਾਈਏ ਅਤੇ ਉਨਾਂ ਦੀ ਸੰਭਾਲ ਵੀ ਕਰੀਏ। ਉਹਨਾਂ ਕਿਹਾ ਕਿ ਕੇਵਲ ਬੂਟੇ ਲਗਾਉਣ ਨਾਲ ਹੀ ਸਾਡੀ ਜਿੰਮੇਵਾਰੀ ਪੂਰੀ ਨਹੀਂ ਹੁੰਦੀ ਸਗੋਂ ਬੂਟੇ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਨਾ ਵੀ ਸਾਡੀ ਹੀ ਜਿੰਮੇਵਾਰੀ ਬਣਦੀ ਹੈ ਤਾਂ ਜੋ ਇਹ ਬੂਟੇ ਵੱਡੇ ਹੋ ਕੇ ਦਰਖਤਾਂ ਦਾ ਰੂਪ ਧਾਰ ਸਕਣ ਅਤੇ ਸਾਡੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਈ ਰੱਖਣ। ਉਹਨਾਂ ਨੇ ਕਿਹਾ ਕਿ ਅੱਜ ਇਸ ਵਣ- ਮਹਾਂਉਤਸਵ ਮੌਕੇ ਸ਼ੁਰੂ ਕੀਤੀ ਗਈ ਬੂਟੇ ਲਗਾਉਣ ਦੀ ਮੁਹਿਮ ਵਿੱਚ ਸਾਰੇ ਵਰਗਾਂ ਦੇ ਲੋਕਾਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਕਿਉਂਕਿ ਬੂਟੇ ਲਗਾ ਕੇ ਹੀ ਅਸੀਂ ਆਪਣੇ ਵਾਤਾਵਰਣ ਨੂੰ ਬਚਾ ਸਕਦੇ ਹਾਂ। ਉਹਨਾਂ ਨੌਜਵਾਨ ਵਰਗ ਨੂੰ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਸੱਦਾ ਵੀ ਦਿੱਤਾ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਅੰਦਰ ਲੱਖਾਂ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਜਿਸ ਤਹਿਤ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਵਿੱਚ ਵੱਡੀ ਪੱਧਰ ਤੇ ਬੂਟੇ ਲਗਾਏ ਜਾ ਰਹੇ ਹਨ। ਉਹਨਾਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਇਸ ਮੁਹਿਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਅਤੇ ਸਾਡੀ ਧਰਤੀ ਨੂੰ ਮੁੜ ਤੋਂ ਹਰਿਆ ਭਰਿਆ ਬਣਾਉਣ ਵਿੱਚ ਆਪਣਾ ਯੋਗਦਾਨ ਦੇਣ। ਇਸ ਮੌਕੇ ਤੇ ਐਸ ਡੀ ਐਮ ਨਵਾਂਸ਼ਹਿਰ ਡਾ. ਅਕਸਿਤਾ ਗੁਪਤਾ, ਐਸ ਡੀ ਐਮ ਬਲਾਚੌਰ ਰਵਿੰਦਰ ਬਾਂਸਲ,ਚੇਅਰਮੈਨ ਯੋਜਨਾ ਬੋਰਡ ਸਤਨਾਮ ਸਿੰਘ ਜਲਾਲਪੁਰ,ਹਲਕਾ ਇੰਚਾਰਜ ਨਵਾਂ ਸ਼ਹਿਰ ਲਲਿਤ ਮੋਹਨ ਪਾਠਕ, ਹਲਕਾ ਇੰਚਾਰਜ ਬੰਗਾ ਕੁਲਜੀਤ ਸਰਹਾਲਵੱਲੋਂ ਵੀ ਬੂਟੇ ਲਗਾ ਕੇ ਸਾਰਿਆਂ ਨੂੰ ਇਸ ਮੁਹਿਮ ਵਿੱਚ ਜੁੜਨ ਦਾ ਸੰਦੇਸ਼ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly