•ਰਵਿੰਦਰ
(ਸਮਾਜ ਵੀਕਲੀ)- ਭਾਜਪਾ ਵੱਲੋਂ ਉੱਤਰ ਪ੍ਰਦੇਸ਼ ਤੇ ਅਸਾਮ ’ਚ ਕਨੂੰਨ ਪਾਸ ਕਰਕੇ ਦੋ ਤੋਂ ਵੱਧ ਬੱਚੇ ਪੈਦਾ ਕਰਨ ਵਾਲ਼ੇ ਪਰਿਵਾਰਾਂ ਨੂੰ ਕਈ ਸਹੂਲਤਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਇਹਨਾਂ ਕਨੂੰਨਾਂ ਦਾ ਇੱਕ ਨਿਸ਼ਾਨਾ ਰਾਸ਼ਟਰੀ ਸਵੈਸੇਵਕ ਸੰਘ ਤੇ ਭਾਜਪਾ ਵੱਲੋਂ ਪਾਈਆਂ ਜਾ ਰਹੀਆਂ ਫਿਰਕੂ ਲੀਹਾਂ ਨੂੰ ਹੋਰ ਗੂੜਾ ਕਰਨਾ ਹੈ, ਕਿਉਂਕਿ ਨਾਲ਼ ਹੀ ਇਹ ਸੰਘੀ ਟੋਲਾ ਇਹ ਪ੍ਰਚਾਰ ਰਿਹਾ ਹੈ ਕਿ ਵੱਧ ਬੱਚੇ ਪੈਦਾ ਕਰਨ ਵਿੱਚ ਮੁਸਲਮਾਨ ਮੋਹਰੀ ਹਨ। ਇਸ ਤਰ੍ਹਾਂ ਇਹਨਾਂ ਕਨੂੰਨਾਂ ਦਾ ਇੱਕ ਮਕਸਦ ਮੁਸਲਿਮ ਅਬਾਦੀ ਨੂੰ ਨਿਸ਼ਾਨਾ ਬਣਾਉਣਾ, ਉਹਨਾਂ ਖਿਲਾਫ ਤੁਅੱਸਬ ਤੇ ਨਫਰਤ ਪੈਦਾ ਕਰਨਾ ਹੈ। ਆਮ ਲੋਕਾਂ ਦੇ ਦਿਮਾਗ ਇਸ ਧਾਰਨਾ ਨਾਲ਼ ਲੈਸ ਕੀਤੇ ਗਏ ਹਨ ਕਿ ਮੁਸਲਿਮ ਭਾਈਚਾਰੇ ਵਿੱਚ ਇੱਕ ਤੋਂ ਜ਼ਿਆਦਾ ਪਤਨੀਆਂ ਹੁੰਦੀਆਂ ਹਨ ਅਤੇ ਉਹ ਬਹੁਤ ਬੱਚੇ ਪੈਦਾ ਕਰਦੇ ਹਨ। ਇਹ ਧਾਰਨਾ ਕਦੋਂ ਤੋਂ ਤੇ ਕਿੱਥੋਂ ਲੋਕਾਂ ਦੇ ਦਿਮਾਗਾਂ ਵਿੱਚ ਘਰ ਕਰ ਗਈ ਜਾਂ ਇੱਕ ਖਾਸ ਏਜੰਡੇ ਤਹਿਤ ਕਿਵੇਂ ਇਸ ਨੂੰ ਲੋਕਾਂ ਦੇ ਦਿਮਾਗਾਂ ਵਿੱਚ ਬਿਠਾਇਆ ਗਿਆ ਹੈ? ਇਹ ਧਾਰਨਾ ਸੱਚੀ ਹੈ ਜਾਂ ਕੋਈ ਘੜਿਆ ਹੋਇਆ ਝੂਠ ਹੈ? ਇਸ ਬਾਰੇ ਹੀ ਤੱਥਾਂ ਦੇ ਅਧਾਰ ’ਤੇ ਗੱਲ ਕਰਾਂਗੇ।
2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਵਿੱਚ 17.2 ਕਰੋੜ ਅਬਾਦੀ ਮੁਸਲਿਮ ਭਾਈਚਾਰੇ ਦੀ ਹੈ ਜੋ ਕਿ ਕੁੱਲ ਅਬਾਦੀ ਦਾ 14.2% ਅਤੇ 96.6 ਕਰੋੜ ਹਿੰਦੂ ਭਾਈਚਾਰੇ ਦੀ ਅਬਾਦੀ ਹੈ, ਜੋ ਕਿ ਕੁੱਲ ਅਬਾਦੀ ਦਾ 80% ਬਣਦੀ ਹੈ। ਦੂਜਾ ਭਾਰਤ ਦੀ ਅਬਾਦੀ ਵਿੱਚ 51.96% ਮਰਦ ਹਨ ਅਤੇ 48.04% ਔਰਤਾਂ ਹਨ, ਇਹਨਾਂ ਦੋਹਾਂ ਤੱਥਾਂ ਤੋਂ ਇਹ ਗੱਲ ਸੱਪਸ਼ਟ ਹੋ ਜਾਂਦੀ ਹੈ ਕਿ ਸਾਡੇ ਦੇਸ਼ ਵਿੱਚ ਬਹੁਗਿਣਤੀ ਹਿੰਦੂ ਹਨ ਅਤੇ ਔਰਤਾਂ ਦੇ ਮੁਕਾਬਲੇ ਮਰਦਾਂ ਦੀ ਗਿਣਤੀ ਜ਼ਿਆਦਾ ਹੈ। 2011 ਦੀ ਜਨਗਣਨਾ ਦੇ ਅਨੁਸਾਰ 1000 ਬੰਦਿਆਂ ਪਿੱਛੇ 943 ਔਰਤਾਂ ਹਨ, ਕੀ ਇਹਨਾਂ ਤੱਥਾਂ ਨੇ ਸਾਡੇ ਦਿਮਾਗਾਂ ਵਿੱਚ ਬੈਠੀ ਧਾਰਨਾ ’ਤੇ ਜ਼ਰਾ ਜਿੰਨੀ ਵੀ ਸੱਟ ਨਹੀਂ ਮਾਰੀ! ਜੇ ਬੰਦੇ ਜ਼ਿਆਦਾ ਹਨ, ਔਰਤਾਂ ਘੱਟ ਤਾਂ ਬਿਨਾਂ ਸ਼ੱਕ ਬਹੁਤ ਸਾਰੇ ਮਰਦ ਬਿਨਾਂ ਵਿਆਹ ਤੋਂ ਰਹਿੰਦੇ ਹੋਣਗੇ, ਜੇ ਮੁਸਲਿਮ ਭਾਈਚਾਰੇ ਵਿੱਚ ਬੰਦੇ ਇੱਕ ਤੋਂ ਜ਼ਿਆਦਾ ਔਰਤਾਂ ਨਾਲ਼ ਵਿਆਹ ਕਰਵਾਉਂਦੇ ਹਨ ਤਾਂ ਉਹਨਾਂ ਵਿੱਚ ਬਿਨਾਂ ਵਿਆਹ ਤੋਂ ਖਾਸੇ ਬੰਦੇ ਹੋਣਗੇ ਹੀ! ਕਿਉਂਕਿ ਔਰਤਾਂ ਗਿਣਤੀ ਵਿੱਚ ਬੰਦਿਆਂ ਦੇ ਬਰਾਬਰ ਨਹੀ ਸਗੋਂ ਘੱਟ ਹੀ ਹਨ। ਜੇ ਇਸ ਤਰ੍ਹਾਂ ਵੀ ਹੈ ਤਾਂ ਬੱਚਿਆਂ ਦੀ ਗਿਣਤੀ ਵਿੱਚ ਕੁੱਲ ’ਚ ਕੋਈ ਵਾਧਾ ਨਹੀ ਹੋਵੇਗਾ ਕਿਉਂਕਿ ਅਣਵਿਆਹੇ ਬੰਦਿਆਂ ਦੇ ਬੱਚੇ ਤਾਂ ਹੋਣੇ ਹੀ ਨਹੀਂ ਹਨ, ਕਿ ਇਹਨਾਂ ਤੱਥਾਂ ਨਾਲ਼ ਮੁਸਲਾਨਾਂ ਦੇ ਜ਼ਿਆਦਾ ਬੱਚੇ ਤੇ ਜ਼ਿਆਦਾ ਔਰਤਾਂ ਨਾਲ਼ ਵਿਆਹ ਦੀ ਧਾਰਨਾਂ ਸਿਰ ਪਰਨੇ ਨਹੀਂ ਖੜ੍ਹੀ ਹੋ ਜਾਂਦੀ।
ਚਲੋ ਹੋਰ ਤੱਥਾਂ ਦੇ ਸਹਾਰੇ ਇਸ ਧਾਰਨਾ ਨੂੰ ਪਰਖਦੇ ਹਾਂ, 1961 ਦੀ ਜਨਗਣਨਾ ਧਰਮ ਅਤੇ ਭਾਈਚਾਰੇ ਦੁਆਰਾ ਵਿਆਹਾਂ ਨੂੰ ਵੇਖਣ ਵਾਲ਼ੀ ਆਖਰੀ ਜਨਗਣਨਾ ਸੀ। ਇਸ ਜਨਗਣਨਾ ਵਿੱਚ ਇਹ ਤੱਥ ਸਾਹਮਣੇ ਆਏ ਸਨ ਕਿ ਮੁਸਲਮਾਨਾਂ ਵਿੱਚ ਬਹੁਵਿਆਹ ਦੇ ਮਾਮਲੇ ਸਭ ਤੋਂ ਘੱਟ ਸਨ, ਸਿਰਫ਼ 5.7% ਵਿੱਚ ਇਸ ਦੀ ਸੰਭਾਵਨਾ ਸੀ ਸਗੋਂ ਹਿੰਦੂਆਂ ਵਿੱਚ ਬਹੁਵਿਆਹ ਦੀ ਦਰ 5.8% ਸੀ, ਇਸ ਤੋਂ ਬਿਨਾਂ ਬੌਧ ਅਤੇ ਜੈਨ ਸਮੇਤ ਹੋਰ ਭਾਈਚਾਰੇ ਬਹੁਵਿਆਹ ਦੇ ਅਮਲ ਦੀ ਅਨੁਪਾਤਕ ਤੌਰ ’ਤੇ ਵਧੇਰੇ ਸੰਭਾਵਨਾ ਰੱਖਦੇ ਸਨ, ਬਹੁਵਿਆਹ ਦੇ ਮਾਮਲੇ ਵਿੱਚ ਸਭ ਤੋਂ ਸਿਖਰ ’ਤੇ ਆਦਿਵਾਸੀ ਸਨ, ਜਿਨ੍ਹਾਂ ਵਿੱਚੋਂ 15.25% ਬਹੁਵਿਆਹ ਵਾਲ਼ੇ ਸਨ। 1974 ਦੀ ਇੱਕ ਸਰਕਾਰੀ ਰਿਪੋਰਟ ਅਨੁਸਾਰ ਮੁਸਲਮਾਨਾਂ ਵਿੱਚ ਬਹੁਵਿਆਹ ਦਾ ਅੰਕੜਾ 5.6% ਅਤੇ ਉੱਚ ਜਾਤੀ ਦੇ ਹਿੰਦੂਆਂ ਦਾ 5.8% ਸੀ। 1993 ਵਿੱਚ ਪੂਨੇ ਦੇ ‘ਗੋਖਲੇ ਇੰਸਟੀਚਿਓਟ ਆਫ ਪਾਲੀਟਿਕਸ ਐਂਡ ਇਕਨਾਮਿਕਸ’ ਦੀ ਮਲਿਕਾ ਬੀ ਮਿਸਤਰੀ ਦੀ ਖੋਜ ਨੇ, ਜੋ ਬਾਅਦ ਵਿੱਚ ਜੌਨ ਦਿਆਲ ਦੁਆਰਾ ਦਰਜ ਕੀਤੀ ਗਈ, ਨੇ ਇਹ ਨਤੀਜੇ ਕੱਢੇ ਕਿ ‘ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ (ਮੁਸਲਮਾਨਾਂ ਵਿੱਚ) ਬਹੁਵਿਆਹਾਂ ਦੀ ਫ਼ੀਸਦੀ ਹਿੰਦੂਆਂ ਨਾਲ਼ੋਂ ਜ਼ਿਆਦਾ ਹੈ।’
ਜ਼ਿਆਦਾ ਬੱਚਿਆਂ ਦੇ ਸਬੰਧ ਵਿੱਚ ਗੱਲ ਕਰੀਏ ਤਾਂ 2015-16 ਵਿੱਚ ਕਰਵਾਏ ਗਏ ‘ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ’ ਦੇ ਅੰਕੜੇ ਦੱਸਦੇ ਹਨ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ‘ਬੱਚੇ ਜਨਣ ਦੀ ਦਰ’ ਦਾ ਅੰਤਰ ਕਈ ਦਹਾਕਿਆਂ ਵਿੱਚ ਪਹਿਲੀ ਵਾਰ ਘਟਿਆ ਹੈ। ‘ਕੁੱਲ ਬੱਚੇ ਪੈਦਾ ਕਰਨ ਦੀ ਦਰ’ ਤੋਂ ਭਾਵ ਹੈ ਕਿ ਔਸਤ ਇੱਕ ਔਰਤ ਦੀ ਜ਼ਿੰਦਗੀ ਵਿੱਚ ਬੱਚਿਆਂ ਦੀ ਸੰਖਿਆ ਕਿੰਨੀ ਹੈ। ਇਸੇ ਅਨੁਸਾਰ, ਇਹ ਅੰਕੜਾ ਮੁਸਲਮਾਨਾਂ ਲਈ 3.4 ਬੱਚਿਆਂ ਅਤੇ ਹਿੰਦੂਆਂ ਲਈ 2.6 ਬੱਚਿਆਂ ਦਾ ਸੀ, ਦੋਨੋਂ ਭਾਈਚਾਰਿਆਂ ਵਿੱਚ ਇਹ ਫਰਕ 2005-06 ਵਿੱਚ 30.8% ਸੀ ਅਤੇ 2015-16 ਵਿੱਚ ਇਹ ਪਾੜਾ ਘਟ ਕੇ 23.8% ਹੋ ਗਿਆ ਹੈ। ਮੁਸਲਿਮ ਭਾਈਚਾਰੇ ਵਿੱਚ ਜਨਮ ਦਰ ਲਗਭਗ ਤਿੰਨ ਦਹਾਕਿਆਂ ਤੋਂ ਹਿੰਦੂਆਂ ਦੇ ਮੁਕਾਬਲੇ ਜ਼ਿਆਦਾ ਤੇਜੀ ਨਾਲ਼ ਹੇਠਾਂ ਡਿੱਗ ਰਹੀ ਹੈ ਅਤੇ ‘ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ’ ਦੇ ਅਨੁਸਾਰ ਹੀ ਮੁਸਲਮਾਨ ਭਾਈਚਾਰੇ ਵਿੱਚ ਨਵੀਂ ਪੀੜ੍ਹੀ ਪਰਿਵਾਰ ਨਿਯੋਜਨ ਨੂੰ ਤੇਜ਼ੀ ਨਾਲ਼ ਆਪਣਾ ਰਹੀ ਹੈ।
ਅਸਲ ’ਚ ਬੱਚਿਆਂ ਦੀ ਗਿਣਤੀ ਦਾ ਵੱਧ ਜਾਂ ਘੱਟ ਹੋਣਾ ਧਰਮ ਦਾ ਨਹੀਂ ਸਗੋਂ ਸਮਾਜਿਕ-ਆਰਥਿਕ ਹੈਸੀਅਤ ਦਾ ਮਸਲਾ ਹੈ। ਤੱਥ ਇਹ ਹੈ ਕਿ ਗਰੀਬ ਅਬਾਦੀ ਵਿੱਚ ਬੱਚੇ ਜੰਮਣ ਦੀ ਦਰ ਵੱਧ ਹੁੰਦੀ ਹੈ, ਭਾਵੇਂ ਉਹ ਕਿਸੇ ਵੀ ਧਰਮ ਤੋਂ ਹੋਵੇ। ਇਸਦਾ ਇੱਕ ਕਾਰਨ ਜਿੱਥੇ ਅਗਿਆਨਤਾ ਤੇ ਸੱਭਿਆਚਾਰਕ ਪਛੜੇਵਾਂ ਹੈ ਉੱਥੇ ਜ਼ਿੰਦਗੀ ਦੀ ਅਸੁਰੱਖਿਆ ਵੀ ਅਹਿਮ ਕਾਰਕ ਹੈ। ਬੁਨਿਆਦੀ ਸਾਧਨਾਂ, ਸਹੂਲਤਾਂ ਦੀ ਘਾਟ ਕਾਰਨ ਗਰੀਬ ਅਬਾਦੀ ਵਿੱਚ ਬੱਚਿਆਂ ਦੀ ਮੌਤ ਦਰ ਵੀ ਵੱਧ ਹੈ, ਇਸ ਕਰਕੇ ਬੱਚਿਆਂ ਦੇ ਮਾਮਲੇ ਵਿੱਚ ਇਹ ਅਨਿਸ਼ਚਿਤਤਾ ਹੁੰਦੀ ਹੈ ਕਿ ਕਿੰਨੇ ਬੱਚੇ ਜਿਉਂਦੇ ਰਹਿਣਗੇ, ਜੋ ਕਿ ਵੱਧ ਬੱਚੇ ਪੈਦਾ ਕਰਨ ਦਾ ਇੱਕ ਕਾਰਨ ਬਣਦੀ ਹੈ। ਇਹ ਵੀ ਤੱਥ ਹੈ ਕਿ ਭਾਰਤ ਵਿੱਚ ਮੁਸਲਮਾਨਾਂ ਵਿੱਚ ਗਰੀਬ ਦੀ ਦਰ ਹਿੰਦੂਆਂ ਦੇ ਮੁਕਾਬਲੇ ਕਾਫੀ ਕਾਫੀ ਉੱਚੀ ਹੈ। ਇਹ ਵੱਧ ਗ਼ਰੀਬੀ ਹੀ ਉਹਨਾਂ ਵਿੱਚ ਜਨਮ ਦਰ ਵੱਧ ਹੋਣ ਦਾ ਕਾਰਨ ਹੈ, ਜਿਹੜੀ ਕਿ ਹੁਣ ਤੇਜੀ ਨਾਲ਼ ਘਟ ਰਹੀ ਹੈ। ਮੁਸਲਿਮ ਅਬਾਦੀ ਦੀ ਬਹੁਗਿਣਤੀ ਗਰੀਬੀ ਵਿੱਚ ਜਿਉਂਦੀ ਹੈ ਤੇ ਜਿੱਥੇ ਕਿਤੇ ਗਰੀਬ ਮੁਸਲਿਮ ਬਹੁਗਿਣਤੀ ਵਾਲ਼ਾ ਇਲਾਕਾ ਹੋਵੇ ਉੱਥੋਂ ਕੋਈ ਇਸ ਭਰਮ ਦਾ ਸ਼ਿਕਾਰ ਹੋ ਸਕਦਾ ਹੈ ਕਿ ਮੁਸਲਮਾਨ ਵੱਧ ਬੱਚੇ ਪੈਦਾ ਕਰਦੇ ਹਨ, ਪਰ ਜੇ ਉਸੇ ਪੱਧਰ ਦੀ ਗਰੀਬੀ ਵਿੱਚ ਰਹਿਣ ਵਾਲ਼ੇ ਹੋਰ ਧਰਮਾਂ ਦੇ ਲੋਕਾਂ ਵਿੱਚ ਜਾਕੇ ਦੇਖੀਏ ਤਾਂ ਤਸਵੀਰ ਕੋਈ ਵੱਖਰੀ ਨਹੀਂ ਦਿਸਦੀ।
ਹੁਣ ਇਸ ’ਤੇ ਗੱਲ ਕਰਦੇ ਆ ਕਿ ਸਮਾਜ ਵਿੱਚ ਇਸ ਗ਼ਲਤ ਧਾਰਨਾ ਨੂੰ ਕੌਣ ਪੱਕੇ ਪੈਰੀਂ ਕਰ ਰਿਹਾ ਹੈ, ਕਿ ‘ਹਿੰਦੂਆਂ ਨੂੰ ਖਤਰਾ ਹੈ’, ‘ਹਿੰਦੂ ਘੱਟ ਗਿਣਤੀ ਰਹਿ ਜਾਣਗੇ’, ‘ਉਹਨਾਂ ਨੂੰ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਹਨ’, ‘ਮੁਸਲਿਮ ਜ਼ਿਆਦਾ ਬੱਚੇ ਪੈਦਾ ਕਰਕੇ ਸੱਤ੍ਹਾ ’ਤੇ ਕਾਬਜ ਹੋਣਾ ਚਾਹੰੁਦੇ ਹਨ’ ਆਦਿ ਨਫ਼ਰਤੀ ਗੱਲਾਂ ਕੌਣ ਦੂਜੇ ਧਾਰਮਿਕ ਭਾਈਚਾਰਿਆਂ ਖਿਲਾਫ਼ ਸਾਡੇ ਸਮਾਜ ਵਿੱਚ ਜ਼ਹਿਰ ਵਾਂਗੂੰ ਫੈਲਾ ਰਿਹਾ ਹੈ? ਆਉ ਕੁੱਝ ਬਿਆਨ ਦੇਖਦੇ ਹਾਂ :-
ੳ) ਸ਼ਾਕਸੀ ਮਹਾਰਾਜ – “ਚਾਰ ਪਤਨੀਆਂ ਅਤੇ ਚਾਲੀ ਬੱਚਿਆਂ ਦੀ ਧਾਰਨਾ ਭਾਰਤ ਵਿੱਚ ਕੰਮ ਨਹੀਂ ਕਰੇਗੀ, ਪਰ ਹੁਣ ਸਮਾਂ ਆ ਗਿਆ ਹੈ ਕਿ ਹਰ ਹਿੰਦੂ ਔਰਤ ਨੂੰ ਘੱਟੋ-ਘੱਟ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਹਿੰਦੂ ਧਰਮ ਦੀ ਰੱਖਿਆ ਕੀਤੀ ਜਾ ਸਕੇ”।
ਅ) ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਲਖਨਊ ਵਿੱਚ ਹਿੰਦੂਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਦਾ ਹੁਕਮ ਦਿੱਤਾ ਹੈ।
ੲ) ਇਲਾਹਾਬਾਦ ਵਿੱਚ ਸਾਧੂਆਂ ਦੇ ਇਕੱਠ ਦੌਰਾਨ, ‘ਸਰਸਵਤੀ’ ਨੇ ਹਿੰਦੂ ਜੋੜਿਆਂ ਨੂੰ 10 ਬੱਚੇ ਪੈਦਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ਼ ਹਿੰਦੂਆਂ ਦੀ ਨਸਲ ਬਚੇਗੀ। ਸਰਸਵਤੀ ਨੇ ਕਿਹਾ, “10 ਬੱਚੇ ਪੈਦਾ ਕਰੋ ਤਾਂ ਜੋ ਹਿੰਦੂ ਧਰਮ ਘੱਟ ਗਿਣਤੀ ਨਾ ਬਣ ਜਾਵੇ”।
ਸ) ਯੂ. ਐੱਨ. ਮੁਖਰਜੀ ਨੇ 1908 ਵਿੱਚ ਇੱਕ ਕਿਤਾਬ ਲਿਖੀ ਜਿਸਦਾ ਸਿਰਲੇਖ ਹੈ ‘ਹਿੰਦੂ: ਏ ਡਾਇੰਗ ਰੇਸ’। ਜਿਵੇਂ ਸਿਰਲੇਖ ਤੋਂ ਪਤਾ ਲੱਗਦਾ ਹੈ ਕਿ ਇਸ ਕਿਤਾਬ ਨੇ ਭਾਰਤ ਵਿੱਚ ਹਿੰਦੂਆਂ ਦੀ ਇੱਕ ਮਰ ਰਹੇ ਭਾਈਚਾਰੇ ਵਾਲ਼ੀ ਤਸਵੀਰ ਬਣਾਈ ਹੈ। ਕਈ ਹਿੰਦੂ ਜਥੇਬੰਦੀਆਂ ਦੁਆਰਾ ਕਿਤਾਬ ਦੀ ਪ੍ਰਸ਼ੰਸਾ ਕੀਤੀ ਗਈ ਸੀ। ਕਿਤਾਬ ਦੇ ਪ੍ਰਕਾਸ਼ਨ ਤੋਂ ਅਗਲੇ 111 ਸਾਲਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਭਵਿੱਖਬਾਣੀਆਂ ਲੇਖਕ ਦੀ ਘਟੀਆ ਕਲਪਨਾ ਤੋਂ ਬਿਨਾਂ ਕੁੱਝ ਵੀ ਨਹੀਂ ਸਨ। ਉਸ ਤੋਂ ਬਾਅਦ ਦੇ ਦਸ ਦਹਾਕਿਆਂ ਵਿੱਚ ਦੇਸ਼ ਵਿੱਚ ਹਿੰਦੂਆਂ ਦੀ ਅਬਾਦੀ ਪੰਜ ਗੁਣਾ ਵਧ ਗਈ ਹੈ, ਜੋ ਕਿ 20 ਕਰੋੜ ਤੋਂ ਵਧ ਕੇ ਹੁਣ ਲਗਭਗ 100 ਕਰੋੜ ਹੋ ਗਈ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲਗਭਗ ਤਿੰਨ ਦਹਾਕਿਆਂ ਤੋਂ ਮੁਸਲਿਮ ਭਾਈਚਾਰੇ ਦੀ ਗਿਣਤੀ ਹਿੰਦੂਆਂ ਦੇ ਮੁਕਾਬਲੇ ਤੇਜੀ ਨਾਲ਼ ਘਟ ਰਹੀ ਹੈ। ਪਰ ਸਰਕਾਰ ਅਤੇ ਵਿਦਵਾਨਾਂ ਦੁਆਰਾ ਇਸ ਸੱਚਾਈ ਨੂੰ ਦੱਸਣ ਅਤੇ ਮੁਸਲਮਾਨਾਂ ਬਾਰੇ ਮਿੱਥਾਂ ਨੂੰ ਦੂਰ ਕਰਨ ਦੇ ਯਤਨ ਕਿਤੇ ਦਿਖਾਈ ਨਹੀਂ ਦਿੰਦੇ। ਇਹ ਬਿਆਨ ਫਾਸਿਸਟ ਜਥੇਬੰਦੀਆਂ ਅਤੇ ਉਹਨਾਂ ਦੇ ਆਗੂਆਂ ਦੁਆਰਾ ਦਿੱਤੇ ਗਏ ਹਨ, ਜੋ ਔਰਤਾਂ ਦੀ ਹੋਂਦ ਨੂੰ ਸਿਰਫ਼ ਤੇ ਸਿਰਫ਼ ਬੱਚੇ ਪੈਦਾ ਕਰਨ ਦੀ ਮਸ਼ੀਨ ਦੇ ਤੌਰ ’ਤੇ ਦੇਖਦੇ ਹਨ, ਦੂਜਾ ਹਿੰਦੂ ਰਾਸ਼ਟਰ ਬਣਾਉਣ ਲਈ ਮੁਸਲਿਮ ਭਾਈਚਾਰੇ ਖਿਲਾਫ਼ ਨਫ਼ਰਤ ਅਤੇ ਝੂਠੀਆਂ ਧਾਰਨਾਵਾਂ ਦਾ ਵੱਡੇ ਪੱਧਰ ’ਤੇ ਪ੍ਰਚਾਰ ਕਰਦੇ ਹਨ। ਇਸ ਪ੍ਰਚਾਰ ਲਈ ਕਰੋੜਾਂ ਰੁਪਏ ਖਰਚਣਾ ਅਤੇ ਸੋਸ਼ਲ ਮੀਡੀਆ ਤੋਂ ਲੈ ਸਿਆਸੀ ਮੰਚਾਂ ’ਤੇ ਮੁਸਲਿਮ ਵਿਰੋਧੀ ਅਤੇ ਔਰਤ ਵਿਰੋਧੀ ਟਿੱਪਣੀਆਂ ਇਹਨਾਂ ਦੀ ਕਾਰਜਸ਼ੈਲੀ ਦਾ ਹਿੱਸਾ ਹਨ।
ਹਿੰਦੂ ਰਾਸ਼ਟਰ ਬਣਾਉਣ ਦੀਆਂ ਵਿਉਤਾਂ ਬਣਾਉਣ ਵਾਲ਼ੇ ‘ਕੌਮੀ ਸਵੈ ਸੇਵਕ ਸੰਘ’ ਦੇ ਮੁਸਲਮਾਨ ਵਿਰੋਧੀ ਝੂਠੇ ਪ੍ਰਚਾਰ ਨੇ ਇਹ ਤਾਂ ਸਿੱਧ ਕੀਤਾ ਹੀ ਹੈ ਕਿ ਇਹਨਾਂ ਕੋਲ਼ ਨਫ਼ਰਤ ਦੀ ਸਿਆਸਤ, ਔਰਤ ਵਿਰੋਧੀ ਮਾਨਸਿਕਤਾਂ ਤੋਂ ਬਿਨਾਂ ਹੋਰ ਕੁੱਝ ਨਹੀਂ ਹੈ ਸਗੋਂ ਇਹ ਵੀ ਦਿਖਾਇਆ ਹੈ ਕਿ ਲੋਕਾਂ ਨੂੰ ਧਾਰਮਿਕ ਭਾਈਚਾਰੇ ਦੇ ਤੌਰ ’ਤੇ ਘੱਟ ਗਿਣਤੀ ਵਿੱਚ ਰਹਿ ਜਾਣ ਦਾ ਡਰ ਫੈਲਾ ਕੇ, ਹਿੰਦੂ ਅਬਾਦੀ, ਜੋ ਗ਼ਰੀਬੀ ਮੰਦਹਾਲੀ ਦੀ ਹਾਲਤ ਵਿੱਚ ਹੈ, ਨੂੰ ਰੁਜ਼ਗਾਰ, ਉਹਨਾਂ ਦੇ ਬੱਚਿਆਂ ਨੂੰ ਸਿੱਖਿਆ, ਸਿਹਤ ਸੂਹਲਤਾਂ ਆਦਿ ਦੀ ਪੱਕੀ ਗਰੰਟੀ ਦੇਣ ਦੀ ਥਾਂ ਸਗੋਂ ਧਰਮਾਂ, ਨਫਰਤਾਂ ਦੀਆਂ ਸੌੜੀਆਂ ਵਲਗਣਾ ਵਿੱਚ ਹੀ ਡੱਕ ਦੇਣਾ ਚਾਹੰੁਦੇ ਹਨ ਇਸ ਤਰ੍ਹਾਂ ਇਹ ਕੱਟੜਪੰਥੀ ਜਥੇਬੰਦੀਆਂ ਆਪਣੇ ਲੋਕ ਵਿਰੋਧੀ ਖਾਸੇ ਨੂੰ ਸ਼ਰ੍ਹੇਆਮ ਪੇਸ਼ ਕਰਦੀਆਂ ਹਨ ਅਤੇ ਲੋਕਾਂ ਦੀ ਜਮਾਤੀ ਚੇਤਨਾ ਨੂੰ ਖੁੰਢਾ ਕਰਨ ਦਾ ਕੰਮ ਕਰਦੀਆਂ ਹਨ।
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 10, ਅੰਕ 13 – 16 ਤੋਂ 31 ਅਗਸਤ 2021 ਵਿੱਚ ਪ੍ਰਕਾਸ਼ਿਤ