ਮੂਸੇਵਾਲਾ ਕੇਸ: ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਪੁੱਛ-ਪੜਤਾਲ ਲਈ ਸੱਦਿਆ

ਮਾਨਸਾ (ਸਮਾਜ ਵੀਕਲੀ) : ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਤਹਿਤ ਪੁਲੀਸ ਨੇ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਨੂੰ ਪੁੱਛ-ਪੜਤਾਲ ਲਈ ਸੱਦਿਆ ਹੈ। ਮਾਨਸਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਗਾਇਕਾਂ ਨੂੰ ਮਾਨਸਾ ’ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਨੇ ਗਾਇਕਾਂ ਨੂੰ ਵੱਖ-ਵੱਖ ਤਰੀਕਾਂ ’ਤੇ ਸੱਦਿਆ ਹੈ ਜਿਨ੍ਹਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਹੈ। ਗਾਇਕਾਂ ਤੋਂ ਇਲਾਵਾ ਪੁਲੀਸ ਨੇ ਸੰਗੀਤ ਨਿਰਦੇਸ਼ਕ ਨਿਸ਼ਾਨ ਸਿੰਘ, ਜੋ ਕਿ ਇੱਕ ਸੀਨੀਅਰ ਪੁਲੀਸ ਅਧਿਕਾਰੀ ਦਾ ਪੁੱਤਰ ਦੱਸਿਆ ਗਿਆ ਹੈ ਤੇ ਬਾਵਾ ਸੰਧੂ, ਜੋ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਜ਼ਦੀਕੀ ਹੈ, ਨੂੰ ਵੀ ਤਲਬ ਕੀਤਾ ਹੈ।

ਇਸ ਤੋਂ ਇਲਾਵਾ ਮੁਕਤਸਰ ਜ਼ਿਲ੍ਹੇ ਦੇ ਪਿੰਡ ਭੰਗਚੜੀ ਦੇ ਦੋ ਜਣਿਆਂ ਨੂੰ ਵੀ ਸੱਦਿਆ ਗਿਆ ਹੈ। ਪੁਲੀਸ ਨੇ ਮਰਹੂਮ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਨੂੰ ਵੀ ਸੱਦਿਆ ਸੀ ਤੇ ਉਹ ਪਿਛਲੇ ਹਫ਼ਤੇ ਪੁਲੀਸ ਕੋਲ ਪੇਸ਼ ਹੋਇਆ ਸੀ। ਪੁਲੀਸ ਮੁਤਾਬਕ ਇਨ੍ਹਾਂ ਵਿਅਕਤੀਆਂ ਦੇ ਨਾਂ ਵੀ ਮੂਸੇਵਾਲਾ ਦੇ ਪਿਤਾ ਨੇ ਆਪਣੇ ਪੁੱਤਰ ਦੇ ਕਤਲ ਵਿੱਚ ਉਨ੍ਹਾਂ ਦੀ ਭੂਮਿਕਾ ਸਬੰਧੀ ਜਾਂਚ ਦੀ ਮੰਗ ਕਰਦਿਆਂ ਦਿੱਤੇ ਸਨ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਹੁਣ ਤੱਕ ਇਸ ਮਾਮਲੇ ਵਿੱਚ 36 ਲੋਕਾਂ ਨੂੰ ਮੁਲਜ਼ਮ ਵਜੋਂ ਦਰਜ ਕੀਤਾ ਹੈ ਤੇ 24 ਮੁਲਜ਼ਮਾਂ ਖ਼ਿਲਾਫ਼ 1850 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਗਾਇਕ ਮਨਕੀਰਤ ਔਲਖ ਦਾ ਨਾਂ ਪਹਿਲਾਂ ਵੀ ਕਾਫ਼ੀ ਉੱਭਰਿਆ ਸੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article2011 ਦੀ ਜਨਗਣਨਾ ਮਗਰੋਂ ਐਕਟ ਅਧੀਨ ਆਉਂਦੇ ਲੋਕਾਂ ਦੀ ਗਿਣਤੀ ਵੀ ਵਧੀ: ਭੂਸ਼ਣ
Next articleਸਪੇਨ ਨੂੰ ਹਰਾ ਕੇ ਮੋਰੱਕੋ ਪਹਿਲੀ ਵਾਰ ਵਿਸ਼ਵ ਕੁਆਰਟਰ ਫਾਈਨਲ ਵਿੱਚ ਪੁੱਜਿਆ