(ਸਮਾਜ ਵੀਕਲੀ) ਚੰਨ ਧਰਤੀ ਦਾ ਸੱਭ ਤੋਂ ਨੇੜੇ ਵਾਲਾ ਗੋਲਾ ਹੋਣ ਕਰਕੇ ਸਾਡੀ ਜੀਵਨ ਜਾਚ ਵਿੱਚ ਰਚ-ਮਿਚ ਗਿਆ ਹੈ। ਚੰਦਰਮਾ ਦਾ ਔਰਤਾਂ ਦੀ ਜ਼ਿੰਦਗੀ ਵਿੱਚ ਵਿਸ਼ੇਸ਼ ਮਹੱਤਵ ਹੈ। ਕੁਆਰੀਆਂ ਕੁੜੀਆਂ ਆਪਣੇ ਹੱਥਾਂ ਨੂੰ ਜੋੜ ਵਿਚਕਾਰਲੀਆਂ ਲਕੀਰਾਂ ਦਾ ਚੰਨ ਬਣਿਆ ਦੇਖ ਖੁਸ਼ ਹੁੰਦੀਆਂ ਕੇ ਉਨ੍ਹਾਂ ਦਾ ਸਾਥੀ ਚੰਨ ਵਰਗਾ ਹੋਵੇਗਾ। ਵਿਆਹੀਆਂ ਹੋਈਆਂ ਔਰਤਾਂ ਸਾਰਾ ਸਾਲ ਆਪਣੇ ਪਤੀ ਨੂੰ ਆਪਣੇ ਅੱਗੇ ਮਿਣ-ਮਿਣ ਕਰਦਿਆਂ ਦੇਖਣਾ ਤੇ ਕੁੱਝ ਪਤੀ ਹੱਥੋਂ ਸਾਰਾ ਸਾਲ ਜਲੀਲ ਹੁੰਦੀਆਂ ਰਹਿੰਦੀਆਂ। ਪਰ ਕਰਵਾ ਚੌਥ ਵਾਲੇ ਦਿਨ ਉਸੇ ਚੰਨ ਨੂੰ ਦੇਖ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ। ਛੋਟਾ ਬੱਚਾ ਚੰਨ ਨੂੰ ਮਾਮਾ ਬਣਾ ਲੈਂਦਾ। ਬੜੀ ਅਜੀਬ ਗੱਲ ਹੈ,ਵਿਆਹ ਤੋਂ ਪਹਿਲਾਂ ਚੰਨ ਮਹਿਬੂਬ ਲੱਗਦਾ ਤੇ ਵਿਆਹ ਤੋਂ ਬਾਅਦ ਬੱਚਿਆਂ ਦਾ ਮਾਮਾ। ਸਾਡੀਆਂ ਬੇਬੇ ਮੱਸਿਆ ਨੂੰ ਮਿੱਟੀ ਕੱਢਣ ਜਾਂਦੀਆਂ। ਔਰਤਾਂ ਦੀ ਮਾਹਵਾਰੀ ਦਾ ਸੰਬੰਧ ਵੀ ਚੰਨ ਦੀ ਸਥਿਤੀ ਨਾਲ ਹੈ।
ਜਦੋਂ ਕੋਈ ਬਹੁਤ ਦਿਨਾਂ ਬਾਅਦ ਮਿਲਦਾ ਉਸ ਨੂੰ ਕਹਿੰਦੇ ਹਨ ਤੂੰ ਤਾਂ ਯਾਰ ਈਦ ਦਾ ਚੰਨ ਹੀ ਹੋ ਗਿਆ ਅੱਜ ਕੱਲ ਦਿਖਦਾ ਹੀ ਨਹੀਂ। ਪੰਜਾਬੀ ਕਹਾਵਤਾਂ, ਅਖਾਣ ਤੇ ਮੁਹਾਵਰਿਆਂ ਵਿੱਚ ਚੰਨ ਦਾ ਜ਼ਿਕਰ ਆਮ ਹੀ ਮਿਲ ਜਾਵੇਗਾ ਜਿਵੇਂ ‘ਚਾੜ ਤਾ ਚੰਦ’ ਕਿਸੇ ਬੁਰੇ ਕਰਮ ਜਾਂ ਨੁਕਸਾਨ ਲਈ ਵਰਤਿਆ ਜਾਂਦਾ ਹੈ।
ਕਵੀਆਂ ਦਾ ਲਗਾਵ ਵੀ ਚੰਨ ਤਾਰਿਆਂ ਨਾਲ ਮਹਿਬੂਬ ਵਰਗਾ ਹੁੰਦਾ। ਸੋਚਣ ਵਾਲੀ ਗੱਲ ਹੈ ਕਿ ਰੁਮਾਂਸਵਾਦੀ ਕਵੀ ਆਪਣੀ ਕਲਪਨਾ ਵਿੱਚ ਦਾਗੀ ਚੰਨ ਵਰਗਾ ਮਹਿਬੂਬ ਲੋਚਦੇ ਨੇ। ਕਿਉਂਕਿ ਕਵੀਆਂ ਦਾ ਰੰਗ ਜਾਤ ਧਰਮ ਨਸਲ ਨਾਲ ਕੋਈ ਸੰਬੰਧ ਨਹੀਂ ਹੁੰਦਾ। ਉਹ ਤਾਂ ਬਸ ਇਕਾਂਤ ਅਤੇ ਸ਼ਾਂਤ ਮਾਹੌਲ ਚਾਹੁੰਦੇ ਹਨ।
ਚੰਨ ਚਾਨਣੀ ਰਾਤ ਮਹਿਰਮਾਂ
ਟਿਮ-ਟਿਮਾਉਂਦੇ ਤਾਰੇ
ਪਿਛਲੀ ਗਲੀ ਵਿੱਚ ਆਜਾ ਸੋਹਣਿਆਂ
ਸੌਂ ਗਏ ਪਿੰਡ ਦੇ ਸਾਰੇ।
ਇਸੇ ਕਰਕੇ ਉਹ ਧਰਤੀ ਦੇ ਸ਼ੋਰ- ਸ਼ਰਾਬੇ ਵਾਲੇ ,ਅਣਖਾਂ ਵਾਲੇ, ਧਰਮਾਂ ਵਾਲੇ, ਜਾਤਾਂ ਵਾਲੇ,ਨਸਲਾਂ ਵਾਲੇ ਇਸ ਮਾਹੌਲ ਤੋਂ ਦੂਰ ਚੰਨ ਉੱਤੇ ਝੁੱਗੀ ਪਾ ਰਹਿਣਾ ਚਾਹੁੰਦੇ ਨੇ।
ਪਰ ਜਦੋਂ ਇਸ ਰੁੱਖੇ ਸਮਾਜ ਅੱਗੇ ਮਹਿਬੂਬ ਕਵੀ ਦਾ ਕੋਈ ਜ਼ੋਰ ਨਹੀਂ ਚੱਲਦਾ ਤੇ ਉਸਦੀ ਮਹਿਬੂਬਾ ਕਿਸੇ ਹੋਰ ਨਾਲ ਵਿਆਹੀ ਜਾਂਦੀ ਹੈ ਤਾਂ ਮਹਿਬੂਬ ਕਵੀ ਹਨ੍ਹੇਰੀ ਰਾਤ ਵਿੱਚ ਉਦਾਸੀ ਦੇ ਆਲਮ ਵਿੱਚ ਗਾਉਂਦਾ ਦਿੱਸਦਾ।
ਉਹੀ ਚੰਨ ਉਹੀ ਰਾਤਾਂ ਉਹੀ ਪੂਰਵਾਈ ਏ
ਅੱਜ ਮੈਨੂੰ ਫਿਰ ਤੇਰੀ ਯਾਦ ਆਈ ਏ।
ਸਮਾਜਵਾਦੀ ਕਵੀਆਂ ਨੂੰ ਚੰਦ ਗਰੀਬ ਦੀ ਥਾਲੀ ਵਿਚ ਪਈ ਅੱਧ ਸੜੀ ਰੋਟੀ ਵਰਗਾ ਲੱਗਦਾ ਤੇ ਕਿਸੇ ਮਜ਼ਦੂਰ ਔਰਤ ਦੇ ਪੈਰਾਂ ਦੀਆਂ ਅੱਡੀਆਂ ਵਰਗਾ ਜਿੰਨ੍ਹਾਂ ਨੇ ਧਰਤੀ ਦੇ ਖੱਡੇ, ਟੋਏ ਭਰ ਸਾਰੀ ਧਰਤੀ ਨੂੰ ਹਰੀ ਭਰੀ ਅਤੇ ਖੁਸ਼ਹਾਲ ਬਣਾ ਦਿੱਤਾ।
ਰਾਜਨੀਤਿਕ ਲੋਕ ਤਾਂ ਚੰਨ ਉੱਤੇ ਪਲਾਟ ਖਰੀਦਣਾ ਚਾਹੁੰਦੇ ਨੇ। ਪਰ ਮੈਂ ਇਸ ਗੱਲ ਲਈ ਬਹੁਤ ਚਿੰਤਤ ਹਾਂ ਕਿ ਚੰਨ ਵਾਲੇ ਡੂੰਘੇ ਖੱਡੇ ਭਰੇਗਾ ਕੌਣ ? ਜਿਨ੍ਹਾਂ ਨੇ ਧਰਤੀ ਨੂੰ ਰਹਿਣ ਜੋਗਾ ਨਹੀਂ ਛੱਡਿਆ? ਉਹ ਚੰਨ ਉੱਤੇ ਨਵੀਂ ਦੁਨੀਆਂ ਵਸਾਉਣ ਲਈ ਤਤਪਰ ਨੇ।
ਜੋਤਿਸ਼ ਭਾਈਚਾਰਾ ਦੂਸਰਿਆਂ ਦੀਆਂ ਕੁੰਡਲੀਆਂ ਵਿੱਚ ਚੰਦਰਮਾ ਦੀ ਸਥਿਤੀ ਖਰਾਬ ਦੱਸ ਆਪਣੀ ਸਥਿਤੀ ਮਜ਼ਬੂਤ ਕਰ ਲੈਂਦਾ। ਕਹਿੰਦੇ ਭਗਵਾਨ ਕ੍ਰਿਸ਼ਨ ਦੀ ਕੁੰਡਲੀ ਵਿੱਚ ਚੰਦਰਮਾ ਪਹਿਲੇ ਘਰ ਵਿੱਚ ਬੈਠਾ ਸੀ ਜਿਸ ਕਰਕੇ ਉਹ ਇੰਨਾਂ ਸ਼ਾਂਤ ਅਤੇ ਚੰਚਲ ਸੀ।
ਜਵਾਰ ਭਾਟੇ ਦਾ ਸਬੰਧ ਵੀ ਚੰਨ ਦੀ ਸਥਿਤੀ ਨਾਲ ਹੈ। ਜਦੋਂ ਜਵਾਰ ਭਾਟਾ ਆਉਂਦਾ ਧਰਤੀ ਦੀ ਸਤਹਿ ਵਾਲਾ ਪਾਣੀ ਚੰਨ ਵੱਲ ਉਛਾਲਾ ਮਾਰਦਾ। ਇਸੇ ਤਰਾਂ ਸਾਡੇ ਸਰੀਰ ਅੰਦਰ 70% ਪਾਣੀ ਹੈ। ਸੁਭਾਵਿਕ ਹੈ ਕੇ ਇਹ ਵੀ ਉੱਪਰ ਨੂੰ ਉੱਛਲਦਾ ਹੈ। ਜਿਸ ਕਰਕੇ ਮਾਨਸਿਕ ਉਤਾਰ ਚੜ੍ਹਾਅ ਆਉਂਦਾ ਰਹਿੰਦਾ ਹੈ।
ਚੰਦ੍ਰਯਾਨ ਤੀਜੇ ਦੀ ਸਫ਼ਲਤਾ ਤੋਂ ਬਾਅਦ ਹਰ ਵਰਗ ਨੇ ਆਪਣੇ ਆਪਣੇ ਨੁਮਾਇੰਦੇ ਇਸ ਇਸਰੋ ਦੀ ਟੀਮ ਵਿੱਚੋਂ ਲੱਭਣੇ ਸ਼ੁਰੂ ਕਰ ਦਿੱਤੇ। ਸਿੱਖਾਂ ਨੇ ਪੱਗੜੀਧਾਰੀ ਬੰਦੇ, ਦਲਿਤਾਂ ਨੇ ਆਪਣੀ ਜਾਤ ਦੇ ਬੰਦੇ ਤੇ ਨਾਰੀਵਾਦੀ ਔਰਤਾਂ ਨੇ ਇਸਰੋ ਦੀ ਟੀਮ ਵਿੱਚ ਕੰਮ ਕਰਦੀਆਂ ਔਰਤਾਂ ਨੂੰ ਆਪਣੀ ਸ਼੍ਰੇਣੀ ਵਿੱਚ ਪਾ ਲਿਆ। ਸਾਰਿਆਂ ਨੇ ਆਪਣੇ-ਆਪਣੇ ਝੰਡੇ ਚੰਨ ਉੱਤੇ ਗੱਡ ਦਿੱਤੇ।
ਪਰ ਅਸਲੀਅਤ ਤਾਂ ਇਹ ਹੈ ਕਿ ਇਸ ਟੀਮ ਵਿੱਚ ਕੰਮ ਕਰਦੇ ਵਿਅਕਤੀ ਕੋਈ ਮਰਦ ਨਹੀਂ ਸੀ,ਕੋਈ ਔਰਤ ਨਹੀਂ ਸੀ,ਕੋਈ ਸਿੱਖ ਨਹੀਂ ਸੀ,ਕੋਈ ਕਾਮਰੇਡ ਨਹੀਂ ਸੀ ਤੇ ਨਾ ਹੀ ਕੋਈ ਹਿੰਦੂ ਸੀ। ਬੱਸ ਵਿਗਿਆਨੀ ਸੀ, ਜੋ ਕਈ ਸਾਲਾਂ ਤੋਂ ਅਣਥੱਕ ਮਿਹਨਤ ਤੇ ਤਪੱਸਿਆ ਕਰਦੇ ਆ ਰਹੇ ਸੀ। ਉਨ੍ਹਾਂ ਦਾ ਜੋਤਿਸ਼ ਵਿੱਦਿਆ ਨਾਲ ਕੋਈ ਸਬੰਧ ਨਹੀਂ ਸੀ। ਉਹਨਾਂ ਦਾ ਕਿਸੇ ਰਾਜਨੀਤਕ ਪਾਰਟੀ ਨਾਲ ਕੋਈ ਸੰਬੰਧ ਨਹੀਂ ਸੀ। ਇੱਕ ਦੂਸਰੇ ਨੂੰ ਕੰਮ ਵਿਚ ਵਿਅਸਤ ਦੇਖ ਨਾਲ ਵਾਲਾ ਸਾਥੀ ਉਸੇ ਤਰਾਂ ਆਵਾਜ਼ ਲਗਾਉਂਦਾ ਹੋਵੇਗਾ ਜਿਵੇਂ ਖੇਤ ਵਿੱਚ ਇੱਕ ਮਜ਼ਦੂਰ ਦੂਸਰੇ ਮਜ਼ਦੂਰ ਨੂੰ ਉਸ ਦਾ ਟਿਫ਼ਨ ਖੋਲ੍ਹ ਆਵਾਜ਼ ਲਗਾ ਕੇ ਕਹਿੰਦਾ ,’ਆਜਾ ਬਾਈ ਦੋ ਪ੍ਰਸ਼ਾਦੇ ਤਾਂ ਛੱਕ ਲੈ।’ ਉਹਨਾਂ ਦੇ ਚਿਹਰਿਆਂ ਤੇ ਕਦੇ ਥਕਾਵਟ ਨਹੀਂ ਹੁੰਦੀ ਹੋਵੇਗੀ ਸਗੋਂ ਹਮੇਸ਼ਾ ਆਤਮਾ -ਵਿਸ਼ਵਾਸ ਝਲਕਦਾ ਹੋਵੇਗਾ। ਇੱਕ ਦੂਜੇ ਨੂੰ ਕੰਮ ਵਿਚ ਰੁੱਝਿਆ ਦੇਖ ਆਪੋ ਵਿੱਚ ਇਕ ਦੂਜੇ ਦਾ ਮੋਢਾ ਥਪਥਪਾਉਂਦੇ ਹੋਣਗੇ। ਇੱਕ ਖ਼ੂਬਸੂਰਤ ਮੁਸਕਾਨ ਵੰਡਦੇ ਹੋਣਗੇ। ਔਰਤਾਂ ਨੂੰ ਆਪਣੇ ਸਾੜੀ ਦੇ ਪੱਲੂ ਦਾ ਕੋਈ ਫ਼ਿਕਰ ਨਹੀਂ ਹੋਵੇਗਾ।
ਚੰਦਰਮਾ ਉੱਤੇ ਲਹਿਰਾਉਂਦਾ ਝੰਡਾ ਕਿਸੇ ਦੇਸ਼ ,ਧਰਮ ,ਜਾਤ ਜਾਂ ਨਸਲ ਦਾ ਨਹੀਂ, ਬਲਕਿ ਆਤਮ-ਵਿਸ਼ਵਾਸ ,ਤਪੱਸਿਆ ਤੇ ਲਗਨ ਦਾ ਪ੍ਰਤੀਕ ਹੈ। ਇਸ ਉੱਪਰ ਕਿਸੇ ਰਾਜਨੀਤਕ ਪਾਰਟੀ ਦਾ ਕੋਈ ਹੱਕ ਨਹੀਂ। ਹੱਕ ਹੈ ਤਾਂ ਸਿਰਫ਼ ਉਨ੍ਹਾਂ ਵਿਗਿਆਨੀਆਂ ਦੀਆਂ ਕਿਤਾਬਾਂ ਦਾ, ਉਨ੍ਹਾਂ ਦੇ ਅਧਿਆਪਕਾਂ ਦਾ,ਬਚਪਨ ਵਿੱਚ ਉਨ੍ਹਾਂ ਨੂੰ ਪ੍ਰੇਰਿਤ ਕੀਤੇ ਕਿਸੇ ਵਿਅਕਤੀ ਦਾ, ਉਹ ਰਾਤਾਂ ਦਾ ਜੋ ਉਨ੍ਹਾਂ ਚੰਨ ਦੀ ਰੌਸ਼ਨੀ ਵਿੱਚ ਕਿਤਾਬਾਂ ਉੱਤੇ ਝੁਕ ਕੇ ਲੰਘਾਈਆਂ।
ਉਹਨਾਂ ਦੀ ਲਗਨ ਅਤੇ ਅਣਥੱਕ ਮਿਹਨਤ ਦਾ।
ਵਿਰਕ ਪੁਸ਼ਪਿੰਦਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly