ਮੰਮੀ ਤੁਸੀਂ ਰੋ ਕਿਉਂ ਰਹੇ ਹੋ !

ਰੰਗਮੰਚ ਕਾਰਵਾਂ (ਸਮਾਜ ਵੀਕਲੀ)-ਮਲਵਈ ਇਕ ਦੁਆਬੀਏ ਦਾ ਦਿਲ ਜਿੱਤ ਰਹੇ ਨੇ.. ਹਰ ਤਰ੍ਹਾਂ ਨਾਲ… ਖ਼ਾਤਰਦਾਰੀ ਦੇ ਪੱਖੋਂ ਵੀ.. ਤੇ ਨਾਟਕ ਨੂੰ ਸਮਝਣ ਤੇ ਪਸੰਦ ਕਰਨ ਦੇ ਪੱਖੋਂ ਵੀ..
ਪਹਿਲੇ ਦਿਨ ਤੋਂ ਹੀ, ਜਦੋਂ ਚੱਕ ਫਤਿਹ ਸਿੰਘ ਵਾਲਾ ਪਹੁੰਚਿਆ ਸੀ.. ਖਾਤਰਦਾਰੀ ਦਾ ਖ਼ਾਸ ਮਲਵਈ ਰੰਗ ਹਾਜ਼ਰ ਨਾਜ਼ਰ ਹੈ ..”ਅੱਧਾ ਗਿਲਾਸ ਦੁੱਧ ਤਾਂ ਕੁਛ ਵੀ ਨੀ ਹੁੰਦਾ.. ਪੀਣਾ ਪਊ.. ਇੱਕ ਰੋਟੀ ਤੇ ਹੋਰ ਖਾ ਲਓ.. ਸਬਜ਼ੀ ਹੋਰ ਲੈ ਲਓ… ਐਂ ਤਾਂ ਨ੍ਹੀਂ ਚੱਲਣਾ ਬਾਈ..ਬਾਈ ਤੂੰ ਰੁਕ ਜਾ.. ਮੈਂ ਗਰਮ ਪਾਣੀ ਦੀ ਬਾਲਟੀ ਬਾਥਰੂਮ ‘ਚ ਰੱਖਦਿਆਂ.. ਫਿਰ ਜਾਈਂ ਨਾਹੁਣ..ਠੰਢੇ ਨਾਲ ਕਾਹਤੋਂ ਨਾਹਏੰਗਾ..ਬਾਈ ਖੀਰ ਤਾਂ ਖਾ ਲੈ.. ਮਗਜ਼ ਬਦਾਮ ਪਾ ਕੇ ਬਣਾਈ ਐ..!”..ਇਹੀ ਸਿਲਸਿਲਾ ਕੱਲ੍ਹ ਸ਼ਾਮੀਂ ਜਾਰੀ ਰਿਹਾ, ਜਦੋਂ ਮੈਂ ਆਪਣੀ ਟੀਮ ਨਾਲ ਪਿੰਡ ਭੋਖੜਾ ਪੁੱਜਿਆ..ਮੈਂ ਸੌਣ ਲੱਗਿਆ ਸੀ ਕਿ ਸਰਪੰਚ ਬਾਈ ਦੁੱਧ ਦਾ ਗਿਲਾਸ ਲੈ ਕੇ ਹਾਜ਼ਰ ਹੋ ਗਿਆ.. ਮੇਰੇ ਢਿੱਡ ਵਿਚ ਜਮਾਂ ਜਗ੍ਹਾ ਨਹੀਂ ਸੀ.. ਸਰਪੰਚ ਬਾਈ ਕਹਿੰਦਾ, “ਬਾਈ ਇਕ ਤਾਂ ਗਲਾਸ ਐ ਸਾਰਾ..ਪੀ ਲੈ ਯਾਰ!”..ਮਤਲਬ ਜੇ ਮੈਂ ਹੱਸ ਕੇ ਹਾਂ ਕਰ ਦਿੰਦਾ ਤਾਂ ਉਹਨੇ ਭਰੇ ਹੋਏ ਗਿਲਾਸ ਨਾਲ ਇਕ ਗੜਵੀ ਭਰ ਕੇ ਦੁੱਧ ਦੀ ਹੋਰ ਰੱਖ ਦੇਣੀ ਸੀ ! ਜਿਉਂਦੇ ਰਹੋ ਮਲਵਈਓ, ਇਹ ਤਾਂ ਮੈਂ ਸਿਰਫ਼ ਖ਼ਾਤਰਦਾਰੀ ਦੀਆਂ ਗੱਲਾਂ ਕੀਤੀਆਂ.. ਦਿਲ ਤਾਂ ਤੁਸੀਂ ਮੇਰਾ ਇਸ ਲਈ ਜਿੱਤਿਆ ਕਿ ਤੁਸੀਂ ਸੱਚੀ ਮੁੱਚੀ ਸੰਘਰਸ਼ਸ਼ੀਲ ਇਨਸਾਨ ਹੋ!ਇਹ ਗੱਲ ਕਦੇ ਫੇਰ ਕਰਾਂਗਾ.. ਨਿੱਠ ਕੇ!

ਅੱਜ ਜਦੋਂ ਚੌਥੇ ਦਿਨ ਭੋਖੜਾ ਪਿੰਡ ਦੇ ਵਿਚ ਨਾਟਕ ਦੀ ਪੇਸ਼ਕਾਰੀ ਕੀਤੀ.. ਗੁਰਦੁਆਰਾ ਸਾਹਿਬ ਦੇ ਲਾਗੇ ਥੜ੍ਹੇ ਉੱਤੇ.. ਤਾਂ ਦਰਸ਼ਕ ਬਹੁਤ ਭਾਵੁਕ ਹੋਏ..ਇਕ ਬੱਚੀ ਆਪਣੀ ਮੰਮੀ ਨਾਲ ਨਾਟਕ ਦੇਖਣ ਆਈ ਹੋਈ ਸੀ.. ਬਾਅਦ ਵਿੱਚ ਮੰਮੀ ਨੇ ਦੱਸਿਆ ਕਿ ਬੱਚੀ ਪੁੱਛਦੀ ਸੀ,” ਮੰਮੀ ਤੁਸੀਂ ਇੰਨਾ ਕਿਉਂ ਰੋ ਰਹੇ ਹੋ !” ਇਸ ਮੰਮੀ ਨੇ ਇਹ ਨਾਟਕ ਪਹਿਲਾਂ ਪੰਜ ਵਾਰ ਦੇਖਿਆ ਹੋਇਆ ਸੀ.. ਫਿਰ ਵੀ ਰੋਈ.. ਇਹ ਮੰਮੀ ਕੌਣ ਐੰ..ਸਾਡੇ ਪਿਆਰੇ ਮਿੱਤਰ ਮਨਪ੍ਰੀਤ ਜਸ ਦੀ ਜੀਵਨ ਸਾਥਣ.. ਮਨਪ੍ਰੀਤ ਜੱਸ, ਜੋ ਪੰਜਾਬੀ ਤੇ ਅੰਗਰੇਜ਼ੀ ਬਰਾਬਰ ਦੀ ਮੁਹਾਰਤ ਨਾਲ ਫਰਾਟੇਦਾਰ ਢੰਗ ਨਾਲ ਬੋਲ ਤੇ ਲਿਖ ਸਕਦਾ ਹੈ..ਜੋ ਅਗਾਂਹਵਧੂ ਮਨੁੱਖ ਹੈ.. ਤੇ ਲਗਾਤਾਰ ਅਗਾਂਹਵਧੂ ਸਰਗਰਮੀਆਂ ਵਿਚ ਵਿਅਸਤ ਰਹਿੰਦਾ ਹੈ.. ਇਕ ਅਧਿਆਪਕ ਹੈ.. ਸੰਵੇਦਨਸ਼ੀਲ ਮਨੁੱਖ ਹੈ.. ਖਾਸ ਗੱਲ ਇਹ ਕਿ ਉਹ ਇਸੇ ਪਿੰਡ ਭੋਖੜਾ ਦਾ ਵਸਨੀਕ ਹੈ.. ਤੇ ਉਹਦੇ ਭੋਖੜਾ ਵਾਲ਼ੇ ਆੜੀ ਉਸਨੂੰ ਪੀਤਾ ਕਹਿੰਦੇ ਨੇ..ਖ਼ੁਦ ਵੀ ਭਾਵੁਕ ਇਨਸਾਨ ਹੈ ਪਰ ਉਸਦੀ ਜੀਵਨ ਸਾਥਣ ਉਸ ਤੋਂ ਉੱਪਰ ਨੰਬਰ ਲੈ ਗਈ .. ਪੰਜ ਵਾਰ ਨਾਟਕ ਦੇਖਣ ਤੋਂ ਬਾਅਦ ਵੀ ਨਾਟਕ ਨਾਲ ਇਸ ਕਦਰ ਜੁੜਨਾ ਤੇ ਭਾਵੁਕ ਹੋਣਾ.. ਇਸ ਦਾ ਕ੍ਰੈਡਿਟ ਮੈਂ ਖੁਦ ਨਹੀਂ ਲੈਣਾ ਚਾਹੁੰਦੇੈ..ਲੋਕ ਪੱਖੀ ਰੰਗਮੰਚ ਦੀ ਲੋਕ ਮਸਲਿਆਂ ਬਾਰੇ ਸਮਝ ਤੇ ਫ਼ਿਕਰਮੰਦੀ ਨੂੰ ਦੇਣਾ ਚਾਹੁੰਦਾ ਹਾਂ ..ਇਹ ਭਾਵੁਕ ਹੁੰਦੀਆਂ ਔਰਤਾਂ.. ਹੰਝੂ ਵਹਾਉਂਦੀਆਂ ਔਰਤਾਂ.. ਨਾਟਕ ਨੂੰ ਸਮਝਦੀਆਂ ਔਰਤਾਂ, ਮੇਰੇ ਰੰਗਮੰਚ ਦੀਆਂ ਵਿਸ਼ੇਸ਼ ਦਰਸ਼ਕ ਹਨ ..ਉਹਨਾਂ ਵਿਸ਼ੇਸ਼ ਦਰਸ਼ਕਾਂ ਵਿੱਚੋਂ ਦੋ ਔਰਤਾਂ ਦੀ ਤਸਵੀਰ ਤੁਸੀ ਇਸ ਪੋਸਟ ਨਾਲ ਦਰਜ ਕੀਤੀ ਹੋਈ ਦੇਖ ਸਕਦੇ ਹੋ..ਮੈਂ ਆਪਣੇ ਰੰਗਮੰਚ ਰਾਹੀਂ ਇਕ ਸੁਪਨਾ ਬਣ ਉਨ੍ਹਾਂ ਅੱਖਾਂ ‘ਚ ਵੱਸਣਾ ਚਾਹੁੰਦਾ ਹਾਂ.. ਜਿਊਂਦੀਆਂ ਰਹੋ.. ਧੜਕਦੀਆਂ ਰਹੋ.. ਤੇ ਫੈਲਦੀਆਂ ਰਹੋ!

ਰੰਗਮੰਚ ਕਾਰਵਾਂ ਫੈਲ ਰਿਹਾ ਹੈ.. ਆਪਣੇ ਮਕਸਦ ਦੀ ਪੂਰਤੀ ਵੱਲ ਵਧ ਰਿਹਾ ਹੈ.. ਜ਼ਿੰਦਾਬਾਦ ਮੇਰੇ ਲੋਕ..ਸੰਘਰਸ਼ਸ਼ੀਲ ਲੋਕ.. ਤੇ ਮੇਰਾ ਦਿਲ ਜਿੱਤਣ ਵਾਲੇ ਮਲਵਈ ਬਾਈ ਤੇ ਭੈਣਾਂ !


         ਤੁਹਾਡਾ ਆਪਣਾ
        ਸਾਹਿਬ ਸਿੰਘ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSupport for S.Korean presidential candidates tied at 35%
Next articleਨੂਰਪੁਰ ਵਿਖੇ ਰਾਣਾ ਗੁਰਜੀਤ ਸਿੰਘ ਵੱਲੋਂ ਵਿਸ਼ਾਲ ਚੋਣ ਮੀਟਿੰਗ