- ਕਾਂਗਰਸ ਆਗੂ ਨੇ ਸੰਸਦ ’ਚ ਚਰਚਾ ਮੰਗੀ
- ‘ਕਾਰੋਬਾਰੀ ਿਪੱਛੇ ਕਿਹੜੀ ਤਾਕਤ ਕਰ ਰਹੀ ਹੈ ਕੰਮ?’
ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਵਿਚ ਅਡਾਨੀ ਦੇ ਮੁੱਦੇ ’ਤੇ ਵਿਚਾਰ-ਚਰਚਾ ਨੂੰ ਟਾਲਣ ਲਈ ਹਰ ਸੰਭਵ ਯਤਨ ਕਰਨਗੇ। ਰਾਹੁਲ ਨੇ ਜ਼ੋਰ ਦੇ ਕੇ ਕਿਹਾ ਕਿ ਮੁਲਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਅਰਬਪਤੀ ਕਾਰੋਬਾਰੀ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਹੈ। ਕਾਂਗਰਸ ਆਗੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੋਦੀ ਜੀ ਸੰਸਦ ਵਿਚ ਅਡਾਨੀ ਜੀ ਬਾਰੇ ਚਰਚਾ ਟਾਲਣ ਲਈ ਹਰ ਯਤਨ ਕਰਨਗੇ। ਇਸ ਦਾ ਇਕ ਕਾਰਨ ਹੈ, ਤੇ ਤੁਸੀਂ ਸਾਰੇ ਜਾਣਦੇ ਹੋ। ਮੈਂ ਚਾਹੁੰਦਾ ਹਾਂ ਕਿ ਅਡਾਨੀ ਮੁੱਦੇ ਉਤੇ ਚਰਚਾ ਹੋਣੀ ਚਾਹੀਦੀ ਹੈ ਤੇ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਲੱਖਾਂ-ਕਰੋੜਾਂ ਦੀ ਜੋ ਗੜਬੜੀ ਹੋਈ ਹੈ, ਉਹ ਸਾਹਮਣੇ ਆਉਣੀ ਚਾਹੀਦੀ ਹੈ। ਕਈ ਸਾਲਾਂ ਤੋਂ, ਮੈਂ ਸਰਕਾਰ ਬਾਰੇ ਕਹਿੰਦਾ ਆ ਰਿਹਾ ਹਾਂ, ਕਿ ‘ਹਮ ਦੋ ਹਮਾਰੇ ਦੋ। ਸਰਕਾਰ ਨਹੀਂ ਚਾਹੁੰਦੀ ਤੇ ਅਡਾਨੀ ਜੀ ਬਾਰੇ ਸੰਸਦ ਵਿਚ ਚਰਚਾ ਤੋਂ ਡਰ ਰਹੀ ਹੈ। ਸਰਕਾਰ ਨੂੰ ਸੰਸਦ ਵਿਚ ਚਰਚਾ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤੇ ਇਸ ਨੂੰ ਰੋਕਣ ਲਈ ਵੀ ਕੋਸ਼ਿਸ਼ਾਂ ਹੋਣਗੀਆਂ।’ ਜ਼ਿਕਰਯੋਗ ਹੈ ਕਿ ਅਡਾਨੀ-ਹਿੰਡਨਬਰਗ ਮੁੱਦੇ ’ਤੇ ਕਾਂਗਰਸ, ਕੇਂਦਰ ਸਰਕਾਰ ਨੂੰ ਪਿਛਲੇ ਕਈ ਦਿਨਾਂ ਤੋਂ ਨਿਸ਼ਾਨਾ ਬਣਾ ਰਹੀ ਹੈ। ਪਾਰਟੀ ਵੱਲੋਂ ਸੁਪਰੀਮ ਕੋਰਟ ਜਾਂ ਸੰਸਦੀ ਕਮੇਟੀ (ਜੇਪੀਸੀ) ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਹਿੰਡਨਬਰਗ ਰਿਸਰਚ ਰਿਪੋਰਟ ਵਿਚ ਅਡਾਨੀ ਗਰੁੱਪ ’ਤੇ ਕਈ ਗੰਭੀਰ ਇਲਜ਼ਾਮ ਲਾਏ ਗਏ ਸਨ।