ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਸੂਬਿਆਂ ’ਚ ਕਰੋਨਾ ਦੇ ਵੱਧ ਰਹੇ ਕੇਸਾਂ ’ਤੇ ਫਿਕਰ ਜਤਾਉਂਦਿਆਂ ਉਨ੍ਹਾਂ ਨੂੰ ਆਖਿਆ ਹੈ ਕਿ ਉਹ ਸੰਭਾਵੀ ਤੀਜੀ ਲਹਿਰ ਨੂੰ ਰੋਕਣ ਲਈ ਸਖ਼ਤ ਕਦਮ ਉਠਾਉਂਦਿਆਂ ਟੈਸਟ, ਟਰੈਕ, ਟਰੀਟ ਅਤੇ ਟੀਕੇ ਦੀ ਰਣਨੀਤੀ ਅਪਣਾਉਣ। ਤਾਮਿਲ ਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ, ਉੜੀਸਾ, ਮਹਾਰਾਸ਼ਟਰ ਅਤੇ ਕੇਰਲਾ ਦੇ ਮੁੱਖ ਮੰਤਰੀਆਂ ਨਾਲ ਆਨਲਾਈਨ ਗੱਲਬਾਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮੁਲਕ ਮਹਾਮਾਰੀ ਖ਼ਿਲਾਫ਼ ਜੰਗ ’ਚ ਉਸ ਮੋੜ ’ਤੇ ਖੜ੍ਹਾ ਹੈ ਜਿਥੇ ਤੀਜੀ ਲਹਿਰ ਆਉਣ ਦੇ ਖ਼ਦਸ਼ੇ ਲਗਾਤਾਰ ਪ੍ਰਗਟਾਏ ਜਾ ਰਹੇ ਹਨ।
ਪਿਛਲੇ ਹਫ਼ਤੇ ਆਏ ਕਰੋਨਾ ਦੇ ਨਵੇਂ ਕੇਸਾਂ ’ਚੋਂ ਇਨ੍ਹਾਂ ਸੂਬਿਆਂ ’ਚ 80 ਫ਼ੀਸਦੀ ਕੇਸ ਆਏ ਅਤੇ 84 ਫ਼ੀਸਦੀ ਮੌਤਾਂ ਹੋਈਆਂ ਹਨ। ਉਨ੍ਹਾਂ ਕੇਰਲਾ ਅਤੇ ਮਹਾਰਾਸ਼ਟਰ ’ਚ ਲਾਗ ਦੇ ਵੱਧ ਰਹੇ ਕੇਸਾਂ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹੋ ਰੁਝਾਨ ਦੂਜੀ ਲਹਿਰ ਤੋਂ ਪਹਿਲਾਂ ਜਨਵਰੀ ਅਤੇ ਫਰਵਰੀ ’ਚ ਵੀ ਦੇਖਿਆ ਗਿਆ ਸੀ। ਜਨਤਕ ਥਾਵਾਂ ’ਤੇ ਲੋਕਾਂ ਦੇ ਇਕੱਠ ਨੂੰ ਰੋਕਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਬਾਰੇ ਜਾਗਰੂਕ, ਚੌਕਸ ਅਤੇ ਸਖ਼ਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਯੂਰੋਪ ਅਤੇ ਅਮਰੀਕਾ ’ਚ ਤੇਜ਼ ਰਫ਼ਤਾਰ ਨਾਲ ਪਾਜ਼ੇਟਿਵ ਕੇਸਾਂ ’ਚ ਵਾਧਾ ਹੋ ਰਿਹਾ ਹੈ ਅਤੇ ਇਹੋ ਰੁਝਾਨ ਬੰਗਲਾਦੇਸ਼, ਇੰਡੋਨੇਸ਼ੀਆ, ਥਾਈਲੈਂਡ ਅਤੇ ਮਿਆਂਮਾਰ ’ਚ ਦੇਖਣ ਨੂੰ ਮਿਲ ਰਿਹਾ ਹੈ।
‘ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਕਰੋਨਾਵਾਇਰਸ ਅਜੇ ਕਿਤੇ ਨਹੀਂ ਗਿਆ ਹੈ ਅਤੇ ਲੋਕ ਸਮਾਜਿਕ ਦੂਰੀ ਦੇ ਨੇਮਾਂ ਦਾ ਪਾਲਣ ਯਕੀਨੀ ਬਣਾਉਣ।’ ਮੀਟਿੰਗ ਦੌਰਾਨ ਸ੍ਰੀ ਮੋਦੀ ਨੇ ਦੱਸਿਆ ਕਿ ਸੂਬਿਆਂ ਨੂੰ ਮਨਜ਼ੂਰ ਕੀਤੇ ਗਏ 332 ਪੀਐੱਸਏ ਆਕਸੀਜਨ ਪਲਾਂਟਾਂ ’ਚੋਂ 53 ਨੂੰ ਕਮਿਸ਼ਨ ਕੀਤਾ ਗਿਆ ਹੈ। ਉਨ੍ਹਾਂ ਮੁੱਖ ਮੰਤਰੀਆਂ ਨੂੰ ਕਿਹਾ ਕਿ ਉਹ ਪਲਾਂਟਾਂ ਨੂੰ ਤੁਰੰਤ ਮੁਕੰਮਲ ਕਰਾਉਣ। ਉਨ੍ਹਾਂ ਬੱਚਿਆਂ ਦੀ ਸੁਰੱਖਿਆ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਹਰ ਸੰਭਵ ਪ੍ਰਬੰਧ ਕੀਤੇ ਜਾਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly