ਦੇਹਰਾਦੂਨ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਾਂਗਰਸ ਕਰੋਨਾ ਵੈਕਸੀਨ ਬਾਰੇ ਅਫ਼ਵਾਹਾਂ ਫੈਲਾਉਂਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਇਹ ਸਭ ਸਿਆਸਤ ਲਈ ਕਰਦੀ ਹੈ ਕਿਉਂਕਿ ਇਹ ਸੋਚਦੀ ਹੈ ਕਿ ਜੇਕਰ ਚੀਜ਼ਾਂ ਮੁੜ ਪਟੜੀ ਉਤੇ ਆ ਗਈਆਂ ਇਸ ਕੋਲ ਸਰਕਾਰ ਖ਼ਿਲਾਫ਼ ਬੋਲਣ ਲਈ ਕੁਝ ਨਹੀਂ ਹੋਵੇਗਾ। ਮੋਦੀ ਨੇ ਨਾਲ ਹੀ ਦੋਸ਼ ਲਾਇਆ ਕਿ ਕਾਂਗਰਸ ਨੇ ਮੁਲਕ ਦੇ ਪਹਿਲੇ ਸੀਡੀਐੱਸ ਮਰਹੂਮ ਜਨਰਲ ਬਿਪਿਨ ਰਾਵਤ ਦਾ ਵੀ ਨਿਰਾਦਰ ਕੀਤਾ ਸੀ। ਉਨ੍ਹਾਂ ਉੱਤਰਾਖੰਡ ਦੇ ਲੋਕਾਂ ਨੂੰ ਕਿਹਾ ਕਿ ਉਹ 14 ਫਰਵਰੀ ਨੂੰ ਇਸ ‘ਬੇਇੱਜ਼ਤੀ’ ਦਾ ਮੂੰਹ ਤੋੜ ਜਵਾਬ ਦੇਣ।
ਉੱਤਰਾਖੰਡ ਵਿਚ ਚੋਣ ਪ੍ਰਚਾਰ ਦੇ ਆਖਰੀ ਦਿਨ ਰੁਦਰਪੁਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸੂਬੇ ਵਿਚ ਵਿਕਾਸ ਕਾਰਜ ਕਰਵਾਏ ਹਨ ਤੇ ਲੋੜਵੰਦਾਂ ਦੀ ਮਦਦ ਕੀਤੀ ਹੈ ਜਦਕਿ ਸਰਕਾਰ ਨੂੰ ਸਦੀ ਦੇ ਸਭ ਤੋਂ ਮਾੜੇ ਸਿਹਤ ਸੰਕਟ ਕੋਵਿਡ ਮਹਾਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਉੱਤਰਾਖੰਡ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਰਾਜ ਵਿਚ ਸੜਕ, ਰੇਲ, ਹਵਾਈ ਤੇ ਰੋਪਵੇਅ ਸੰਪਰਕ ਬਿਹਤਰ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਗਰੀਬਾਂ ਨੂੰ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ ਮੁਫ਼ਤ ਰਾਸ਼ਨ ਮੁਹੱਈਆ ਕਰਾਇਆ ਪਰ ਜੇ ਕੋਈ ਹੋਰ ਸਰਕਾਰ ਹੁੰਦੀ ਤਾਂ ਅਜਿਹਾ ਨਹੀਂ ਕਰ ਸਕਦੀ ਸੀ ਤੇ ਲੋਕ ਵੀ ਇਹ ਗੱਲ ਸਮਝਦੇ ਹਨ। ਮਹਾਮਾਰੀ ਦੌਰਾਨ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੱਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly